ਅਪਾਹਜ (ਕਹਾਣੀ)

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਚਾਚੀ ਤੇਜੋ ਨਾਮ ਦੀ ਹੀ ਤੇਜੋ ਨਹੀਂ ਸੀ। ਉਂਝ ਵੀ ਬਹੁਤ ਤੇਜ ਸੀ । ਉਸ ਦਾ ਕਣਕ ਵੰਨਾ ਰੰਗ, ਤਿੱਖੇ ਨੈਣ ਨਸੋਅ ਇੱਕ ਵਾਰ ਤਾਂ ਬੰਦੇ ਨੂੰ ਕੀਲ ਕੇ ਰੱਖ ਦਿੰਦੇ।ਪਰ ਘਰ ਦੀ ਗਰੀਬੀ ਨੇ ਉਸ ਨੂੰ ਲੋਕਾਂ ਦਾ ਗੋਹਾ ਕੂੜਾ ਕਰਨ ਲਈ ਮਜ਼ਬੂਰ ਕਰ ਦਿੱਤਾ ਪਹਿਲਾ ਪਹਿਲਾ ਤਾਂ ਉਹ ਉਸੇ ਘਰ ਦਾ ਗੋਹਾ ਕੂੜਾ ਕਰਦੀ ਸੀ। ਜਿਸ ਕਿਸੇ ਨਾਲ ਚਾਚਾ ਸੀਰੀ ਰਲਦਾ ਪਰ ਜਿਉਂ ਜਿਉਂ ਕਬੀਲਦਾਰੀ ਵਧਦੀ ਗਈ। aੇਸ ਨੇ ਹੋਰ ਘਰਾਂ ਦਾ ਵੀ ਕੰਮ ਸਾਂਭ ਲਿਆ। ਉਸ ਨੇ ਨਾਲ ਇੱਕ ਦੋ ਡੰਗਰ ਵੀ ਰੱਖ ਲਏ, ਕੋਈ ਵੀ ਉਹਨੂੰ ਕੱਖ ਪੱਠਿਆ ਤੋਂ ਜਵਾਬ ਨਹੀਂ ਦਿੰਦਾ ਸੀ।ਉਹ ਜਿਹਨਾਂ ਦੇ ਘਰਾਂ ਦਾ ਕੰਮ ਕਰਦੀ ਸੀ। ਉਹਨਾਂ ਨੇ ਤਾਂ ਕਹਿਣਾ ਹੀ ਕੀ ਸੀ। aੁਹ ਤਾਂ ਹੋਰ ਵੀ ਦੋ ਚਾਰ ਦੇ ਕੰਨ ਕੁਤਰ ਦਿੰਦੀ।
ਚਾਚੀ ਦੇ ਦੋ ਬੇਟੀਆਂ ਸਿਮਰੋ ਅਤੇ  ਮਨੀ ਦੋ ਬੇਟੇ ਕਾਲਾ ਅਤੇ ਗੋਰਾ ਸਨ। ਚਾਚਾ ਭੋਲਾ ਵਿਚਾਰਾ ਨਿਰਾ ਗਊ, ਤੇ ਚਾਚੀ ਉਹਨੀਂ ਹੀ ਤੇਜ, ਚਾਚਾ ਨੇ ਤਾਂ ਇੱਕ ਪਰਿਵਾਰ ਨਾਲ ਆਪਣੀ ਅੱਧੀ ਤੋਂ ਵੱਧ ਜ਼ਿੰਦਗੀ ਸੀਰ 'ਚ ਕੱਢ ਦਿੱਤੀ।ਚਾਚੀ ਦੀ ਵੱਡੀ ਬੇਟੀ ਪੰਜਵੀਂ 'ਚ ਪੜ੍ਹਦੀ ਸੀ ਅਤੇ ਛੋਟੀ ਤੀਜੀ ਵਿੱਚ। ਬੇਟੇ ਦੋਵੇਂ ਛੋਟੇ ਸਨ।ਚਾਚੀ ਨੇ ਪੰਜਵੀਂ ਪਾਸ ਕਰਨ ਤੋਂ ਬਾਅਦ ਸਿਮਰੋ ਨੂੰ ਵੀ ਆਪਣੇ ਨਾਲ ਕੰਮ ਤੇ ਲਾ ਲਿਆ, ਸਿਮਰੋ ਵਿਚਾਰੀ ਬਥੇਰਾ ਰੋਵੇ ਵੀ ਮੈਂ ਹੋਰ ਪੜ੍ਹਨਾ।ਮੇਰੇ ਨਾਲ ਦੀਆਂ ਕੁੜੀਆਂ ਦੂਜੇ ਪਿੰਡ ਦੇ ਸਕੂਲ ਵਿੱਚ ਜਾਣ ਲੱਗ ਗਈਆ ਪਰ ਚਾਚੀ ਨੇ ਕਿਸੇ ਦੀ ਇੱਕ ਨਾ ਸੁਣੀ । ਇਸੇ ਤਰ੍ਹਾਂ ਹੀ ਮਨੀ ਨੇ ਵੀ ਜਦੋਂ ਪੰਜਵੀਂ ਪਾਸ ਕਰ ਲਈ ਤਾਂ ਸਿਮਰੋ ਦੀ ਤਰ੍ਹਾਂ ਚਾਚੀ ਨੇ ਉਸ ਨੂੰ ਵੀ ਆਪਣੇ ਨਾਲ ਕੰਮ ਤੇ ਲਾ ਲਿਆ,ਹੋਰ ਦੋ ਘਰਾਂ ਦਾ ਕੰਮ ਸਾਂਭ ਲਿਆ, ਚਾਚਾ ਵਿਚਾਰਾ ਨਾਲੇ ਸੀਰ ਕਰਦਾ ਨਾਲੇ  ਆਥਣ ਤੜਕੇ ਪਸ਼ੂ ਸਾਂਭਦਾ, ਚਾਚੀ ਤਾਂ ਚਾਚੇ ਦੀ ਗੈਰ ਹਾਜ਼ਰੀ ਵਿੱਚ ਹੀ ਪਸ਼ੂਆਂ ਨੂੰ ਸਾਂਭਦੀ।
ਚਾਚੀ ਗੋਰੇ ਅਤੇ ਕਾਲੇ ਨੂੰ ਕਦੇ ਪਾਣੀ ਦਾ ਗਲਾਸ ਫੜਾਉਣ ਲਈ ਵੀ ਨਾ ਕਹਿੰਦੀ, ਸਗੋ ਉਹਨਾਂ ਨੂੰ ਸਮਾਨ ਸਿਮਰੋ ਅਤੇ ਮਨੀ ਨਾਲੋਂ ਵੱਧ ਮਿਲਦਾ। ਕਈ ਵਾਰ ਸਿਮਰੋ ਅਤੇ ਮਨੀ ਆਖ ਵੀ ਦਿੰਦੀਆਂ, "ਬੀਬੀ, ਵੀਰੇ ਹੋਣੀ ਨਾਲੇ ਕੋਈ ਡੱਕਾ ਨੀਂ ਦੂਹਰਾ ਕਰਦੇ ਪਰ ਤੂੰ ਲਿਆ ਕੇ ਸਭ ਕੁੱਝ ਇਹਨਾਂ ਨੂੰ ਦਿੰਦੀ ਆ, ਅਸੀਂ ਹਰ ਵੇਲੇ ਤੇਰੇ ਨਾਲ ਕੰਮ ਕਰਵਾਉਨੀਆ, ਸਾਨੂੰ ਤੂੰ ਕਦੇ ਨਵੇਂ ਕੱਪੜੇ ਵੀ ਨੀਂ ਲੈ ਕੇ ਦਿੰਦੀ।ਜੋ ਲੋਕ ਆਪਣੇ ਘਰਾਂ ਵਿੱਚੋਂ ਸਾਨੂੰ  ਪੁਰਾਣੇ ਕੱਪੜੇ ਦੇ ਦਿੰਦੇ ਨੇ ਅਸੀਂ ਉਹੀ ਪਾਉਨੇ ਆ"।
ਚਾਚੀ ਦੋ ਦੋ ਧਰ ਦਿੰਦੀ ਉਹਨਾਂ  ਦੇ ਕੰਨਾਂ ਤੇ ਸੋਡੀ ਜ਼ੁਬਾਨ ਕੁੱਝ ਜ਼ਿਆਦਾ ਹੀ ਚੱਲਣ ਲੱਗ ਪਈ ਆ।
"ਜੇ ਮੁੜਕੇ ਸਾਹ ਕੱਢਿਆ ਖਤਮ ਕਰ ਦਿਊ ,ਆ ਲੈਣ ਦਉ ਛੋਡੇ ਪਿਉ ਨੂੰ ਦੱਸਦੀ ਆ ਕਿ ਇਹ ਜ਼ੁਬਾਨ ਚਲਾਉਦੀਆ ਨੇ"।
ਸਿਮਰੋ ਹੋਣੀਆ ਆਪਣੇ ਬਾਪੂ ਦਾ ਹਵਾਲਾ ਸੁਣ ਕੇ ਹੋਰ ਵੀ ਡਰ ਜਾਂਦੀਆ ਭਾਵੇ ਚਾਚੇ ਨੇ ਕਦੇ ਉਹਨਾਂ ਨੂੰ ਕੁੱਝ  ਨਹੀਂ ਸੀ ਕਿਹਾ।
ਜਦੋਂ ਕਾਲੇ ਨੇ ਪੰਜਵੀਂ ਪਾਸ ਕੀਤੀ ਤਾਂ ਚਾਚੀ ਨੇ ਚਾਵਾ ਨਾਲ ਉਸ ਨੂੰ ਦੂਜੇ ਪਿੰਡ ਦੇ ਸਕੂਲ਼ ਵਿੱਚ ਛੇਵੀਂ ਜਮਾਤ ਵਿੱਚ ਦਾਖਲ ਕਰਵਾਇਆ ਉਸ ਨੂੰ ਸਾਈਕਲ ਲੈ ਕੇ ਦਿੱਤਾ। ਨਵੀਂ ਵਰਦੀ ਨਵੇਂ ਬੂਟ। ਇਹ ਸਭ ਦੇਖ ਕੇ ਸਿਮਰੋ ਅਤੇ ਮਨੀ ਅੰਦਰੋ ਅੰਦਰੀ ਬਹੁਤ ਦੁਖੀ ਹੁੰਦੀਆ ਪਰ ਚਾਚੀ ਦੇ ਡਰ ਕਰਕੇ ਬੋਲਦੀਆ ਕੁੱ੍ਹਝ ਨਾ।ਇਸੇ ਤਰ੍ਹਾਂ ਗੋਰਾ ਵੀ ਦੋ ਕੁ ਸਾਲਾ ਬਾਅਦ ਪੰਜਵੀਂ ਪਾਸ ਕਰਕੇ ਦੂਜੇ ਪਿੰਡ ਦੇ ਸਕੂਲ ਵਿੱਚ ਛੇਵੀਂ ਵਿੱਚ ਜਾ ਦਾਖਲ ਹੋਇਆ। ਚਾਚੀ ਨੇ ਉਹਦੇ ਵੀ ਪੂਰੇ ਸ਼ਗਨ ਕੀਤੇ। ਕਾਲਾ ਹੋਣੀ ਜੋ ਚੀਜ਼ ਦੀ ਮੰਗ ਕਰਦੇ ਚਾਚੀ ਲੇਲੇ ਪੇਪੇ ਕਰਕੇ ਉਹਨਾਂ ਨੂੰ ਹਾਜ਼ਰ ਕਰਦੀ।ਇੱਕ ਦਿਨ ਚਾਚਾ ਕਿਸੇ ਕੰਮ ਲਈ ਬਾਹਰ ਚਲਿਆ ਗਿਆ।ਕਾਲੇ ਨੂੰ ਕਹਿ ਗਿਆ ਵੀ ਅੱਜ ਡੰਗਰਾਂ ਨੂੰ ਪਾਣੀ ਧਾਣੀ ਤੂੰ ਪਿਆ ਦੇਈ ਪਰ ਕਾਲਾ ਨੇ ਤਾਂ ਡੰਗਰਾਂ ਨੂੰ ਪਾਣੀ ਤਾਂ ਕੀ ਪਿਉਣਾ ਸੀ,ਧੁੱਪਿਓ ਛਾਵੇਂ ਵੀ ਨਾ ਕੀਤੇ। ਚਾਚੇ ਨੇ ਥੋੜ੍ਹੀ ਹੱਥ ਫੇਰੀ ਕਰ ਦਿੱਤੀ ਕਾਲੇ ਦੀ, ਚਾਚੀ ਨੇ ਚਾਚੇ ਦੀ ਉਹ ਕੁੱਤੇ ਖਾਣੀ ਕੀਤੀ ਵੀ ਚਾਚਾ ਵਿਚਾਰਾ ਡੁੱਬ ਡੁੱਬ ਜਾਵੇ।
ਚਾਚੇ ਨੇ ਸਿਰਫ ਇਹਨੇ ਸ਼ਬਦ ਹੀ ਕਹੇ, " ਤੂੰ ਇਹਨਾਂ ਨੂ ਬਿਗਾੜ ਰਹੀ ਐ, ਹੁਣ ਇਹ ਸੱਤਵੀਂ 'ਚ ਹੋ ਗਿਆ, ਇਹਨੂੰ ਥੋੜ੍ਹਾ ਮੋਟਾ ਕੰਮ ਕਰਨ ਦਿਆ ਕਰ, ਨਹੀਂ ਤਾਂ ਪਛਤਾਵੇਗੀ ਵੇਲੇ ਨੂੰ"।
"ਚੱਲ ਚੱਲ ਵੱਡਾ ਆਇਆ ਮੈਨੂੰ ਮੱਤਾਂ ਦੇਣ ਵਾਲਾ, ਸਾਰੀ ਉਮਰ ਪਈ ਆ ਇਹਨਾਂ ਦੀ ਕੰਮ ਕਰਨ ਨੂੰ, ਇਹ ਤਾਂ ਮੇਰਾ ਪੁੱਤ ਪੜ੍ਹ ਲਿਖ ਕੇ ਅਫਸਰ ਬਣੂ, ਤੂੰ ਦੇਖਦਾ ਜਾਈ"। ਚਾਚੀ ਨੇ ਘੁੱਟ ਕੇ ਕਾਲੇ ਨੂੰ ਜੱਫੀ ਵਿੱਚ ਲੈ ਲਿਆ।
ਕਾਲਾ ਅਤੇ ਗੋਰਾ ਦੋਵੇਂ ਸਕੂਲੋਂ ਆ ਕੇ ਪੜ੍ਹਾਈ ਵੱਲ ਬਿਲਕੁੱਲ ਧਿਆਨ ਨਾ ਦਿੰਦੇ, ਜਾ ਸਾਰਾ ਟਾਈਮ ਖੇਡੀ ਜਾਂਦੇ ਜਾਂ ਗੁਆਢੀਆਂ ਦੇ ਦੇਰ ਰਾਤ ਤੱਕ ਟੈਲੀਵਿਜਨ ਦੇਖਦੇ ਰਹਿੰਦੇ। ਚਾਚੀ ਉਹਨਾਂ ਨੂੰ ਕੁੱਝ ਨਾ ਆਖਦੀ। ਸਗੋਂ ਉਹਨਾਂ ਨੂੰ ਹਾਕ ਮਾਰ ਕੇ ਲਿਆਉਂਦੀ ਵੀ ਭੁੱਖੇ ਹੋਣ ਗੇ।
" ਵੇ ਪੁੱਤ ਕਾਲਿਆ, ਤਸੀਂ ਰੋਟੀ ਤਾਂ ਖਾ ਆਉ, ਫਰੇ ਦੇਖ ਲਿਊ, ਟੈਲੀਵਿਜਨ ਜਿੰਨਾ ਟਾਈਮ ਮਰਜ਼ੀ" ਚਾਚੀ ਬੜੇ ਹੀ ਹਮਦਰਦੀ ਨਾਲ ਉਹਨਾਂ ਨੂੰ ਆਖਦੀ ਜਿਵੇਂ ਉਹ ਬਹੁਤ ਵੱਡਾ ਕੰਮ ਕਰੇ ਰਹੇ ਹੋਣ।
ਚਾਚੀ ਦੀ ਇਸ ਆਦਤ ਤੋਂ ਗੁਆਢੀ ਵੀ ਦੁੱਖੀ ਸਨ। ਉਹ ਭਾਵੇਂ ਕਹਿੰਦੇ ਕੁੱਝ ਨਾ ਪਰ ਅੰਦਰੋ ਅੰਦਰੀ ਕੁੜਦੇ ਰਹਿੰਦੇ ਵੀ ਇਹਨੇ ਇਹ ਦੋਵੇ ਮੁੰਡੇ ਹੱਥੋਂ ਕੱਢ ਲੈਣੇ ਆ, ਇਹ ਜੋ ਮਰਜ਼ੀ ਸ਼ਰਾਰਤਾਂ ਕਰੀ ਜਾਣ, ਪੜ੍ਹਨ ਨਾ ਪੜ੍ਹਨ ਚਾਚੀ ਇਹਨਾਂ ਨੂੰ ਕੁੱਝ ਨੀ ਆਖਦੀ।
ਇੱਕ ਦਿਨ ਕਿਤੇ ਗੁਆਢਣ ਸੀਤੋ ਨੇ ਕਾਲੇ ਅਤੇ ਗੋਰੇ ਨੂੰ  ਟੈਲੀਵਿਜਨ ਦੇਖਦਿਆ ਨੂੰ ਘੁਰ ਦਿੱਤਾ। ਕਾਲੇ ਹੋਣਾ  ਨੇ ਦੋ ਦੋ ਹੋਰ ਲਾ ਕੇ ਚਾਚੀ ਨੂੰ ਭੜਕਾ ਦਿੱਤਾ।ਫੇਰ ਕੀ ਸੀ ਚਾਚੀ ਤਾਂ ਗੁਆਢਣ ਸੀਤੋ ਦੇ ਘਰ ਜਾ ਵੜੀ, " ਨਾ ਕਿੱਡੀ ਕੁ ਤੂੰ ਸ਼ਾਹੂਕਾਰਨੀ ਹੋ ਗਈ, ਜੁਆਕਾਂ ਨੂੰ ਟੈਲੀਵਿਜਨ ਦੇਖਦਿਆ ਨੂੰ ਘੂਰੀ ਜਾਨੀ ਆ, ਬਰਾਸਾ ਪਾੜ ਦਿਊ ਜੇ ਮੁੜਕੇ ਮੇਰੇ ਜੁਆਕਾਂ ਨੂੰ ਕੁੱਝ ਕਿਹਾ।ਵੱਡੀ ਆਈ ਆ ਟੈਲੀਵਿਯਨ ਵਾਲੀ"।
ਚਾਚੀ ਨੇ ਦੋ ਕੁ ਦਿਨਾਂ ਵਿੱਚ ਹੀ ਘਰੇ ਟੈਲੀਵਿਜਨ ਲੈ ਆਂਦਾ। ਕਾਲੇ ਅਤੇ ਗੋਰੇ ਨੂੰ ਮੋਜਾਂ ਲੱਗ ਗਈਆ। ਉਹ ਤਾਂ ਸਿਮਰੋ ਹੋਣਾਂ ਨੂੰ ਵੀ ਦੇਖਣ ਦਿਆ ਕਰਨ। ਸਗੋ ਆਖਿਆ ਕਰਨ, " ਬੀਬੀ ਸਾਡੇ ਵਾਸਤੇ ਲੈ ਕੇ ਆਈ ਆ"।
ਕਾਲੇ ਹੋਣੀ ਪਹਿਲਾ ਸਕੂਲ ਤਾਂ ਚਲੇ ਜਾਂਦੇ ਸੀ । ਹੁਣ ਕਦੇ ਸਿਰ ਦੁਖਦਾ, ਕਦੇ ਕੋਈ ਕਦੇ ਕੋਈ ਬਹਾਨਾ ਕਰਕੇ ਘਰੇ ਰਹਿਣ ਸ਼ੁਰੂ ਕਰ ਦਿੱਤਾ।ਸਕੂਲ ਵਾਲਿਆ ਦੋ ਤਿੰਨ ਵਾਰ ਚਾਚੀ ਨੂੰ ਸੁਨੇਹੇ ਭੇਜੇ ਪਰ ਚਾਚੀ ਆਪਣੇ ਕੰਮ ਵਿੱਚ ਰੁੱਝੀ ਹੋਈ ਸੀ। ਅਨਪੜ੍ਹ ਹੋਣ ਕਰਕੇ ਬਹੁਤਾ ਪਤਾ ਵੀ ਨਹੀਂ ਸੀ, ਵੱਸ ਇੱਕ ਉਝ ਹੀ ਕਾਲੇ ਹੋਣਾ ਨੂੰ ਅਫ਼ਸਰ ਬਣਾਉਣਾ ਚਾਹੁੰਦੀ ਸੀ।
ਉਧਰ ਮਾਸਟਰਾਂ ਨੇ ਗੈਰ ਹਾਜ਼ਰੀ ਤੋਂ ਤੰਗ ਆ ਕੇ ਦੋਵਾ ਦਾ ਨਾਮ ਕੱਟ ਦਿੱਤਾ।ਹੁਣ ਤਾਂ ਕਾਲੇ ਹੋਣਾ ਨੂੰ ਪੂਰੀਆ ਹੀ ਮੌਜ਼ਾਂ ਲੱਗ ਗਈਆ। ਬਾਹਰ ਖੇਡਣਾ ਜਾਂ ਘਰੇ ਟੈਲੀਵਿਜਨ ਦੇਖੀ ਜਾਣਾ, ਡੱਕਾ ਤੋੜ ਕੇ ਦੂਹਰਾ ਨਾ ਕਰਨਾ।ਇਸ ਤਰ੍ਹਾਂ ਹੁਣ ਉਹਨਾਂ ਨੂੰ ਪੂਰੀ ਤਰ੍ਹਾਂ ਵਿਹਲੇ ਰਹਿਣ ਦੀ ਆਦਤ ਪੈ ਚੁੱਕੀ ਸੀ।
ਚਾਚੀ ਨੇ ਹੁਣ ਪਿੰਡ ਦਾ ਕੰਮ ਛੱਡ ਕੇ ਸ਼ਹਿਰ ਕਿਸੇ ਫੈਕਟਰੀ ਵਿੱਚ ਲੱਗ ਗਈ। ਸਿਮਰੋ ਨੂੰ ਵੀ ਉਸ ਨੇ ਆਪਣੇ ਨਾਲ ਲਾ ਲਿਆ। ਮਨੀ ਨੂੰ ਘਰ ਦੇ ਕੰਮਾਂ ਵਾਸਤੇ ਘਰੇ ਛੱਡ ਲਿਆ। ਹੁਣ ਤਾਂ ਕਾਲੇ ਹੋਣਾ ਨੂੰ ਹੋਰ ਵੀ ਮੌਜਾਂ ਲੱਗ ਗਈਆ, ਸਾਰਾ ਦਿਨ ਟੈਲੀਵਿਜਨ ਨਾਲੇ ਮਨੀ ਤੇ ਰੋਅਬ ਮਾਰਿਆ ਕਰਨ। ਚਾਚੀ ਤੇ ਸਿਮਰੋ ਸਵੇਰੇ ਸਾਜਰੇ ਘਰੋ ਚਲੀਆ ਜਾਂਦੀਆ ਅਤੇ ਸ਼ਾਮ ਨੂੰ ਹਨ੍ਹੇਰਾ ਹੋਣ ਵੇਲੇ ਤੱਕ ਘਰ ਆਉਂਦੀਆਂ। ਉਧਰ ਚਾਚਾ ਵੀ ਹੁਣ ਗੇੜਾ ਘੱਟ ਮਾਰਦਾ। ਇੱਕ ਤਾਂ ਵਾਢੀ ਦਾ ਜੋਰ । ਬਾਕੀ ਡੰਗਰ ਪਸ਼ੂ ਚਾਚੀ ਨੇ ਵੇਚ ਦਿੱਤਾ ਸੀ।ਜਦੋ ਨਿੱਕੇ ਨਿੱਕੇ ਜੁਆਕ ਵੀ ਖੇਤਾਂ ਵਿੱਚ ਆਪਣੇ ਮਾਂ-ਬਾਪ ਨਾਲ ਹਾੜੀ ਵੱਢਦਿਆ ਨੁੰ ਪਾਣੀ ਧਾਣੀ ਦੇਣ ਜਾਦੇਂ। ਉਧਰ ਕਾਲੇ ਹੋਣੀ ਅਰਾਮ ਨਾਲ ਟੈਲੀਵਿਜਨ ਤੇ ਕੋਈ ਫਿਲਮ ਦੇਖਦੇ।
ਸਿਮਰੋ ਅਤੇ ਮਨੀ ਦਾ ਵਿਆਹ ਹੋ ਗਿਆ। ਉਹ ਆਪਣੇ ਘਰ ਚਲੀਆ ਗਈਆ। ਚਾਚਾ ਵੀ ਹੁਣ ਸੀਰ ਛੱਡ ਕੇ ਚਾਚੀ ਵਾਂਗੂੰ ਸ਼ਹਿਰ ਕਿਸੇ ਫੈਕਟਰੀ ਵਿੱਚ ਜਾ ਲੱਗਾ। ਜੇ ਕੋਈ ਕੰਮ ਤੇ ਨਹੀਂ ਲੱਗੇ ਉਹ ਸੀ ਕਾਲਾ ਅਤੇ ਗੋਰਾ। ਫੇਰ ਕਾਲਾ ਕਿਤੇ ਕੰਮ ਸਿੱਖਣ ਲੱਗ ਗਿਆ।ਉੱਥੇ ਵੀ ਉਸ ਨੇ ਮਨ ਨਾ ਲਾਇਆ, ਇਹੀ ਹਾਲ ਗੋਰੇ ਦਾ ਸੀ। ਫੇਰ ਉਹ ਮਿਸਤਰੀਆਂ ਨਾਲ ਕਦੇ ਕਦੇ ਜਦੋਂ ਜੀਅ ਜਿਹਾ ਕਰਦਾ ਦਿਹਾੜੀ ਲਾ ਆਉਂਦੇ।ਪਰ ਇਹ ਗੱਲ ਪੱਕੀ ਸੀ ਕੇ ਜੇ ਇੱਕ ਦਿਹਾੜੀ ਲਾ ਦਿੱਤੀ ਤਾਂ ਦੂਜੇ ਦਿਨ ਅਰਾਮ ਜਰੂਰ ਕਰਨਾ। ਇਸ ਕਰਕੇ ਦਿਹਾੜੀ ਲਿਜਾਣ ਵਾਲੇ ਵੀ ਪਾਸਾ ਵੱਟਣ ਲੱਗ ਪਏ।
ਕਾਲਾ ਹੁਣ ਵਿਆਹ ਦੇ ਯੋਗ ਹੋ ਗਿਆ ਸੀ।ਚਾਚੀ ਨੂੰ ਹੁਣ ਕਾਲੇ ਦੇ ਵਿਆਹ ਦੀ ਫਿਕਰ ਲੱਗ ਗਈ।ਕਿਉਂ ਕਿ ਇੱਕ ਤਾਂ ਕਾਲੇ ਦਾ ਰੰਗ ਪੱਕਾ, ਉਪਰੋ ਕੰਮ ਵੀ ਕੋਈ ਨਹੀਂ ਸੀ ਕਰਦਾ। ਇੱਕ ਦੋ ਵਾਰ ਦੇਖਣ ਵਾਲੇ ਆਏ ਪਰ ਗੱਲ ਨਾ ਬਣੀ।ਫੇਰ ਚਾਚੀ ਨੇ ਆਪਣੇ ਨਣਦੋਈਏ ਨੂੰ ਵੱਸ ਵਿੱਚ ਕੀਤਾ। ਉਹਨੇ ਕਿਵੇਂ ਨਾ ਕਿਵੇਂ ਕਰਕੇ ਕਾਲੇ ਨੂੰ ਰਿਸ਼ਤਾ ਕਰਵਾ ਦਿੱਤਾ।
ਕਾਲੇ ਦਾ ਵਿਆਹ ਤੋਂ ਮਹੀਨਾ ਕੁ ਬਾਅਦ ਹੀ ਘਰਵਾਲੀ ਨਾ ਕਲੇਸ ਰਹਿਣ ਲੱਗ ਪਿਆ। ਕਲੇਸ ਵੀ ਇਹਨਾਂ ਵਧ ਗਿਆ ਕਿ ਗੱਲ ਥਾਣੇ ਕਚਿਹਰੀਆ ਤੱਕ ਪਹੁੰਚ ਗਈ।ਮਹਿਲਾ ਮੰਡਲ ਦੇ ਸਾਹਮਣੇ ਕਾਲੇ ਦੀ ਘਰਵਾਲੀ ਨੇ ਸਾਫ਼ ਕਹਿ ਦਿੱਤਾ, "ਜੀ, ਇਹ ਨਾ ਤਾਂ ਕੋਈ ਕੰਮ ਕਰਦਾ ਨਾ ਹੀ ਇਹ ਮੇਰੇ ਪਸੰਦ ਹੈ। ਮੈਂ ਮਾਪਿਆਂ ਦੀ ਮਰਜ਼ੀ ਅੱਗੇ ਕੀ ਕਰਦੀ"।ਚਾਚੀ ਨੇ ਬਥੇਰੀਆਂ ਮਿੰਨਤਾਂ ਕੀਤੀਆਂ, ਬਥੇਰਾ ਪੁੱਤ-ਪੁੱਤ ਕੀਤਾ ਪਰ ਉਹ ਨਾ ਮੰਨੀ। ਕਹਿੰਦੀ ਮੈਂ ਨੀਂ ਜਾਣਾ ਇਹਦੇ।
ਚਾਚੀ ਨੂੰ ਕਾਲੇ ਦੀ ਚਿੰਤਾ ਖਾਣ ਲੱਗੀ। ਉਸ ਨੂੰ ਸ਼ਾਇਦ ਇਸ ਗੱਲ ਦਾ ਡਰ ਸੀ ਕਿ ਜੇਕਰ ਕਾਲੀ ਦੀ ਘਰਵਾਲੀ ਨਾ ਆਈ ਜਾਂ ਫੈਸਲਾ ਹੋ ਗਿਆ। ਮੁੜਕੇ ਕਾਲੇ ਨੂੰ ਰਿਸ਼ਤਾ ਨੀਂ ਹੋਣਾ। ਇਸ ਕਰਕੇ ਉਸ ਨੇ ਫੇਰ ਆਪਣੇ ਨਣਦੋਈਏ ਨੂੰ  ਵਿੱਚ ਪਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਛੇ ਕੁ ਮਹੀਨਿਆਂ ਪਿੱਛੋ ਕਾਲੇ ਦੀ ਘਰਵਾਲੀ ਨੂੰ ਵਾਪਿਸ ਲੈ ਆਂਦਾ।
ਗੋਰਾ ਕੰਮ ਨੂੰ ਹੱਥ ਪਾਉਣ ਲੱਗ ਗਿਆ ਸੀ।ਉਸ ਦਾ ਵੀ ਵਿਆਹ ਕਰ ਦਿੱਤਾ। ਪਰ ਚਾਚੀ ਨੇ ਉਹਦੇ ਘਰਵਾਲੀ ਨਾਲ ਬਹੁਤਾ ਸਮਾਂ ਨਾ ਕੱਟਿਆ ਅਤੇ ਉਹਨੂੰ ਅਲੱਗ ਕਰ ਦਿੱਤਾ। ਇਧਰ ਚਾਚੀ ਨੇ ਕਾਲੇ ਨੂੰ ਕਿਸ਼ਤਾਂ ਤੇ ਮੋਟਰ ਸਾਈਕਲ ਲੈ ਦਿੱਤਾ। ਸ਼ਾਇਦ ਚਾਚੀ ਨੇ ਸੋਚਿਆ ਹੋਣਾ ਕਿ ਚਲੋ ਘੱਟੋ ਘੱਟ ਮੋਟਰਸਾਈਕਲ ਦੀ ਕਿਸ਼ਤ ਭਰਨ ਜੋਗੇ ਤਾਂ ਪੈਸੇ ਕਮਾ ਲਿਆ ਕਰੂ। ਪਰ ਹਰ ਮਹੀਨੇ ਮੋਟਰਸਾਈਕਲ ਦੀ ਕਿਸ਼ਤ ਭਰਨ ਸਮੇਂ ਕਲੇਸ ਸ਼ੁਰੂ ਹੋ ਜਾਂਦਾ। ਉਹ ਫੇਰ ਚਾਚੀ ਨੂੰ ਹੀ ਭਰਨੀ ਪੈਂਦੀ।
ਸਮਾਂ ਬੀਤਦਾ ਗਿਆ। ਕਾਲਾ ਅਤੇ ਗੋਰਾ ਦੋਵੇ ਕਬੀਲਦਾਰ ਹੋ ਗਏ। ਕੁਦਰਤ ਐਸੀ ਵਾਪਰੀ ਕੇ ਚਾਚੀ ਨੂੰ ਅਧਰੰਗ ਦਾ ਦੌਰਾ ਪੈ ਗਿਆ। ਸੱਜੀ ਬਾਂਹ ਅਤੇ ਲੱਤ ਤੇ ਦੋਰੇ ਦਾ ਕਾਫੀ ਅਸਰ ਹੋਇਆ। ਚਾਚੀ ਅਪਾਹਜ ਹੋ ਗਈ, ਉਧਰ ਚਾਚਾ ਕਾਲੇ ਤੋਂ ਤੰਗ  ਹੋ ਕੇ ਗੋਰੇ ਨਾਲ ਜਾ ਰਲਿਆ ਕਾਲੇ ਅਤੇ ਕਾਲੇ ਦੀ ਘਰਵਾਲੀ ਨੂੰ ਚਾਚੀ ਦੀ ਓਹੜ-ਪੋਹੜ ਹੁਣ ਬੋਝ ਜਿਹਾ ਜਾਪਣ ਲੱਗ ਪਈ। ਸਿਰਫ ਜੋ ਚਾਚੀ ਦਾ ਫੈਕਟਰੀ ਦਾ ਫੰਡ ਪਿਆ ਸੀ ਉਸਦੇ ਲਾਲਚ ਵਸ ਉਸਦੀ ਸੇਵਾ ਹੋ ਰਹੀ ਸੀ।
ਕਾਲੇ ਨੇ ਸਕੀਮ ਲਾਈ, " ਬੀਬੀ, ਮੈਂ ਗੱਡੀ ਲੈ ਲੈਨਾ, ਉਹਦੇ ਨਾਲ ਕਿਰਾਇਆ ਲਾਇਆ ਕਰਾਂਗਾ,ਤੂੰ ਮੈਨੂੰ ਫੰਡ ਦੇ ਪੈਸੇ ਕਢਵਾ ਦੇ"।
ਚਾਚੀ ਗੱਲ ਮੰਨ ਗਈ। ਕਿਉਂ ਕਿ ਚਾਚੀ ਨੇ ਤਾਂ ਕਦੇ ਜਵਾਬ ਦੇਣਾ ਸਿੱਖਿਆ ਹੀ ਨਹੀਂ ਸੀ।
ਕਾਲੇ ਨੇ ਉਹਨਾਂ ਪੈਸਿਆ ਦੀ ਗੱਡੀ ਤਾਂ ਕੀ ਲੈਣੀ ਸੀ। ਇੱਕ ਪੱਕਾ ਕਮਰਾ ਬਣਾ ਲਿਆ,ਬਾਕੀ ਖੁਰਦ ਬੁਰਦ ਕਰਤੇ। ਚਾਚੀ ਵਿਚਾਰੀ ਦੇਖਦੀ ਹੀ ਰਹਿ ਗਈ।
ਉਧਰ ਸਿਮਰੋ ਦੀ ਕੁੜੀ ਦਾ ਵਿਆਹ ਆ ਗਿਆ।ਵਿਆਹ ਤੇ ਖਰਚਾ ਕਰਨ ਲਈ ਨਾ ਕਾਲਾ ਤਿਆਰ ਨਾ ਗੋਰਾ। ਚਾਚਾ ਚਾਚੀ ਆਪਣਾ ਝੁੱਗਾ ਚੋੜ ਕਰਵਾ ਬੈਠੈ ਸਨ।ਜਿਹੜੇ ਦੋ ਪੈਸੇ ਕੋਲ ਸੀ । ਉਹ ਦੋਨਾਂ ਨੇ ਕਾਲੇ ਅਤੇ ਗੋਰੇ ਦੀ ਜੇਬ ਵਿੱਚ ਪਾ ਦਿੱਤੇ।
ਚਾਚੇ ਨੇ ਇਕੱਠ ਕਰ ਲਿਆ। ਚਾਰ ਮੋਹਤਬਰ ਬੰਦੇ ਬੁਲਾ ਲਏ। ਉਸ ਨੇ ਆਪਣੇ ਦਿਲ ਦੀ ਗੱਲ ਸਾਰੇ ਸਾਹਮਣੇ ਦੱਸੀ।
"ਦੇਖੋ ਜੀ ਮੇਰੀ ਵੱਡੀ ਦੋਹਤੀ ਦਾ ਵਿਆਹ ਆ। ਇਹ ਦੋਨੇ ਭਲੇਮਾਣਸ ਕਹਿੰਦੇ ਵੀ ਅਸੀਂ ਨੀ ਜਾਣਾ ਵਿਆਹ"।
" ਮੈਂ ਪੁੱਛਿਆ ਵੀ ਕਿਉਂ ਨੀਂ ਜਾਣਾ ?"
" ਕਹਿੰਦੇ ਸਾਥੋਂ ਨੀਂ ਖਰਚ ਚੱਕਿਆ ਜਾਣਾ। ਹੁਣ ਦੱਸੋ ਵੀ ਖਰਚ ਕੋਣ ਚੁੱਕੋ"। ਇਸੇ ਕਰਕੇ ਮੈਂ ਤੁਹਾਨੂੰ ਬੁਲਾਇਆ।
ਸਾਰੇ ਮੋਹਤਬਰ ਬਂੰਦੇ ਆਪਣੀ ਆਪਣੀ ਗੱਲ ਕਹਿਣ ਲੱਗੇ, " ਦੇਖੋ! ਮੁੰਡਿਓ, ਖਰਚ ਤਾਂ ਤੁਹਾਨੂੰ ਹੀ ਕਰਨਾ ਪੈਣਾ"।
ਚਾਚੀ ਵੀ ਦੂਜੇ ਕਮਰੇ ਵਿੱਚ ਬੈਠੀ ਦੀ ਅਵਾਜ਼ ਆਈ, " ਵੇ! ਅਪਾਹਜ, ਤਾਂ ਮੈ ਹੋਈ ਆ, ਤੁਹਾਡੇ ਤਾਂ ਨੈਣ ਪਰਾਣ ਚੱਲਦੇ ਨੇ। ਦੋਵੇ ਰਲਕੇ ਵੀ ਨਾਨਕਸ਼ੱਕ ਨੀ ਭਰ ਸਕਦੇ। ਅਸੀਂ ਸਾਰੀ ਉਮਰ ਗਾਲ ਦਿੱਤੀ ਤੁਹਾਡੇ ਵਾਸਤੇ"। ਚਾਚੀ ਨੇ ਮੰਜ਼ੇ ਤੋਂ ਉੱਠਣ ਦੀ ਕੋਸ਼ਿਸ਼ ਕੀਤੀ।
ਚਾਚੀ ਨੂੰ ਕੀ ਪਤਾ ਕਿ ਇਹ ਤਾਂ ਤੈਂ ਬਹੁਤ ਸਮਾਂ ਪਹਿਲਾ ਹੀ ਅਪਾਹਜ ਕਰ ਦਿੱਤੇ ਸੀ। ਉੱਧਰ ਚਾਚੇ ਅਤੇ ਕਾਲੇ ਦਾ ਜੱਫਾ ਪੈ ਗਿਆ।