ਘਮੰਡ ਤਿਆਗੋ ਤੇ ਪਿਆਰ-ਮੁਹੱਬਤ ਨਾਲ ਜੀਓ
(ਲੇਖ )
ਘਮੰਡ ਇੱਕ ਗੰਭੀਰ ਰੋਗ ਹੈ।ਘਮੰਡੀ ਵਿਅਕਤੀ ਨਾ ਕਿਸੇ ਦੀ ਰੂਹ ਨੂੰ ਛੂਹ ਸਕਦਾ ਹੈ ਅਤੇ ਨਾ ਹੀ ਸਮਾਜ ਵਿਚ ਸੱਚੀ ਇੱਜ਼ਤ ਪ੍ਰਾਪਤ ਕਰ ਸਕਦਾ ਹੈ।ਘਮੰਡੀ ਵਿਅਕਤੀ ਆਪਣੇ ਕਾਰੋਬਾਰ, ਵੱਡੀ ਗੱਡੀ, ਸ਼ੌਹਰਤ, ਜਾਇਦਾਦ, ਵੱਡਾ ਅਹੁਦਾ, ਵੱਡੀ ਕੋਠੀ ਜਾਂ ਬੈਂਕ ਬੈਲੈਂਸ ਬਾਰੇ ਆਫ਼ਰੇ ਹੋਏ ਸ਼ਬਦਾਂ ਦੀ ਵਰਤੋਂ ਕਰ ਕੇ ਆਪਣੇ ਆਪ ਨੂੰ ਵੱਡਾ ਦਿਖਾਉਣ ਦੀ ਮੁਨਿਆਦੀ ਕਰਦਾ ਹੈ।ਅਜਿਹੇ ਆਦਮੀ ਨੂੰ ਗਲੋਬ ਦਾ ਸ਼ੀਸ਼ਾ ਦਿਖਾ ਕੇ ਅਸਲੀਅਤ ਦੇ ਦਰਸਨ ਕਰਵਾਏ ਜਾ ਸਕਦੇ ਹਨ। (ਗਲੋਬ 'ਤੇ ਜਿਆਦਾ ਜ਼ਮੀਨ ਜਾਂ ਵੱਡੀ ਕੋਠੀ ਦਾ ਤਿਣਕੇ ਜਿੰਨਾ ਨਿਸ਼ਾਨ ਵੀ ਨਹੀਂ ਹੋਵੇਗਾ) ਜਦੋਂ ਕਿਸੇ ਵਿਅਕਤੀ ਦੀ ਸੋਚ ਨੂੰ ਘਮੰਡ ਦਾ ਗ੍ਰਹਿਣ ਲੱਗ ਜਾਂਦਾ ਹੈ ਤਾਂ ਉਸ ਨੂੰ ਆਪਣੀਆਂ ਛੋਟੀਆਂ-ਛੋਟੀਆਂ ਚੀਜ਼ਾਂ ਵੀ ਵੱਡੀਆਂ ਲੱਗਣ ਲਗਦੀਆਂ ਹਨ। ਘਮੰਡ ਵਿਚ ਗ੍ਰਸਿਆ ਆਦਮੀ ਆਪਣੇ ਆਪ ਵਿਚ ਮਗ਼ਨ ਰਹਿੰਦਾ ਹੈ।ਉਹ ਥੋਥੀ ਅਤੇ ਬੋਝਲ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੁੰਦਾ ਹੈ।ਉਹ ਮਹਿੰਗੀਆਂ ਚੀਜ਼ਾਂ ਖਰੀਦ ਕੇ ਆਪਣਾ ਘਰ ਭਰਨ ਦੀ ਕੋਸ਼ਿਸ਼ ਕਰਦਾ ਹੈ।ਪਰ ਉਸਦੀ ਜ਼ਿੰਦਗੀ ਖਾਲੀ ਹੀ ਰਹਿੰਦੀ ਹੈ।ਘਮੰਡੀ ਵਿਅਕਤੀ ਇਸ ਤਰ੍ਹਾਂ ਖਿੱਲਰ ਕੇ ਤੁਰਦਾ ਹੈ ਜਿਵੇਂ ਬੰਦੇ 'ਚੋਂ ਬੰਦਾ ਨਿਕਲਦਾ ਹੋਵੇ।
ਅਜਿਹੇ ਵਿਅਕਤੀ ਨੂੰ ਭੁਲੇਖਾ ਰਹਿੰਦਾ ਹੈ ਕਿ ਜਦੋਂ ਉਹ ਬਾਹਰ ਨਿਕਲਦਾ ਹੈ ਤਾਂ ਸਾਰੇ ਲੋਕ ਕੰਮਕਾਰ ਛੱਡ ਕੇ ਉਸਨੂੰ ਦੇਖਦੇ ਹਨ ਤੇ ਉਸ ਬਾਰੇ ਗੱਲਾਂ ਕਰਕੇ ਪ੍ਰਭਾਵਿਤ ਹੁੰਦੇ ਹਨ।ਜਦੋਂ ਕਿ ਅਸਲੀਅਤ ਇਸ ਤੋਂ ਉਲਟ ਹੁੰਦੀ ਹੈ ਪਰ ਘਮੰਡ ਦਾ ਕਾਲਾ ਮੋਤੀਆ ਉਤਰਨ ਕਾਰਨ ਉਸ ਨੂੰ ਕੁਝ ਨਹੀਂ ਦਿਸਦਾ।ਅਜਿਹੇ ਵਿਅਕਤੀ ਨੂੰ ਲੋਕ ਘ੍ਰਿਣਾ ਕਰਦੇ ਹਨ ਤੇ ਉਸ ਤੋਂ ਦੂਰ ਹੀ ਰਹਿਣਾ ਪਸੰਦ ਕਰਦੇ ਹਨ।ਘਮੰਡੀ ਵਿਅਕਤੀ ਜਦੋਂ ਕਿਸੇ ਵਿਆਹ ਦੀ ਪਾਰਟੀ ਵਿੱਚ ਜਾਂਦਾ ਹੈ ਤਾਂ ਹੱਥ ਕੱਛਾਂ 'ਚ ਦੇ ਕੇ ਆਪਣੇ ਆਪ ਨੂੰ ਏਨਾ ਵਟਾ ਚਾੜ੍ਹਦਾ ਹੈ ਕਿ ਗਰਦਨ ਪਿੱਛੇ ਨੂੰ ਝੁਕ ਜਾਂਦੀ ਹੈ। ਅਜਿਹਾ ਵਿਅਕਤੀ ਵਿਚਾਰਕ ਪੱਖੋ ਨੰਗ ਹੋਣ ਕਰਕੇ ਖਾਲੀ ਪੀਪੇ ਵਾਂਗ ਵਧੇਰੇ ਖੜਕਾ ਕਰਦਾ ਹੈ। ਉਹ ਬੇਲੋੜੀ ਬਹਿਸ ਤਾਂ ਕਰ ਸਕਦਾ ਹੈ ਪਰ ਤਰਕ ਭਰਪੂਰ ਗੱਲਬਾਤ ਉਸਦੇ ਵੱਸ ਦੀ ਗੱਲ ਨਹੀ ਹੁੰਦੀ ਕਿਉਕਿ ਵਿਚਾਰਾਂ ਦੀ ਗ਼ਰੀਬੀ ਦੇ ਕਾਰਨ ਹੀ ਗਰਦਨ ਪਿੱਛੇ ਵੱਲ ਝੁੱਕਦੀ ਹੈ।ਇੱਕ ਵਾਰ ਇਕ ਰਾਜੇ ਨੂੰ ਬ੍ਰਹਮ ਗਿਆਨੀ ਹੋਣ ਦਾ ਘਮੰਡ ਹੋ ਗਿਆ।ਉਸ ਨੇ ਆਪਣੇ ਆਸੇ-ਪਾਸੇ ਮੁਨਿਆਦੀ ਕਰਵਾ ਦਿੱਤੀ ਕਿ ਕੋਈ ਵੀ ਵਿਦਵਾਨ ਉਸ ਨਾਲ ਵਿਚਾਰ-ਚਰਚਾ ਕਰ ਸਕਦਾ ਹੈ।ਉਹ ਸਾਰੇ ਸਵਾਲਾਂ ਦਾ ਜਵਾਬ ਦੇਣ ਦੇ ਸਮਰੱਥ ਹੈ।ਸਵਾਲ ਦਾ ਉੱਤਰ ਨਾ ਦੇ ਸਕਣ ਦੀ ਸੂਰਤ ਵਿਚ ਰਾਜੇ ਨੇ ਪੰਜਾਹ ਲੱਖ ਰੁਪਏ ਦਾ ਇਨਾਮ ਰੱਖਿਆ।ਮਿੱਥੇ ਹੋਏ ਦਿਨ ਕਾਫ਼ੀ ਲੋਕ ਇਕੱਠੇ ਹੋਏ ਤੇ ਜਿਵੇਂ-ਜਿਵੇਂ ਵਿਦਵਾਨ ਸਵਾਲ ਪੁੱਛਦੇ ਗਏ ਰਾਜਾ ਜਵਾਬ ਦਿੰਦਾ ਗਿਆ ਤੇ ਉਸਦਾ ਵਿਵਹਾਰ ਹੋਰ ਵੀ ਹੋਛਾ ਅਤੇ ਘਮੰਡੀ ਹੁੰਦਾ ਗਿਆ।ਰਾਜੇ ਦਾ ਘਮੰਡ ਤੋੜਨ ਲਈ ਇਕ ਸਿਆਣਾ ਬਜ਼ੁਰਗ ਰਾਜੇ ਸਾਹਮਣੇ ਗਿਆ ਤੇ ਆਗਿਆ ਲੈ ਕੇ ਰਾਜੇ ਨੂੰ ਇਕ ਅਜਿਹਾ ਸਵਾਲ ਪੁੱਛਿਆ ਕਿ ਸਭ ਹੈਰਾਨ ਹੋ ਗਏ।ਸਵਾਲ ਸੀ, ਕੀ ਤੁਹਾਨੂੰ ਪਤਾ ਕਿ ਤੁਹਾਡੇ ਪੜਦਾਦੇ ਨੇ ਸਾਡੇ ਪੜਦਾਦੇ ਕੋਲੋ ਪੰਜਾਹ ਲੱਖ ਰੁਪਏ ਉਧਾਰ ਲਏ ਸੀ ਤੇ ਵਾਅਦੇ ਮੁਤਾਬਕ ਅੱਜ ਤੁਸੀਂ ਉਹ ਪੈਸੇ ਮੈਨੂੰ ਧੰਨਵਾਦ ਸਹਿਤ ਵਾਪਿਸ ਕਰਨੇ ਹਨ। ਇਹ ਸੁਣ ਕੇ ਰਾਜੇ ਦਾ ਸਾਰਾ ਘਮੰਡ ਚਕਨਾਚੂਰ ਹੋ ਗਿਆ ਉਸਦੀ ਹਾਂ ਵਿਚ ਵੀ ਉਸਦੀ ਹਾਰ ਸੀ ਤੇ ਨਾ ਵਿਚ ਵੀ ਹਾਰ ਸੀ।
ਸਪੱਸ਼ਟ ਹੈ ਕਿ ਘਮੰਡ ਦਾ ਸਿਰ ਨੀਵਾਂ ਹੁੰਦਾ ਹੈ।ਜਦੋ ਕਿ ਨਿਮਰਤਾ ਨਾਲ ਬਹੁਤ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ।ਗੁਰੂ ਨਾਨਕ ਦੇਵ ਜੀ ਨੇ ਵੀ ਸਾਨੂੰ ਨਿਮਰਤਾ ਦਾ ਸਿਧਾਂਤ ਅਪਣਾਉਣ ਲਈ ਸੱਦਾ ਦਿੱਤਾ ਸੀ।ਘਮੰਡ ਸਾਡੀ ਤਰੱਕੀ ਦੇ ਰਾਹ ਨੂੰ ਸੌੜਾ ਕਰ ਦਿੰਦਾ ਹੈ।ਘਮੰਡੀ ਆਪਣੀ ਪਰਿਵਾਰਿਕ ਬਗ਼ੀਚੀ ਨੂੰ ਮਹਿਕਾਉਣ ਲਈ ਸੌ ਪਾਪੜ ਵੇਲਦੇ ਹਨ। ਸਮੇਂ ਦੇ ਨਾਲ ਸਮਝੌਤੇ ਤੇ ਅਸੂਲਾਂ ਨੂੰ ਵੀ ਅੱਖੋਂ-ਪਰੋਖਾ ਕਰ ਦਿੰਦਾ ਹੈ।ਪਰ ਜਦੋਂ ਆਪਣੇ ਪਾਲੇ ਫੁੱਲਾਂ ਦੇ ਕੰਡੇ ਚੁੱਭਦੇ ਹਨ ਤਾਂ ਉਸਦਾ ਘਮੰਡ ਚਕਨਾਚੂਰ ਹੋ ਜਾਂਦਾ ਹੈ।ਸੁੱਖ ਸੰਤਾਪ ਬਣ ਜਾਂਦਾ ਹੈ।
ਆਪਣੇ ਆਪ ਨੂੰ ਮਹਾਰਾਜਾ ਭੂਪਾ ਸਮਝਣ ਵਾਲੇ ਹਰ ਘਮੰਡੀ ਨਾਲ ਇਸ ਤਰ੍ਹਾਂ ਹੀ ਵਾਪਰਦਾ ਹੈ ਕਿਉਂਕਿ ਉਹ ਭਾਈਚਾਰੇ, ਸਮਾਜ ਤੇ ਲੋਕਾਂ ਦੇ ਅੰਗ-ਸੰਗ ਰਹਿ ਕੇ ਮਿਲਣ ਵਾਲੀ ਖੁਸ਼ੀ ਤੋਂ ਵਾਝਾਂ ਹੁੰਦਾ ਹੈ।ਭਾਰਤ ਵਿਚ ਕਿਸੇ ਸਮੇਂ ਮੁਗ਼ਲਾਂ ਦੀ ਬੱਲੇ-ਬੱਲੇ ਸੀ, ਪਰ ਅੱਜ ਮੁਗ਼ਲਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਹੈ।ਇਸੇ ਤਰ੍ਹਾਂ ਇਥੇ ਵੱਡੇ-ਵੱਡੇ ਰਾਜੇ ਮਹਾਰਾਜੇ ਆਏ ਅਤੇ ਚਲੇ ਗਏ। ਅਸੀਂ ਵੀ ਇਥੇ ੨੦੦ ਸਾਲ ਨਹੀਂ ਰਹਿਣ ਆਏ।ਮਨੁੱਖ ਦੀ ਔਸਤ ਉਮਰ ੬੪ ਸਾਲ ਹੈ।ਇਹ ਵੀ ਸੱਚਾਈ ਹੈ ਕਿ ਮਨੁੱਖ ਨਾਸ਼ਵਾਨ ਹੈ, ਫਿਰ ਕਿਉਂ ਨਾ ਘਮੰਡ ਛੱਡ ਕੇ ਪਿਆਰ ਮੁਹੱਬਤ ਨਾਲ ਜੀਵਨ ਬਤੀਤ ਕੀਤਾ ਜਾਵੇ।