ਪਰਵਿੰਦਰ ਗੋਗੀ ਦੀ ਕਿਤਾਬ ‘ਪਿਆਸੀ ਨਦੀ’ ਲੋਕ ਅਰਪਣ (ਖ਼ਬਰਸਾਰ)


ਬਰੈਂਪਟਨ  --   ਲੰਘੇ ਐਤਵਾਰ ਬਰੈਂਪਟਨ ਦੀ ਸੰਸਥਾ ਦਾ ‘ਲਿਟਰੇਰੀ ਰਿਫਲੈਕਸ਼ਨਜ਼’ ਦੀ ਖਾਸ ਮੀਟਿੰਗ 2250 ਬੁਵੇਅਰਡ ਡਰਾਈਵ ਸਥਿਤ ਬਿਲਡਿੰਗ ਦੇ ਮੀਟਿੰਗ ਹਾਲ ਵਿਚ ਹੋਈ ਜਿਸ ਵਿਚ ਸਥਾਨਕ ਕਵਿੱਤਰੀ ਪਰਵਿੰਦਰ ਗੋਗੀ ਦੀ ਪਲੇਠੀ ਪੁਸਤਕ  ‘ਪਿਆਸੀ ਨਦੀ’ ਲੋਕ ਅਰਪਣ ਕੀਤੀ ਗਈ। ਦੋ ਲੇਖਿਕਾਵਾਂ ਸੁਰਜੀਤ ਅਤੇ ਗੁਰਮੀਤ ਪਨਾਗ ਦੁਆਰਾ ਬਣਾਈ ਇਹ ਸੰਸਥਾ ਇਕ ਰਜਿਸਟਰਡ ਸੰਸਥਾ ਹੈ ਜੋ ਕਿ ਸਾਹਿਤ ਸਿਰਜਣਾ ਅਤੇ ਸਮੀਖਿਆ ਲਈ ਇਕ ਸਾਂਝਾ ਪਲੇਟਫਾਰਮ ਪ੍ਰਦਾਨ ਕਰਦੀ ਹੈ। ਇਸ ਸੰਸਥਾ ਨੇ ਹੁਣ ਤੱਕ ਬਹੁਤ ਜ਼ਿਕਰਯੋਗ ਪ੍ਰੋਗਰਾਮ ਕਰਵਾਏ ਹਨ ਜਿਵੇਂ ਕਿ ਕੈਨੇਡੀਅਨ ਪੰਜਾਬੀ ਕਹਾਣੀ ਤੇ ਇਕ ਰੋਜ਼ਾ ਸੈਮੀਨਾਰ, ਜਿਸ ਵਿਚ ਡਾ. ਬਲਦੇਵ ਸਿੰਘ ਧਾਲੀਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ, ਪ੍ਰਸਿੱਧ ਕਹਾਣੀਕਾਰ ਬਲਦੇਵ ਗਰੇਵਾਲ ਨਾਲ ਰੂਬਰੂ, ਅਮਰੀਕਨ ਕਹਾਣੀਕਾਰ ਅਮਰਜੀਤ ਪੰਨੂੰ ਦੀ ਰਚਨ-ਪ੍ਰਕ੍ਰਿਆ ਬਾਰੇ ਉਨ੍ਹਾਂ ਨਾਲ ਗੱਲਬਾਤ ਅਤੇ ਸੁਰਜੀਤ ਦੁਆਰਾ ਰਚਿਤ ਉਸਦੇ ਪਲੇਠੇ ਕਹਾਣੀ ਸੰਗ੍ਰਿਹ ‘ਪਾਰਲੇ ਪੁਲ਼’ ਤੇ ਵਿਚਾਰ ਗੋਸ਼ਟੀ, ਜਿਸ ਵਿਚ ਦਿੱਲੀ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਹਿਬਾਨ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ। ਇਸ ਤਰ੍ਹਾਂ ਇਹ ਸੰਸਥਾ ਸਾਹਿਤ ਸੰਬੰਧੀ ਸੀਰੀਅਸ ਡਾਇਲੌਗ ਕਰਨ ਲਈ ਬਚਨਬੱਧ ਹੈ। ਜੇ ਕੋਈ ਵੀ ਸਾਹਿਤਕਾਰ ਸਾਹਿਤ ਦੀ ਕੋਈ ਗੱਲ ਕਰਨਾ ਚਾਹੁੰਦਾ ਹੋਵੇ ਤਾਂ ਇਸ ਸੰਸਥਾ ਵਲੋਂ ਉਸਦਾ ਭਰਪੂਰ ਸਵਾਗਤ ਹੈ। ਸੰਸਥਾ ਵਲੋਂ ਨਵੇਂ ਕਵੀ-ਕਵਿੱਤਰੀਆਂ ਨੂੰ ਵੀ ਪਰਮੋਟ ਕੀਤਾ ਜਾਂਦਾ ਹੈ।   
ਅੱਜ ਦਾ ਸਮਾਗਮ ਐਨ ਸਮੇਂ ਸਿਰ ਸ਼ੁਰੂ ਹੋ ਕੇ ਸਮੇਂ ਸਿਰ ਸਮਾਪਤ ਹੋਇਆ । ਬਲਜੀਤ ਧਾਲੀਵਾਲ ਨੇ ਸ਼ੁਰੂਆਤੀ ਸ਼ਬਦ ਬੋਲ ਕੇ ਸਭ ਨੂੰ ਜੀਅ ਆਇਆਂ ਕਿਹਾ ਅਤੇ ਇਸ ਸੰਸਥਾ ਦੀ ਸੰਖੇਪ ਜਾਣਕਾਰੀ ਕਰਵਾਈ। ਪ੍ਰਧਾਨਗੀ ਮੰਡਲ ਵਿਚ ਪ੍ਰੋ. ਜਗੀਰ ਸਿੰਘ ਕਾਹਲੋਂ, ਡਾ ਜਤਿੰਦਰ ਰੰਧਾਵਾ, ਪਰਵਿੰਦਰ ਗੋਗੀ ਨੂੰ ਸੁਸ਼ੋਭਿਤ ਕਰ ਕੇ ਉਨ੍ਹਾਂ ਸਟੇਜ ਪਿਆਰਾ ਸਿੰਘ ਕੁੱਦੋਵਾਲ ਦੇ ਹਵਾਲੇ ਕਰ ਦਿੱਤੀ। ਇਨ੍ਹਾਂ ਦੋਹਾਂ ਸੱਜਣਾਂ ਨੇ ਬੜੇ ਸੁਲਝੇ ਢੰਗ ਨਾਲ ਸਟੇਜ ਦਾ ਸੰਚਾਲਨ ਕੀਤਾ। ਸਭ ਤੋਂ ਪਹਿਲਾਂ ਸਾਰਿਆਂ ਨੇ ਵਿਛੜ ਗਏ ਸਾਹਿਤਕਾਰਾਂ ਜਸਵੰਤ ਸਿੰਘ ਕੰਵਲ,ਡਾ. ਦਲੀਪ ਕੌਰ ਟਿਵਾਣਾ, ਸੁਰਜੀਤ ਹਾਂਸ, ਇੰਦਰ ਸਿੰਘ ਖਾਮੋਸ਼, ਡਾ. ਸੁਰਜੀਤ ਸਿੰਘ ਢਿੱਲੋਂ ਅਤੇ ਹਰਬੰਸ ਮਾਛੀਵਾੜਾ ਨੂੰ ਖੜੇ ਹੋ ਕੇ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ। ਪਿਆਰਾ ਸਿੰਘ ਕੁੱਦੋਵਾਲ ਨੇ ਇਨ੍ਹਾਂ ਸਾਹਿਤਕਾਰਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਤੋਂ ਉਪਰੰਤ ਪ੍ਰੋ ਜਗੀਰ ਸਿੰਘ ਕਾਹਲੋਂ ਨੇ ਬਰੈਂਪਟਨ ਦੇ ਨਾਰੀ-ਕਾਵਿ ਤੇ ਇਕ ਵਿਸਤਰਿਤ ਪਰਚਾ ਪੇਸ਼ ਕੀਤਾ ਜਿਸ ਵਿਚ ਉਨ੍ਹਾਂ ਨੇ ਇੱਥੋਂ ਦੀਆਂ ਛਪ ਚੁੱਕੀਆਂ ਕਵਿੱਤਰੀਆਂ ਦੀਆਂ ਕਾਵਿ ਰਚਨਾਵਾਂ ਨਾਲ ਸਰੋਤਿਆਂ ਦੀ ਸਾਂਝ ਪੁਆ ਕੇ ਉਨ੍ਹਾਂ ਦਾ ਮੁਲਾਂਕਣ ਕੀਤਾ ਅਤੇ ਉਂਨ੍ਹਾਂ ਕਿਹਾ ਕਿ ਬਰੈਂਪਟਨ ਦੇ ਪੰਜਾਬੀ ਨਾਰੀ ਕਾਵਿ ਨੇ ਸਮੁੱਚੇ ਕੈਨੇਡਾ ਦੀ ਪੰਜਾਬੀ ਕਵਿਤਾ ਵਿਚ ਅਤੇ  ਪਰਵਿੰਦਰ ਗੋਗੀ ਦੀ ਕਿਤਾਬ ਨੇ ਬਰੈਂਪਟਨ ਦੇ ਨਾਰੀ ਕਾਵਿ ਵਿਚ ਮੁੱਲਵਾਨ ਵਾਧਾ ਕੀਤਾ ਹੈ। ਡਾਕਟਰ ਜਤਿੰਦਰ ਕੌਰ ਰੰਧਾਵਾ ਨੇ ਪਰਵਿੰਦਰ ਗੋਗੀ ਦੀ ਕਿਤਾਬ ‘ਪਿਆਸੀ ਨਦੀ’ ਤੇ ਇਕ ਜਾਣਕਾਰੀ ਭਰਪੂਰ ਪੇਪਰ ਪੜ੍ਹਿਆ । ਉਨ੍ਹਾਂ ਦੱਸਿਆ ਕਿ ਗੋਗੀ ਦੀ ਕਵਿਤਾ ਰਿਵਾਇਤੀ ਹੈ ਇਸ ਵਿਚੋਂ ਔਰਤ ਮਨ ਦੀ ਸੰਵੇਦਨਾ ਦੇ ਦਰਸ਼ਨ ਹੁੰਦੇ ਹਨ । ਇਹ ਕਵਿਤਾ ਕਾਵਿਕਤਾ ਭਰਪੂਰ ਹੈ ਅਤੇ ਅਸੀਂ ਇਸਦਾ ਸਵਾਗਤ ਕਰਦੇ ਹਾਂ।  ਸਰੋਤਿਆਂ ਨੇ ਦੋਹਾਂ ਪਰਚਿਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਬਣਦੇ ਸਵਾਲ ਵੀ ਪੁੱਛੇ ਜਿਨ੍ਹਾਂ ਦੇ ਜਵਾਬ ਸੂਝਵਾਨ ਲੇਖਕਾਂ ਨੇ ਬੜੈ ਤਹੱਲਮ ਨਾਲ ਦਿੱਤੇ। ਮਹਿਫਲ ਨੂੰ ਅਕਾਊ ਹੋਣ ਤੋਂ ਬਚਾਉਣ ਲਈ ਰਿੰਟੂ ਭਾਟੀਆ ਤੋਂ ਬੁੱਲ੍ਹੇ ਸ਼ਾਹ ਦਾ ਕਲਾਮ ਤੇ ਅਮਰਜੀਤ ਪੰਛੀ ਤੋਂ ਕਰਤਾਰ ਸਿੰਘ ਪੰਛੀ ਹੋਰਾਂ ਦੀ ਇਕ ਗ਼ਜ਼ਲ ਸੁਣੀ ਗਈ। ਰਛਪਾਲ ਗਿੱਲ, ਸਰਬਜੀਤ ਸੰਘਾ, ਹਰਦੀਪ ਕੌਰ, ਕੁਲਜੀਤ ਜੰਜੂਆ, .ਪ੍ਰਤੀਕ ਸਿੰਘ ਆਰਟਿਸਟ, ਗੋਗੀ ਦੇ ਦੋਵੇਂ ਬੇਟਿਆਂ ਅਮਰਿੰਦਰ ਤੇ ਕੁਲਬੀਰ, ਉਨ੍ਹਾਂ ਦੀ ਪੋਤਰੀ ਸ਼ਹਿਰਾਜ ਨੇ ਅੱਜ ਦੇ ਸਮਾਗਮ ਅਤੇ ਪਿਆਸੀ ਨਦੀ ਤੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ । ਪਰਵਿੰਦਰ ਗੋਗੀ ਦੀ ਨੂੰਹ ਰਾਜਵਿੰਦਰ ਤੇ ਉਨ੍ਹਾਂ ਦੀ ਸਹੇਲੀ ਸਰੋਜ ਕਲਹਨ ਤੇ ਹੋਰ ਮਿੱਤਰ ਸਨੇਹੀ ਵੀ ਕਿਤਾਬ ਦੇ ਰਿਲੀਜ਼ ਸਮਾਰੋਹ ਸਮੇਂ ਹਾਜ਼ਿਰ ਸਨ ।
ਗੋਗੀ ਦੇ ਬੇਟੇ ਨੇ ਦੱਸਿਆ ਕਿ ਉਸਦੇ ਮਾਮਾ ਜੋ ਕੁਝ ਵੀ ਲਿੱਖਦੇ ਨੇ ਪਹਿਲਾਂ ਉਸਨੂੰ ਪੜ੍ਹਣ ਲਈ ਦਿੰਦੇ ਨੇ ਤੇ ਉਹਨਾਂ ਦੇ ਬੇਟੇ ਨੇ ਆਪਣੀ ਮਾਮਾ ਦੀ ਇਕ ਕਵਿਤਾ ਵੀ ਪੜ੍ਹ ਕੇ ਸੁਣਾਈ ਤੇ ਪੋਤਰੀ ਸ਼ਹਿਰਾਜ ਨੇ ਵੀ ਆਪਣੀ ਦਾਦੀ ਮਾਂ ਦੀ ਰੱਜ ਕੇ ਤਾਰੀਫ਼ ਕੀਤੀ । ਹਰ ਤਰ੍ਹਾਂ ਨਾਲ ਮੀਟਿੰਗ ਬਹੁਤ ਕਾਮਯਾਬ  ਰਹੀ। ਟੋਰਾਂਟੋ ਦੀਆਂ ਨਾਮਵਰ ਮੀਡੀਆ ਸ਼ਖਸੀਅਤਾਂ ਚਮਕੌਰ ਸਿੰਘ ਮਾਛੀਕੇ ਨੇ  PTN24 TV ਚੈਨਲ ਤੋਂ ਅਤੇ ਦੀਪਿੰਦਰ ਸਿੰਘ ਨੇ ਜ਼ੀ ਟੀ ਵੀ ਚੈਨਲ  ਤੋਂ ਪ੍ਰੋਗਰਾਮ ਨੂੰ ਕੈਮਰਾ ਬੱਧ ਕੀਤਾ। ਮੌਸਮ ਖ਼ਰਾਬ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਸਾਹਿਤਕਾਰਾਂ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ । ਚਾਹ ਪਾਣੀ ਤੇ ਸਨੈਕਸ ਦਾ ਵੀ ਵਧੀਆ ਪ੍ਰਬੰਧ ਸੀ । ਅਖੀਰ ਵਿੱਚ ਦੋਹਾਂ ਡਾਇਰੈਕਟਰਾਂ ਸੁਰਜੀਤ ਤੇ ਗੁਰਮੀਤ ਪਨਾਗ ਨੇ ਆਏ ਹੋਏ ਮਹਿਮਾਨਾਂ ਦਾ ਤਹਿਦਿਲ ਤੋਂ ਸ਼ੁਕਰੀਆ ਕੀਤਾ ।