ਐ ਹਵਾ! ਤੂੰ ਮੇਰੇ ਹਮੇਸ਼ਾਂ ਖਿਲਾਫ਼ ਕਿਉਂ ਹੋਈ ਰਹਿੰਦੀ ਏਂ?
ਮੈਂ ਤੇਰਾ ਕੀ ਵਿਗਾੜਿਆ
ਮੈਂ ਜਿੱਧਰ ਜਾਵਾਂ
ਤੂੰ ਮੇਰੇ ਉਲਟ ਹੀ ਵਹਿੰਦੀ ਰਹਿੰਦੀ ਏਂ
ਐ ਹਵਾ! ਤੂੰ ਹਮੇਸ਼ਾਂ ਮੇਰੇ ਖਿਲਾਫ ਕਿਉਂ ਹੋਈ ਰਹਿੰਦੀ ਏਂ?
ਤੂੰ ਕਰੇਂ ਵੀ ਕੀ?
ਮੈਂ ਤੈਨੂੰ ਸਮਝ ਲਿਆ ਹੈ
ਉਲਟ ਵਹਿਣਾ ਹੀ ਤੇਰਾ ਸੁਭਾਅ ਹੈ
ਮੈਂ ਤੈਨੂੰ ਇਸ ਤਰ੍ਹਾਂ ਹੀ ਸਾਥੀ ਸਮਝ ਲਿਆ
ਕਿਉਂਕਿ ਤੇਰੇ ਮੇਰੇ ਉਲਟ ਦਿਸ਼ਾ ਵਿੱਚ ਹੋਣ ਤੋਂ ਬਿਨਾਂ ਮੈਥੋਂ ਚੱਲ ਵੀ ਤਾਂ ਨਹੀਂ ਹੋਣਾ
ਪਰ ਹਾਂ,
ਇੱਕ ਮੇਰੇ ਤੇ ਮਿਹਰਬਾਨੀ ਕਰੀਂ
ਤੂੰ ਚੱਲੀਂ ਮੇਰੇ ਉਲਟ ਪਰ ਉਲਟ
ਹੋਵੀਂ ਨਾ ਕਦੇ
ਤੂੰ ਬਥੇਰਾ ਮੇਰੇ ਉਲਟ ਚੱਲੀ ਏਂ
ਤੂੰ ਮੇਰੀ ਜ਼ਿੰਦਗੀ ਵਿੱਚ ਕਈ ਵਾਰੀ ਤੂਫਾਨ ਲੈ ਕੇ ਆਈ
ਤੂੰ ਮੇਰੇ ਕਈ ਪਿਆਰੇ ਰਿਸ਼ਤਿਆਂ ਵਾਲੇ ਬੂਝੇ ਉਖਾੜ ਸੁੱਟੇ
ਤੂੰ ਮੇਰੇ ਵਿਹੜੇ ਦਾ ਬੋਹੜ ਲੈ ਗਈ
ਬੋਹੜ ਦੀ ਛਾਂ ਲੈ ਗਈ
ਤੂੰ ਮੇਰਾ ਬਾਪੂ ਤੇ ਮੇਰੀ ਮਾਂ ਲੈ ਗਈ
ਮੈਂ ਤੈਨੂੰ ਫੇਰ ਵੀ ਕੁਝ ਨਾ ਕਿਹਾ
ਪਰ ਫਿਰ ਤੂੰ ਤਾਂ ਹੱਦ ਕਰ ਅਗਾਂਹਾਂ ਹੋ ਗਈ
ਦੱਸ ਕਿਹੜੀ ਡੇਕ ਤੇ ਕਿਹੜਾ ਤੂਤ ਛੱਡਿਆ
ਮੇਰੇ ਭਰਾ
ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਲੈ ਗਈ
ਹੁਣ ਬੱਸ ਕਰ
ਹੋਰ ਸਹਿ ਨਹੀਂ ਹੋਣਾ
ਹੁਣ ਮੇਰੇ ਖਿਲਾਫ ਨਾ ਹੋਵੀਂ ਕਦੇ
ਭੈਣ ਬਣ ਕੇ
ਰੱਬ ਦਾ ਈ ਵਾਸਤਾ ਹੈ
ਹੁਣ ਤੂੰ ਮੇਰੇ ਉਲਟ ਵਹਿਣਾ ਛੱਡ ਦੇ!!