ਮੁੱਢਲੀ ਸਿਖਲਾਈ ਤੇ ਮਹਿੰਦਰ ਸਿੰਘ ਕੜਮਾ (ਸਵੈ ਜੀਵਨੀ )

ਹਰਦੇਵ ਸਿੰਘ ਧਾਲੀਵਾਲ   

Email: ssp.hdhaliwal@yahoo.ca
Cell: +91 98150 37279
Address:
India
ਹਰਦੇਵ ਸਿੰਘ ਧਾਲੀਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅਖੀਰ ਮਾਰਚ ੧੯੬੫ ਨੂੰ ਮੈਂ ਫਿਲੌਰ ਤੋਂ ਸਿਖਲਾਈ ਕਰਕੇ ਫਿਰੋਜ਼ਪੁਰ ਪਹੁੰਚ ਗਿਆ। ਮੈਨੂੰ ਸ਼੍ਰੀ ਪੀ.ਏ. ਰੋਸ਼ਾ ਆਈ.ਪੀ.ਐਸ. ਐਸ.ਐਸ.ਪੀ. ਫਿਰੋਜ਼ਪੁਰ ਦੇ ਪੇਸ਼ ਕੀਤਾ, ਉਹ ਬੜੇ ਵਧੀਆ ਢੰਗ ਨਾਲ ਪੇਸ਼ ਆਏ ਅਤੇ ਇੱਕ ਏ.ਐਸ.ਆਈ. ਨੂੰ ਉਸ ਸਮੇਂ ਕੁਰਸੀ ਦਿੱਤੀ। ਮੈਨੂੰ ਉਹਨਾਂ ਨੇ ਗੁਪਤ ਰਿਪੋਰਟ ਦਾ ਫਾਰਮ ਦਿਖਾਇਆ ਤੇ ਪੜ੍ਹਣ ਲਈ ਕਿਹਾ ਤੇ ਫੇਰ ਕਹਿਣ ਲੱਗੇ, "ਤੇਰੇ ਕੰਮ ਤੋਂ ਇਹਦੇ ਖਾਨੇ ਭਰੇ ਜਾਣਗੇ"। ਉਹਨਾਂ ਨੇ ਵੱਡੇ ਅਫਸਰ ਵਾਲੀ ਕੋਈ ਗੱਲ ਨਾ ਕੀਤੀ ਤਾਂ ਕੁਦਰਤੀ ਸ੍ਰ. ਬਲਵੰਤ ਸਿੰਘ ਉਗੋ ਕੇ ਐਸ.ਪੀ. ਬਾਰਡਰ ਫਾਜ਼ਿਲਕਾ ਆ ਗਏ। ਮੇਰੇ ਬਾਰੇ ਉਹਨਾਂ ਨੂੰ ਦੱਸਿਆ। ਸ੍ਰ. ਬਲਵੰਤ ਸਿੰਘ ਨੇ ਮੇਰੇ ਪਿਤਾ ਸ੍ਰ. ਖੀਵਾ ਸਿੰਘ ਨਾਲ ਆਪਣੀ ਪੱਗ ਵਟਾਉਣੀ ਦੱਸੀ, ਜਦੋਂ ਮੈਂ ਉਹਨਾਂ ਨੂੰ ਆਪਣੇ ਪਰਿਵਾਰ ਦੀ ਸਾਰੀ ਜਾਣਕਾਰੀ ਦਿੱਤੀ ਅਤੇ ਬੜੇ ਜ਼ੋਰਦਾਰ ਢੰਗ ਨਾਲ ਐਸ.ਐਸ.ਪੀ. ਕੋਲ ਮੇਰੇ ਸਿਫਾਰਸ਼ ਵੀ ਕੀਤੀ। ਮੈਨੂੰ ਨਾਲ ਲਿਜਾ ਕੇ ਨੈਸ਼ਨਲ ਹੋਟਲ ਵਿੱਚ ਰੋਟੀ ਵੀ ਖੁਆਈ, ਜਦੋਂ ਵੀ ਉਹ ਫਿਰੋਜ਼ਪੁਰ ਆਉਂਦੇ ਮੈਨੂੰ ਮਿਲਦੇ। ਫਿਰੋਜ਼ਪੁਰ ਦੇ ਦਫਤਰਾਂ ਦੀ ਟ੍ਰੇਨਿੰਗ ਮੇਰੀ ਅਕਤੂਬਰ ਵਿੱਚ ਖਤਮ ਹੋ ਗਈ ਤੇ ਫੇਰ ਤਿੰਨ ਮਹੀਨੇ ਲਈ ਕਿਸੇ ਥਾਣੇ ਵਿੱਚ ਮੁਨਸ਼ੀ ਦਾ ਕੰਮ ਸਿੱਖਣਾ ਸੀ, ਮੈਨੂੰ ਐਸ.ਪੀ. ਹੈਡ ਕੁਆਰਟਰ ਨੇ ਘੱਲ ਕਲਾਂ ਲਾ ਦਿੱਤਾ। ਮੈਂ ਉਹਨਾਂ ਦੇ ਪੇਸ਼ ਹੋ ਗਿਆ ਤੇ ਕਿਹਾ ਕਿ ਉਥੇ ਕੋਈ ਖਾਣ-ਪੀਣ ਦਾ ਸਾਧਨ ਨਹੀਂ, ਇਸ ਲਈ ਮੈਨੂੰ ਕਿਸੇ ਅਜਿਹੇ ਥਾਂ ਲਾਇਆ ਜਾਵੇ ਜਿੱਥੇ ਕਿ ਮੈਨੂੰ ਇਹ ਮੁਸ਼ਕਿਲ ਪੇਸ਼ ਨਾ ਆਵੇ ਤਾਂ ਉਹਨਾਂ ਨੇ ਮੈਨੂੰ ਸਦਰ ਫਿਰੋਜ਼ਪੁਰ ਲਾ ਦਿੱਤਾ।
ਸਦਰ ਫਿਰੋਜ਼ਪੁਰ ਮਲਕ ਸਾਹਿਬ ਮੁੱਖ ਅਫਸਰ ਸਨ ਅਤੇ ਉਥੇ ਦੋ ਪੁਰਾਣੀ ਸਰਵਿਸ ਦੇ ਏ.ਐਸ.ਆਈ. ਦਲੀਪ ਸਿੰਘ ਤੇ ਸਵਰਨ ਸਿੰਘ ਸਨ। ਦੋਵੇਂ ਪੁਰਾਣੇ ਸਨ, ਇਹਨਾਂ ਤੋਂ ਇਲਾਵਾ ਇੱਕ ਚੌਧਰੀ ਮੇਲਾ ਰਾਮ ਏ.ਐਸ.ਆਈ. ਵੀ ਸਨ। ਇੱਕ ਦਿਨ ਅਸੀਂ ਬਾਹਰ ਬੈਠੇ ਥਾਣੇ ਵਿੱਚ ਕੁਰਸੀਆਂ ਤੇ ਗੱਲਾਂ ਕਰ ਰਹੇ ਸੀ, ਮਲਕ ਸਾਹਿਬ ਨੇ ਇੱਕ ਚੋਰੀ ਦੇ ਸਬੰਧ ਵਿੱਚ ਫੜ੍ਹਿਆ ਦੋਸ਼ੀ ਸੱਦ ਲਿਆ, ਉਹ ਉਹਨਾਂ ਦੀ ਕੁਰਸੀ ਦੇ ਕੋਲ ਬੈਠਾ ਸੀ ਉਹ ਉਸਨੂੰ ਜਿੱਥੇ ਗਾਲੀ-ਗਲੋਚ ਕਰ ਰਹੇ ਸੀ ਅਤੇ ਚੋਰੀ ਬਾਰੇ ਵੀ ਪੁੱਛ ਰਹੇ ਸੀ, ਪਰ ਉਹ ਕਹਿ ਰਿਹਾ ਸੀ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਉਸਦੇ ਦਾੜੀ-ਕੇਸ ਰੱਖੇ ਹੋਏ ਸਨ, ਮੈਂ ਉਸ ਸਮੇਂ ਦਾੜੀ ਕਤਰਦਾ ਸੀ। ਮਲਕ ਸਾਹਿਬ ਨੇ ਬੈਠਿਆਂ-ਬੈਠਿਆਂ ਗਾਲ ਦੇ ਕੇ ਉਸਦੀ ਮੁੱਛ ਦਾ ਵਾਲ ਪੁੱਟ ਦਿੱਤਾ। ਮੇਰਾ ਮੂੰਹ ਕਿਰਕਿਰਾ ਜਿਹਾ ਹੋ ਗਿਆ। ਉਹਨਾਂ ਨੇ ਜਦੋਂ ਦੁਬਾਰੇ ਫੇਰ ਉਸਦੀ ਮੁੱਛ ਨੂੰ ਹੱਥ ਪਾਇਆ ਤਾਂ ਮੈਂ ਖੜ੍ਹਾ ਹੋ ਕੇ ਅੰਦਰ ਚਲਿਆ ਗਿਆ। ਇਸ ਤੇ ਦੋਵੇਂ ਏ.ਐਸ.ਆਈ. ਸਵਰਨ ਸਿੰਘ ਤੇ ਦਲੀਪ ਸਿੰਘ ਵੀ ਖੜ੍ਹੇ ਹੋ ਗਏ ਅਤੇ ਉਹਨਾਂ ਨੇ ਵੀ ਮੁੱਛ ਪੁੱਟਣ ਤੇ ਇਤਰਾਜ਼ ਜਤਾਇਆ, ਮਲਕ ਸਾਹਿਬ ਨੂੰ ਛੇਤੀ ਹੀ ਆਪਣੀ ਗਲਤੀ ਮਹਿਸੂਸ ਹੋ ਗਈ ਅਤੇ ਉਹਨਾਂ ਨੇ ਮੰਨ ਵੀ ਲਿਆ ਕਿ ਠੀਕ ਨਹੀਂ।
ਦੂਸਰੇ ਦਿਨ ਮੈਨੂੰ ਐਸ.ਪੀ. ਹੈਡਕੁਆਟਰ ਸਾਹਿਬ ਨੇ ਸੱਦਿਆ ਤੇ ਮੈਨੂੰ ਇਸ ਬਾਰੇ ਪੁੱਛਿਆ, ਪਰ ਮੈਂ ਉਹਨਾਂ ਨੂੰ ਦੱਸਿਆ ਕਿ, ਸਰ! ਇਹ ਗੱਲ ਤਾਂ ਕੱਲ੍ਹ ਖਤਮ ਹੋ ਗਈ ਸੀ। ਮਲਕ ਸਾਹਿਬ ਬੜੇ ਤਕੜੇ ਤੇ ਰਿਸ਼ਟ-ਪੁਸ਼ਟ ਸਨ ਪਰ ਕਈ ਵਾਰੀ ਆਪਣਾ ਹੱਥ ਪਿੱਛੇ ਖਿੱਚ ਲੈਂਦੇ ਸੀ। ਥਾਣੇ ਵਿੱਚ ਮਹਿੰਦਰ ਸਿੰਘ ਕੜਮਾ ਦਾ ਇੱਕ ੩੦੭ ਆਈ.ਪੀ.ਸੀ. ਦਾ ਵਾਰੰਟ ਬੜੇ ਚਿਰ ਤੋਂ ਲੰਬਿਤ ਪਿਆ ਸੀ ਉਹ ਅਦਾਲਤ ਵਿੱਚ ਹਾਜ਼ਰ ਨਹੀਂ ਸੀ ਹੋ ਰਿਹਾ, ਪਰ ਉਸਦੀ ਤਾਮੀਲ ਕਰਾਉਣ ਕੋਈ ਨਹੀਂ ਸੀ ਜਾਂਦਾ। ਮਹਿੰਦਰ ਸਿੰਘ ਕੜਮੇ ਦਾ ਅਹਿਤ ਕਾਇਮ ਸੀ। ਸ਼ੈਸ਼ਨ ਜੱਜ ਸਾਹਿਬ ਵੱਲੋਂ ਡੀ.ਓ. ਐਸ.ਐਸ.ਪੀ. ਫਿਰੋਜ਼ਪੁਰ ਨੂੰ ਆਈ ਤਾਂ ਉਹਨਾਂ ਨੇ ਇੱਕ ਸਪੈਸ਼ਲ ਡੀ.ਐਸ.ਪੀ. ਸਾਹਿਬ ਨੂੰ ਇਸਦੀ ਤਾਮੀਲ ਕਰਵਾਉਣ ਲਈ ਕਿਹਾ, ਪਰ ਉਸ ਜ਼ੈਲ ਦਾ ਇੰਚਾਰਜ ਚੌਧਰੀ ਮੇਲਾ ਰਾਮ ਜਾਣ ਤੋਂ ਇਨਕਾਰੀ ਸੀ ਪਰ ਉਹ ਮਲਕ ਸਾਹਿਬ ਦੇ ਨਜ਼ਦੀਕ ਵੀ ਸੀ। ਲਿਖਣ ਵਿੱਚ ਚੌਧਰੀ ਮੇਲਾ ਰਾਮ ਬਹੁਤ ਸਿਆਣਾ ਸੀ ਪਰ ਸਿਆਣੀ ਉਮਰ ਹੋਣ ਕਾਰਨ ਪਾਸਾ ਵਟਦਾ ਸੀ।
ਮਹਿੰਦਰ ਸਿੰਘ ਕੜਮਾ ਥਾਣੇ ਮਮਦੋਟ ਦਾ ਇੱਕ ਭੈੜੇ ਰਿਕਾਰਡ ਵਾਲਾ ਵਿਅਕਤੀ ਜਾਣਿਆ ਜਾਂਦਾ ਸੀ, ਉਹ ਸਵਾ ੬ ਫੁੱਟ ਲੰਮਾ, ਭਰਵੇਂ ਜਿਸਮ ਵਾਲਾ, ਗੋਰਾ ਨਿਸ਼ੋਹ, ਜਵਾਨ ਸੀ ਉਸ ਵੇਲੇ ਪਾਕਿਸਤਾਨ ਜਾਣਾ ਬਹੁਤਾ ਔਖਾ ਨਹੀਂ ਸੀ, ਬਾਰਡਰ ਤੇ ਪੀ.ਏ.ਪੀ. ਦੀਆਂ ਚੌਂਕੀਆਂ ਸਨ ਪਰ ਉਹ ਦੂਰ ਤੱਕ ਨਿਗ੍ਹਾ ਨਹੀਂ ਸੀ ਰੱਖ ਸਕਦੀਆਂ। ਸਮਗਲਿੰਗ ਕਰਨ ਵਾਲੇ ਅਕਸਰ ਪਾਕਿਸਤਾਨ ਆਉਂਦੇ-ਜਾਂਦੇ ਸੀ। ਮਹਿੰਦਰ ਸਿੰਘ ਬਾਰੇ ਵੀ ਕਿਹਾ ਜਾਂਦਾ ਸੀ ਕਿ ਉਹ ਪਾਕਿਸਤਾਨ ਆਉਂਦਾ-ਜਾਂਦਾ ਹੈ। ਮੈਂ ਨਵੀਂ ਉਮਰ ਦਾ ਸੀ ਤਾਂ ਮੈਨੂੰ ਮਲਕ ਸਾਹਿਬ ਨੇ ਥਾਪੀ ਦੇ ਕੇ ਤਿਆਰ ਕਰ ਲਿਆ ਕਿ ਤੂੰ ਮਹਿੰਦਰ ਸਿੰਘ ਕੜਮੇ ਨੂੰ ਫੜ੍ਹ ਕੇ ਲਿਆਉਣਾ ਹੈ ਅਤੇ ਉਸ ਸਮੇਂ ਖਿਆਲ ਸੀ ਕਿ ਉਹ ਖਾਈ ਫੇਮੇ ਕੀ ਵਿਖੇ ਆਇਆ ਹੋਇਆ ਹੈ ਅਤੇ ਇਹ ਵੀ ਇਤਲਾਹ ਹੈ ਕਿ ਉਹ ਸਾਰਜ ਸਿੰਘ ਦੇ ਘਰ ਅੱਗੇ ਬੈਠੇ ਹਨ ਪਰ ਸਧਾਰਨ ਪੁਲਸ ਵਾਲਾ ਉਸਨੂੰ ਫੜ੍ਹਣ ਜਾਣ ਨੂੰ ਤਿਆਰ ਨਹੀਂ ਸੀ। ਮੈਂ ਆਪਣੀ ਮਰਜ਼ੀ ਨਾਲ ੬ ਐਮਰਜੈਂਸੀ ਦੇ ਨਵੇਂ ਮੁੰਡੇ ਲੈ ਲਏ, ਦੋ ਨੂੰ ਰਾਈਫਲਾਂ ਦੁਆ ਲਈਆਂ ਤੇ ਚਾਰ ਕੋਲ ਡਾਂਗਾਂ ਸਨ। ਸਾਡੇ ਨਾਲ ਮਲਕ ਸਾਹਿਬ ਨੇ ਇੱਕ ਪੁਰਾਣਾ ਸਿਪਾਹੀ ਜੀਤ ਸਿੰਘ ਭੇਜਿਆ ਜਿਸ ਨੇ ਦੱਸਿਆ ਕਿ ਮਹਿੰਦਰ ਸਿੰਘ ਕੜਮਾ ਕਿਹੜਾ ਹੈ? ਖਾਈ ਦੇ ਭੀੜੇ ਬਾਜ਼ਾਰ ਸਨ ਪਰ ਉਹਨਾਂ ਵਿੱਚ ਸਭ ਕੁਝ ਮਿਲਦਾ ਸੀ। ਅਸੀਂ ਬਾਜ਼ਾਰ ਰਾਹੀਂ ਲੰਘ ਕੇ ਜਦੋਂ ਅਖੀਰ ਤੇ ਪਹੁੰਚੇ ਤਾਂ ਜੀਤ ਸਿੰਘ ਨੇ ਕੋਈ ੧੦੦ ਗਜ਼ ਤੋਂ ਮੈਨੂੰ ਮਹਿੰਦਰ ਸਿੰਘ ਦਿਖਾਇਆ, ਉਹ ਚਾਰ-ਪੰਜ ਆਦਮੀਆਂ ਵਿੱਚ ਬੈਠਾ ਸੀ ਅਤੇ ਆਪ ਪਿੱਛੇ ਹੀ ਮੁੜ ਗਿਆ। ਮੈਂ ਸਿਪਾਹੀਆਂ ਨੂੰ ਇਹ ਕਿਹਾ ਸੀ ਕਿ ਚੈਂਬਰ ਵਿੱਚ ਗੋਲੀ ਲੋਡ ਕਰਕੇ ਲਾਕ ਕਰ ਲਓ, ਅਸੀਂ ਮਹਿੰਦਰ ਸਿੰਘ ਨੂੰ ਦੂਰੋਂ ਦਿਸ ਗਏ ਉਹਨਾਂ ਵਿੱਚੋਂ ਕਿਸੇ ਨੇ ਭੱਜਣ ਦੀ ਕੋਸ਼ਿਸ਼ ਨਾ ਕੀਤੀ, ਮਹਿੰਦਰ ਸਿੰਘ ਵਾਕਿਆ ਹੀ ਉਚੇ-ਲੰਮੇ ਕੱਦ ਦਾ ਬਣਦਾ-ਤਣਦਾ ਜਵਾਨ ਸੀ। ਉਸਨੇ ਕੇਸ ਤਾਂ ਬਣਾਏ ਹੋਏ ਸੀ ਪਰ ਮੁੱਛਾਂ ਉਸਦੀਆਂ ਸਧਾਰਨ ਆਦਮੀ ਨੂੰ ਡਰਾ ਸਕਦੀਆਂ ਸਨ।
ਮੈਨੂੰ ਉਸਨੇ ਉਠ ਕੇ ਕੁਰਸੀ ਦਿਵਾਈ, ਅਸੀਂ ਦੋਵੇਂ ਧਿਰਾਂ ਚੋਕਸੀ ਵਿੱਚ ਸੀ ਕਿਉਂਕਿ ਸਾਡੇ ਵਿੱਚ ਆਪਸੀ ਇਤਵਾਰ ਨਹੀਂ ਸੀ, ਅਸੀਂ ਇੱਕ-ਦੂਜੇ ਨੂੰ ਪਹਿਲੀ ਵਾਰੀ ਮਿਲੇ ਸੀ। ਮਹਿੰਦਰ ਸਿੰਘ ਕਹਿਣ ਲੱਗਿਆ, ਥਾਣੇਦਾਰ ਸਾਹਿਬ! "ਮੈਂ ਡੀ.ਐਸ.ਪੀ. ਰਾਜ ਕੁਮਾਰ ਨੂੰ ਸਦਰ ਫਿਰੋਜ਼ਪੁਰ ਵਿੱਚ ਗਾਲਾਂ ਦਿੱਤੀਆਂ ਸਨ, ਉਹਨਾਂ ਨੇ ਮੇਰੇ ਤੇ ੩੦੭ ਦਾ ਝੂਠਾ ਮੁਕੱਦਮਾ ਬਣਾ ਦਿੱਤਾ"। ਮੈਂ ਉਸ ਸਮੇਂ ਕਾਨੂੰਨ ਦਾ ਬਹੁਤਾ ਵਾਕਫ ਨਹੀਂ ਸੀ ਤੇ ਕੁਝ ਹਾਲਾਤ ਮੁਤਾਬਿਕ ਗੁੱਸੇ ਵਿੱਚ ਸੀ। ਮੈਂ ਕਿਹਾ, "ਮਹਿੰਦਰ ਸਿੰਘਾ! ਮੈਨੂੰ ਗਾਲਾਂ ਤਾਂ ਅਜੇ ਆਉਂਦੀਆਂ ਨਹੀਂ, ਪਰ ਮੈਂ ਜਾਣਦਾ ਹਾਂ ਕਿ ਜੇ ਆਪਣੀ ਖਿਚੋਤਾਨ ਵਿੱਚ ਕੋਈ ਮਰ ਜਾਵੇ ਤਾਂ ਮੇਰੇ ਤੇ ੩੦੪ ਆਈ.ਪੀ.ਸੀ. ਲੱਗਣੀ ਹੈ, ਜੇਕਰ ਤੂੰ ਮੈਨੂੰ ਮਾਰ ਦੇਵੇਂ ਤਾਂ ਤੇਰੇ ਤੇ ੩੦੨ ਆਈ.ਪੀ.ਸੀ. ਲੱਗਣੀ ਹੈ" ਜਦੋਂ ਕਿ ਕਾਨੂੰਨੀ ਤੌਰ ਤੇ ਗੱਲ ਠੀਕ ਨਹੀਂ ਸੀ ਤਾਂ ਉਸਨੇ ਤੁਰਤ ਅੱਗੇ ਹੱਥ ਕਰ ਦਿੱਤਾ, ਮੈਂ ਉਸਨੂੰ ਹੱਥਕੜੀ ਲਾਈ। ਉਸਦੇ ਹਾਵ-ਭਾਵ ਵਿੱਚ ਨਫਰਤ ਦੀ ਕੋਈ ਝਲਕ ਨਹੀਂ ਸੀ ਤੇ ਕਹਿਣ ਲੱਗਿਆ, "ਸਰਦਾਰ ਜੀ! ਚਾਹ ਪੀ ਲਵੋ"। ਅਸੀਂ ਆਂਡਿਆਂ ਨਾਲ ਚਾਹ ਪੀਤੀ, ਜਦੋਂ ਅਸੀਂ ਤੁਰਨ ਲੱਗੇ ਤਾਂ ਮੈਨੂੰ ਕਹਿਣ ਲੱਗਿਆ, ਸਰਦਾਰਾ! ਮੇਰੇ ਰਿਸ਼ਤੇਦਾਰਾਂ ਦਾ ਪਿੰਡ ਹੈ, ਮੈਨੂੰ ਬਸ ਅੱਡੇ ਤੱਕ ਬਿਨ੍ਹਾਂ ਹੱਥਕੜੀ ਲੈ ਜਾਏਂ ਤਾਂ ਚੰਗਾ ਹੈ"। ਮੈਂ ਉਸਦੀ ਹੱਥਕੜੀ ਖੋਲ੍ਹ ਦਿੱਤੀ ਤੇ ਮੈਂ ਕਿਹਾ ਕਿ ਇਹਨਾਂ ਹਾਲਾਤ ਵਿੱਚ ਤਾਂ ਤੂੰ ਬਿਨ੍ਹਾਂ ਹੱਥਕੜੀ ਚੱਲ।
ਅਸੀਂ ਕੋਈ ਸਾਢੇ ੫ਕੁ ਵਜੇ ਥਾਣੇ ਪਹੁੰਚੇ ਤਾਂ ਸਾਡਾ ਬੜੀ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਸੀ, ਸਿਪਾਹੀ ਤੇ ਮਹਿੰਦਰ ਸਿੰਘ ਪਿੱਛੇ ਆ ਰਹੇ ਸੀ ਤਾਂ ਥਾਣੇ ਦੇ ਗੇਟ ਤੇ ਮਲਕ ਸਾਹਿਬ ਮੈਨੂੰ ਕਹਿਣ ਲੱਗੇ, "ਕੜਮਾ ਕਿੱਥੇ ਹੈ?" ਤਾਂ ਮੈਂ ਕਿਹਾ, ਪਿੱਛੇ ਆ ਰਿਹਾ ਹੈ, ਉਹ ਹੈਰਾਨ ਜਿਹੇ ਹੋਏ। ਮੈਂ ਸੰਤਰੀ ਨੂੰ ਕਹਿ ਕੇ ਹਵਾਲਾਤ ਸਾਫ ਕਰਵਾ ਦਿੱਤੀ ਤੇ ਡੀ.ਐਸ.ਪੀ. ਸ੍ਰ. ਉਮਰਾਓ ਸਿੰਘ ਮੈਨੂੰ ਸ਼ਾਬਾਸ਼ ਦੇ ਕੇ ਚਲੇ ਗਏ। ਸਾਰੇ ਹੈਰਾਨ ਸਨ ਕਿ ਮਹਿੰਦਰ ਸਿੰਘ ਕੜਮਾ ਕਿਵੇਂ ਆ ਗਿਆ। ਇਸ ਤੋਂ ਬਾਅਦ ਮੈਂ ਦੇਖਿਆ ਕਿ ਮਲਕ ਸਾਹਿਬ ਹਵਾਲਾਤ ਦੇ ਦੁਆਲੇ ਫੁਕਾਰੇ ਜਿਹੇ ਮਾਰਦੇ ਫਿਰ ਰਹੇ ਸੀ। ਵਾਰੰਟ ਦੀ ਤਾਮੀਲ ਤਾਂ ਹੋ ਗਈ ਸੀ, ਮੈਂ ਉਹਨਾਂ ਕਿਹਾ ਕਿ ਮਲਕ ਸਾਹਿਬ! ਮਹਿੰਦਰ ਸਿੰਘ ਨੇ ਸਾਡੀ ਇੱਜ਼ਤ ਕੀਤੀ ਹੈ ਇਸ ਨਾਲ ਕੋਈ ਭੈੜਾ ਵਰਤਾਅ ਨਹੀਂ ਹੋ ਸਕਦਾ ਤਾਂ ਉਹ ਆਪਣੇ ਦਫਤਰ ਵਿੱਚ ਚਲੇ ਗਏ। ਮੈਨੂੰ ਉਸਨੇ ਸੰਤਰੀ ਰਾਹੀਂ ਸੱਦਿਆ ਤੇ ਕਹਿਣ ਲੱਗਿਆ, "ਸਰਦਾਰਾ! ਤੂੰ ਫਿਕਰ ਨਾ ਕਰ, ਜਾ ਅਰਾਮ ਕਰ, ਇਹ ਕੁਝ ਨਹੀਂ ਕਰ ਸਕਦਾ ਪਰ ਜੇਕਰ ਕੁਝ ਹੋਇਆ ਤਾਂ ਤੂੰ ਸਾਡੇ ਵਿਚਕਾਰ ਨਾ ਆਈਂ"। ਮੈਂ ਦੇਖਿਆ ਕਿ ਕਈ ਆਦਮੀ ਐਵੇਂ ਵੀ ਬਦਨਾਮ ਹੋ ਜਾਂਦੇ ਹਨ, ਜਦੋਂ ਮੈਂ ਬਦਲ ਕੇ ਬਠਿੰਡੇ ਚਲਿਆ ਗਿਆ ਤਾਂ ਉਹ ਮੈਨੂੰ ਜ਼ਿਲ੍ਹੇ ਬਠਿੰਡੇ ਵਿੱਚ ਵੀ ਮਿਲਣ ਆਇਆ।
ਮੈਂ ਫਿਰੋਜ਼ਪੁਰ ਤੋਂ ਬਦਲੀ ਚਾਹੁੰਦਾ ਸੀ ਕਿਉਂਕਿ ਮੇਰੀ "ਮਾਂ ਜੀ" ਚਲਾਣਾ ਕਰ ਚੁੱਕੀ ਸੀ, ਇਸੇ ਸਮੇਂ ਜ਼ਿਲ੍ਹੇ ਵਿੱਚ ਪਤਾ ਲੱਗ ਗਿਆ ਕਿ ਮੇਰੀ ਬਦਲੀ ਜ਼ਿਲ੍ਹੇ ਬਠਿੰਡੇ ਦੀ ਹੋ ਚੁੱਕੀ ਹੈ ਪਰ ਥਾਣੇ ਵਿੱਚ ਅਜੇ ਹੁਕਮ ਨਹੀਂ ਆਇਆ ਤਾਂ ਮਲਕ ਸਾਹਿਬ ਨੇ ਬੜੇ ਮਿੱਠੇ ਲਜਿਹੇ ਵਿੱਚ ਕਿਹਾ, "ਛੋਟੇ ਭਰਾ! ਇੱਕ ਕੰਮ ਹੋਰ ਕਰ ਦੇ, ਪਿੰਡ ਖਾਈ ਦੇ ਸਾਰਜ ਸਿੰਘ ਦਾ ਵਾਰੰਟ ਹੈ, ਉਹ ਵੀ ਭਗੌੜਾ ਹੈ ਅਤੇ ਅੱਜ ਉਹ ਆਪਣੇ ਘਰ ਹੈ, ਹੰਬਲਾ ਮਾਰ ਉਸਨੂੰ ਫੜ੍ਹ ਕੇ ਲੈ ਆ, ਮੇਰੀ ਚਿੰਤਾ ਮੁੱਕ ਜਾਏਗੀ"। ਮੈਂ ਫੋਰਸ ਨਾਲ ੮ਕੁ ਵਜੇ ਸਾਰਜ ਸਿੰਘ ਦੇ ਘਰ ਪਹੁੰਚ ਗਿਆ, ਫਿਰੋਜ਼ਪੁਰ ਵਿੱਚ ਮੈਂ ਦੇਖਿਆ ਕਿ ਜਦੋਂ ਵੀ ਕੋਈ ਚਾਹ ਪਿਆਉਂਦਾ ਸੀ ਤਾਂ ਆਂਡੇ ਜ਼ਰੂਰ ਹੁੰਦੇ ਸੀ, ਉਸਨੇ ਸਾਨੂੰ ਚਾਹ ਨਾਲ ਆਂਡੇ ਵੀ ਖੁਆਏ। ਮੈਂ ਉਸਨੂੰ ਦੱਸਿਆ ਕਿ ਮੈਂ ਤੈਨੂੰ ਲੈ ਕੇ ਜਾਣਾ ਹੈ, ਉਸਨੇ ਵੀ ਭੱਜਣ ਦੀ ਕੋਸ਼ਿਸ਼ ਨਾ ਕੀਤੀ ਅਤੇ ਚਾਹ ਪਿਆ ਕੇ ਹੱਥ ਜੋੜ ਕੇ ਕਹਿਣ ਲੱਗਿਆ, "ਮੈਂ ਚੱਲਣ ਨੂੰ ਤਿਆਰ ਹਾਂ (ਉਹ ਵੀ ਮਹਿੰਦਰ ਕੜਮੇ ਵਾਂਗ ਰਿਸ਼ਟ-ਪੁਸ਼ਟ ਤੇ ਜਵਾਨ ਸੀ), ਮੇਰੀ ਭੈਣ ਦੀ ਪਰਸੋਂ ਨੂੰ ਸ਼ਾਦੀ ਹੈ, ਮਲਕ ਮੇਰੀ ਜਾਣ ਕੇ ਬੇਇੱਜ਼ਤੀ ਕਰਨੀ ਚਾਹੁੰਦਾ ਹੈ, ਮੈਂ ਸ਼ਾਦੀ ਤੋਂ ਅਗਲੇ ਦਿਨ ਥਾਣੇ ਸਦਰ ਤੇਰੇ ਕੋਲ ਪਹੁੰਚ ਜਾਵਾਂਗਾ, ਤੁਹਾਨੂੰ ਆਉਣ ਦੀ ਲੋੜ ਨਹੀਂ ਪਏਗੀ। ਮੈਂ ਉਹਦੀ ਗੱਲ ਤੇ ਤਸੱਲੀ ਮਹਿਸੂਸ ਕੀਤੀ ਤੇ ਛੱਡ ਆਇਆ, ਅਜਿਹੇ ਸਮੇਂ ਉਸਦੀ ਗ੍ਰਿਫਤਾਰੀ ਪਾਉਣੀ ਜਾਇਜ਼ ਨਹੀਂ ਸੀ ਜਦੋਂ ਕਿ ਉਹ ਆਉਣ ਨੂੰ ਤਿਆਰ ਸੀ।
ਮੈਂ ਵਾਪਸ ਥਾਣੇ ਆਇਆ ਤਾਂ ਮਲਕ ਸਾਹਿਬ ਨਰਾਜ਼ਗੀ ਦੇ ਦੌਰ ਵਿੱਚ ਸਨ ਅਤੇ ਥੋੜੇ ਜਿਹੇ ਗੁੱਸੇ ਵਿੱਚ ਆਪਣੇ ਕੁਆਟਰ ਨੂੰ ਚਲੇ ਗਏ। ਉਹਨਾਂ ਦੇ ਜਾਣ ਪਿੱਛੋਂ ਮੈਨੂੰ ਦਲੀਪ ਸਿੰਘ ਏ.ਐਸ.ਆਈ. ਕਹਿਣ ਲੱਗਿਆ ਕਿ ਇਹ ਸਾਰੇ ਕੰਮ ਮਲਕ ਦੇ ਸਨ ਜਾਂ ਜ਼ੈਲ ਇੰਚਾਰਜ ਦੇ, ਤੈਨੂੰ ਮਲਕ ਗਲਤ ਵਰਤਦਾ ਰਿਹਾ ਹੈ। ਅਸੀਂ ਦੋਵੇਂ ਇੱਕ ਕੁਆਟਰ ਵਿੱਚ ਵੱਖੋ-ਵੱਖਰੇ ਕਮਰਿਆਂ ਵਿੱਚ ਰਹਿੰਦੇ ਸੀ, ਉਹ ਨੌਕਰੀ ਦੇ ਅਖੀਰੀ ਸਮੇਂ ਵਿੱਚ ਸੀ। ਉਹਨਾਂ ਨੇ ਬੜੀ ਦਲੇਰੀ ਨਾਲ ਕਿਹਾ ਕਿ ਤੈਨੂੰ ਮਲਕ ਨੇ ਫਸਾਉਣ ਦੀ ਕੋਈ ਕੋਸ਼ਿਸ਼ ਨਹੀਂ ਛੱਡੀ ਪਰ ਕੁਦਰਤ ਤੈਨੂੰ ਸਫਲਤਾ ਬਖਸ਼ਦੀ ਰਹੀ ਹੈ, ਤੇਰਾ ਕੰਮ ਤਾਂ ਮੁਨਸ਼ੀ ਦੀ ਸਿਖਲਾਈ ਦਾ ਹੈ। ਮੇਰੀ ਬਦਲੀ ਦਾ ਹੁਕਮ ਥਾਣੇ ਆ ਚੁੱਕਿਆ ਸੀ, ਉਹਨਾਂ ਨੇ ਮੇਰੀ ਬਾਂਹ ਫੜ੍ਹ ਕੇ ਰੋਜ਼ਨਾਮਚੇ ਵਿੱਚ ਮੇਰੀ ਆਪ ਹੀ ਬਦਲੀ ਤੇ ਰਵਾਨਗੀ ਕਰ ਦਿੱਤੀ। ਮੈਂ ਦਲੀਪ ਸਿੰਘ ਵਰਗੇ ਚੰਗੇ ਇਨਸਾਨਾਂ ਨੂੰ ਸਾਰੀ ਉਮਰ ਯਾਦ ਰੱਖਦਾ ਰਿਹਾ ਹਾਂ।