ਸਰਕਾਰ ਬਦਲੇ ਪਹਿਰੇਦਾਰ ਬਦਲੇ
ਲੋਕਾਂ ਦੇ ਨਾ ਘਰਾਂ ਦੇ ਮਿਆਰ ਬਦਲੇ
ਬਦਲੇ ਨੇ ਪੰਚ ਤੇ ਸਰਪੰਚ ਬਦਲੇ
ਪਿੰਡ ਦੀ ਨਾ ਕਦੇ ਵੀ ਨੁਹਾਰ ਬਦਲੇ
ਬਦਲਦੇ ਨੇ ਰੰਗ ਬੱਸ ਪੱਗਾਂ ਦੇ
ਠੰਗਾਂ ਦੇ ਨਾ ਕਦੇ ਪਰਿਵਾਰ ਬਦਲੇ
ਕਰਦੇ ਨੇ ਉਹ ਹੀ ਰਾਜਨੀਤੀ ਸਭ
ਬਦਲੇ ਨਾ ਗੱਪਾਂ ਦੇ ਭੰਡਾਰ ਬਦਲੇ
ਕਰਜ਼ੇ ਤੇ ਉਹ ਹੀ ਨੇ ਨਿਲਾਮੀਆਂ
ਵਿਆਜ ਦਰ ਨਾ ਸ਼ਾਹੂਕਾਰ ਬਦਲੇ
ਭੁੱਖੇ ਢਿੱਡ ਏਥੇ ਦੱਸੋਂ ਕਿਹਨੇ ਭਰਨੇ
ਜਾਤਾਂ ਦੇ ਨਾ ਏਥੇ ਤਕਰਾਰ ਬਦਲੇ
ਬਦਲੇ ਨਾ ਨਸ਼ੇ ਦੇ ਵਪਾਰ ਉਹ
ਬਦਲੇ ਨੇ ਬੱਸ ਕਿਰਦਾਰ ਬਦਲੇ
ਲੁੱਟਦੇ ਨੇ ਰਲ ਦੋਹੀ ਹੱਥੀਂ ਜੋ
ਨਾ ਧਰਮ ਦੇ ਉਹ ਠੇਕੇਦਾਰ ਬਦਲੇ
ਕਿੱਥੇ ਨੌਕਰੀਆਂ ਕਿੱਥੇ ਰੁਜ਼ਗਾਰ ਨੇ
ਬਦਲੇ ਨਾ ਉਹ ਬੇਰੁਜ਼ਗਾਰ ਬਦਲੇ
ਨਾ ਬਦਲਦੇ ਕੰਗ ਠੱਗ ਯਾਰ ਇਹ
ਕਾਗ਼ਜ਼ਾਂ ਚ’ ਸਦਾ ਸਰਕਾਰ ਬਦਲੇ।