ਸ਼ਹਿਰ ਤੇਰੇ ਦੀਆਂ ਸੁੰਨੀਆਂ ਗਲੀਆਂ
ਇਸ਼ਕ ਮੇਰੇ ਦੀਆਂ ਸ਼ਾਮਾਂ ਢਲੀਆਂ
ਰਾਤਾਂ ਨੂੰ ਮੈਨੂੰ ਸੌਣ ਨਾ ਦੇਵਣ
ਮਹਿੰਦੀ ਰੰਗੀਆਂ ਤੇਰੀਆਂ ਤਲੀਆਂ
ਇਸ਼ਕੇ ਦਾ ਅਸੀ ਦੀਵਾ ਬਾਲਿਆਂ
ਤੇਲ ਦੀਆਂ ਪਾ ਭਰ ਭਰ ਪਲੀਆਂ
ਸੱਜਣਾਂ ਦੀ ਤਾਂ ਡੋਲੀ ਸਜ ਗਈ
ਸਾਡੇ ਦਿਲ ਦੀਆਂ ਸੱਧਰਾਂ ਮਰੀਆਂ
ਮਿੱਟੀ ਦਾ ਮੈਂ ਬੁੱਤ ਬਣਾ ਕੇ
ਰਾਤੀ ਉਸ ਨਾਲ ਗੱਲਾਂ ਕਰੀਆਂ
ਕੱਚਿਆਂ ਦੇ ਨਾਲ ਲਾ ਕੇ ਸੱਜਣਾਂ
ਵੇਖੀਆਂ ਨਾ ਮੈਂ ਸੋਹਣੀਆਂ ਤਰੀਆਂ
ਕੰਗ ਮੜ੍ਹੀਆਂ ਤੀਕਰ ਲੈ ਜਾਵਣ
ਇਸ਼ਕ ਦੀਆਂ ਨੇ ਚੋਟਾ ਬੁਰੀਆਂ