ਚੜ੍ਹਿਆ ਵਿਸਾਖ ਤਾਂ ਵਿਸਾਖੀ ਆ ਗਈ।
ਜੱਟਾਂ ਦਿਆਂ ਬੁੱਲ੍ਹਾਂ ਉੱਤੇ ਖੁਸ਼ੀ ਛਾ ਗਈ।
ਨਵੇਂ ਰੰਗਾਂ ਵਿੱਚ ਰੰਗ ਗਈ ਬਹਾਰ ਹੈ।
ਬਦਲੀ ਜੁ ਰੁੱਤ ਚੜ੍ਹਿਆ ਖੁਮਾਰ ਹੈ।
ਹਰੀਆ-ਕਚੂਰ ਕਿੱਥੇ ਗਈਆਂ ਕਣਕਾਂ।
ਸੁੱਕ ਕੇ ਸੁਨਹਿਰੀ ਹੋਈਆਂ ਪਈਆਂ ਕਣਕਾਂ।
ਸਿੱਟਿਆਂ 'ਚ ਦਾਣੇ ਜੱਟ ਨੂੰ ਪੁਕਾਰਦੇ।
ਦਾਤੀਆਂ ਦੇ ਨਾਲ ਸਾਡੀ ਰੂਹ ਸੰਵਾਰ ਦੇ।
ਖੁਸ਼ੀ ਵਿੱਚ ਜੱਟ ਨੱਚਦਾ ਤੇ ਗਾਉਂਦਾ ਹੈ।
ਬਾਵਰਾ ਹੋ ਮੇਲੇ ਵਿੱਚ ਗੇੜੇ ਲਾਉਂਦਾ ਹੈ।
ਨੱਢੀਆਂ ਦੀ ਵੱਖਰੀ ਹੀ ਸ਼ਾਨ ਦਿਸਦੀ।
ਹਰ ਇੱਕ ਨੱਢੀ ਹੈ ਰੱਕਾਨ ਦਿਸਦੀ।
ਗੱਭਰੂ ਟਰੈਕਟਰਾਂ 'ਤੇ ਮੇਲਾ ਘੁੰਮਦੇ।
ਬੁੱਲੀਆਂ ਦੇ ਨਾਲ ਤਲੀਆਂ ਨੂੰ ਚੁੰਮਦੇ।
ਮੋਢਿਆਂ 'ਤੇ ਆਉਂਦੇ ਚਿੱਟੇ ਸਾਫੇ ਸੁੱਟ ਕੇ।
ਲੈ ਜਾਂਦੇ ਮੇਲੇ ਦਾ ਸਵਾਦ ਲੁੱਟ ਕੇ।
ਮੇਲੇ ਦਿਆਂ ਤੰਬੂਆਂ 'ਚ ਹੱਟ ਸੱਜਦੇ।
ਢੋਲਾਂ ਦੇ ਦਗਾੜੇ ਚਾਰੇ ਪਾਸੇ ਵੱਜਦੇ।
ਦੁੱਕੀ-ਤਿੱਕੀ ਮੇਲਿਆਂ 'ਚ ਐਵੇਂ ਘੁੰਮਦੇ।
ਦਾਅ ਲੱਗੇ ਲੋਕਾਂ ਦੀਆਂ ਜੇਬਾਂ ਮੁੰਨਦੇ।
ਜਿਹਦੀ ਕੱਟੀ ਜੇਬ ਉਹ ਤਾਂ ਬਹਿ ਕੇ ਪਿੱਟਦਾ।
ਅੱਖੀਆਂ 'ਚੋਂ ਤਿੱਪ-ਤਿੱਪ ਹੰਝੂ ਸਿੱਟਦਾ।
ਲੋਕਾਂ ਦੇ ਜੇ ਆ ਜਾਏ ਹੱਥ ਜੇਬ-ਕਤਰਾ।
ਫੜ੍ਹ ਕੇ ਬਣਾਉਂਦੇ ਲੋਕੀਂ ਉਹਨੂੰ ਬੱਕਰਾ।
ਫੇਰ ਉਹੋ ਜੇਬ ਕੱਟਣੀ ਹੀ ਭੁੱਲਦਾ।
ਕੁੱਟ ਖਾਕੇ ਤੁਰੇ ਜਿਵੇਂ ਝੂਲਾ ਝੁਲਦਾ।
ਵਿਕਣ ਮਿਠਾਈਆਂ ਜਿੱਥੇ ਬੇ-ਹਿਸਾਬ ਜੀ।
ਵਿਕਦੀ ਨਾ ਉੱਥੇ ਤਿੱਪ ਵੀ ਸ਼ਰਾਬ ਦੀ।
ਇਸੇ ਦਿਨ ਗੁਰੁ ਜੀ ਦਾ ਪੰਥ ਸੱਜਿਆ।
ਸਾਰੀ ਦੁਨੀਆ 'ਚ ਜਿਹਦਾ ਨੂਰ ਗੱਜਿਆ।
ਪੰਜ ਪਿਆਰੇ ਗੁਰੁ ਜੀ ਨੇ ਸਾਜ 'ਤੇ।
ਬੜਕ੍ਹਾਂ ਉਹ ਮਾਰਦੇ ਸੀ ਇੱਕੋ ਵਾਜ 'ਤੇ।
ਗਿੱਦੜਾਂ ਤੋਂ ਸ਼ੇਰ ਸੀ ਬਣਾਏ ਗੁਰੁ ਨੇ।
ਅੰਮ੍ਰਿਤ ਬਾਟੇ ਸੀ ਛਕਾਏ ਗੁਰੁ ਨੇ।
ਉਨ੍ਹਾਂ ਕੋਲੋਂ ਆਪ ਸਜੇ ਸਿੰਘ ਗੁਰੁ ਜੀ।
ਦੁਨੀਆ 'ਚ ਉਨ੍ਹਾਂ ਦੀ ਕੀ ਰੀਸ ਕਰੂ ਜੀ।
ਅੱਜ ਪਰ ਰੰਗ ਵੱਖਰੇ ਹੀ ਹੋ ਗਏ।
ਪਹਿਲਾਂ ਦੀ ਵਿਸਾਖੀ ਵਾਲੇ ਭਾਗ ਰੋ ਰਹੇ।
ਅੱਜ ਗੱਲਾਂ ਹੋਣ ਤੇਰੀਆਂ ਤੇ ਮੇਰੀਆਂ।
ਰਾਜਨੀਤੀ ਵਾਲਿਆਂ ਨੇ ਲੀਕਾਂ ਫੇਰੀਆਂ।
ਮੇਲਿਆਂ 'ਚ ਲੱਗਦੇ ਸਟੇਜਾਂ ਦੇ ਸਟਾਲ।
ਪਾ ਦਿੰਦੇ ਲੋਕਾਂ ਮੂਹਰੇ ਲੱਖਾਂ ਹੀ ਸਵਾਲ।
ਮੇਲਾ ਹੁੰਦਾ ਲੋਕਾਂ ਦਾ ਤੇ ਲੋਕਾਂ ਵਾਸਤੇ।
ਬਣ ਗਿਆ ਅੱਜ ਕੱਲ੍ਹ ਜੋਕਾਂ ਵਾਸਤੇ।
ਹੁੰਦੀਆਂ ਸਪੀਚਾਂ ਅੱਗ ਲਾਉਂਦੇ ਬੇਰੜੇ।
ਲੋਕਾਂ ਦੀਆਂ ਸੋਚਾਂ ਤਾਈ ਤੋੜਦੇ ਬੜੇ।
ਲਾਈਲੱਗ ਲੋਕ ਪਿੱਛੇ ਲੱਗ ਜਾਂਵਦੇ।
ਇੱਥੋਂ ਹੀ ਪੁਆੜੇ ਪੈਂਦੇ ਸੁਬਹ-ਸ਼ਾਮ ਦੇ।
ਲੋਕੀਂ ਇੱਕ ਦੂਜੇ ਨੂੰ ਕਚੀਚ ਵੱਟਦੇ।
ਤੂੰ-ਤੂੰ,ਮੈਂ-ਮੈਂ ਦਾ ਰਾਗ ਰੱਟਦੇ।
ਰਾਜਨੀਤੀ ਵਾਲਿਆਂ ਬਣਾਤੀ ਹੋਰ ਹੀ।
ਚਾਰੇ ਪਾਸੇ ਗੂੰਜਦਾ ਬੇ-ਬਹਿਰੀ ਸ਼ੋਰ ਹੀ।
ਹੁਣ ਨਾ ਵਿਸਾਖੀ ਉਹ ਵਿਸਾਖੀ ਰਹਿ ਗਈ।
ਹੁਣ ਤਾਂ ਲੜਾਈਆਂ ਦੀ ਇਹ ਪੰਡ ਰਹਿ ਗਈ।
ਹੁੰਦੀ ਇਥੇ ਰਾਜ ਦਿਆਂ ਘਾੜਿਆਂ ਦੀ ਗੱਲ।
ਬਹੁਤ ਪਿੱਛੇ ਰਹਿ ਗਈ ਲੋਕਾਂ ਸਾਰਿਆਂ ਦੀ ਗੱਲ।