ਅਕਸ਼ੂ ਤੀਜੀ ਜਮਾਤ ਵਿੱਚ ਪੜ੍ਹਦੀ ਇਕ ਅਜਿਹੀ ਮਾਸੂਮ ਬੱਚੀ ਹੈ,ਇੱਕਲੀ ਖੇਡਦੀ ਹੋਈ ਕਈ ਵਾਰੀ ਜਦੋਂ ਉਹ ਥੱਕ ਜਾਂਦੀ ਹੈ ਤਾਂ ਆਪਣੇ ਭਰਾ ਨਾਲ ਖੇਡਣਾ ਲੋਚਦੀ ਹੈ।ਪਰ ਉਸਦਾ ਭਰਾ ਉਸ ਨਾਲ ਜਦੋਂ ਨਹੀਂ ਖੇਡਦਾ ਤਾਂ ਉਹ ਉਸ ਨਾਲ ਗੁੱਸੇ ਵੀ ਹੋ ਜਾਂਦੀ ਹੈ।ਪਰ ਉਹ ਬੇਚਾਰਾ ਖੇਡਣਾ ਕੀ ਜਾਣੇ।ਜਿਸ ਨੂੰ ਆਪਣੇ-ਆਪ ਦੀ ਹੀ ਸੌਝੀ ਨਹੀਂ ਉਹ ਭੈਣ ਦੇ ਦਿਲ ਦੀਆਂ ਸਧਰਾਂ ਬਾਰੇ ਕੀ ਜਾਣੇ।ਅਕਸ਼ੂ ਅਕਸਰ ਚੁੱਪ ਬੈਠੀ ਹੁੰਦੀ ਹੈ ਤਾਂ ਇੰਜ ਲਗਦਾ ਹੈ ਜਿਵੇਂ ਸੋਚ ਰਹੀ ਹੋਵੇ ਕਿ ਉਸਦਾ ਭਰਾ ਸਾਰਾ ਦਿਨ ਮੰਜੇ ਤੇ ਹੀ ਕਿਉਂ ਪਿਆ ਰਹਿੰਦਾ ਹੈ।ਉੱਠ ਕੇ ਤੁਰਦਾ ਫਿਰਦਾ ਕਿਉਂ ਨਹੀਂ। ਉਸ ਨਾਲ ਖੇਡਦਾ ਕਿਉਂ ਨਹੀਂ।ਉਹ ਆਪਣੀ ਮਾਂ ਤੋਂ ਪੁੱਛਦੀ ਹੈ ਕਿ ਮਾਂ ਸਾਰਿਆਂ ਦੇ ਵੀਰੇ ਆਪਣੀਆਂ ਭੈਣਾਂ ਨਾਲ ਖੇਡਦੇ ਹਨ, ਸਕੂਲ ਵੀ ਜਾਂਦੇ ਹਨ ਫ਼ਿਰ ਮੇਰਾ ਵੀਰਾ ਮੇਰੇ ਨਾਲ ਕਿਉਂ ਨਹੀਂ ਖੇਡਦਾ।ਉਹ ਮੇਰੇ ਨਾਲ ਸਕੂਲ ਕਿਉਂ ਨਹੀਂ ਜਾਂਦਾ।ਮਾਂ ਉਸਨੂੰ ਵੀ ਕਿਹਾ ਕਰ ਕਿ ਉਹ ਸਕੂਲ ਜਾਇਆ ਕਰੇ।ਮੇਰੇ ਵਾਂਗ ਪੜ੍ਹਿਆ ਕਰੇ।ਉੱਠ ਕੇ ਬੈਠਿਆ ਕਰੇ, ਮੇਰੇ ਨਾਲ ਖੇਡਿਆ ਕਰੇ।ਅੰਜੂ ਉਸਦੀ ਮਾਂ ਅਕਸਰ ਆਪਣੀ ਬੱਚੀ ਦੀ ਮਾਸੂਮੀਅਤ ਅੱਗੇ ਬੇਬਸ ਹੋ ਜਾਂਦੀ ਹੈ।ਉਹ ਸੋਚਦੀ ਹੈ ਕਿ ਆਪਣੀ ਬੱਚੀ ਨੂੰ ਕਿਵੇਂ ਸਮਝਾਏ ਕਿ ਉਸ ਦਾ ਭਰਾ ਨਾ ਹੀ ਬੋਲ ਸਕਦਾ ਹੈ ਤੇ ਨਾ ਹੀ ਆਪਣੇ-ਆਪ ਨੂੰ ਸੰਭਾਲ ਸਕਦਾ ਹੈ।ਉਹ ਬੱਚੀ ਦੀਆਂ ਗੱਲਾਂ ਸੁਣਦੀ ਹੈ, ਪਰ ਕੋਈ ਜਵਾਬ ਨਹੀਂ ਦਿੰਦੀ ਤਾਂ ਅਕਸ਼ੂ ਇਹੀ ਸਵਾਲ ਆਪਣੇ ਬਾਪ ਨੂੰ ਵੀ ਪੁੱਛਦੀ ਹੈ, ਪਰ ਉਸ ਦਾ ਬਾਪ ਵੀ ਉਸਦੀ ਗੱਲ ਅਣ-ਗੋਲਿਆਂ ਕਰ ਛੱਡਦਾ ਹੈ।
ਅੱਜ ਇਹੀ ਸਵਾਲ ਉਸਨੇ ਆਪਣੀ ਦਾਦੀ ਤੋਂ ਵੀ ਕੀਤਾ ਤਾਂ ਜਿਵੇਂ ਘਰ ਵਿੱਚ ਭੁਚਾਲ ਹੀ ਆ ਗਿਆ।ਉਸਦੀ ਦਾਦੀ ਤਾਂ ਜਿਵੇਂ ਉਸਦੀ ਮਾਂ ਨੂੰ ਹਰ ਵੇਲੇ ਭੰਡਣ ਦੇ ਬਹਾਨੇ ਹੀ ਭਾਲਦੀ ਸੀ।ਉਸਨੇ ਆਪਣੀ ਨੂੰਹ ਨੂੰ ਤੇ ਉਸਦੇ ਪੇਕਿਆਂ ਨੂੰ ਕੌਸਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਆਹ ਦਿਨ ਵੀ ਦੇਖਣੇ ਸਨ।ਮੈਥੋਂ ਕੀ ਪੁੱਛਦੀ ਏਂ, ਜਾਹ ਆਪਣੀ ਮਾਂ ਤੋਂ ਪੁੱਛ, ਆਪਣੀ ਨਾਨੀ ਤੋਂ ਪੁੱਛ ਕਿ ਤੇਰਾ ਵੀਰਾ ਤੇਰੇ ਨਾਲ ਕਿਉਂ ਨਹੀਂ ਖੇਡਦਾ।ਤੇਰੀ ਮਾਂ ਨੂੰ ਤਾਂ ਅਕਲ ਨਹੀਂ ਸੀ ,ਬਾਕੀ ਘਰ ਵਾਲੇ ਵੀ ਅਕਲੋਂ ਖਾਲੀ ਨਿਕਲੇ।ਅੰਜੂ ਨਾਲੋਂ ਵੱਧ ਦੁਖੀ ਕੌਣ ਹੋਵੇਗਾ ਜਿਸਦਾ ਬਾਰ੍ਹਾਂ ਸਾਲਾ ਦਾ ਪੁੱਤ ਨਰਕ ਭੋਗ ਰਿਹਾ ਹੈ।ਸੋਚਾਂ ਵਿੱਚ ਖੁੱਭੀ ਉਹ ਅਕਸਰ ਆਖ ਦਿੰਦੀ ਹੈ, ਵੇ ਪੁੱਤਰਾ! ਤੂੰ ਜੰਮਦਾ ਹੀ ਮਰ ਜਾਂਦਾ ਤਾਂ ਮੈਂ ਹੁਣ ਤੱਕ ਤੈਨੂੰ ਕਦੋਂ ਦੀ ਭੁੱਲ ਜਾਂਦੀ।ਇਹ ਮਾਂ ਦੀ ਮਮਤਾ ਹੈ ਜਾਂ ਉਸ ਗੱਲਤੀ ਦਾ ਪਛਤਾਵਾ ਜੋ ਅੱਜ ਤੋਂ ਬਾਰ੍ਹਾਂ ਸਾਲ ਪਹਿਲਾਂ ਹੋ ਚੁੱਕੀ ਸੀ।ਸਮਾਂ ਤਾਂ ਬੀਤ ਜਾਂਦਾ ਹੈ ਪਰ ਕਈ ਵਾਰੀ ਅਜਿਹੇ ਜ਼ਖਮ ਦੇ ਜਾਂਦਾ ਹੈ, ਜੋ ਸਮੇਂ ਨਾਲ ਵੀ ਨਹੀਂ ਭਰਦੇ।ਕੁੱਝ ਇਕ ਗਲਤੀਆਂ ਅਜਿਹੀਆਂ ਵੀ ਹੁੰਦੀਆਂ ਹਨ, ਜੋ ਨਸੂਰ ਬਣਕੇ ਹਮੇਸ਼ਾਂ ਹੀ ਰੜਕਦੀਆਂ ਰਹਿੰਦੀਆਂ ਹਨ ਪਰ ਗੁਆਚਾ ਸਮਾਂ ਕਦੇ ਹੱਥ ਨਹੀਂ ਆਉਂਦਾ।
ਅੱਜ ਤੋਂ ਚੌਦਾਂ ਕੂ ਸਾਲ ਪਹਿਲਾਂ ਜਦੋਂ ਅੰਜੂ ਵਿਆਹੀ ਆਈ ਸੀ ਤਾਂ ਹਰ ਕੋਈ ਉਸਦੇ ਸੁਹਪੱਣ ਨੂੰ ਦੇਖ ਕੇ ਉਸ ਦੀਆਂ ਸਿਫ਼ਤਾਂ ਕਰਦਾ ਸਾਹ ਨਹੀਂ ਸੀ ਲੈਂਦਾ।ਜਦੋਂ ਵਿਆਹ ਦੇ ਛੇ ਕੂ ਮਹੀਨੇ ਬਾਅਦ ਉਸਦੇ ਪੈਰ ਭਾਰੀ ਹੋਏ ਤਾਂ ਘਰ ਵਿੱਚ ਜਿਵੇਂ ਖੁਸ਼ੀ ਦੀ ਲਹਿਰ ਹੀ ਦੌੜ ਪਈ।ਹਰ ਕੋਈ ਉਸਦੇ ਅੱਗੇ-ਪਿੱਛੇ ਦੌੜਿਆ ਫਿਰਦਾ।ਸਮੇਂ ਸਮੇਂ ਤੇ ਉਸਦਾ ਚੈਕ-ਅਪ ਕਰਾਇਆ ਗਿਆ।ਸਭ-ਕੁਝ ਠੀਕ-ਠਾਕ ਚੱਲ ਰਿਹਾ ਸੀ।ਬੱਚੇ ਨੂੰ ਤੰਦਰੁਸਤ ਤੇ ਸਿਹਤਮੰਦ ਦੇਖਦੇ ਹੋਏ ਡਾਕਟਰ ਨੇ ਸਾਫ ਸ਼ਬਦਾਂ ਵਿੱਚ ਕਹਿ ਦਿੱਤਾ ਸੀ ਕਿ ਇਸ ਬੱਚੇ ਦਾ ਜਨਮ ਹਸਪਤਾਲ ਵਿੱਚ ਹੀ ਕਰਵਾਇਆ ਜਾਵੇ ਤਾਂ ਹੀ ਜੱਚਾ ਤੇ ਬੱਚਾ ਸੁਰਖਿਅਤ ਹੋਣਗੇ।ਸਮਾਂ ਬੀਤਿਆ ਤੇ ਸੱਤਵੇ ਮਹੀਨੇ ਅੰਜੂ ਦੀ ਮਾਂ ਰਹੁ-ਰੀਤਾਂ ਅਨੁਸਾਰ ਉਸਨੂੰ ਵਿਦਾ ਕਰਵਾਉਣ ਆਈ ਤਾਂ ਘਰ ਵਾਲੇ ਉਸਨੂੰ ਮਾਂ ਨਾਲ ਭੇਜਣ ਲਈ ਤਿਆਰ ਨਹੀਂ ਸਨ।ਜਦੋਂ ਉਸ ਦੀ ਮਾਂ ਨੇ ਕਾਰਨ ਪੁੱਛਿਆ ਤਾਂ ਉਸਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾ ਦਿੱਤਾ ਗਿਆ।ਉਸਨੇ ਯਕੀਨ ਦੁਆਇਆ ਕਿ ਉਹ ਇਸ ਗੱਲ ਦਾ ਖਾਸ ਧਿਆਨ ਰੱਖਣਗੇ, ਉਨ੍ਹਾਂ ਦੇ ਪਿੰਡ ਵਿੱਚ ਹਸਪਤਾਲ ਹੈ ਤੇ ਬੱਚੇ ਦਾ ਜਨਮ ਹਸਪਤਾਲ ਵਿੱਚ ਹੀ ਹੋਵੇਗਾ।ਚਾਂਈ-ਚਾਂਈ ਅੰਜੂ ਨੂੰ ਪੂਰੇ ਰੀਤੀ-ਰਿਵਾਜਾਂ ਨਾਲ ਵਿਦਾ ਕੀਤਾ ਗਿਆ।ਹੁਣ ਹਰ ਕੋਈ ਉਸ ਸੁਭਾਗੇ ਦਿਨ ਨੂੰ ਉਡੀਕਣ ਲੱਗਾ।ਹੋਇਆ ਉਹੀ, ਜਿਸਦਾ ਡਰ ਸੀ।
ਡਾਕਟਰ ਦੀ ਗੱਲ ਨੂੰ ਅਣਗੌਲਿਆਂ ਕਰ, ਸਮਾਂ ਆਉਣ ਤੇ ਅੰਜੂ ਨੂੰ ਹਸਪਤਾਲ ਲੈ ਜਾਣ ਦੀ ਥਾਂ ਘਰ ਵਿੱਚ ਹੀ ਡਿਲੀਵਰੀ ਕਰਾਉਣ ਦਾ ਫ਼ੈਸਲਾ ਲੈ ਲਿਆ ਗਿਆ। ਉਹ ਜੰਮਣ ਪੀੜਾਂ ਵਿਚੋਂ ਲੰਘ ਰਹੀ ਸੀ ਤੇ ਬੱਚਾ ਤਗੜਾ ਹੋਣ ਕਰਕੇ ਜਨਮ ਲੈਣ ਦੀ ਪ੍ਰਕਿਰਿਆ ਵਿੱਚ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ।ਮਾਂ ਵੱਖ ਤੜਫ਼ ਰਹੀ ਸੀ।ਪਿੰਡ ਦੀ ਦਾਈ ਨੇ ਘਰ ਦਿਆਂ ਨੂੰ ਪੂਰਾ ਯਕੀਨ ਦੁਆਇਆ ਸੀ ਕਿ ਉਸ ਨੇ ਸਾਰੀ ਉਮਰ ਦਾਈ-ਪੁਣੇ ਦੇ ਕੰਮ ਵਿੱਚ ਲੰਘਾਈ ਹੈ, ਉਹ ਇਸ ਬੱਚੇ ਦਾ ਜਨਮ ਵਿੱਚ ਸੁਰਖਿਅਤ ਢੰਗ ਨਾਲ ਘਰ ਵਿੱਚ ਹੀ ਕਰਵਾ ਦੇਵੇਗੀ, ਪਰ ਜਦੋਂ ਬੱਚੇ ਦੇ ਜਨਮ ਲੈਣ ਵਿੱਚ ਦਿੱਕਤ ਆਉਣ ਲੱਗੀ ਤਾਂ ਉਸਨੇ ਹੱਥ ਖੜੇ ਕਰਦੇ ਹੋਏ ਇਹ ਆਖ ਦਿੱਤਾ ਕਿ ਇਹ ਕੇਸ ਮੇਰੇ ਵੱਸ ਦਾ ਨਹੀਂ, ਇਸ ਲਈ ਜੱਚਾ ਨੂੰ ਹਸਪਤਾਲ ਲੈ ਜਾਣਾ ਪਵੇਗਾ।ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ।ਇਸ ਤੋਂ ਪਹਿਲਾਂ ਕਿ ਘਰ ਦੇ ਕੋਈ ਫੈਸਲਾ ਕਰਦੇ, ਪਿੰਡ ਦੀ ਹੀ ਨਰਸ ਦੀ ਮਦਦ ਨਾਲ ਬੱਚੇ ਦਾ ਜਨਮ ਘਰ ਵਿੱਚ ਹੋ ਗਿਆ।
ਕਿਸਮਤ ਦੀ ਮਾਰ ਅਜਿਹੀ ਪਈ ਕਿ ਉਹ ਬੱਚਾ ਜਿਸਨੂੰ ਜਨਮ ਲੈਣ ਸਾਰ ਰੋਣਾ ਚਾਹੀਦਾ ਸੀ, ਉਹ ਰੋਇਆ ਨਾ।ਜੇ ਇੱਕ ਘੰਟੇ ਬਾਅਦ ਰੋਇਆ ਤਾਂ ਚੁੱਪ ਹੀ ਨਾ ਕਰੇ।ਆਖਿਰ ਅੰਜੂ ਦੇ ਮਾਂ-ਬਾਪ ਉਸਨੂੰ ਸ਼ਹਿਰ ਦੇ ਹਸਪਤਾਲ ਲੈ ਗਏ।ਜਦੋਂ ਡਾਕਟਰ ਨੇ ਬੱਚੇ ਦੇ ਜਨਮ ਬਾਰੇ ਪੁਛਿੱਆ ਤਾਂ ਪਤਾ ਲੱਗਾ ਕਿ ਪਿੰਡ ਦੀਆਂ ਅਨਪੜ ਜਨਾਨੀਆਂ ਪਿੱਛੇ ਲੱਗ ਕੇ ਜਨੇਪਾ ਘਰ ਵਿੱਚ ਹੀ ਕਰਵਾ ਦਿੱਤਾ ਗਿਆ ਸੀ।ਨਤੀਜੇ ਵੱਜੋਂ ਬੱਚੇ ਦੀ ਗੰਦਗੀ ਉਸਦੇ ਅੰਦਰ ਚਲੀ ਜਾਣ ਕਰ ਕੇ ਅਜਿਹੇ ਹਾਲਾਤ ਬਣ ਗਏ ਸਨ।ਡਾਕਟਰ ਨੇ ਸਾਫ ਕਹਿ ਦਿੱਤਾ ਕਿ ਅਜਿਹਾ ਬੱਚਾ ਜੇ ਬਚ ਵੀ ਜਾਵੇ ਤਾਂ ਸਾਨੂੰ ਖੁਸ਼ੀ ਨਹੀਂ ਹੁੰਦੀ।ਤੁਸੀਂ ਆਪਣੀ ਗਲਤੀ ਕਰਕੇ ਬੱਚੇ ਦੀ ਜਾਨ ਮੁਸੀਬਤ ਵਿੱਚ ਪਾ ਦਿੱਤੀ ਹੈ।ਅਜਿਹੇ ਬੱਚੇ ਬਾਰੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ ਕਿ ਉਹ ਠੀਕ ਵੀ ਹੋਵੇਗਾ ਜਾਂ ਨਹੀਂ।ਖੈਰ ਹੁਣ ਤਾਂ ਸਮਾਂ ਹੱਥੋਂ ਨਿਕਲ ਚੁੱਕਾ ਸੀ।
ਡਾਕਟਰ ਨੇ ਕਿਹਾ ਕਿ ਇਸ ਬੱਚੇ ਦੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ।ਉਹ ਕਦੇ ਵੀ ਇਸ ਦੁਨੀਆਂ ਨੂੰ ਅਲਵਿਦਾ ਆਖ ਸਕਦਾ ਹੈ, ਪਰ ਇਹ ਜਿੰਨੀ ਦੇਰ ਵੀ ਜਿਉਂਦਾ ਰਹੇਗਾ, ਅਪਾਹਿਜ ਜ਼ਿੰਦਗੀ ਹੀ ਜੀਵੇਗਾ ਤੇ ਆਪਣੀ ਕੋਈ ਵੀ ਕਿਰਿਆ ਸੰਭਾਲਣ ਦੇ ਕਾਬਲ ਨਹੀਂ ਹੋਵੇਗਾ।ਇਹ ਸੁਣਦਿਆਂ ਹੀ ਘਰ ਦਾ ਹਰ ਜੀਅ ਇਕ ਦੂਜੇ ਨੂੰ ਕੋਸਣ ਲੱਗਾ।ਮਾਂ ਲਈ ਤਾਂ ਹੁਣ ਹਰ ਘੜੀ ਇਮਤਿਹਾਨ ਦੀ ਘੜੀ ਸੀ।ਉਹ ਆਪਣੀ ਬਦਕਿਸਮਤੀ ਦਾ ਦੋਸ਼ ਕਿਸਨੂੰ ਦੇਵੇ।ਸਵਾ ਮਹੀਨੇ ਬਾਅਦ ਉਹ ਅਪਾਹਿਜ ਬੱਚੇ ਨੂੰ ਲੈ ਕੇ ਆਪਣੇ ਘਰ ਪਰਤ ਆਈ, ਪਰ ਹੁਣ ਤਾਂ ਜਿਵੇਂ ਘਰ ਦਾ ਮਾਹੋਲ ਹੀ ਬਦਲ ਚੁੱਕਾ ਸੀ।ਜੋ ਲੋਕ ਉਸਨੂੰ ਹੱਥੀਂ ਛਾਵਾਂ ਕਰਦੇ ਸੀ, ਉਹ ਹੁਣ ਤਾਹਨੇ-ਮਿਹਣੇ ਦੇਣ ਲੱਗੇ।ਘਰ ਦੀ ਰੋਣਕ ਬਣੀ ਨੂੰਹ ਹੁਣ ਘਰਦਿਆਂ ਲਈ ਕਲ-ਮੂੰਹੀ ਤੇ ਨਹਿਸ਼ ਬਣ ਗਈ ਸੀ।ਉਸਦਾ ਪਤੀ ਵੀ ਉਸਨੂੰ ਗੱਲ-ਗੱਲ ਤੇ ਕੋਸਣ ਲੱਗਾ।ਖੈਰ ਸਮਾਂ ਆਪਣੀ ਤੋਰੇ ਤੁਰਦਾ ਰਿਹਾ।ਉਹ ਸੱਭ ਦੀਆਂ ਚੰਗੀਆਂ-ਮਾੜੀਆਂ ਸੁਣਦੀ ਹੋਈ ਆਪਣਾ ਝੱਟ ਲੰਘਾਉਣ ਲੱਗੀ।ਉਸਨੇ ਆਪਣੇ-ਆਪ ਨੂੰ ਆਪਣੇ ਤੱਕ ਹੀ ਸੀਮਿਤ ਕਰ ਲਿਆ ਸੀ।ਕੋਈ ਕੁੱਝ ਵੀ ਕਹੇ, ਸਿਰ ਸੁੱਟ ਸੁਣਦੀ ਰਹਿੰਦੀ ਤੇ ਆਪਣੇ ਅਪਾਹਿਜ ਬੱਚੇ ਦੀ ਭਰੇ ਮਨ ਨਾਲ ਪਰਿਵਰਿਸ਼ ਵਿੱਚ ਜੁਟੀ ਰਹਿੰਦੀ।
ਜਦੋਂ ਇਹ ਅਣਭੋਲ ਬੱਚਾ ਤਿੰਨ ਸਾਲਾਂ ਦਾ ਹੋਇਆ ਤਾਂ ਅੰਜੂ ਦੇ ਪੈਰ ਫ਼ਿਰ ਤੋਂ ਭਾਰੀ ਹੋ ਗਏ।ਦੋਵੇਂ ਜੀਅ ਪਹਿਲੇ ਬੱਚੇ ਤੋਂ ਇੰਨੇ ਜਿਆਦਾ ਡਰੇ ਹੋਏ ਸਨ ਕਿ ਉਹ ਦੂਜੇ ਬੱਚੇ ਬਾਰੇ ਸੋਚ ਵੀ ਨਹੀਂ ਸਨ ਸਕਦੇ। ਇਕ ਦਿਨ ਦੋਵਾਂ ਜੀਆਂ ਨੇ ਸੋਚਿਆ ਕਿ ਉਹ ਹੋਰ ਬੱਚਾ ਦੁਨੀਆਂ ਵਿੱਚ ਨਹੀਂ ਲਿਆਉਣਗੇ।ਇਸ ਲਈ ਉਹ ਡਾਕਟਰ ਕੋਲ ਸਲਾਹ ਲਈ ਗਏ ਤਾਂ ਡਾਕਟਰ ਦੇ ਕਹਿਣ ਤੇ ਸਮਝਾਉਣ ਨਾਲ ਉਨ੍ਹਾਂ ਨੇ ਆਪਣਾ ਮਨ ਬਦਲ ਲਿਆ।ਡਾਕਟਰ ਦੀ ਸਖ਼ਤ ਹਿਦਾਇਤ ਸੀ ਕਿ ਪਹਿਲੇ ਬੱਚੇ ਦੀ ਅਜਿਹੀ ਜ਼ਿੰਦਗੀ ਲਈ ਤੁਸੀਂ ਆਪ ਹੀ ਜਿੰਮੇਵਾਰ ਹੋ ,ਜੇ ਆਉਣ ਵਾਲੇ ਬੱਚੇ ਦੀ ਤੰਦਰੁਸਤੀ ਚਾਹੁੰਦੇ ਹੋ ਤਾਂ ਇਸ ਬੱਚੇ ਦਾ ਜਨਮ ਹਸਪਤਾਲ ਵਿੱਚ ਹੀ ਹੋਣਾ ਚਾਹੀਦਾ ਹੈ।ਸਮਾਂ ਬੀਤਿਆ ਤਾਂ ਅੰਜੂ ਦੀ ਗੋਦ ਵਿੱਚ ਪਿਆਰੀ ਜਹੀ ਬੱਚੀ ਆ ਗਈ।ਮਾਂ ਲਈ ਜ਼ਿੰਦਗੀ ਇੱਕ ਪ੍ਰੀਖਿਆ ਬਣ ਗਈ।
ਇਕ ਪਾਸੇ ਮਾਸੂਮ ਬਾਲੜੀ ਤੇ ਦੂਜੇ ਪਾਸੇ ਅਪਾਹਜ ਪੁੱਤਰ ਦੀ ਸੰਭਾਲ, ਜੋ ਨਾ ਦੇਖ ਸਕਦਾ ਹੈ , ਨਾ ਹੀ ਕੁੱਝ ਆਪ ਖਾ-ਪੀ ਸਕਦਾ ਹੈ ਤੇ ਨਾ ਹੀ ਕੁੱਝ ਬੋਲ ਸਕਦਾ ਹੈ।ਉਮਰ ਦੇ ਨਾਲ ਉਸਦਾ ਸ਼ਰੀਰ ਵਧਣ-ਫੁੱਲਣ ਤਾਂ ਲੱਗਾ ਹੈ ਪਰ ਉਸਨੂੰ ਕੋਈ ਕਿਸੇ ਤਰ੍ਹਾਂ ਦੀ ਸੋਝੀ ਨਹੀਂ ਹੈ।ਉਹ ਭਾਵੇਂ ਕੁੱਝ ਬੋਲ ਕੇ ਜਾਂ ਇਸ਼ਾਰੇ ਨਾਲ ਆਪਣੀ ਗੱਲ ਨਹੀਂ ਸੀ ਸਮਝਾ ਸਕਦਾ ਪਰ ਇਕ ਗੱਲ ਜੋ ਦੇਖਣ ਵਿੱਚ ਆਉਂਦੀ ਹੈ ਕਿ ਉਸਨੂੰ ਆਪਣੀ ਮਾਂ ਦੇ ਹੱਥਾਂ ਦੀ ਛੋਹ ਅਤੇ ਮਾਂ ਦੀ ਆਵਾਜ਼ ਦੀ ਪਛਾਣ ਹੈ ਤਾਂ ਹੀ ਤਾਂ ਮਾਂ ਦੇ ਨੇੜੇ ਆਉਂਦਿਆਂ ਹੀ ਉਹ ਰੋਂਦਾ ਹੋਇਆ ਵੀ ਇਕ ਦਮ ਚੁੱਪ ਕਰ ਜਾਂਦਾ ਹੈ।ਉਸਨੂੰ ਇਸ ਗੱਲ ਦੀ ਸਮਝ ਹੈ ਕਿ ਉਸਦੇ ਨੇੜੇ ਕੋਈ ਹੈ ਜਾਂ ਨਹੀਂ।ਜਦੋਂ ਵੀ ਉਹ ਇੱਕਲਾ ਜਾਂ ਭੁੱਖਾ ਹੁੰਦਾ ਹੈ ,ਤਾਂ ਉਹ ਰੋ-ਰੋ ਕੇ ਆਪਣੀ ਹੋਂਦ ਜਤਾਉਂਦਾ ਹੈ।ਸਿਆਣੇ ਆਖਦੇ ਨੇ ਗੂੰਗੇ ਦੀਆਂ ਰਮਜ਼ਾਂ, ਗੂੰਗੇ ਦੀ ਮਾਂ ਹੀ ਜਾਣੇ।ਅੰਜੂ ਉਸਨੂੰ ਦਲਿਆ, ਖਿੱਚੜੀ ਜਾਂ ਦੁੱਧ ਜਬਰਦਸਤੀ ਦਿੰਦੀ ਹੈ ਪਰ ਉਹ ਮਸੂਮ ਕੁੱਝ ਖਾਂਦੇ ਹੋਏ ਵੀ ਰੋਂਦਾ ਹੀ ਰਹਿੰਦਾ ਹੈ।ਖੌਰੇ ਉਹ ਖਾਣ-ਪੀਣ ਵਿੱਚ ਵੀ ਤਕਲੀਫ਼ ਮਹਿਸੂਸ ਕਰਦਾ ਹੋਵੇ।ਭਾਵੇਂ ਉਹ ਆਪਣੀ ਕਿਰਿਆ ਨਹੀਂ ਸੀ ਸੋਧ ਸਕਦਾ ਪਰ ਜਦੋਂ ਵੀ ਗਿੱਲਾ ਜਾਂ ਗੰਦਾ ਹੋ ਜਾਂਦਾ ਹੈ ਤਾਂ ਵੀ ਰੋ ਕੇ ਹੀ ਇਜਹਾਰ ਕਰਦਾ ਹੈ।ਉਸਦੇ ਕੰਮਾਂ ਤੋਂ ਵਿਹਲੀ ਹੋ ਕੇ ਉਸਦੀ ਮਾਂ ਟੇਪਰਿਕਾਡਰ ਉੱਤੇ ਸੰਗੀਤ ਚਲਾ ਦਿੰਦੀ ਹੈ ਤੇ ਉਹ ਅਣਭੋਲ ਗੂੜੀ ਨੀਂਦੇ ਇੰਜ ਸੋਂ ਜਾਂਦਾ ਹੈ ਜਿਵੇਂ ਸੰਗੀਤ ਦੀ ਦੁਨੀਆ ਵਿੱਚ ਗੁਆਚਿਆ ਆਨੰਦ ਮਾਣ ਰਿਹਾ ਹੋਵੇ।ਜੇ ਘਰ ਵਿੱਚ ਕੋਈ ਉੱਚੀ ਵੀ ਬੋਲੇ ਤਾਂ ਉਹ ਤ੍ਰਬਕ ਜਾਂਦਾ ਹੈ।ਜੇ ਘਰ ਦੇ ਜੀਆਂ ਤੋਂ ਬਿਨਾਂ ਕੋਈ ਹੋਰ ਉਸਨੂੰ ਹੱਥ ਵੀ ਲਾਵੇ ਤਾਂ ਉਹ ਕੰਬਣ ਲਗ ਪੈਂਦਾ ਹੈ ਤੇ ਰੋਣਾ ਸ਼ੁਰੂ ਕਰ ਦਿੰਦਾ ਹੈ, ਰੱਬ ਹੀ ਜਾਣੇ ਉਹ ਅਜਿਹਾ ਕਿਉਂ ਕਰਦਾ ਹੈ।
ਅਕਸ਼ੂ ਜੋ ਹੁਣ ਸਕੂਲ਼ ਜਾਂਦੀ ਹੈ, ਜਦੋਂ ਉਹ ਸਕੂਲੋਂ ਆ ਕੇ ਵੀਰੇ ਕੋਲ ਆ ਕੇ ਆਖਦੀ ਹੈ, ਮੈਂ ਆ ਗਈ ਆਂ ਵੀਰੇ ਤਾਂ ਉਹ ਝੱਟ ਮੂੰਹ ਘੁਮਾ ਕੇ ਆਵਾਜ਼ ਦਾ ਪਿੱਛਾ ਕਰਦਾ ਹੈ, ਜਿਵੇਂ ਕਿ ਉਹ ਆਪਣੀ ਭੈਣ ਨੂੰ ਦੇਖਣਾ ਚਾਹੁੰਦਾ ਹੋਵੇ, ਉਸ ਨਾਲ ਗੱਲਾਂ ਕਰਨੀਆਂ ਚਾਹੁੰਦਾ ਹੋਵੇ, ਉਸ ਨਾਲ ਖੇਡਣਾ ਚਾਹੁੰਦਾ ਹੋਵੇ, ਭੈਣ ਨਾਲ ਦਿਲ ਦੀ ਸਾਂਝ ਪਾਉਣੀ ਚਾਹੁੰਦਾ ਹੋਵੇ।ਉਸ ਦੀਆਂ ਰੌਸ਼ਨੀ ਤੋਂ ਸੁਰਖਰੂ ਪਰ ਹੰਝੂਆਂ ਨਾਲ ਭਰੀਆਂ ਅੱਖਾਂ ਜਦ ਇੱਧਰ-ਉੱਧਰ ਘੁੰਮਦੀਆਂ ਹਨ ਤਾਂ ਉਸ ਦੀ ਬੇਬਸੀ ਤੇ ਦੁਖੀ ਦਿਲ ਦਾ ਹਾਲ ਬਿਆਨ ਕਰਦੀਆਂ ਲਗਦੀਆਂ ਹਨ।
ਅੰਜੂ ਘਰ ਦੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਜਿੱਥੇ ਪੁੱਤਰ ਨੂੰ ਸੰਭਾਲਦੀ ਹੈ ਉੱਥੇ ਧੀ ਨੂੰ ਪੜ੍ਹਾਉਂਦੇ ਹੋਏ ਵੀ ਉਸਦਾ ਧਿਆਨ ਬੇਬਸ ਪੁੱਤਰ ਵਿੱਚ ਹੀ ਹੁੰਦਾ ਹੈ।ਅਕਸ਼ੂ ਦੇ ਵਾਰ-ਵਾਰ ਬੁਲਾਉਣ ਤੇ ਵੀ ਉਸਦੀ ਮਾਂ ਕੋਈ ਜਵਾਬ ਨਹੀਂ ਦਿੰਦੀ ਤਾਂ ਉਹ ਚੀਕਦੀ ਤੇ ਉੱਚੀ-ਉੱਚੀ ਰੋਂਦੀ ਹੋਈ ਆਪਣੀਆਂ ਕਾਪੀਆਂ ਕਿਤਾਬਾਂ ਚੁੱਕ-ਚੁੱਕ ਕੇ ਸੁਟਣੀਆਂ ਸ਼ੁਰੂ ਕਰ ਦਿੰਦੀ ਹੈ।ਕਈ ਵਾਰੀ ਤਾਂ ਮੋਕਾ ਦੇਖ ਕੇ ਉਹ ਵੀਰੇ ਨੂੰ ਦੰਦੀਆਂ ਵੀ ਵੱਢ ਕੇ ਆਪਣੇ ਗੁੱਸੇ ਦਾ ਇਜ਼ਹਾਰ ਕਰਦੀ ਹੈ।ਉਸਨੂੰ ਵੀਰੇ ਨਾਲ ਮੋਹ ਤਾਂ ਆਉਂਦਾ ਹੈ ਪਰ ਉਸਨੂੰ ਇੰਜ ਲਗਦਾ ਹੈ ਕਿ ਸਾਰੇ ਉਸਦੇ ਵੀਰੇ ਦਾ ਹੀ ਧਿਆਨ ਰੱਖਦੇ ਹਨ, ਉਸਦੀ ਕੋਈ ਪਰਵਾਹ ਨਹੀਂ ਕਰਦਾ।ਜੇ ਕੋਈ ਉਸਨੂੰ ਸਮਝਾਉਣ ਦੀ ਕੋਸ਼ਿਸ ਵੀ ਕਰਦਾ ਹੈ ਤਾਂ ਉਹ ਉਸਨੂੰ ਵੀ ਗਾਲ੍ਹਾਂ ਕੱਢਦੀ ਹੈ ਤੇ ਕੁੱਟਣਾ-ਮਾਰਨਾ ਸ਼ੁਰੂ ਕਰ ਦਿੰਦੀ ਹੈ।
ਉਸਨੂੰ ਖੁਸ਼ ਰੱਖਣ ਦੀ ਜਿੰਨੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹ ਉਨੀ ਹੀ ਜਿੱਦੀ ਬਣਦੀ ਜਾ ਰਹੀ ਹੈ।ਮਾਸੂਮ ਬੱਚੀ ਹੈ।ਉਹ ਵੀ ਚਾਹੁੰਦੀ ਹੈ ਕਿ ਘਰ ਵਿੱਚ ਉਸਦਾ ਵੀਰਾ ਉਸ ਨਾਲ ਖੇਡੇ।ਉਹ ਉਸਨੂੰ ਕੁਟੱਦੀ ਹੈ ਤਾਂ ਕਿ ਉਹ ਵੀ ਉਸਨੂੰ ਕੁੱਟੇ।ਜਦੋਂ ਉਹ ਉਸਦੀ ਕਿਸੇ ਵੀ ਹਰਕਤ ਤੇ ਗੱਲ ਦਾ ਜਵਾਬ ਨਹੀਂ ਦਿੰਦਾ ਤਾਂ ਉਹ ਉਸਨੂੰ ਹਲੁਣ ਕੇ ਸ਼ਰਾਰਤਾਂ ਕਰਨ ਲਈ ਪ੍ਰੇਰਦੀ ਹੈ।ਉਹ ਜੋ ਕੁੱਝ ਵੀ ਖਾਂਦੀ ਹੈ, ਆਪਣੇ ਵੀਰੇ ਨੂੰ ਖੁਆਉਣ ਦੀ ਵੀ ਕੋਸ਼ਿਸ਼ ਕਰਦੀ ਹੈ।ਆਪਣੀ ਕੋਸ਼ਿਸ਼ ਵਿੱਚ ਜਦੋਂ ਉਹ ਨਾਕਾਮ ਹੋ ਜਾਂਦੀ ਹੈ ਤਾਂ ਪਾਣੀ ਦਾ ਭਰਿਆ ਗਿਲਾਸ ਤੱਕ ਉਸ ਉੱਤੇ ਵਗਾਹ ਮਾਰਦੀ ਹੈ ਪਰ ਉਸਦਾ ਵੀਰਾ ਉਸਦੇ ਗੁੱਸੇ ਦਾ ਜਵਾਬ ਵੀ ਰੋ ਕੇ ਹੀ ਦਿੰਦਾ ਹੈ।
ਉਹ ਬਾਜ਼ਾਰ ਜਾਂਦੀ ਹੈ ਤਾਂ ਵੀਰੇ ਲਈ ਵੀ ਵੰਨ-ਸੁਵੰਨੇ ਕਪੜੇ ਲੈਣ ਦੀ ਜਿੱਦ ਕਰਦੀ ਹੈ ਤੇ ਘਰ ਆ ਕੇ ਉਸਨੂੰ ਜ਼ਬਰ-ਦਸਤੀ ਕੱਪੜੇ ਪੁਆਉਂਦੀ ਹੈ ਪਰ ਜਦੋਂ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੁੰਦੀ ਤਾਂ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੰਦੀ ਹੈ, ਤਾਂ ਉਸ ਦਾ ਵੀਰਾ ਵੀ ਉੱਚੀ ਉੱਚੀ ਰੋਣ ਲੱਗ ਪੈਂਦਾ ਹੈ।ਉਸ ਵੇਲੇ ਉਹ ਆਪਣਾ ਰੋਣਾ ਭੁੱਲ ਕੇ ਵੀਰੇ ਨੂੰ ਚੁੱਪ ਕਰਵਾਉਣ ਲੱਗਦੀ ਹੈ ਤਾਂ ਅੰਜੂ ਉਸਦੀ ਮਾਂ ਆਪਣੀ ਬੱਚਿਆਂ ਦੀ ਬੇਬਸੀ ਤੇ ਖੂਨ ਦੇ ਹੰਝੂ ਡੋਲਦੀ ਹੋਈ ਧੀ ਦੀ ਰੀਝ ਪੂਰੀ ਕਰਨ ਲਈ ਆਪਣੇ ਜਿਗਰ ਦੇ ਟੋਟੇ ਨੂੰ ਨਵੇਂ ਕੱਪੜੇ ਪੁਆਉਂਦੀ ਹੈ ਤਾਂ ਅਕਸ਼ੂ ਵੀਰੇ ਨਾਲ ਸਾਰੇ ਹੀ ਗਿਲੇ-ਸ਼ਿਕਵੇ ਭੁੱਲ ਕੇ ਉਸਨੂੰ ਕਲਾਵੇ ਵਿੱਚ ਲੈ ਕੇ ਬੇਤਹਾਸ਼ਾ ਪਿਆਰ ਕਰਦੀ ਹੈ ਤੇ ਹੱਥ ਜੋੜ ਕੇ ਤੇ ਅੱਖਾਂ ਬੰਦ ਕਰਕੇ ਰੱਬ ਅੱਗੇ ਅਰਦਾਸ ਕਰਦੀ ਹੈ।ਹੇ ਰੱਬਾ! ਮੇਰੇ ਵੀਰੇ ਨੂੰ ਠੀਕ ਕਰ ਦੇ, ਮੇਰਾ ਉਸ ਨਾਲ ਖੇਡਣ ਨੂੰ ਬਹੁਤ ਜੀਅ ਕਰਦਾ ਹੈ।ਫਿਰ ਮਾਂ ਨੂੰ ਆਖਦੀ ਹੈ ਕਿ ਜਦੋਂ ਵੀਰਾ ਠੀਕ ਹੋ ਜਾਵੇਗਾ ਤਾਂ ਮੇਰੇ ਨਾਲ ਪੜ੍ਹਣ ਲਈ ਸਕੂਲ ਜਾਵੇਗਾ।ਮੇਰਾ ਵੱਡਾ ਵੀਰ ਹੈ ਨਾ, ਮੇਰੇ ਲਈ ਬਹੁਤ ਸਾਰੇ ਖਿਡਾਉਣੇ ਲਿਆਵੇਗਾ।ਅਸੀਂ ਰਲ ਕੇ ਘੁੰਮਣ ਜਾਇਆ ਕਰਾਂਗੇ।
ਅੰਜੂ ਮਾਸੂਮ ਬੱਚੀ ਦੀਆਂ ਗੱਲਾਂ ਸੁਣਦੀ ਹੋਈ ਸੋਚਾਂ ਵਿੱਚ ਡੁੱਬ ਜਾਂਦੀ ਹੈ।ਆਪਣੇ ਦੋ ਬੱਚਿਆਂ ਤੇ ਘਰ ਨੂੰ ਸੰਭਾਲਦੀ ਹੋਈ ਇਕ ਮਾਂ ਕਿਸੇ ਅੱਗੇ ਦੁੱਖੜਾ ਰੋਅ ਵੀ ਤਾਂ ਨਹੀਂ ਸਕਦੀ।ਸੋਚਾਂ ਦੇ ਸਮੁੰਦਰਾਂ ਵਿੱਚ ਗੋਤੇ ਖਾਂਦੀ ਤੇ ਆਪਣੇ ਆਪ ਨਾਲ ਹੀ ਗੱਲਾਂ ਕਰਦੀ ਹੋਈ ਉਹ ਅਕਸਰ ਕਹਿ ਉੱਠਦੀ ਹੈ, ਪਤਾ ਨਹੀਂ ਪੁਤੱਰਾ ਪਿਛਲੇ ਜਨਮ ਵਿੱਚ ਤੂੰ ਮਾੜੇ ਕਰਮ ਕੀਤੇ ਸਨ ਕਿ ਮੈਂ, ਜਿਸ ਦਾ ਫ਼ਲ ਅਸੀਂ ਇਸ ਜਨਮ ਵਿੱਚ ਭੁਗਤ ਰਹੇਂ ਹਾਂ।