ਸਭ ਰੰਗ

  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ ਅਤੇ ਦਲਿੱਦਰ / ਗੁਰਨਾਮ ਸਿੰਘ ਸੀਤਲ (ਲੇਖ )
  •    ਬਾਰਿ ਪਰਾਇਐ ਬੈਸਣਾ / ਨਿਸ਼ਾਨ ਸਿੰਘ ਰਾਠੌਰ (ਲੇਖ )
  •    ਅੱਗ ਦੀ ਮਾਰ ਅਤੇ ਨਵੇਂ ਵਰ੍ਹੇ ਦੇ ਜਸ਼ਨ / ਮਿੰਟੂ ਬਰਾੜ (ਲੇਖ )
  •    ਬਜ਼ੁਰਗ ਬਣੋ ਬੁੱਢੇ ਨਹੀਂ / ਕੈਲਾਸ਼ ਚੰਦਰ ਸ਼ਰਮਾ (ਲੇਖ )
  •    ਕੰਠੇ ਮਾਲਾ ਜਿਹਵਾ ਰਾਮੁ / ਇਕਵਾਕ ਸਿੰਘ ਪੱਟੀ (ਲੇਖ )
  •    ਕੰਮ ਹੀ ਪੂਜਾ ਹੈ / ਜਸਕਰਨ ਲੰਡੇ (ਲੇਖ )
  •    ਪੰਜਾਬ ਦੀ ਤ੍ਰਾਸਦੀ - ਉਸਨੂੰ ਉਜਾੜਿਆਂ ਨੇ ਉਜਾੜਿਆ / ਉਜਾਗਰ ਸਿੰਘ (ਲੇਖ )
  •    ਹਸਪਤਾਲ ਬਣਗੇ ਲੁੱਟ ਅਤੇ ਅਣਗਹਿਲੀ ਦਾ ਘਰ / ਹਾਕਮ ਸਿੰਘ ਮੀਤ (ਲੇਖ )
  •    ਸੂਰਜਾਂ ਦੇ ਵਾਰਿਸ (ਕਾਵਿ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਸਫਰਨਾਮਾ-ਕੰਨਿਆਂ ਕੁਮਾਰੀ ਤੱਕ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਘਮੰਡ ਤਿਆਗੋ ਤੇ ਪਿਆਰ-ਮੁਹੱਬਤ ਨਾਲ ਜੀਓ / ਮਨਜੀਤ ਤਿਆਗੀ (ਲੇਖ )
  • ਛੇਹਰਟੇ ਵਾਲੇ ਬਾਬੇ (ਪਿਛਲ ਝਾਤ )

    ਸੁਖਦੇਵ ਸਿੰਘ ਸੇਖੋਂ (ਡਾ:)   

    Cell: +91 97799 05454
    Address: 219, ਨੈਸ਼ਨਲ ਸਿਟੀ ਹੋਮ ਨਜ਼ਦੀਕ ਗੋਲਡਨ ਗੇਟ
    ਅੰਮ੍ਰਿਤਸਰ India
    ਸੁਖਦੇਵ ਸਿੰਘ ਸੇਖੋਂ (ਡਾ:) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਇਹ ਗੱਲ ਕੋਈ ਪੰਜ ਕੁ ਸਾਲ ਪਹਿਲਾਂ ਦੀ ਹੈ।ਦਸਵੀਂ-ਬਾਰ੍ਹਵੀਂ ਦੇ ਸਲਾਨਾ ਇਮਤਿਹਾਨਾਂ ਵਿੱਚ ਮੇਰੀ ਸੁਪਰਡੰਟ ਦੀ ਡਿਊਟੀ ਛੇਹਰਟਾ (ਅੰਮ੍ਰਿਤਸਰ) ਦੇ ਇੱਕ ਪ੍ਰਾਈਵੇਟ ਸਕੂਲ ਵਿਚ ਲੱਗੀ ਸੀ।ਸਵੇਰ ਵੇਲੇ ਦਸਵੀਂ ਦਾ ਪੇਪਰ ਹੁੰਦਾ ਅਤੇ ਸ਼ਾਮ ਨੂੰ ਬਾਰ੍ਹਵੀਂ ਦਾ।ਦੋਵਾਂ ਜਮਾਤਾਂ ਦੇ ਪੇਪਰਾਂ ਵਿਚਾਲੇ ਦੋ ਕੁ ਘੰਟੇ ਦਾ ਵਕਫਾ ਹੁੰਦਾ ਸੀ, ਜਿਸ ਦੌਰਾਨ ਸਵੇਰ ਦੇ ਪੇਪਰ ਵੇਲੇ ਦਾ ਥੱਕਿਆ ਅਮਲਾ ਥੋੜ੍ਹਾ ਆਰਾਮ ਕਰ ਲੈਂਦਾ।ਬਾਰ੍ਹਵੀਂ ਦਾ ਪੇਪਰ ਸ਼ੁਰੂ ਹੋਣ ਵਿਚ ਉਸ ਦਿਨ ਪੰਦਰਾਂ-ਵੀਹ ਮਿੰਟ ਦਾ ਸਮਾਂ ਰਹਿੰਦਾ ਸੀ ਕਿ ਬੱਚੇ ਕੇਂਦਰ ਵਿਚ ਆਉਣੇ ਸ਼ੁਰੂ ਹੋ ਗਏ।ਇਹ ਪ੍ਰੀਖਿਆ ਕੇਂਦਰ ਸਕੂਲ ਦੀ ਇਮਾਰਤ ਵਿਚ ਤੀਸਰੀ ਮੰਜ਼ਲ 'ਤੇ ਬਣਾਇਆ ਗਿਆ ਸੀ।ਮੈਂ ਵੇਖਿਆ ਕਿ ਹੇਠੋਂ ਇਕ ਬਜ਼ੁਰਗ ਇਕ ਬੱਚੇ ਦੇ ਸਹਾਰੇ ਪੌੜੀਆਂ ਚੜ੍ਹ ਕੇ ਉਪਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਦੋਂ ਕਿ ਸਕੂਲ ਦਾ ਸੇਵਾਦਾਰ ਉਹਨੂੰ ਸਖਤੀ ਨਾਲ ਵਰਜ ਰਿਹਾ ਸੀ। ਮੇਰੋਂ ਵੱਲੋਂ ਸਕੂਲ ਵਾਲਿਆਂ ਨੂੰ ਸਖਤ ਹਦਾਇਤ ਸੀ ਕਿ ਕੋਈ ਓਪਰਾ ਬੰਦਾ ਪ੍ਰੀਖਿਆ ਕੇਂਦਰ ਵਿਚ ਨਾ ਆਏ।ਮੈਂ ਨਹੀਂ ਸੀ ਚਾਹੁੰਦਾ ਕਿ ਮੈਨੂੰ ਕੋਈ ਨਕਲ ਦੀ ਸਿਫਾਰਸ਼ ਕਰੇ।ਉਹ ਬਜ਼ੁਰਗ ਵਾਰ-ਵਾਰ ਸੇਵਾਦਾਰ ਅੱਗੇ ਹੱਥ ਜੋੜ-ਜੋੜ ਤਰਲੇ ਕਰ ਰਿਹਾ ਸੀ।
                "ਮੈਨੂੰ ਬੱਸ ਇਕ ਵਾਰ ਸੁਪਰਡੰਟ ਸਾਹਿਬ ਨੂੰ ਮਿਲ ਲੈਣ ਦਿਓ….ਬੱਸ ਇਕੋ ਈ ਗੱਲ ਕਰਨੀ ਏ….ਮੈਨੂੰ ਜਾ ਲੈਣ ਦਿਓ, ਅਸੀਂ ਤਾਂ ਅੱਗੇ ਈ ਰੱਬ ਦੇ ਮਾਰੇ ਆਂ…"।
                  ਮੈਨੂੰ ੮੦-੮੫ ਸਾਲ ਦੇ ਉਸ ਬਜ਼ੁਰਗ ਦੀ ਹਾਲਤ 'ਤੇ ਤਰਸ ਆ ਗਿਆ।ਮੈਂ ਉਹਨੂੰ ਉਪਰ ਆਪਣੇ ਪਾਸ ਬੁਲਾ ਲਿਆ ਅਤੇ ਬੈਠਣ ਲਈ ਕੁਰਸੀ ਦਿੱਤੀ।ਉਹ ਉਸੇ ਤਰ੍ਹਾਂ ਹੱਥ ਜੋੜੀ ਨਿਮਰਤਾ ਨਾਲ ਕਹਿਣ ਲੱਗਾ, "ਸਾਹਿਬ ਬਹਾਦਰ ਮੈਂ ਬੱਸ ਇੱਕੋ ਬੇਨਤੀ ਕਰਨੀ ਏ, ਮੇਰੀ ਗੱਲ ਜ਼ਰੂਰ ਸੁਣ ਲਿਉ"।
                  "ਹਾਂ-ਹਾਂ ਛੇਤੀ ਦੱਸੋ", ਮੈਂ ਕਿਹਾ।ਉਸ ਵੇਲੇ ਮੇਰੇ ਕੋਲ ਵੀ ਬਹੁਤਾ ਸਮਾਂ ਨਹੀਂ ਸੀ।ਉਹ ਆਪਣੇ ਨਾਲ ਖੜੇ ਮੁੰਡੇ (ਜੋ ਉਸ ਕੇਂਦਰ ਵਿਚ ਬਾਰ੍ਹਵੀਂ ਦਾ ਪੇਪਰ ਦੇਣ ਆਇਆ ਸੀ) ਵੱਲ ਹੱਥ ਦਾ ਇਸ਼ਾਰਾ ਕਰਕੇ ਕਹਿਣ ਲੱਗਾ, "ਆਹ ਮੁੰਡਾ ਮੇਰਾ ਦੋਹਤਾ ਏ।ਇਹ ਅਜੇ ਤਿੰਨਾਂ ਮਹੀਨਿਆਂ ਦਾ ਸੀ ਕਿ ਅੱਤਵਾਦੀਆਂ ਨੇ ਇਹਦੇ ਮਾਂ-ਪਿਉ ਭਾਵ ਮੇਰੇ ਧੀ-ਜੁਆਈ ਨੂੰ ਮਾਰ ਦਿੱਤਾ ਸੀ।ਉਦੋਂ ਮੇਰੇ ਪਰਿਵਾਰ ਦੇ ਕੁੱਲ ਦਸ ਜੀਅ ਇਸ ਹਮਲੇ 'ਚ ਮਾਰੇ ਗਏ ਸਨ।ਉਸ ਦਿਨ ਤੋਂ ਮੈਨੂੰ ਈ ਪਤਾ ਏ ਕਿ ਮੈਂ ਇਹਨੂੰ ਕਿਵੇਂ ਪਾਲਿਆ….?"
                   ਬਜ਼ੁਰਗ ਦਾ ਗਚ ਭਰ ਆਇਆ ਅਤੇ ਕਾਫੀ ਸਮਾਂ ਉਸ ਤੋਂ ਅੱਗੇ ਕੁਝ ਨਾ ਬੋਲਿਆ ਗਿਆ।ਉਸ ਦੀ ਗੱਲ ਸੁਣ ਕੇ ਮੇਰੇ ਮਨ 'ਤੇ ਘੋਰ ਉਦਾਸੀ ਛਾ ਗਈ।ਮੈਨੂੰ ਵੀ ੧੭-੧੮ ਸਾਲ ਪਹਿਲਾਂ ਛੇਹਰਟੇ ਲਾਗਲੇ ਪਿੰਡ ਵਿਚ ਹੋਈ ਵਾਰਦਾਤ ਯਾਦ ਆ ਗਈ ਜਦੋਂ ਕੁਝ ਅਣਪਛਾਤੇ ਬੰਦਿਆਂ ਨੇ ਇਕ ਵਿਆਹ ਵਾਲੇ ਘਰ ਵਿਚ ਗੋਲੀਆਂ ਚਲਾ ਕੇ ਦਰਜਨ ਦੇ ਕਰੀਬ ਇਕੋ ਪਰਿਵਾਰ ਦੇ ਮੈਂਬਰ ਮਾਰ ਦਿੱਤੇ ਸਨ।ਉਂਜ ਇਹਨੀਂ ਦਿਨੀਂ ਇਸ ਤਰ੍ਹਾਂ ਦੀਆਂ ਹੋਰ ਵੀ ਵਾਰਦਾਤਾ ਹੋਈਆਂ ਸਨ ਜਿਹਨਾਂ ਵਿਚ ਪਰਿਵਾਰ ਦੇ ਕਈ ਜੀਅ ਇਕੱਠੇ ਮਾਰੇ ਗਏ ਸਨ।
                   "ਬੱਸ ਮੈਂ ਤੁਹਾਨੂੰ ਇੰਨਾ ਈ ਦੱਸਣਾ ਸੀ…..ਜੇ ਹੋ ਸਕੇ ਤਾਂ ਆਪਣਾ ਬੱਚਾ ਸਮਝ ਕੇ ਥੋੜ੍ਹਾ-ਬਹੁਤ ਧਿਆਨ ਰੱਖ ਲੈਣਾ"।
                   ਇੰਨਾ ਕਹਿ ਕੇ ਬਾਬਾ ਉੱਠ ਕੇ ਤੁਰ ਪਿਆ।ਮੈਂ ਉਹਨੂੰ ਗੁਜ਼ਾਰੇ ਜੋਗਾ ਹੌਂਸਲਾ ਦੇ ਕੇ ਤੋਰਿਆ।
                   ਉਹ ਤਾਂ ਚਲਾ ਗਿਆ ਸੀ ਪਰ ਮੇਰਾ ਮਨ ਬਹੁਤ ਬੇਚੈਨ ਹੋ ਗਿਆ।ਇਸ ਬੇਚੈਨੀ ਦਾ ਕਾਰਨ ਇਕੱਲਾ ਇਹ ਬਾਬਾ ਹੀ ਨਹੀਂ ਸੀ, ਇਹਦੇ ਨਾਲ ਮੇਰੇ ਮਨ-ਮਸਤਕ ਵਿਚ ਵੱਸਿਆ ਇਕ ਹੋਰ ਬਾਬਾ ਵੀ ਸ਼ਾਮਲ ਹੋ ਗਿਆ ਸੀ।ਇਹ ਇਸ ਤੋਂ ਇੱਕ ਦਹਾਕਾ ਹੋਰ ਪਹਿਲਾਂ ਦੀ ਗੱਲ ਸੀ।ਉਦੋਂ ਮੈਂ ਜਲੰਧਰ ਨੇੜਲੇ ਕਸਬੇ ਸੂਰਾਨੁੱਸੀ ਦੇ ਇਕ ਕ੍ਰਿਸਚੀਅਨ ਸਕੂਲ ਵਿਚ ਪੰਜਾਬੀ ਅਧਿਆਪਕ ਲੱਗਾ ਹੋਇਆ ਸੀ।ਸਕੂਲੋਂ ਛੁੱਟੀ ਹੋਣ 'ਤੇ ਮੈਂ ਕਰਤਾਰਪੁਰ ਆ ਜਾਂਦਾ ਤੇ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਦੀ ਰੇਲ-ਗੱਡੀ ਫੜਦਾ।ਮੇਰੇ ਸਕੂਲੋਂ ਛੁੱਟੀ ਦੇ ਸਮੇਂ ਅਤੇ ਰੱਲ-ਗੱਡੀ ਦੇ ਆਉਣ ਦੇ ਸਮੇਂ ਵਿਚ ਕਾਫੀ ਵਕਫਾ ਹੁੰਦਾ ਸੀ ਪਰ ਰੇਲ-ਗੱਡੀ ਦੇ ਸਸਤੇ ਪਾਸ ਦੇ ਲਾਲਚ ਕਰਕੇ ਮੈਂ ਇਹ ਵਕਫਾ ਵੀ ਕਿਸੇ ਨਾ ਕਿਸੇ ਤਰ੍ਹਾਂ ਲੰਘਾ ਲੈਂਦਾ।ਵਿਹਲੇ ਸਮੇਂ ਮੈਂ ਪਲੇਟਫਾਰਮ 'ਤੇ ਐਵੇਂ ਘੁੰਮਦਾ ਰਹਿੰਦਾ।ਸਰਦੀਆਂ ਦੇ ਉਹਨਾਂ ਦਿਨਾਂ ਵਿਚ ਮੁਸਾਫਰਖਾਨੇ ਦੀ ਇਕ ਨੁੱਕਰੇ ਗੰਦੀ ਜਿਹੀ ਰਜਾਈ ਜਾ ਕੰਬਲ ਦੀ ਬੁੱਕਲ ਮਾਰੀ ਇਕ ਬਾਬਾ ਬੈਠਾ ਹੁੰਦਾ।ਉਹਦੇ ਲਾਗੇ ਕਿੰਨੇ ਹੀ ਕੁੱਤੇ-ਕੁੱਤੀਆਂ ਇਸ ਤਰ੍ਹਾਂ ਬੈਠੇ ਹੁੰਦੇ ਜਿਵੇਂ ਉਹਦੇ ਪਰਿਵਾਰ ਦੇ ਮੈਂਬਰ ਹੋਣ।ਜੇ ਉਹ ਕੁੱਤੇ-ਕੁੱਤੀਆਂ ਆਪਸ ਵਿਚ ਲੜ ਕੇ ਚਊਂ-ਚਊਂ ਕਰਨ ਲੱਗ ਪੈਂਦੇ ਤਾਂ ਬਾਬਾ ਆਪਣੇ ਉੱਚੇ ਗਰਜਵੇਂ ਬੋਲ ਵਿਚ ਉਹਨਾਂ ਨੂੰ ਦਬਕਾ ਮਾਰਦਾ।ਉਹ ਉਹਦੀ ਭਾਸ਼ਾ ਨੂੰ ਸਮਝਦੇ ਹੋਏ ਉਸੇ ਵੇਲੇ ਚੁੱਪ ਕਰ ਜਾਂਦੇ।ਉਹ ਬਾਬਾ ਰੱਲ-ਗੱਡੀ ਵਿਚ ਪਾਪੜ ਵੇਚ ਕੇ ਗੁਜ਼ਾਰਾ ਕਰਦਾ ਸੀ।ਜਦੋਂ ਗੱਡੀ ਆਉਂਦੀ ਤਾਂ ਉਹ ਫੁਰਤੀ ਨਾਲ ਉੱਠਦਾ ਤੇ ਪਾਪੜ ਵਾਲਾ ਛਿੱਕੂ ਚੁੱਕ ਕੇ ਗੱਡੀ ਵਿਚ ਚੜ੍ਹ ਜਾਂਦਾ।ਉਹਦੇ ਜਾਣ ਪਿੱਛੋਂ ਕੁੱਤੇ-ਕੁੱਤੀਆਂ ਉਥੇ ਹੀ ਉਹਦੇ ਬਿਸਤਰੇ 'ਤੇ ਪਏ ਹੋਰ ਸਮਾਨ ਦੀ ਰਾਖੀ ਕਰਦੇ।ਮੈਂ ਹਰ ਵਕਤ ਉਹਨੂੰ ਉਸੇ ਮੁਸਾਫਰਖਾਨੇ ਵਿਚ ਬੈਠੇ ਨੂੰ ਵੇਖਿਆ ਸੀ।ਉਹਦੇ ਲਾਗੇ ਪਏ ਕੱਪੜੇ-ਲੀੜਿਆਂ ਅਤੇ ਹੋਰ ਨਿਕ-ਸੁੱਕ ਨੂੰ ਵੇਖ ਕੇ ਲੱਗਦਾ ਸੀ ਜਿਵੇਂ ਇਹੋ ਮੁਸਾਫਰਖਾਨਾ ਉਹਦਾ ਪੱਕਾ ਟਿਕਾਣਾ ਹੋਵੇ।  
                    ਇਕ ਦਿਨ ਬੱਦਲਵਾਈ ਦਾ ਮੌਸਮ ਹੋਣ ਕਰਕੇ ਠੰਢ ਕਾਫੀ ਵਧ ਗਈ ਸੀ।ਮੈਂ ਵੇਖਿਆ ਬਾਬਾ ਕੰਬਲ ਦੀ ਬੁੱਕਲ ਮਾਰੀ ਮੁਸਾਫਰਖਾਨੇ ਦੀ ਇਕ ਗੁੱਠ ਵਿਚ ਕੰਧ ਨਾਲ ਢਾਲਣਾ ਲਾਈ ਖਊਂ-ਖਊਂ ਕਰ ਰਿਹਾ ਸੀ।ਉਹਦੇ ਨੇੜੇ ਪਈ ਪਾਪੜਾਂ ਵਾਲੀ ਅੰਗੀਠੀ ਵੀ ਅੱਜ ਠੰਢੀ ਪਈ ਸੀ।ਬਾਬਾ ਬੀਮਾਰ ਲੱਗ ਰਿਹਾ ਸੀ।ਮੈਂ ਅੱਗੇ ਕਦੇ ਵੀ ਉਹਤੋਂ ਉਹਦੇ ਘਰ-ਬਾਰ ਬਾਰੇ ਨਹੀਂ ਸੀ ਪੁੱਛਿਆ।ਅੱਜ ਹੌਂਸਲਾ ਕਰਕੇ ਪੁੱਛ ਈ ਲਿਆ।
                   "ਇਹੋ ਈ ਆ ਮੇਰਾ ਘਰ, ਜਿੱਥੇ ਮੈਂ ਬੈਠਾਂ"।ਉਹਨੇ ਆਪਣੇ ਸੁਭਾਅ ਮੁਤਾਬਕ ਬੜੀ ਬੇਰੁਖੀ ਨਾਲ ਸੰਖੇਪ ਜਿਹਾ ਜੁਆਬ ਦਿੱਤਾ।
                   "ਤੁਹਾਡੇ ਬਾਲ-ਬੱਚੇ, ਘਰਵਾਲੀ ਵਗੈਰਾ…"।ਮੈਂ ਡਰਦੇ-ਡਰਦੇ ਨੇ ਫਿਰ ਪੁੱਛ ਲਿਆ।ਮੈਂ ਸੋਚਦਾ ਸਾਂ ਕਿ ਸ਼ਾਇਦ ਕਿਸੇ ਦੂਰ-ਦੁਰਾਡੇ ਪਿੰਡ ਉਹਦੇ ਘਰ ਦੇ ਰਹਿੰਦੇ ਹੋਣ ਤੇ ਬਾਬਾ ਇੱਥੇ ਸ਼ਹਿਰ ਦਾ ਟਿਕਾਣਾ ਵੇਖ ਪਾਪੜ ਵੇਚਣ ਆ ਟਿਕਿਆ ਹੋਵੇ ਪਰ ਉਹਦਾ ਜੁਆਬ ਸੁਣ ਕੇ ਮੈਂ ਸੁੰਨ ਹੋ ਗਿਆ।
                    "ਮੇਰਾ ਘਰ ਅੰਮ੍ਰਿਤਸਰ ਨੇੜੇ ਛੇਹਰਟੇ ਵਿਚ ਸੀ।੧੯੬੫ ਦੀ ਜੰਗ ਵਿੱਚ ਇੱਕ ਬੰਬ ਮੇਰੇ ਘਰ ਆ ਡਿੱਗਿਆ।ਮੇਰੀ ਘਰਵਾਲੀ ਅਤੇ ਦੋਵੇਂ ਬੱਚੇ ਮਾਰੇ ਗਏ।ਮੈਂ ਬਾਹਰ ਮਜ਼ਦੂਰੀ ਕਰਨ ਗਿਆ ਹੋਣ ਕਰਕੇ ਬਚ ਗਿਆ।ਹੌਲੀ-ਹੌਲੀ, ਕਈ ਥਾਂ ਥੱਕੇ ਖਾਂਦਾ ਮੈਂ ਇੱਥੇ ਆ ਟਿਕਿਆ"।
                     "ਤੇ ਕੋਈ ਰਿਸ਼ਤੇਦਾਰ ਨਹੀਂ ਤੁਹਾਡਾ"? ਮੈਂ ਉਹਨੂੰ ਸਰਸਰੀ ਪੁੱਛਿਆ।ਉਹਦੇ ਚਿਹਰੇ 'ਤੇ ਵਿਅੰਗ ਭਰੀ ਮੁਸਕਰਾਹਟ ਫੈਲ ਗਈ, "ਮੁਸੀਬਤ ਮਾਰਿਆਂ ਦਾ ਕੌਣ ਰਿਸ਼ਤੇਦਾਰ ਬਣਦਾ ਏ, ਨਾਲੇ ਗਰੀਬਾਂ ਦਾ…"? ਉਹਦਾ ਚਿਹਰਾ ਪ੍ਰਸ਼ਨ ਚਿੰਨ ਬਣਿਆ ਹੋਇਆ ਸੀ।
                     "ਤੇ ਇੱਥੇ ਜੀਅ ਲੱਗਾ ਰਹਿੰਦਾ ਤੁਹਾਡਾ"?
                    "ਜੀਅ ਨੂੰ ਕੀ ਆ, ਟਾਈਮ ਤੇ ਪਾਸ ਕਰਨਾ ਈ ਆ ਹੁਣ। ਬੱਸ ਮਸਤ ਹੋ ਕੇ ਇਥੇ ਈ ਪਏ ਰਹੀਦਾ ਤੇ ਰਾਤ ਨੂੰ ਢਾਬੇ ਤੋਂ ਰੋਟੀ ਖਾ ਲਈਦੀ ਆ"।ਮੇਰੀ ਗੱਲ ਦਾ ਜੁਆਬ ਦੇ ਕੇ ਉਹ ਫਿਰ ਲੜ ਰਹੇ ਕੁੱਤਿਆਂ ਨੂੰ ਚੁੱਪ ਕਰਵਾਉਣ ਲੱਗ ਪਿਆ।ਇੰਨੇ ਚਿਰ ਨੂੰ ਰੇਲ-ਗੱਡੀ ਦਾ ਵਕਤ ਹੋ ਗਿਆ ਸੀ ਤੇ ਮੈਂ ਭਰੇ ਮਨ ਨਾਲ ਗੱਡੀ ਚੜ੍ਹਨ ਲਈ ਮੁਸਾਫਰਖਾਨੇ ਤੋਂ ਬਾਹਰ ਆ ਗਿਆ।ਇਸ ਘਟਨਾ ਨੇ ਕਈ ਦਿਨ ਮੇਰੇ ਮਨ ਨੂੰ ਉਦਾਸ ਕਰੀ ਰੱਖਿਆ ਸੀ ਤੇ ਅੱਜ ਫਿਰ ਲੱਗਭਗ ਦਸਾਂ ਸਾਲਾਂ ਬਾਅਦ ਉਹ ਘਟਨਾ ਮੇਰੇ ਮਨ ਦੀ ਰੀਲ੍ਹ 'ਤੇ ਪੂਰੀ ਤਰ੍ਹਾਂ ਘੁੰਮ ਗਈ।ਦਸ ਸਾਲ ਪਹਿਲਾਂ ਵਾਲੇ ਤੇ ਹੁਣ ਵਾਲੇ ਬਾਬੇ ਵਿਚ ਕਿੰਨੀ ਸਮਾਨਤਾ ਸੀ।ਉਹ ਦੋਵੇਂ ਹੀ ਛੇਹਰਟੇ ਦੇ ਰਹਿਣ ਵਾਲੇ ਸਨ ।ਦੋਵੇਂ ਜਦੋਂ ਮੈਨੂੰ ਮਿਲੇ, ਉਮਰ ਦੇ ਆਖਰੀ ਡੰਡੇ 'ਤੇ ਖੜੇ ਸਨ।ਇਕ ਦੇ ਪਰਿਵਾਰ ਨੂੰ ਗੁਆਂਢੀ ਮੁਲਕ ਨਾਲ ਲੱਗੀ ਜੰਗ ਨੇ ਖਾ ਲਿਆ ਸੀ ਤੇ ਦੂਸਰੇ ਨੂੰ ਆਪਣੇ ਮੁਲਕ ਵਿਚ ਲੱਗੀ ਅੱਗ ਨਿਗਲ ਗਈ।ਮੇਰਾ ਮਨ ਅੱਜ ਫਿਰ ਡਾਢਾ ਉਦਾਸ ਹੋ ਗਿਆ ਸੀ।ਪ੍ਰੀਖਿਆ ਕੇਂਦਰ ਦੀ ਕਲਰਕ ਆਰਤੀ ਨੇ ਮੈਨੂੰ ਪ੍ਰਸ਼ਨ-ਪੱਤਰਾਂ ਦਾ ਪੈਕਟ ਖੋਹਲਣ ਲਈ ਫੜਾਇਆ ਤਾਂ ਮੈਂ ਹੋਸ਼ ਵਿਚ ਪਰਤਿਆ।ਬੱਚਿਆਂ ਦੇ ਪੇਪਰ ਸ਼ੁਰੂ ਹੋਣ ਦਾ ਸਮਾਂ ਹੋ ਗਿਆ ਸੀ।ਮੈਂ ਉਦਾਸ ਮਨ ਨਾਲ ਹੀ ਪ੍ਰਸ਼ਨ-ਪੱਤਰਾਂ ਦੇ ਪੈਕਟ 'ਤੇ ਹਸਤਾਖਰ ਕੀਤੇ ਤੇ ਸਾਹਮਣੀ ਕਤਾਰ ਵਿਚ ਬੈਠੇ ਬਾਬੇ ਦੇ ਦੋਹਤੇ ਦੇ ਮੂੰਹ ਵੱਲ ਵੇਖਣ ਲੱਗਾ।