ਤੂੰ ਕਰ ਆਵੀਂ ਇਸ਼ਨਾਨ ਕਿ ਖੂਹ ਗਿੜ ਰਿਹਾ ਉੱਥੇ
ਮੈਂ ਤੱਕਿਆ ਹੈ ਅਸਮਾਨ ਦੇ ਸੀਨੇ ਬਰਸਾਤ ਦਾ ਪਾਣੀ
ਛੁਪਾ ਲਿਆ ਹੈ ਦੇਖ ਬਰਫ ਨੇ ਤਾਂ ਤੇਰੀ ਪੈੜ ਦਾ ਸੀਨਾ
ਅਜੇ ਜੰਮਿਆ ਨਹੀਂ ਹੈ ਸਾਗਰ 'ਤੇ ਉਸ ਰਾਤ ਦਾ ਪਾਣੀ
ਮੈਂ ਤਾਂ ਹਵਾ 'ਚ ਲਿਖ ਕੇ ਭੇਜਿਆ ਸੀ ਉਸਨੂੰ ਸਿਰਨਾਵਾਂ
ਕੋਈ ਜੂਠਾ ਕਰ ਗਿਆ ਹਾਏ ਇਸਦੇ ਅਰਥਾਤ ਦਾ ਪਾਣੀ
ਕਿਉਂ ਸੁਫਨੇ ਵਿੱਚ ਪਿਆ ਢੂੰਡਦਾ ਪਿੰਡ ਜਾਂਦੀਆਂ ਰਾਹਵਾਂ
ਕਦੇ ਤੱਕਿਆ ਹੈ ਹੁਣ ਪੱਤਿਆਂ 'ਤੇ ਪ੍ਰਭਾਤ ਦਾ ਪਾਣੀ?
ਕਦੇ ਸੋਚਿਆ ਸੀ ਕਿ ਸਾਂਭ ਲਵਾਂਗਾ ਗੀਤਾਂ ਵਿੱਚ ਕਿਤੇ
ਹੁਣ ਰਹਿੰਦਾ ਹੈ ਮੇਰੀ ਅੱਖ 'ਚ ਉਦਾਸੀ ਬਾਤ ਦਾ ਪਾਣੀ
ਮੈਂ ਜਾਣਦਾ ਸਾਂ ਪਰਦੇਸ ਨੇ ਤੈਨੂੰ ਪਿਆਸਾ ਹੀ ਰੱਖਣਾ
ਉਡੀਕੇਗਾ ਅੱਜ ਫਿਰ ਘਰ ਵਿੱਚ ਚੋਂਦੀ ਸਵਾਤ ਦਾ ਪਾਣੀ
ਐਵੇਂ ਮਾਯੂਸ ਨਾ ਹੋਣਾ ਨਹੀਂ ਜਾਵਾਂਗਾ ਛੱਡ ਕੇ ਦੁਨੀਆਂ ਨੂੰ
ਡੋਲ ਆਵੀਂ ਤੂੰ ਬਲਦੀ ਲਾਸ਼ 'ਤੇ ਇੱਕ ਮੁਲਾਕਾਤ ਦਾ ਪਾਣੀ