ਦਮੂੰਹਾਂ ਸੱਪ
(ਮਿੰਨੀ ਕਹਾਣੀ)
ਵਿਜੈਵਾੜਾ ਵਿੱਚ ਸ਼ਹੀਦ ਹੋਏ ਸਿਪਾਹੀ ਦਵਿੰਦਰ ਸਿੰਘ ਦੀ ਲਾਸ਼ ਵਾਲਾ ਲੱਕੜ ਦਾ ਤਾਬੂਤ ਲੈ ਕੇ ਉਸਦੀ ਪਲਟਨ ਦ।ੇ ਅਫ਼ਸਰ ਤੇ ਜਵਾਨ ਪਿੰਡ ਦੇ ਸਮਸਾਨਘਾਟ ਪੁੱਜ ਗਏ, ਜਿੱਥੇ ਕਈ ਹਜ਼ਾਰ ਲੋਕ ਪਹਿਲਾਂ ਹੀ ਇਕੱਤਰ ਹੋ ਚੁੱਕੇ ਸਨ। ਕੈਬਨਿਟ ਮੰਤਰੀ ਸੰਤ ਪ੍ਰਕਾਸ ਵੀ ਆਪਣੇ ਅਮਲੇ ਫੈਲੇ ਸਮੇ ਪਹੁੰਚ ਹੋਏ ਸਨ। ਤਾਬੂਤ ਰੱਖ ਕੇ ਸ਼ਹੀਦ ਜਵਾਨ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਉਪਰੰਤ ਮੰਤਰੀ ਜੀ ਨੇ ਕਿਹਾ, ''ਸ਼ਹੀਦ ਦੇਸ ਦਾ ਮਾਣ ਹੁੰਦੇ ਹਨ, ਦਵਿੰਦਰ ਦੀ ਸ਼ਹੀਦੀ ਨੇ ਸਾਡੇ ਦੇਸ ਦਾ ਸਿਰ ਉੱਚਾ ਕੀਤਾ ਹੈ। ਪਰ ਇਸ ਜਵਾਨ ਦੇ ਪੰਜ ਤੇ ਤਿੰਨ ਸਾਲ ਦੇ ਪੁੱਤਰ ਪੁੱਤਰੀ ਦੇਖ ਕੇ ਮਨ ਨੂੰ ਬਹੁਤ ਪਹੁੰਚਿਆ ਹੈ।'' ਉਸਨੇ ਰੁਮਾਲ ਨਾਲ ਅੱਖਾਂ ਪੂੰਝਦਿਆਂ ਕਿਹਾ, ''ਅੱਜ ਦਾ ਇਹ ਦਿਨ ਸਾਡੇ ਲਈ ਦੁੱਖਾਂ ਭਰਿਆ ਹੈ ਕਿਉਂਕਿ ਛੋਟੇ ਛੋਟੇ ਬੱਚਿਆਂ ਦਾ ਬਾਪ ਅਤੇ ਬੁੱਢੇ ਮਾਪਿਆਂ ਦਾ ਸਹਾਰਾ ਇਸ ਦੁਨੀਆਂ ਤੋਂ ਚਲਾ ਗਿਆ। ਮੈਂ ਅਪੀਲ ਕਰਦਾ ਹਾਂ ਕਿ ਅੱਜ ਦਾ ਦਿਨ ਭੋਜਨ ਦਾ ਤਿਆਗ ਕਰਕੇ ਅਤੇ ਖੁਸ਼ੀਆਂ ਦੇ ਪ੍ਰੋਗਰਾਮਾਂ ਤੋਂ ਦੂਰ ਰਹਿ ਕੇ ਸੋਗ ਵਜੋਂ ਮਨਾਇਆ ਜਾਵੇ, ਜੋ ਸ਼ਹੀਦ ਨੂੰ ਸੱਚੀ ਸਰਧਾਂਜਲੀ ਹੋਵੇਗੀ।'' ਸਸਕਾਰ ਹੋ ਗਿਆ, ਲੋਕ ਘਰਾਂ ਨੂੰ ਚਲੇ ਗਏ।
ਮੰਤਰੀ ਜੀ ਸ਼ਹਿਰ 'ਚ ਲੱਗੀ ਫੁੱਲਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਲਈ ਰੋਜ਼ ਗਾਰਡਨ ਪਹੁੰਚ ਗਏ। ਰੰਗ ਬਰੰਗੇ ਗੁਲਦਸਤੇ ਲੈਣ ਉਪਰੰਤ ਰਿਬਨ ਕੱਟ ਕੇ ਦਾਖਾਂ ਬਦਾਮ ਖਾਣ ਤੋਂ ਬਾਅਦ ਆਪਣੇ ਸੰਖੇਪ ਜਿਹੇ ਭਾਸਣ ਵਿੱਚ ਉਹਨਾਂ ਕਿਹਾ, ''ਅੱਜ ਦਾ ਦਿਨ ਖੁਸ਼ੀਆਂ ਭਰਿਆ ਤੇ ਭਾਗਾਂ ਵਾਲਾ ਹੈ। ਮੈਂ ਅਰਦਾਸ ਕਰਦਾ ਹਾਂ ਕਿ ਮੇਰੇ ਦੇਸ਼ ਦੇ ਲੋਕ ਇਸੇ ਤਰ੍ਹਾਂ ਫੁੱਲਾਂ ਦੀ ਖੁਸ਼ਬੋ ਹਾਸਲ ਕਰਕੇ ਖੁਸ਼ੀਆਂ ਮਨਾਉਂਦੇ ਰਹਿਣ।''
ਸੁਭਾ ਤੋਂ ਮੰਤਰੀ ਜੀ ਦੀ ਗੱਡੀ ਚਲਾ ਰਹੇ ਡਰਾਈਵਰ ਬਲਵੀਰ ਦੇ ਮੂੰਹੋ ਅੱਭੜਵਾਹੇ ਸ਼ਬਦ ਨਿਕਲਿਆ, ''ਦਮੂੰਹਾਂ ਸੱਪ।''