ਬੀਤੇ ਐਤਵਾਰ ਮੁਲਾਕਾਤ ਹਾਲ, ਨਿਊਵਰਕ ਵਿਖੇ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ , ਕੈਲੀਫੋਰਨੀਆ ਦੀ ਮਾਸਿਕ ਬੈਠਕ ਨੇ ਇਕ ਨਿਵੇਕਲੀ ਨੁਹਾਰ ਵਿਚ ਪਰਵੇਸ਼ ਕੀਤਾ। ਵਿਪਸਾ ਦੀ ਜਨਰਲ ਸਕੱਤਰ ਲਾਜ ਨੀਲਮ ਸੈਣੀ ਨੇ ਜਿੱਥੇ ਸਵਾਗਤੀ ਸ਼ਬਦ ਪ੍ਰਸਤੁਤ ਕਰਦਿਆਂ ਡਾ. ਗੁਰੂਮੇਲ ਸਿੱਧੂ ,ਪ੍ਰੋ. ਸੁਖਵਿੰਦਰ ਕੰਬੋਜ ਅਤੇ ਅਲਕਾ ਮਦਾਨ ਨੂੰ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਉੱਥੇ ਹੀ ਗੰਭੀਰਤਾ ਭਰਪੂਰ ਸ਼ੈਲੀ ਵਿਚ ਸਮੁੱਚੇ ਪੰਜਾਬੀ ਸਾਹਿਤ ਜਗਤ ਦੀਆਂ ਵਿਛੜੀਆਂ ਰੂਹਾਂ : ਜਸਵੰਤ ਸਿੰਘ ਕੰਵਲ, ਦਲੀਪ ਕੌਰ ਟਿਵਾਣਾ, ਸੁਰਜੀਤ ਹਾਂਸ ਅਤੇ ਇੰਦਰ ਸਿੰਘ ਖ਼ਾਮੋਸ਼ ਨੂੰ ੨ ਮਿੰਟ ਖ਼ੜੋ ਕੇ ਸਾਂਝੀ ਅਰਦਾਸ ਰਾਹੀਂ ਸ਼ਰਧਾਂਜਲੀ ਦੇਣ ਲਈ ਬੇਨਤੀ ਕੀਤੀ।। ਇਸ ਮਗਰੋਂ ਸੁਰਿੰਦਰ ਸੀਰਤ ਨੇ ਇਸ ਬੈਠਕ ਦੇ ਕੀ-ਨੋਟ ਵਿਚ ਜਿੱਥੇ ਪੁੰਹਚੇ ਸਾਹਿਤਕਾਰਾਂ ਨੂੰ ਜੀ ਆਇਆਂ ਕਹਿੰਦੇ ਵਰਣਨ ਕੀਤਾ ਕਿ ੨੧ ਫਰਵਰੀ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਦਿਵਸ, ਵਰ੍ਹਾ ੨੦੦੦ ਤੋਂ ਹਰ ੨੧-ਫਰਵਰੀ ਨੁੰ ਦੁਨੀਆਂ ਭਰ ਵਿਚ ਮਨਾਇਆ ਜਾਂਦਾ ਹੈ।ਇਸ ਦਾ ਮਹੱਤਵ ਇਹ ਹੈ ਕਿ ਹਰ ਬੇਦਾਰ ਕੌਮ ਨੂੰ ਉਸ ਦੀ ਮਾਤ ਭਾਸ਼ਾ ਹੀ ਪਛਾਣ ਦੇ ਨਾਲ ਨਾਲ ਸਹਾਨਭੂਤੀ ਬਖ਼ਸ਼ਦੀ ਹੈ ਤਾਂ ਜੋ ਉਹ ਆਪਣੇ ਸਾਹਿਤ, ਸਭਿਆਚਾਰ ਅਤੇ ਧਾਰਮਿਕ ਵਿਵੇਕ ਨਾਲ ਇਕਸੁਰ ਹੋ ਸਕੇ। ਸੀਰਤ ਨੇ ਵਿਪਸਾ ਵਲੋਂ ਪ੍ਰੋ. ਸੁਖਵਿੰਦਰ ਕੰਬੋਜ ਨੂੰ ੨੩ ਜਨਵਰੀ ਨੂੰ ਗੁਜਰਾਂਵਾਲਾ ਗੁਰੁ ਨਾਨਕ ਖਾਲਸਾ ਕਾਲਜ ਵਿਖੇ ਕਰਾਈ ਗਈ ਦੋ ਰੋਜ਼ਾ ਅੰਤਰ-ਰਾਸ਼ਟਰੀ ਕਾਨਫਰੰਸ ਵਿਚ ਪਹਿਲਾ ਸਰਵ-ਸ੍ਰੇਸ਼ਠ ਪਰਵਾਸੀ ਪੁਰਸਕਾਰ ਪ੍ਰਾਪਤ ਕਰਨ ਲਈ ਮੁਬਾਰਕ ਦਿੱਤੀ ਉੱਥੇ ਹੀ ਵਿਪਸਾ ਦਾ ਮਾਣ ਵਧਾਉਣ ਲਈ ਧੰਨਵਾਦ ਵੀ ਕੀਤਾ।

ਬੈਠਕ ਦੇ ਅਗਲੇ ਚਰਣ ਵਿਚ 'ਅੰਤਰ-ਰਾਸ਼ਟਰੀ ਮਦਰ ਲੈਂਗਵੇਜਜ਼ ਡੇ' ਨੂੰ ਸਮਰਪਿਤ ਮਾਂ ਬੋਲੀ ਪੰਜਾਬੀ ਦੇ ਸੰਬੰਧ ਵਿਚ ਹਰਜਿੰਦਰ ਕੰਗ ਵਲੋਂ ਪਰਚਾ, "ਪੰਜਾਬੀ ਭਾਸ਼ਾ ਦਾ ਕੱਲ੍ਹ, ਅੱਜ ਤੇ ਕੱਲ੍ਹ " ਪ੍ਰਸਤੁਤ ਕੀਤਾ ਗਿਆ। ਪਰਚੇ ਦੀ ਗੰਭੀਰਤਾ, ਇਕ ਖੋਜ ਤੇ ਅਧਾਰਤ ਹੈ ਜਿਸ ਨੂੰ ਛੇਤੀ ਹੀ ਮੀਡੀਆ ਤੀਕ ਪੁਹੁੰਚਾਇਆ ਜਾਵੇਗਾ। ਪਰਚੇ ਅਨੁਸਾਰ ਪੰਜਾਬੀ ਨੂੰ ਹਰ ਦੌਰ ਵਿਚ ਬਚਾਉਣ ਦੀ ਜੱਦੋ ਜਹਿਦ ਹੁੰਦੀ ਰਹੀ ਹੈ।ਇਹ 'ਕੱਲ੍ਹ ' ਪੰਜਾਬੀ ਦੀ ਜੱਦੋ ਜਹਿਦ ਦੇ ਨਾਲ ਨਾਲ ਇਸ ਦੀ ਅਮੀਰ ਵਿਰਾਸਤ ਦੀ ਗੱਲ ਕਰਦਾ ਹੈ।'ਅੱਜ' ਪ੍ਰਤੀ ਨਿਰਾਸ਼ਾਜਨਕ ਆਂਕੜੇ, ਸੂਝ, ਮਹੱਤਤਾ, ਗੰਭੀਰਤਾ ਜਿਹੇ ਤੱਥਾਂ ਪ੍ਰਤੀ ਚਿੰਤਾ ਦਾ ਵਿਸ਼ਾ ਹੈ। ਆਉਣ ਵਾਲਾ 'ਕੱਲ੍ਹ' ਇਕ ਚਨੌਤੀ ਵਜੋਂ ਸਨਮੁਖ ਹੈ।ਕੈਲੀਫੋਰਨੀਆਂ ਵਿਚ ਪਹਿਲੀਆਂ ੧੦ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿਚ ਪੰਜਾਬੀ ਸ਼ਾਮਿਲ ਹੈ।ਕੈਲੀਫੋਰਨੀਆਂ ਵਿਚ ਕਈਆਂ ਸਕੂਲਾਂ ਵਿਚ ਪੰਜਾਬੀ ਭਾਸ਼ਾ ਚੋਣਵੇਂ ਵਿਸ਼ੇ ਵਜੋਂ ਪੜ੍ਹਾਈ ਜਾ ਰਹੀ ਹੈ ਪਰ ਦੋ ਭਾਸ਼ਾਈ ਅਧਿਆਪਕਾਂ ਦੀ ਥੋੜ੍ਹ ਹੈ। ਭਾਵੇਂ ਗੁਰਦਵਾਰਿਆਂ ਵਿਚ ਹਜ਼ਾਰਾਂ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਂਦੀ ਹੈ ਪਰ ਉਹਨਾਂ ਬੱਚਿਆਂ ਨੂੰ ਪੰਜਾਬੀ ਬੋਲਣੀ/ਲਿਖਣੀ ਨਹੀਂ ਆਉਂਦੀ ਜਿਸ ਦਾ ਕਾਰਨ ਵੀ ਦੋ ਭਾਸ਼ਾਈ ਅਧਿਆਪਕਾਂ ਦੀ ਨਿਯੁਕਤੀ ਨਾ ਕਰਨ ਦੇ ਉਲਟ ਮੁਫਤ ਸੇਵਾ ਵਜੋਂ ਇਹ ਕਾਰਜ ਸਿਰੇ ਚਾੜ੍ਹਨਾ ਕਿਹਾ ਜਾ ਸਕਦਾ ਹੈ।
ਪ੍ਰੋ. ਸੁਖਵਿੰਦਰ ਕੰਬੋਜ ਨੇ ਆਪਣੇ ਰੂ-ਬ-ਰੂ ਵਿਚ ਜਿੱਥੇ ਭਾਰਤ ਵਿਚ ਪਰਵਾਸੀ ਸਾਹਿਤ ਨੂੰ ਮਾਣ ਦਿੱਤੇ ਜਾਣ ਦੇ ਨਾਲ ਇਸ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪਰਵਾਸੀ ਸਾਹਿਤ ਵਜੋਂ ਪੜ੍ਹਾਏ ਜਾਣ ਬਾਰੇ ਖ਼ੁਸ਼ੀ ਪ੍ਰਗਟਾਈ ਉੱਥੇ ਹੀ ਪੰਜਾਬੀ ਭਾਸ਼ਾ ਦੀ ਮੰਦਹਾਲੀ ਉੱਪਰ ਰੋਸ ਪ੍ਰਗਟਾਇਆ। ਉਹਨਾਂ ਦਸਿਆ ਕਿ ਮੱਧ-ਵਰਗ ਦੇ ਅਤੇ aੁੱਚ ਸ਼੍ਰੇਣੀ ਬੱਚੇ ਅੰਗਰੇਜ਼ੀ ਸਕੂਲਾਂ ਵਿਚ ਪੜ੍ਹ ਰਹੇ ਹਨ ਜਿੱਥੇ ਪੰਜਾਬੀ ਬੋਲਣੀ ਤਕ ਵਰਜਿਤ ਹੈ। ਬਸ ਗੋਰਮਿੰਟ ਸਕੂਲਾਂ ਵਿਚ ਹੀ ਬਾਹਰੋਂ ਆਏ ਬੱਚੇ ਪੰਜਾਬੀ ਪੜ੍ਹ ਰਹੇ ਹਨ।ਦੁੱਖ ਦੀ ਗੱਲ ਇਹ ਵੀ ਹੈ ਕਿ ਅੱਜ ਦੀ ਪੰਜਾਬੀ ਮਾਂ ਲਈ ਉਸ ਦੀ ਬੋਲੀ ਆਪਣੇ ਬੱਚਿਆਂ ਨੂੰ ਸਿਖਾਉਣੀ ਕੋਈ ਮਹੱਤਤਾ ਨਹੀਂ ਰਖਦੀ।
ਅਗਲੇ ਚਰਣ ਵਿਚ ਮਾਣਯੋਗ ਸਾਹਿਤਕਾਰ ਅਤੇ ਆਧੁਨਿਕ ਸ਼ਾਇਰੀ ਦੀ ਸਰਵੋਤਮ ਸ਼ਖ਼ਸੀਅਤ ਜਨਾਬ ਰਵਿੰਦਰ ਰਵੀ ( ਕੈਨੇਡਾ) ਦੀਆਂ ਵਿਪਸਾ ਨੂੰ ਪ੍ਰਾਪਤ ਤਿੰਨ ਸੱਜਰੀਆਂ ਪੁਸਤਕਾਂ ਨੂੰ ਲੋਕ ਅਰਪਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ।ਪਹਿਲੀ ਪੁਸਤਕ,' ਮੇਰੇ ਕਾਵਿ ਨਾਟਕ-੫ 'ਜਿਸ ਵਿਚ ਪੰਜ ਕਾਵਿ ਨਾਟ', ਆਪੋ ਆਪਣੇ ਦਰਿਆ, ਹੋਂਦ ਨਿਹੋਂਦ, ਪਰਤੱਖ ਤੋਂ ਅਗਾਂਹ, ਭਰਮ-ਜਲ ਅਤੇ ਸਿਆਸੀ ਦੰਦ ਕਥਾ 'ਸ਼ਾਮਿਲ ਹਨ। ਦੂਜੀ ਪੁਸਤਕ, 'ਚੌਕ ਨਾਟਕ ਤੇ ਸਿਰਫ ਨਾਟਕ' ਅਤੇ ਤੀਸਰੀ ਪੁਸਤਕ ਨਿਰੋਲ ਕਾਵਿ ਸੰਗ੍ਰਹਿ, 'ਪਾਰ ਗਾਥਾ'ਹੈ।ਇਕ ਜਾਣਕਾਰੀ ਅਧੀਨ ਇਹ ਦਰਸਾਉਣਾ aੁੱਚਿਤ ਹੈ ਕਿ ਰਵਿੰਦਰ ਰਵੀ ਦੇ ਤਕਰੀਬਨ ੧੬ ਕਾਵਿ ਨਾਟ ਗਲੋਬਲ ਸਤਰ ਤੇ ਮੰਚਨ ਕੀਤੇ ਗਏ ਹਨ।
ਸਾਹਿਤਕ ਬੈਠਕ ਵਿਚ ਪ੍ਰਿੰ. ਹਰਨੇਕ ਸਿੰਘ ਨੇ ਮਿੰਨੀ ਕਹਾਣੀ, 'ਤੇਰੇ ਨਾਲ ਤਾਂ ਨਹੀਂ ਲੜਦਾ' ਅਤੇ ਸੁਰਿੰਦਰ ਸੀਰਤ ਨੇ , 'ਵਾਸਤੂ ਦੋਸ਼' ਮਿੰਨੀ ਕਹਾਣੀ ਰਾਹੀਂ ਹਾਜ਼ਰੀ ਭਰੀ।ਕਾਵਿ ਪਾਠ ਵਿਚ ਚਰਨਜੀਤ ਸਿੰਘ ਪੰਨੂ ਨੇ ਕਵਿਤਾ 'ਰੌਸ਼ਨੀ 'ਅਤੇ ਤਰੰਨਮ ਵਿਚ ਇਕ ਗੀਤ ਨਾਲ ਸਮਾਂ ਬੰਨ੍ਹਿਆ।ਗੁਲਸ਼ਨ ਦਿਆਲ, 'ਮੈਨੂੰ ਕਵਿਤਾ ਲਿਖਣੀ ਨਈਂ ਆaੁਂਦੀ', ਅਵਤਾਰ ਗੌਂਦਾਰਾ ਨੇ ਪੁਸਤਕ 'ਅਮਰੀਕੀ ਪੰਜਾਬੀ ਕਵਿਤਾ -੨' ਵਿਚੋਂ ਆਪਣੀ ਕਵਿਤਾ, 'ਚਲਾ ਗਿਆ ਹੈ ਉਹ', ਤਾਰਾ ਸਾਗਰ ਨੇ , 'ਮੈਂ ਦੋਸ਼ੀ ਹਾਂ', ਕੁਲਵਿੰਦਰ ਨੇ ਗ਼ਜ਼ਲ, ਸੁਖਪਾਲ ਸੰਘੇੜਾ ਨੇ ਕਵਿਤਾ, 'ਕੁਝ ਨਾ ਪ੍ਰਗਟਿਆ 'ਹਰਜਿੰਦਰ ਕੰਗ ਨੇ ਇਕ ਗ਼ਜ਼ਲ ਅਤੇ ਅਲਕਾ ਮਦਾਨ ਨੇ ਕੁਝ ਪੰਗਤੀਆਂ ਦਾ ਪਾਠ ਕੀਤਾ।ਨਾਮਵਰ ਬੁਲਾਰੀ ਆਸ਼ਾ ਸ਼ਰਮਾ ਨੇ ਮਾਂ ਬੋਲੀ ਦਿਵਸ ਨੂੰ ਅਜੇਹੀ ਸੰਜੀਦਗੀ ਨਾਲ ਮਨਾਉਣ ਲਈ ਵਿਪਸਾ ਨੂੰ ਵਧਾਈ ਦਿੱਤੀ। ਗੁਰੂਮੇਲ ਸਿੱਧੂ ਨੇ ਪ੍ਰਧਾਨਗੀ ਭਾਸ਼ਨ ਵਿਚ ਪ੍ਰੋ. ਸੁਖਵਿੰਦਰ ਕੰਬੋਜ ਨੂੰ ਪਰਵਾਸੀ ਸਾਹਿਤਕਾਰ ਵਜੋਂ ਪ੍ਰਥਮ ਪੁਰਸਕਾਰ ਪ੍ਰਾਪਤ ਕਰਨ ਦੀ ਵਧਾਈ ਦਿੱਤੀ। ਵਿਪਸਾ ਵਲਂੋ ਮਾਤਭਾਸ਼ਾ ਦਿਵਸ ਜਿਹੇ ਮਹੱਤਵਪੂਰਨ ਸੰਕਲਪ ਨੂੰ ਸਿਰੇ ਚਾੜ੍ਹਨ ਅਤੇ ਹਰਜਿੰਦਰ ਕੰਗ ਦੇ ਇਸ ਪ੍ਰਤੀ ਖੋਜ ਭਰਪੂਰ ਪਰਚਾਕਾਰੀ ਦੇ ਉੱਦਮ ਦੀ ਸ਼ਲਾਘਾ ਕੀਤੀ। ਉਹਨਾਂ ਨੇ ਵੀ ਇਸ ਪਰਚੇ ਨੂੰ ਲੋਕ ਅਰਪਣ ਕਰਨ ਦੀ ਚੇਸ਼ਠਾ ਦਰਸਾਈ।ਹਾਜ਼ਰ ਸਾਹਿਤਕਾਰਾਂ/ਸਰੋਤਿਆਂ ਵਿਚ ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਅਸ਼ੋਕ ਟਾਂਗਰੀ, ਪਰਮੋਦ ਅਗਰਵਾਲ, ਸ਼ਹਿਜ਼ਾਦ ਮਦਾਨ, ਮਹਿੰਗਾ ਸਿੰਘ, ਜਸਵੀਰ ਭੰਵਰਾ, ਅਸ਼ੋਕ ਸ਼ਰਮਾ ਆਦਿ ਸ਼ਾਮਿਲ ਹੋਏ।ਲਾਜ ਨੀਲਮ ਸੈਣੀ ਨੇ ਜਿੱਥੇ ਇਸ ਸਮਾਗਮ ਨੂੰ ਭਰਪੂਰ ਊਰਜਾ, ਸੰਤਾਪ ਅਤੇ ਸੂਖਮਤਾ ਨਾਲ ਸਿਰੇ ਚਾੜ੍ਹਿਆ ਉੱਥੇ ਹੀ ਅਲਕਾ ਮਦਾਨ ਦਾ ਵਿਪਸਾ ਵਲੋਂ ਮੀਟਿੰਗ-ਹਾਲ ਅਤੇ ਚਾਹ-ਪਾਣੀ ਦੀ ਸੁਹਿਰਦ ਸੇਵਾ ਲਈ ਧੰਵਾਦ ਕੀਤਾ।
ਪ੍ਰੋ. ਸੁਰਿੰਦਰ ਸਿੰਘ ਸੀਰਤ
ਪ੍ਰੋ. ਸੁਰਿੰਦਰ ਸਿੰਘ ਸੀਰਤਪ੍ਰੋ. ਸੁਰਿੰਦਰ ਸਿੰਘ ਸੀਰਤ