ਕਹਾਵਤ ਹੈ ਕਿ ਪੰਜਾਬ ਦੇ ਜੰਮਿਆ ਨੂੰ ਨਿੱਤ ਮੁਹਿੰਮਾਂ। ਪੰਜਾਬੀ ਜਦੋਂ ਦੇ ਜੰਮੇ ਨੇ ਪੰਜਾਬੀ ਭਾਸ਼ਾ ਨੂੰ ਬਚਾਉਣ ਦੀ ਮੁਹਿੰਮ ਛਿੜ੍ਹੀ ਹੋਈ ਹੈ। ਭਾਸ਼ਾ ਨੂੰ ਫੈਲਾਉਣ ਦੀ ਹਾਲਤ ਤੱਕ ਪੁੱਜ ਨਹੀਂ ਹੋਇਆ, ਹਰ ਦੌਰ'ਚ ਬਚਾਉਣ ਦੀ ਜੱਦੋ ਜਹਿਦ ਹੁੰਦੀ ਰਹੀ ਹੈ। ਬਾਬਾ ਫ਼ਰੀਦ ਤੋਂ ਪੰਜਾਬੀ ਭਾਸ਼ਾ ਦਾ ਮੁੱਢ ਮੰਨਿਆ ਜਾਂਦਾ ਹੈ। ਭਾਵੇਂ ਇਸ ਤੋਂ ਕਈ ਸਦੀਆਂ ਪਹਿਲਾਂ ਪੰਜਾਬੀ ਦੇ ਅੱਖਰ ਤੇ ਲਿੱਪੀ ਦੀ ਹੋਂਦ ਦੇ ਹਵਾਲੇ ਦੱਸੇ ਜਾਂਦੇ ਹਨ। ਗੁਰਮੁਖੀ ਲਿਪੀ ਭਾਰਤ ਦੀ ਪ੍ਰਾਚੀਨ ਲਿਪੀ ਬ੍ਰਹਮੀ ਵਿਚੋਂ ਵਿਕਸਤ ਹੋਈ। ਸ਼ਾਰਦਾ, ਟਾਕਰੀ ਤੇ ਲੰਡੇ ਲਿਪੀਆਂ ਨਾਲ ਗੁਰਮੁਖੀ ਦੇ ਚਿੰਨ੍ਹ ਵੀ ਆਪਸ ਵਿੱਚ ਮਿਲਦੇ ਜੁਲਦੇ ਨੇ ਤੇ ਅੱਖਰ ਵੀ ਲੱਗ ਪੱਗ ਬਰਾਬਰ ਨੇ।ਸ਼ਾਰਦਾ ਤੇ ਟਾਕਰੀ ਦੇ 37 , ਲੰਡੇ ਦੇ 30 ਤੇ ਗੁਰਮੁਖੀ ਦੇ 35 .ਗੁਰਮੁਖੀ ਦੇ ਸੱਤ ਅੱਖਰ ਇੜੀ , ਕ ,ਗ ,ਟ ,ਠ ,ਥ , ਬ ਅਜਿਹੇ ਹਨ ਜੋ ਸਿੰਧੂ ਘਾਟੀ ਨਾਲ ਮੇਲ ਖਾਂਦੇ ਹਨ। ਇਨ੍ਹਾਂ ਅੱਖਰਾਂ ਦਾ ਇਤਿਹਾਸ ਤਿੰਨ ਚਾਰ ਹਜ਼ਾਰ ਸਾਲ ਪੁਰਾਣਾ ਹੈ।ਹਰਦਵਾਰ, ਕਾਂਗੜਾ ,ਪਹੇਵਾ ਆਦਿ ਦੇ ਪਾਂਡਿਆਂ ਦੀਆਂ ਵਹੀਆਂ , ਜੋ ਗੁਰੂ ਸਾਹਿਬਾਨ ਤੋਂ ਚੋਖਾ ਚਿਰ ਪਹਿਲਾਂ ਦੀਆਂ ਹਨ ,ਵਿੱਚ ਗੁਰਮੁਖੀ ਵਰਗੀ ਲਿਖਤ ਮਿਲਦੀ ਹੈ। ਜ਼ਿਲਾ ਲੁਧਿਆਣਾ ਦੇ ਇੱਕ ਪਿੰਡ ਦੇ ਮਕਬਰੇ'ਚੋ 15ਵੀਂ ਸਦੀ ਦੇ ਉੱਕਰੇ ਅੱਖਰ ਮਿਲੇ ਹਨ ਜੋ ਗੁਰਮੁਖੀ ਅੱਖਰਾਂ ਵਰਗੇ ਹਨ। ਡਾਕਟਰ ਤਰਲੋਚਨ ਸਿੰਘ ਬੇਦੀ ਨੇ ਪੰਜਾਬੀ ਵਾਰਤਕ ਦੀ ਇੱਕ ਹੱਥ ਲਿਖਤ ਲੱਭੀ ਹੈ - ਏਕਾਦਸ਼ੀ ਮਹਾਤਮ 'ਜੋ 13ਵੀਂ 14ਵੀਂ ਸਦੀ ਦੀ ਹੈ। ਜਿਸ ਵਿੱਚ ਲਿੱਪੀ ਤੇ ਅੱਖਰ ਬਿਲਕੁਲ ਗੁਰਮੁਖੀ ਦੇ ਹੀ ਜਾਪਦੇ ਹਨ। ਸੋ ਗੁਰਮੁਖੀ ਪ੍ਰਾਚੀਨ ਲਿੱਪੀ ਵੀ ਹੈ ਤੇ ਸੰਸਾਰ ਦੀਆਂ ਵਿਕਸਿਤ ਲਿਪੀਆਂ ਵਿਚੋਂ ਪ੍ਰਮੁੱਖ ਵਿਕਸਿਤ ਲਿਪੀ ਵੀ ਹੈ।
ਪੰਜਾਬੀ ਦਾ ਵਿਕਾਸ ਉਸ ਤਰ੍ਹਾਂ ਨਹੀਂ ਹੋਇਆ ਜਿਸ ਤਰ੍ਹਾਂ ਅੰਗਰੇਜ਼ੀ ਤੇ ਕੁਝ ਹੋਰ ਵਿਕਸਿਤ ਭਾਸ਼ਾਵਾਂ ਦਾ ਹੋਇਆ। ਸਤਾਰਵੀਂ ਸਦੀ ਦੇ ਅੰਤ ਜਿਹੇ 'ਚ ਬ੍ਰਿਟਿਸ਼ ਰਾਜ ਫੈਲਣ ਨਾਲ ਆਧੁਨਿਕ ਅੰਗਰੇਜ਼ੀ ਮਜ਼ਬੂਤੀ ਨਾਲ ਜੜ੍ਹਾਂ ਲਾਉਂਦੀ ਤੇ ਫੈਲਦੀ ਹੈ। ਸੰਪਰਕ ,ਵਿਦਿਆ ਤੇ ਵਿਉਪਾਰ ਦੀ ਭਾਸ਼ਾ ਬਣ ਜਾਣ ਕਾਰਨ 20ਵੀਂ ਸਦੀ ਦੇ ਦੂਜੇ ਅੱਧ ਤੱਕ ਦੁਨੀਆ ਦੀ ਭਾਸ਼ਾ ਦਾ ਦਰਜਾ ਹਾਸਿਲ ਕਰ ਲੈਂਦੀ ਹੈ। ਇਸ ਦਾ ਕਾਰਣ ਇਹ ਹੈ ਕਿ ਗੋਰਿਆਂ ਨੇ ਦੁਨੀਆ ਤੇ ਰਾਜ ਕੀਤਾ। - ਜਿੱਥੇ ਜਿੱਥੇ ਗਏ ਆਪਣੀ ਭਾਸ਼ਾ, ਸਾਹਿਤ , ਸੰਸਕ੍ਰਿਤੀ ਤੇ ਜੀਵਨ ਸ਼ੈਲੀ ਦੀ ਛਾਪ ਛੱਡੀ। ਇਸ ਦੇ ਉਲਟ ਪੰਜਾਬ ਤੇ ਦੁਨੀਆ ਨੇ ਰਾਜ ਕੀਤਾ ਤੇ ਜਿਹੜਾ ਆਇਆ ਉਸ ਨੇ ਆਪਣੀ ਛਾਪ ਪੰਜਾਬ ਤੇ ਛੱਡੀ। ਮੁਗਲਾਂ ਨੇ ਆਪਣੀ ਭਾਸ਼ਾ ,ਸੱਭਿਆਚਾਰ , ਆਧਾਰਕ ਸਰੰਚਨਾ (ਇਨਫਰਾਸਟਰਕਚਰ) ਆਪਣੇ ਰੰਗ ਢੰਗ ਦਾ ਸਥਾਪਿਤ ਕੀਤਾ। ਮਹਿਮੂਦ ਗਜ਼ਨਵੀ ਨੇ 1003 ਈਸਵੀ ਵਿੱਚ ਫਾਰਸੀ ਨੂੰ ਪੰਜਾਬ ਦੀ ਸਰਕਾਰੀ ਭਾਸ਼ਾ ਬਣਾ ਦਿੱਤਾ। ਸੰਨ ਹਿਜ਼ਰੀ ਵੀ ਪ੍ਰਚਲਿਤ ਕਰ ਦਿੱਤਾ। 1832 ਈਸਵੀ ਵਿੱਚ ਗੋਰਿਆਂ ਨੇ ਫਾਰਸੀ ਹਟਾ ਕੇ ਉਰਦੂ ਸਰਕਾਰੀ ਭਾਸ਼ਾ ਬਣਾ ਦਿੱਤੀ। ਫੇਰ 1835 ਈਸਵੀ ਵਿੱਚ ਭਾਰਤ ਦੀ ਸਰਕਾਰੀ ਜ਼ੁਬਾਨ ਅੰਗਰੇਜ਼ੀ ਕਰ ਦਿੱਤੀ ਗਈ।
ਗੁਰੂਆਂ ਦਾ ਜੀਵਨ ,ਸੰਘਰਸ਼ ਤੇ ਯੁਧਾਂ ਵਿੱਚ ਹੀ ਬੀਤਿਆ। ਬੰਦਾ ਸਿੰਘ ਬਹਾਦਰ ਤੱਕ ਲਗਾਤਾਰ ਯੋਧੇ ਹੋਏ। ਭਾਵੇਂ 1710 ਈ:'ਚ ਸਰਹਿੰਦ ਦੀ ਜਿੱਤ ਦੇ ਸਮੇਂ ਬੰਦਾ ਸਿੰਘ ਬਹਾਦਰ ਨੇ ਆਪਣਾ ਪ੍ਰਸ਼ਾਸ਼ਨੀ ਸਾਲ ਸ਼ੁਰੂ ਕੀਤਾ। ਪਰ ਬਕਾਇਦਾ ਸ਼ਾਸਨ ਪ੍ਰਣਾਲੀ ਸਥਾਪਿਤ ਕਰਨ ਲਈ ਉਸ ਪਾਸ ਸਮਾਂ ਨਹੀਂ ਸੀ। ਭਾਵੇਂ ਉਸ ਨੇ ਗੁਰੂ ਦੇ ਨਾਂ ਤੇ ਸਿੱਕੇ ਵੀ ਚਲਾਏ ਜਿਨ੍ਹਾਂ ਤੇ ਫ਼ਾਰਸੀ'ਚ ਉੱਕਰਿਆ ਹੋਇਆ ਸੀ:
"ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ਼ ਨਾਨਕ ਵਾਹਬ ਅਸਤ।
ਫ਼ਤਿਹ ਗੋਬਿੰਦ ਸਿੰਘ ਸ਼ਾਹਿ ਸ਼ਾਹਾਨ ਫ਼ਜ਼ਲ ਸਚਾ ਸਾਹਿਬ ਅਸਤ। "
ਸਰਕਾਰੀ ਮੋਹਰ ਵੀ ਬਣਾਈ ਜਿਸ ਤੇ ਉੱਕਰਿਆ ਹੋਇਆ ਸੀ
"ਦੇਗ਼ ਉ ਤੇਗ਼ ਉ ਫ਼ਤਿਹ ਉ ਨੁਸਰਤ ਬ-ਦਰੰਗ
ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ"
ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ (ਸਰਕਾਰ ਖਾਲਸਾ) ਸਮੇਂ ਵੀ ਪੰਜਾਬ ਦੀ ਸਰਕਾਰੀ ਭਾਸ਼ਾ ਫ਼ਾਰਸੀ ਹੀ ਰਹਿੰਦੀ ਹੈ।ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਪੜ੍ਹਿਆ ਲਿਖਿਆ ਨਹੀਂ ਸੀ। ਕੋਈ ਹੁਕਮ ਸੁਣਾਉਣਾ ਹੁੰਦਾ ਸੀ ਤਾਂ ਬੋਲ ਕੇ ਸੁਣਾਉਂਦਾ ਹੁੰਦਾ ਸੀ। ਫ਼ਾਰਸੀ ਦੀ ਗੱਲਬਾਤ ਦਾ ਸਾਰਅੰਸ਼ ਸਮਝ ਲੈਂਦਾ ਸੀ। ਸਿੱਕਿਆਂ ਤੇ ਵੀ ਉਹੀ ਬੰਦਾ ਸਿੰਘ ਬਹਾਦਰ ਦੀ ਮੋਹਰ ਵਾਲੀਆਂ ਫਾਰਸੀਆਂ ਪੰਗਤੀਆਂ ਉੱਕਰੀਆਂ ਹੋਈਆਂ ਸਨ।
ਕੋਈ ਵੀ ਰਾਜ ਇਸ ਤਰ੍ਹਾਂ ਮੁਕੰਮਲ ਸਥਾਪਿਤ ਨਹੀਂ ਹੋ ਸਕਿਆ ਕਿ ਭਾਸ਼ਾ ਤੇ ਸੱਭਿਆਚਾਰ ਦਾ ਵਿਕਾਸ ਕੀਤਾ ਜਾ ਸਕੇ। ਸਗੋਂ ਸਮੇਂ ਸਮੇਂ ਰਾਜਸੀ ਅਸਥਿਰਤਾ ਤੇ ਰਾਜਸੀ ਗੁਲਾਮੀ ਅਧੀਨ ਭਾਸ਼ਾ ਨੂੰ ਬਚਾਉਣ ਲਈ ਨਾਅਰਾ ਮਾਰਨਾ ਪਿਆ। ਇੱਕ ਵੇਲੇ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੀ ਬਾਦਸ਼ਾਹਤ ਸਮੇਂ ਲੋਕਾਈ ਨੂੰ ਆਪਣੇ ਰਹਿਣ ਸਹਿਣ ,ਵੇਸ ਵਸਤਰ ਤੇ ਬੋਲੀ ਪ੍ਰਤੀ ਸੁਚੇਤ ਕਰਦਿਆਂ ਉਚਾਰਨ ਕੀਤਾ ਕਿ :
"ਕੂਜਾਂ ਬਾਂਗ ਨਿਵਾਜ ਮੁਸਲਾ ਨੀਲ ਰੂਮ ਬਨਵਾਰੀ
ਘਰਿ ਘਰਿ ਮੀਆਂ ਸਭਨਾਂ ਜੀਆਂ ਬੋਲੀ ਅਵਰ ਤੁਮ੍ਹਾਰੀ। "
ਸ਼ਹੀਦ ਭਗਤ ਸਿੰਘ ਦਾ 28 ਫਰਵਰੀ 1933 ਦੇ ਹਿੰਦੀ ਸੰਦੇਸ਼ ਨਾਮੀ ਅਖਬਾਰ ਵਿੱਚ ਲੇਖ ਛਪਿਆ ਜਿਸ ਵਿੱਚ ਉਹ ਕਹਿੰਦਾ ਹੈ,"ਸਮਾਜ ਦੇ ਪ੍ਰਾਣਾਂ ਦੀ ਚੇਤਨਾ ਉਸ ਸਮਾਜ ਦੇ ਸਾਹਿਤ ਵਿੱਚ ਹੀ ਜ਼ਾਹਿਰ ਹੋਇਆ ਕਰਦੀ ਹੈ, ਪਰ ਸਾਹਿਤ ਲਈ ਸਭ ਤੋਂ ਪਹਿਲਾਂ ਭਾਸ਼ਾ ਦੀ ਜ਼ਰੂਰਤ ਹੁੰਦੀ ਹੈ ਤੇ ਪੰਜਾਬ ਵਿੱਚ ਉਹ ਨਹੀਂ।'
ਸਮੇਂ ਸਮੇਂ ਪੰਜਾਬੀ ਕਵੀ ਪੰਜਾਬੀ ਭਾਸ਼ਾ ਦੀ ਮਹੱਤਤਾ ਪ੍ਰਤੀ ਕਵਿਤਾਵਾਂ ਲਿਖਦੇ ਰਹੇ ਹਨ। ਫ਼ਿਰੋਜ਼ਦੀਨ ਸ਼ਰਫ਼ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ "ਮੁੱਠਾਂ ਮੀਚ ਕੇ ਨੁੱਕਰੇ ਹਾਂ ਬੈਠੀ ਟੁੱਟੀ ਹੋਈ ਸਿਤਾਰ ਰਬਾਬੀਆਂ ਦੀ ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ਼ ਮੇਰੀ ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ। "
ਪੰਜਾਬੀਆਂ ਵੱਲੋਂ ਪੰਜਾਬੀ ਦੀ ਬਾਤ ਨਾ ਪੁੱਛਣਾ ਬੜਾ ਰੜਕਦਾ ਹੈ। ਪਰ ਇਸਦੇ ਬਾਵਜ਼ੂਦ ਪੰਜਾਬੀ ਭਾਸ਼ਾ ਦਾ ਵਜੂਦ ਦੇਸ ਪਰਦੇਸ'ਚ ਜਿੰਦਾ ਹੈ, ਇਸ ਤੋਂ ਭਾਸ਼ਾ ਦੀ ਸ਼ਕਤੀ ਦਾ ਅਨੁਮਾਨ ਵੀ ਲੱਗਦਾ ਹੈ। ਕਿੱਸਾ ਕਾਵਿ , ਸੂਫ਼ੀ ਕਾਵਿ ,ਗੁਰਮਤਿ ਕਾਵਿ, ਲੋਕ ਗੀਤ, ਇਸ ਸ਼ਕਤੀ ਦਾ ਸੋਮਾ ਨੇ ਜਿਸ ਕਾਰਨ ਪੰਜਾਬੀ ਭਾਸ਼ਾ ਦੀਆਂ ਜੜ੍ਹਾਂ ਹਰੀਆਂ ਨੇ। 1604 ਈ: ਵਿੱਚ ਗੁਰੂ ਅਰਜਨ ਦੇਵ ਦੁਆਰਾ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਪੰਜਾਬੀ ਭਾਸ਼ਾ ਤੇ ਲਿਪੀ ਦੀ ਹੋਂਦ ਨੂੰ ਸੁਰਖਿਅਤ ਕਰਦਾ ਹੈ।
ਜਿਥੇ ਇੰਗਲੈਂਡ , ਕੈਨੇਡਾ ਵਿੱਚ ਪੰਜਾਬੀ ਭਾਸ਼ਾ ਚੌਥਾ ਤੇ ਤੀਜਾ ਦਰਜਾ ਰੱਖਦੀ ਹੈ ਉੱਥੇ ਅਮਰੀਕਾ ਵਿੱਚ 2012-2016 ਦੀ ਮਰਦਮਸ਼ੁਮਾਰੀ ਮੁਤਾਬਿਕ ਪੰਜਾਬੀ ਤਕਰੀਬਨ 30ਵੇਂ ਕੁ ਸਥਾਨ ਤੇ ਹੈ। 2.8 ਲੱਖ ਪੰਜਾਬੀ ਬੋਲਣ ਵਾਲੇ ਹਨ। ਇਹ ਅੰਕੜਾ ਇਨ੍ਹਾਂ ਪੁਖਤਾ ਪ੍ਰਤੀਤ ਨਹੀਂ ਹੁੰਦਾ।
ਅਮਰੀਕਾ ਵਿੱਚ 60.5% ਲੋਕ ਅੰਗਰੇਜ਼ੀ ਬੋਲਦੇ ਨੇ। 39.5% ਦੂਸਰੀ ਭਾਸ਼ਾ ਬੋਲਦੇ ਨੇ। ਇਨ੍ਹਾਂ ਵਿੱਚ ਉਹ ਵੀ ਸ਼ਾਮਿਲ ਹਨ ਜੋ ਅੰਗਰੇਜ਼ੀ ਵੀ ਬੋਲਦੇ ਹਨ ਤੇ ਕੋਈ ਹੋਰ ਭਾਸ਼ਾ ਵੀ ਜਾਂ ਸਿਰਫ ਹੋਰ ਭਾਸ਼ਾ ਹੀ ਬੋਲਦੇ ਹਨ। ਅਮਰੀਕਾ ਵਿੱਚ ਪੰਜਾਬੀ ਬੋਲਣ ਵਾਲੇ 1,66,415 ਅੰਗਰੇਜ਼ੀ ਵੀ ਚੰਗੀ ਤਰ੍ਹਾਂ ਜਾਣਦੇ ਹਨ ਤੇ 1,14,452 ਪੰਜਾਬੀ ਬੋਲਣ ਵਾਲੇ ਚੰਗੀ ਤਰ੍ਹਾਂ ਅੰਗਰੇਜ਼ੀ ਨਹੀਂ ਜਾਣਦੇ ਪਰ ਜਾਣਦੇ ਹਨ ਤੇ ਲੱਗਭੱਗ 1/3 ਹਿੱਸਾ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਜਾਣਦੇ।
ਕੈਲੀਫੋਰਨੀਆ ਵਿੱਚ ਪਹਿਲੀਆਂ 10 ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਪੰਜਾਬੀ ਸ਼ਾਮਿਲ ਹੈ। ਕਰਨ KERN ਤੇ ਸੱਟਰ Sutter ਕਾਊਂਟੀਆਂ ਵਾਲੇ ਇਲਾਕਿਆਂ'ਚ ਪੰਜਾਬੀ ਪੰਜਾਬੀ ਤੀਸਰੇ ਸਥਾਨ ਤੇ ਆਉਂਦੀ ਹੈ। ਕੈਲੀਫੋਰਨੀਆ ਵਿੱਚ ਕਈ ਨਿੱਕੇ ਨਿੱਕੇ ਪੰਜਾਬ ਨੇ। 1899 ਵਿੱਚ ਸਾਂਸਫਰਾਂਸਿਸਕੋ ਦੇ ਐਂਜਲ ਆਈਲੈਂਡ ਤੇ ਪਹਿਲੇ ਸਿੱਖ ਪੰਜਾਬੀ ਨੇ ਕੈਲੀਫੋਰਨੀਆ ਵਿੱਚ ਪ੍ਰਵੇਸ਼ ਕੀਤਾ।
1913 ਵਿਚ ਪਹਿਲਾ ਛਾਪਾਖਾਨਾ ਲੱਗਾ ਜਿਥੇ ਸਟਾਕਟਨ ਗੁਰਦੁਆਰੇ ਦੀ ਸਹਾਇਤਾ ਨਾਲ ਕਰਤਾਰ ਸਿੰਘ ਸਰਾਭਾ ਨੇ "ਗਦਰ" ਅਖਬਾਰ ਛਾਪਣਾ ਸ਼ੁਰੂ ਕੀਤਾ। 1960 ਵਿਆਂ ਤੋਂ ਬਾਅਦ ਪੰਜਾਬੀਆਂ ਦੀ ਅਮਰੀਕਾ 'ਚ ਗਿਣਤੀ ਵੱਧਣੀ ਸ਼ੁਰੂ ਹੋ ਗਈ।ਪਰ ਯੂ ਐਸ ਏ ਮਰਦਮਸ਼ੁਮਾਰੀ ਵਿੱਚ 2017 ਤੋਂ ਪੰਜਾਬੀ ਭਾਸ਼ਾ ਨੂੰ ਸ਼ਾਮਿਲ ਕੀਤਾ ਗਿਆ।
ਅਮਰੀਕਾ ਵਿੱਚ 1990-2000 ਦੌਰਾਨ ਸਿਰਫ ਅੰਗਰੇਜ਼ੀ ਵਿੱਚ ਪੜ੍ਹਾਈ ਨੂੰ ਸਖ਼ਤੀ ਨਾਲ ਲਾਗੂ ਕੀਤਾ ਗਿਆ। ਪਬਲਿਕ ਸਕੂਲਾਂ ਵਿੱਚ ਦੁਭਾਸ਼ੀ ਪੜ੍ਹਾਈ ਤੇ 1998 ਵਿੱਚ ਜਨਤਾ ਨੇ ਪਰਾਪੋਜ਼ੀਸ਼ਨ 227 ਰਾਹੀਂ ਰੋਕ ਲਗਵਾ ਦਿੱਤੀ। 1970-80 ਦੇ ਸਾਲਾਂ 'ਚ ਕਲਾਸ 'ਚ ਅੰਗਰੇਜ਼ੀ ਤੋਂ ਬਿਨਾ ਹੋਰ ਭਾਸ਼ਾ ਬੋਲਣ ਤੇ ਪਾਬੰਦੀ ਸੀ। ਜੇ ਕੋਈ ਹੋਰ ਭਾਸ਼ਾ ਬੋਲਦਾ ਸੀ ਤਾਂ ਸਜ਼ਾ ਦਿੱਤੀ ਜਾਂਦੀ ਸੀ। ਭਾਵੇਂ ਅਮਰੀਕਾ ਦੀ ਸਰਕਾਰੀ ਭਾਸ਼ਾ ਕੋਈ ਨਹੀਂ ਸੀ। ਫੇਰ ਵੀ ਕਈ ਦਹਾਕਿਆਂ ਤੱਕ ਕੁਝ ਰਾਜਾਂ ਵਿਚ ਅੰਗਰੇਜ਼ੀ ਨੂੰ ਸਰਕਾਰੀ ਭਾਸ਼ਾ ਬਣਾਇਆ ਗਿਆ ਤੇ ਅੰਗਰੇਜ਼ੀ ਸਕੂਲਾਂ ਵਿੱਚ ਧੱਕੇ ਨਾਲ ਅੰਗਰੇਜ਼ੀ ਸਿਖਾਉਣ ਧੱਕੇ ਨਾਲ ਅੰਗਰੇਜ਼ੀ ਸਿਖਾਉਣ ਦੇ ਯਤਨ ਕੀਤੇ ਗਏ। ਯੋਜਨਾ ਇਹ ਸੀ ਕਿ Osmosis ਵਿਧੀ ਮੁਤਾਬਿਕ ਬੱਚੇ ਆਪਣੇ ਅੱਪ ਅੰਗਰੇਜ਼ੀ ਵਾਲੇ ਮਾਹੌਲ ਵਿੱਚ ਅੰਗਰੇਜ਼ੀ ਸਿੱਖ ਜਾਣਗੇ।ਇਹ ਬਹੁਤ ਛੋਟੀ ਉਮਰ ਦੇ ਬੱਚਿਆਂ ਲਈ ਤਾਂ ਠੀਕ ਹੋ ਸਕਦਾ ਸੀ ਪਰ ਵੱਡੀ ਉਮਰ ਦੇ ਬੱਚਿਆਂ ਲਈ ਕਾਰਗਾਰ ਨਹੀਂ।
ਫਿਰ 2016 ਵਿੱਚ ਪਰਾਪੋਜ਼ੀਸ਼ਨ 58 ਰਾਹੀਂ ਕੈਲੀਫੋਰਨੀਆ 'ਚ ਦੁਭਾਸ਼ੀ ਵਿੱਦਿਆ ਤੋਂ ਪਾਬੰਦੀ ਹੱਟਾ ਦਿੱਤੀ ਗਈ। ਇਨ੍ਹਾਂ ਦਿਨਾਂ'ਚ ਦੁਭਾਸ਼ੀ ਵਿੱਦਿਆ ਅਮਰੀਕਾ ਵਿੱਚ ਜ਼ੋਰ ਫੜ੍ਹ ਰਹੀ ਹੈ। ਅਮਰੀਕਾ ਵਿੱਚ 5 ਮਿਲੀਅਨ ਦੇ ਕਰੀਬ ਅੰਗਰੇਜ਼ੀ ਸਿੱਖਾਂਦਰੂ ਵਿਧਿਆਰਥੀ ਨੇ ਜਿਨ੍ਹਾਂ'ਚੋ 3.8 ਮਿਲੀਅਨ ਸਪੈਨਿਸ਼ ਭਾਸ਼ਾ ਨਾਲ ਸਬੰਧ ਰੱਖਦੇ ਹਨ। ਦੁਭਾਸ਼ੀ ਵਿਦਿਆ ਦੇ ਮਾਡਲ L.A. ਵਿੱਚ Gates Street early education centre ,Lincoln Heights ਵਿੱਚ ਸ਼ੁਰੂ ਹੋ ਰਹੇ ਨੇ ਜਿਥੇ ਲਾਤੀਨੀ ਤੇ ਏਸ਼ੀਅਨ ਲੋਕ ਵੱਡੀ ਗਿਣਤੀ 'ਚ ਰਹਿੰਦੇ ਨੇ। ਅਮਰੀਕਾ ਦੇ ਹੋਰ ਹਿੱਸਿਆਂ'ਚ ਵੀ ਇਹ ਮਾਡਲ ਸ਼ੁਰੂ ਕਰਨ ਦਾ ਵਿਚਾਰ ਜੜ੍ਹ ਫੜ੍ਹ ਰਿਹਾ ਹੈ।ਇਹ ਵਿਚਾਰ ਚੱਲ ਰਿਹਾ ਹੈ ਕਿ ਦੋ ਭਾਸ਼ਾਵਾਂ ਵਿਦਿਆਰਥੀ ਨੂੰ ਬੌਧਿਕ ਤੇ ਸੱਭਿਆਚਾਰਕ ਪੱਖਾਂ ਤੋਂ ਹੋਰ ਮਜ਼ਬੂਤ ਕਰਦੀਆਂ ਹਨ। L.A. ਦੇ ਸਕੂਲਾਂ ਵਿੱਚ ਸਪੈਨਿਸ਼ /ਅੰਗਰੇਜ਼ੀ ਦੁਭਾਸ਼ੀ ਪ੍ਰੋਗਰਾਮ ਤਹਿਤ 15,000 ਵਿਦਿਆਰਥੀ ਦਾਖ਼ਿਲ ਕੀਤਾ ਗਿਆ ਹੈ। ਨਿਊ ਜਰਸ਼ੀ ਦੇ ਵਿਨਲੈਂਡ ਸ਼ਹਿਰ ਦੇ ਦੁਭਾਸ਼ੀ ਪ੍ਰੋਗਰਾਮ ਤਹਿਤ Vinland ਸਕੂਲ ਨਨ ਰਾਜਸੀ ਸਨਮਾਨ ਮਿਲਿਆ ਹੈ। ਉਥੋਂ ਦੇ ਇੱਕ ਸਪੈਨਿਸ਼ ਬੋਲਦੇ ਵਿਦਿਆਰਥੀ ਕੈਵਿਨ ਸਾਂਚੇਜ਼ ਨੇ ਸਾਇੰਸ ਫੇਅਰ ਵਿੱਚ ਇਨਾਮ ਜਿੱਤਿਆ ਹੈ। ਉਸਦੀ ਸਪੈਨਿਸ਼ ਸਪੀਚ ਨੂੰ ਉਸਦੇ ਇੱਕ ਦੋਸਤ ਵਿਦਿਆਰਥੀ ਨੇ ਪੜ੍ਹ ਕੇ ਸੁਣਾਇਆ ਜੋ ਸਪੈਨਿਸ਼ ਤੇ ਅੰਗਰੇਜ਼ੀ ਦੋਵੇਂ ਜਾਣਦਾ ਸੀ।ਸਕੂਲ ਦੇ ਦੁਭਾਸ਼ੀ ਵਿਭਾਗ ਦੀ ਸੁਪਰਵਾਈਜ਼ਰ JoAnn Negrin ਦਾ ਕਹਿਣਾ ਹੈ ਕਿ ਜੇ ਵਿਦਿਆਰਥੀ ਆਪਣੀ ਮਾਤ ਭਾਸ਼ਾ ਚੰਗੀ ਤਰ੍ਹਾਂ ਜਾਣਦਾ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਉਹ ਅੰਗਰੇਜ਼ੀ ਵੀ ਚੰਗੀ ਤਰ੍ਹਾਂ ਸਿੱਖ ਜਾਵੇਗਾ।
ਸਾਰੇ ਅਮਰੀਕਾ ਵਿੱਚ ਵਿੱਚ 3000 ਦੇ ਕਰੀਬ ਦੋ ਭਾਸ਼ਾਈ ਵਿੱਦਿਆ ਪ੍ਰੋਗਰਾਮ ਨੇ ਕੈਲੀਫੋਰਨੀਆ ਵਿੱਚ ਵੀ ਇਹ ਯਤਨ ਹੋ ਰਹੀ ਹਨ। ਅੰਗਰੇਜ਼ੀ ਸਿੱਖਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਪਰ ਦੋ ਭਾਸ਼ਾਈ ਅਧਿਆਪਕਾਂ ਦੀ ਲੋੜ ਹੈ। ਕੈਲੀਫੋਰਨੀਆ ਵਿੱਚ ਕਈ ਸਕੂਲਾਂ ਵਿੱਚ ਪੰਜਾਬੀ ਲਾਗੂ ਹੋਈ ਹੈ। ਪਰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਕਮੀ ਹੈ। ਦੂਸਰੀ ਗੱਲ ਕਿ ਜੇ ਵਿਦਿਆਰਥੀ ਨੂੰ ਪੰਜਾਬੀ ਚੰਗੀ ਤਰ੍ਹਾਂ ਨਹੀਂ ਆਉਂਦੀ ਤਾਂ ਅੰਗਰੇਜ਼ੀ ਸਿੱਖਣ ਵਿੱਚ ਕਠਨਾਈ ਆਉਂਦੀ ਹੈ।ਇੱਥੇ ਗੁਰਦੁਆਰਿਆਂ ਵਿੱਚ ਬੱਚਿਆਂ ਨੂੰ ਪੰਜਾਬੀ ਸਿਖਾਉਣ ਦੇ ਯਤਨ ਹੋ ਰਹੇ ਹਨ। ਜ਼ਿਆਦਾਤਰ ਉਹ ਵਿਦਿਆਰਥੀ ਨੇ ਜਿਨ੍ਹਾਂ ਨੇ ਅੰਗਰੇਜ਼ੀ ਪਹਿਲੀ ਭਾਸ਼ਾ ਵਜੋਂ ਪੜ੍ਹਨੀ ਹੈ ਤੇ ਪੰਜਾਬੀ ਉਨ੍ਹਾਂ ਨੂੰ ਦੂਸਰੀ ਭਾਸ਼ਾ ਵਜੋਂ ਸੱਭਿਆਚਾਰ ਨਾਲ ਜੋੜਨ ਲਈ ਸਿਖਾਈ ਜਾਂਦੀ ਹੈ। ਅਮਰੀਕਾ ਵਿੱਚ ਤਕਰੀਬਨ 400 ਗੁਰਦੁਆਰੇ ਹਨ. ਜੇ ਮੰਨ ਲਈਏ ਕਿ ਇਨ੍ਹਾਂ ਸਾਰਿਆਂ'ਚ ਪੰਜਾਬੀ ਸਕੂਲ ਚਲਾਏ ਜਾਂਦੇ ਹਨ ਤਾਂ ਹਰ ਸਾਲ ਅਮਰੀਕਾ 'ਚ ਜੰਮੇ ਹਜ਼ਾਰਾਂ ਪੰਜਾਬੀ ਬੱਚਿਆਂ ਨੂੰ ਪੰਜਾਬੀ ਸਿਖਾਈ ਜਾਂਦੀ ਹੈ। ਪਰ ਹਜ਼ਾਰਾਂ ਬੱਚਿਆਂ ਨੂੰ ਪੰਜਾਬੀ ਆਉਂਦੀ ਨਹੀਂ। ਕਾਰਣ ਇਹ ਹੈ ਕਿ ਯੋਗ ਅਧਿਆਪਕ ਨਹੀਂ ਰੱਖੇ ਜਾਂਦੇ। ਲੋਕ ਸੇਵਾਦਾਰ ਵਜੋਂ ਪੜ੍ਹਾਉਂਦੇ ਹਨ ਸੇਵਾ ਤੇ ਮੁਫ਼ਤ ਕੰਮ ਕਰਾਉਣ 'ਚ ਫਰਕ ਹੁੰਦਾ ਹੈ। ਇਸ ਤਰ੍ਹਾਂ ਸੇਵਾ ਦੇ ਨਾਂ ਤੇ ਮੁਫ਼ਤ ਪੜ੍ਹਾਉਣਾ ਪੰਜਾਬੀ ਭਾਸ਼ਾ ਨੂੰ ਹੀਣ ਕਰਦਾ ਹੈ। ਜੇ ਕਰ ਪੰਜਾਬੀ ਪੜ੍ਹਾਉਣ ਲਈ ਦੋ ਯੋਗ ਅਧਿਆਪਕ ਹਰ ਹਫ਼ਤੇ ਤਿੰਨ ਤਿੰਨ ਘੰਟੇ ਪੜ੍ਹਾਉਣ ਲਈ ਤਨਖਾਹ ਤੇ ਰੱਖੇ ਜਾਣ ਤਾਂ 20 ਡਾਲਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਦੋ ਅਧਿਆਪਕਾਂ ਦੀ ਸਲਾਨਾ ਤਨਖਾਹ 6000 ਡਾਲਰ ਦੇ ਕਰੀਬ ਬਣਦੀ ਹੈ। ਤਨਖਾਹ ਤੇ ਰੱਖੇ ਅਧਿਆਪਕ ਤੋਂ ਪ੍ਰਬੰਧਕ ਕਮੇਟੀ ਬੱਚੇ ਦੀ ਵਿਕਾਸ ਰਿਪੋਰਟ ਪੁੱਛ ਸਕਦੀ ਹੈ, ਸੇਵਾ ਤੇ ਪੜ੍ਹਾਉਂਦੇ ਸੇਵਾਦਾਰ ਤੋਂ ਨਹੀਂ। ਕਈ ਸਕੂਲਾਂ'ਚ ਮੈਂ ਖੁਦ ਦੇਖਿਆ ਹੈ ਕਿ 4-5 ਸਾਲ ਤੋਂ ਬਾਅਦ ਵੀ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ। ਇਸ ਦਾ ਕਾਰਣ ਯੋਗ ਅਧਿਆਪਕ ਦਾ ਨਾ ਹੋਣਾ ਹੈ। ਦੂਸਰਾ ਬੱਚਿਆਂ ਨੂੰ ਭਾਸ਼ਾ ਦੀ ਵਿਆਕਰਣ ਤੇ ਵਾਕ -ਰਚਨਾ ਸਿਖਾਉਣ ਦੀ ਥਾਂ ਗੁਰਬਾਣੀ ਸਿਖਾਉਣ ਦਾ ਯਤਨ ਜ਼ਿਆਦਾ ਕੀਤਾ ਜਾਂਦਾ ਹੈ , ਉਹ ਵੀ ਮੂੰਹ ਜ਼ੁਬਾਨੀ। ਜਿੰਨੇ ਪੰਜਾਬੀ ਸਕੂਲ ਨੇ ਉਨ੍ਹੇ ਪੰਜਾਬੀ ਸਕੂਲਾਂ 'ਚ ਨਹੀਂ ਹਨ ਪੰਜਾਬੀ ਪ੍ਰਤੀ ਪੰਜਾਬੀਆਂ ਦਾ ਜ਼ਜਬਾ ਵੀ ਉਤਸ਼ਾਹਜਨਕ ਨਹੀਂ। ਅਸਲ 'ਚ ਪੰਜਾਬੀ ਜਿਥੇ ਵੀ ਜਾਂਦੇ ਨੇ ,ਗੁਜ਼ਾਰੇ ਯੋਗੀ ਉਥੋਂ ਦੀ ਭਾਸ਼ਾ ਸਿੱਖ ਲੈਂਦੇ ਨੇ। ਕੰਮ -ਕਾਰ ਕਰਕੇ ਰੋਟੀ, ਕਪੜਾ , ਮਕਾਨ, ਚੰਗਾ ਬਣਾ ਲੈਂਦੇ ਨੇ। ਫੇਰ ਇਨ੍ਹਾਂ ਦੇ ਹੀ ਵਿਸਥਾਰ ਅਤੇ ਪਦਾਰਥਕ ਵਿਖਾਵੇ ਦੀ ਦੌੜ 'ਚ ਸਾਰੀ ਉਮਰ ਲੱਗੇ ਰਹਿੰਦੇ ਨੇ। ਬੌਧਿਕਤਾ ਵਾਲੇ ਪਾਸੇ ਧਿਆਨ ਨਹੀਂ ਦਿੰਦੇ। ਪੰਜਾਬੀਆਂ ਦੇ ਘਰਾਂ 'ਚ ਆਮ ਹੀ ਬਾਰ ਬਣੀ ਮਿਲ ਜਾਏਗੀ ਜਿਥੇ ਭਾਂਤ ਭਾਂਤ ਦੀ ਸ਼ਰਾਬ ਸਜ਼ਾ ਕੇ ਰੱਖੀ ਹੁੰਦੀ ਹੈ। ਪਰ ਬਹੁਤ ਥੋੜ੍ਹੇ ਘਰਾਂ'ਚ ਕਿਤਾਬ ਨਜ਼ਰ ਆਏਗੀ। ਕਿਸੇ ਕਿਸੇ ਗੁਰਦੁਆਰੇ 'ਚ ਇਤਿਹਾਸਿਕ ਕਿਤਾਬਾਂ ਦੀ ਕੋਈ ਲਾਇਬ੍ਰੇਰੀ ਮਿਲੇਗੀ। ਨਗਰ -ਕੀਰਤਨਾਂ 'ਚ ਵੀ ਪੁਸਤਕ ਪ੍ਰਦਰਸ਼ਨੀ ਦਾ ਅਭਾਵ ਹੀ ਹੁੰਦਾ ਹੈ। ਸਾਹਿਤ ਦੇ ਵੀ ਵੱਡੇ ਪੈਮਾਨੇ ਦੇ ਪ੍ਰੋਗਰਾਮ ਘੱਟ ਹੁੰਦੇ ਨੇ।
ਸੈਲਮਾ ਸਕੂਲ ਡਿਸਟ੍ਰਿਕਟ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਾਉਣ ਦਾ ਸੰਬੰਧ ਵਿੱਚ ਮੈਂ ਕੁਝ ਮੀਟਿੰਗਾਂ ਵਿੱਚ ਗਿਆ। ਮੀਟਿੰਗਾਂ ਵਿੱਚ ਪੰਜਾਬੀਆਂ ਨੇ ਕੋਈ ਉਤਸ਼ਾਹ ਨਹੀਂ ਦਿਖਾਇਆ। 5-7 ਬੰਦਿਆਂ ਤੋਂ ਵੱਧ ਆਏ ਨਹੀਂ। ਸਕੂਲ ਵਾਲਿਆਂ ਨੇ ਭਾਸ਼ਾ ਸਰਵੇ ਕਰਾਇਆ ਤਾਂ ਦੂਸਰੇ ਸਰਵੇ ਵਿੱਚ ਪੰਜਾਬੀ ਨੂੰ ਪਹਿਲਾਂ ਨਾਲੋਂ ਵੀ ਘੱਟ ਵੋਟਾਂ ਪਈਆਂ। ਸਕੂਲ ਦੀ ਸੁਪਟਡੈਂਟ ਦਾ ਕਹਿਣਾ ਸੀ ਕਿ ਪੰਜਾਬੀ ਬੋਲੀ ਚਰਚਿਤ ਬੋਲੀ ਨਹੀਂ ਹੈ। ਇਹ ਇਲਾਕਾ ਪੰਜਾਬੀਆਂ ਦਾ ਗੜ੍ਹ ਹੈ ਜਿਥੇ 20 ਸਾਲਾਂ ਤੋਂ ਲਗਾਤਾਰ ਨਗਰ ਕੀਰਤਨ ਕੱਢਿਆ ਜਾਂਦਾ ਹੈ। ਜੇ ਪੰਜਾਬੀਆਂ ਦੇ ਗੜ੍ਹ'ਚ ਵੀ ਪੰਜਾਬੀ ਭਾਸ਼ਾ ਦਾ ਚਰਚਾ ਨਹੀਂ ਹੈ ਤਾਂ ਇਹ ਡਾਹਢੇ ਫਿਕਰ ਵਾਲੀ ਗੱਲ ਹੈ। ਇਸ ਦਾ ਮਤਲਬ ਪੰਜਾਬੀਆਂ ਦਾ ਹੋਰ ਭਾਈਚਾਰਿਆਂ ਨਾਲ ਕੋਈ ਸਭੰਧ ਨਹੀਂ ਹੈ। ਪੰਜਾਬੀ ਲੋਕ ਪੰਜਾਬੀ ਦਿਸਣ ਤੇ ਜ਼ਿਆਦਾ ਜ਼ੋਰ ਲਾਉਂਦੇ ਨੇ ਪੰਜਾਬੀ ਹੋਣ ਦਾ ਯਤਨ ਨਹੀਂ ਕਰਦੇ। ਪੰਜਾਬੀ ਭਾਸ਼ਾ ਬਿਨਾ ਪੰਜਾਬੀ ਹੋਣਾ ਸੰਭਵ ਨਹੀਂ। ਸਕੂਲ ਸੁਪਰਡੈਂਟ ਨੇ ਇਹ ਵੀ ਦੱਸਿਆ ਕਿ ਜੇ 30 ਕੁ ਵਿਦਿਆਰਥੀ ਹੋਣ ਤਾਂ ਸਾਨੂੰ ਅਧਿਆਪਕ ਰੱਖਣ ਲਈ ਫ਼ੰਡ ਮਿਲ ਜਾਣਗੇ। ਪਰ ਜੇ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀ ਘਟਦੇ ਗਏ ਤਾਂ ਪੰਜਾਬੀ ਪੜ੍ਹਾਈ ਜਾਰੀ ਨਹੀਂ ਰਹਿ ਸਕਦੀ। ਜਾਂ ਫਿਰ ਡੇਢ ਲੱਖ ਡਾਲਰ ਪੰਜਾਬੀ ਲਈ ਹਰ ਸਾਲ ਪੰਜਾਬੀ ਲੋਕ ਦੇਣ ਲਈ ਤਿਆਰ ਹੋਣ ਤਾਂ ਕਲਾਸਾਂ ਜਾਰੀ ਰੱਖੀਆਂ ਜਾ ਸਕਦੀਆਂ ਨੇ। ਪੈਸੇ ਤਾਂ ਕੀ ਦੇਣੇ ਨੇ ਪੰਜਾਬੀ ਮੀਟਿੰਗਾਂ 'ਚ ਹੀ ਹਾਜਿਰ ਨਹੀਂ ਹੁੰਦੇ।
ਕੈਲੀਫੋਰਨੀਆ ਵਿੱਚ ਇੱਕ ਕਬੀਲਾ ਹੈ ਮੋਨੋ ਕਬੀਲਾ। ਉਨ੍ਹਾਂ ਦੇ ਬੱਚਿਆਂ ਨੂੰ ਸਕੂਲ 'ਚ ਮੋਨੋ ਭਾਸ਼ਾ ਬੋਲਣ ਤੇ ਸਜ਼ਾ ਹੁੰਦੀ ਸੀ। ਜਦ ਮੋਨੋ ਭਾਸ਼ਾ ਬੋਲਣ ਵਾਲੇ ਸਿਰਫ 17 ਲੋਕ ਹੀ ਰਹਿ ਗਏ ਤਾਂ ਮੋਨੋ ਕਬੀਲੇ ਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਆਪਣੀ ਭਾਸ਼ਾ ਸਿਖਾਉਣੀ ਸ਼ੁਰੂ ਕੀਤੀ। ਉਨ੍ਹਾਂ ਦੀ ਅਧਿਆਪਕ Burrough ਦਾ ਕਹਿਣਾ ਹੈ ਕਿ ਭਾਸ਼ਾ ਨੂੰ ਬਚਾਉਣਾ ਜ਼ਰੂਰੀ ਹੈ ਕਿਉਂਕਿ ਭਾਸ਼ਾ ਹੀ ਸੱਭਿਆਚਾਰ ਨੂੰ ਪ੍ਰਤੀਬਿੰਬ ਕਰਦੀ ਹੈ। ਇਹ ਸਾਡੇ ਕਬੀਲੇ ਦਾ ਦਿਲ ਹੈ। ਇਸ ਨਾਲ ਹੀ ਪਤਾ ਲਗਦਾ ਹੈ ਕਿ ਅਸੀਂ ਕੌਣ ਹਾਂ ਤੇ ਅਸੀਂ ਕੀ ਹਾਂ। " ਇਸੇ ਤਰ੍ਹਾਂ ਇੱਕ ਹੋਰ ਕਬੀਲਾ ਭਾਸ਼ਾ ਚੱਕਝਾਂਸੀ ਨੂੰ ਬਚਾਉਣ ਲਈ ਉਨ੍ਹਾਂ ਲੋਕਾਂ ਨੇ Apps & games ਆਪਣੀ ਭਾਸ਼ਾ 'ਚ ਤਿਆਰ ਕੀਤੀਆਂ। ਮਈ 2012 ਵਿੱਚ ਫਰਿਜ਼ਨੋ ਸਟੇਟ ਯੂਨੀਵਰਸਟੀ ਦੇ ਭਾਸ਼ਾ ਵਿਭਾਗ ਨੂੰ ਇੱਕ ਮਿਲੀਅਨ ਡਾਲਰ ਚੱਕਚਾਸੀਂ ਡਿਕਸ਼ਨਰੀ ਤੇ ਵਿਆਕਰਣ ਤਿਆਰ ਕਰਨ ਲਈ ਗਰਾਂਟ ਦਿੱਤੀ ਗਈ ਤੇ ਭਾਸ਼ਾ ਨੂੰ ਪਾਠਕ੍ਰਮ ਵਿੱਚ ਲਵਾਉਣ ਲਈ ਯਤਨ ਕੀਤੇ। ਸਕਾਲਰਸ਼ਿਪ ਸ਼ੁਰੂ ਕੀਤੀ। ਹੁਣ ਚੱਕਚਾਸੀਂ ਕਲਾਸਾਂ ਉਪਲਬੱਧ ਨੇ ਤੇ Coarsegoed ਸ਼ਹਿਰ ਦੇ ਐਲੀਮੈਂਟਰੀ ਸਕੂਲ ਵਿੱਚ ਪੜ੍ਹਾਈਆਂ ਜਾਂਦੀਆਂ ਹਨ। ਇੱਕ ਕਬੀਲੇ ਨੇ ਇੱਕ ਮਿਲੀਅਨ ਡਾਲਰ ਭਾਸ਼ਾ ਬਚਾਉਣ ਲਈ ਲੈ ਦਿੱਤਾ।ਪੰਜਾਬੀ ਕੌਮ ਵੱਡੀ ਤੋਂ ਵੱਡੇ ਕਾਰੋਬਾਰਾਂ ਵਾਲੀ ਹੋਣ ਦੇ ਬਾਵਜ਼ੂਦ ਨਹੀਂ ਕਰ ਸਕੀ।
ਭਾਸ਼ਾ ਰੱਬੀ ਦਾਤ ਨਹੀਂ ਹੈ। ਭਾਸ਼ਾ ਮਾਨਵਜਾਤੀ ਦੀ ਇੱਕ ਮੌਲਿਕ ਤੇ ਮਹੱਤਵਪੂਰਨ ਪ੍ਰਾਪਤੀ ਹੈ। ਮਨੁੱਖ ਦੀਆਂ ਹੋਰ ਸਭ ਪ੍ਰਾਪਤੀਆਂ ਇਸੇ ਪ੍ਰਾਪਤੀ ਦਾ ਫਲ ਹੀ ਹਨ। ਭਾਸ਼ਾ ਕਿਸੇ ਸਭਿਆਚਾਰ ਦੀਆਂ ਜੜ੍ਹਾਂ ਦਾ ਸਿਰਨਾਵਾਂ ਹੈ। ਇਹ ਭਾਸ਼ਾ ਹੀ ਹੈ ਜੋ ਗਿਆਨ ਵਿਗਿਆਨ ਤੇ ਕੁਦਰਤ ਦੇ ਰੱਹਸ ਮੂਰਤੀਮਾਨ ਕਰਦੀ ਹੈ। ਭਾਸ਼ਾ ਨੂੰ ਇੱਕ ਸਜਿੰਦ ਹੋਂਦ ਮੰਨਿਆ ਗਿਆ ਹੈ। ਭਾਸ਼ਾ ਹੀ ਮਨੁੱਖ ਜਾਤੀ ਨੂੰ ਪਸ਼ੂ -ਜਾਤੀ ਨਾਲੋਂ ਵਖਰਾਉਂਦੀ ਹੈ। ਭਾਸ਼ਾ ਤੇ ਲਿੱਪੀ ਦੋਵੇਂ ਮਨੁੱਖ ਦੀਆਂ ਅਹਿਮ ਪ੍ਰਾਪਤੀਆਂ ਨੇ। ਚਿੱਤਰ ਲਿਪੀ, ਸੂਤਰ ਲਿਪੀ ,ਪ੍ਰਤੀਕਾਤਮਿਕ ਲਿੱਪੀ ਤੋਂ ਲੈ ਕੇ ਧੁਨੀਮੂਲਕ ਲਿੱਪੀ ਤੇ ਅਖਰਾਤਮਿਕ ਲਿੱਪੀ ਤੱਕ ਲਿਪੀਆਂ ਦੀ ਹੋਂਦ ਦਾ ਵਿਕਾਸ ਦਾ ਸਮਾਂ 10,000 ਪੂਰਵ ਈਸਵੀ ਤੋਂ ਲੈ ਕੇ 4000 ਪੂਰਵ ਈਸਵੀ ਤੱਕ ਕਿਆਸ ਕੀਤਾ ਜਾਂਦਾ ਹੈ। ਗੁਰਮੁਖੀ ਲਿੱਪੀ ਵੀ ਪੁਰਾਤਨ ਲਿੱਪੀ ਹੈ ਤੇ ਵਿਕਾਸਸ਼ੀਲ ਹੈ। ਇਸਦੇ ਨਿਰੰਤਰ ਵਿਕਾਸ ਲਈ ਯੋਗ ਪ੍ਰਬੰਧ ਤੇ ਯੋਜਨਾਬੰਧ ਉਦੇਸ਼ ਜ਼ਰੂਰੀ ਨੇ। ਨਹੀਂ ਤਾਂ ਇਹ ਹੋਰ ਪੁਰਾਤਨ ਤਾਂ ਹੁੰਦੀ ਜਾਏਗੀ ਪਰ ਵਿਕਾਸ ਤੇ ਵਿਸਥਾਰ ਨਹੀਂ ਹੋ ਸਕੇਗਾ।
ਜਾਰਜ ਸਿੰਪਸਨ ਦਾ ਕਹਿਣਾ ਹੈ ਕਿ ,"ਮਾਤ ਭਾਸ਼ਾ ਮਹਿਜ਼ ਸਕੂਲੀ ਪੜ੍ਹਾਈ ਦਾ ਮਜ਼ਮੂਨ ਨਹੀਂ ਹੈ। ਇਹ ਤਾਂ ਹੋਂਦ ਦੀ ਸ਼ਰਤ ਹੈ। ਇਹ ਜਿੰਦਗੀ ਦੀ ਉਹ ਘਟਨਾ ਹੈ ਜਿਸ ਤੋਂ ਅੱਡ ਨਹੀਂ ਹੋਇਆ ਜਾ ਸਕਦਾ। ਇਸ ਦਾ ਸਰੋਕਾਰ ਹਰ ਉਸ ਵਿਅਕਤੀ ਨਾਲ ਹੈ ਜੋ ਮਾਂ ਬੋਲੀ ਨਾਲ ਪੰਘੂੜੇ ਤੋਂ ਕਬਰ ਤੱਕ ਜੁੜਿਆ ਰਹਿੰਦਾ ਹੈ। ਮਾਤ -ਭਾਸ਼ਾ ਦਾ ਸਬਕ ਕੇਵਲ ਗਿਆਨ ਦੇ ਸੰਚਾਰ ਦਾ ਮੌਕਾ ਹੀ ਨਹੀਂ ਸਗੋਂ ਇਹ ਤਾਂ ਬੰਦੇ ਦੀ ਜ਼ਿੰਦਗੀ ਦੀ ਸ੍ਰੀ ਗਣੇਸ਼ ਹੁੰਦੀ ਹੈ। ਸਾਹਿਤ ਕੌਮ ਦਾ ਦਿਲ ਕਿਹਾ ਗਿਆ ਹੈ ਪਰ ਭਾਸ਼ਾ ਬਿਨਾ ਸਾਹਿਤ ਦੀ ਹੋਂਦ ਨਹੀਂ -"ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣਗੀਆਂ - ਮਾਵਾਂ ਦੀਆਂ ਲੋਰੀਆਂ ਦੁਆਵਾਂ ਰੁਲ ਜਾਣਗੀਆਂ। "
ਪੰਜਾਬ ਕਿਸੇ ਵੇਲ ਸੱਤ ਦਰਿਆਵਾਂ ਦੀ ਧਰਤੀ ਨੂੰ ਸੀ ਜਿਸ ਨੂੰ ਸਪਤ - ਸਿੰਧੂ ਕਿਹਾ ਜਾਂਦਾ ਰਿਹਾ ਹੈ। ਫੇਰ ਪੰਜ ਦਰਿਆਵਾਂ ਦਾ ਪੰਜਾਬ ਹੋ ਗਿਆ। 1947 ਦੀ ਵੰਡ ਨੇ ਹੋਰ ਛਾਂਗ ਦਿੱਤਾ। 1966 ਵਿੱਚ ਭਾਸ਼ਾ ਦੇ ਅਧਾਰ ਤੇ ਬਣਿਆ ਪੰਜਾਬ ਸੂਬਾ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਵੀ ਗੁਆ ਬੈਠਾ। ਭਾਸ਼ਾ ਅਜੇ ਵੀ ਪੰਜਾਬੀਆਂ ਲਈ ਮਸਲਾ ਬਣੀ ਹੋਈ ਹੈ। ਪੰਜਾਬ ਦੇ ਪਹਿਲਾਂ ਕਈ ਟੁਕੜੇ ਹੋਏ। ਹੁਣ ਪੰਜਾਬ ਕਈ ਟੁਕੜਿਆਂ 'ਚ ਬਾਹਰਲੇ ਦੇਸ਼ਾਂ 'ਚ ਆ ਵੱਸਿਆ। ਪੰਜਾਬ ਗੁਲਾਬ ਦੀਆਂ ਕਲਮਾਂ ਬਦੇਸ਼ਾਂ 'ਚ ਲੱਗਿਆਂ , ਖਿੜੀਆਂ ਤੇ ਮਹਿਕੀਆਂ। ਪੰਜਾਬੀ ਵੀ ਵਸਣ ਨਾਲ ਬੋਲੀ ਵੀ ਵਸੇ ਤੇ ਵਿਕਾਸ ਕਰੇ। ਇਸ ਵਾਸਤੇ ਸਿਰਫ ਝੰਡਾਗੀਰੀ ਕਰਨ ਨਾਲੋਂ ਅਮਲੀ ਕੰਮ ਕਰਨ ਦੀ ਜ਼ਰੂਰਤ ਹੈ। ਅਮਰੀਕਾ ਉਹ ਦੇਸ਼ ਹੈ ਜਿਸ ਨੂੰ Walt Whitman ਕਹਿੰਦਾ ਹੈ " Here is not merely a nation but a teeming nation of nations " ਇਹ ਪੰਜਾਬੀਆਂ ਦੇ ਨਿਸ਼ਚੇ ਅਤੇ ਭਵਿੱਖ -ਦ੍ਰਿਸ਼ਟੀ ਤੇ ਨਿਰਭਰ ਕਰਦਾ ਹੈ ਕਿ ਉਹ ਇਸ "teeming nation of nations" ਆਪਣੀ ਸੰਪੂਰਣ ਸਥਾਪਤੀ ਲਈ ਕਿੰਨੇ ਕੁ ਸੁਹਿਰਦ ਯਤਨ ਕਰਦੇ ਨੇ। ਪੰਜਾਬੀ ਭਾਸ਼ਾ 'ਚ ਤਾਂ ਬੜੀ ਸਮਰਥਾ ਹੈ। ਪੰਜਾਬੀਆਂ'ਚ ਕਿੰਨੀ ਕੁ ਸਮਰਥਾ ਹੈ ,ਇਹ ਉਨ੍ਹਾਂ ਨੂੰ ਸਾਬਤ ਕਰਨਾ ਪਏਗਾ। ਰਸੂਲ ਹਮਜ਼ਾਤੋਵ ਦਾ ਕਥਨ ਹੈ ,"ਕੌਮ ਦੀਆਂ ਬੋਲੀਆਂ ਆਕਾਸ਼ ਵਿਚਲੇ ਸਿਤਾਰਿਆਂ ਵਾਂਗ ਹਨ। ਮੈਂ ਨਹੀਂ ਚਾਹੁੰਦਾ ਕਿ ਸਾਰੇ ਸਿਤਾਰੇ ਇੱਕ ਵੱਡੇ ਸਾਰੇ ਸਿਤਾਰੇ ਵਿੱਚ ਮਿਲ ਕੇ ਇੱਕ ਹੋ ਜਾਣ ਜਿਸਨੇ ਅੱਧਾ ਅਕਾਸ਼ ਘੇਰਿਆ ਹੋਵੇ। ਇਸ ਕੰਮ ਲਈ ਸੂਰਜ ਹੈ। ਪਰ ਅਕਾਸ਼ ਵਿੱਚ ਸਿਤਾਰੇ ਵੀ ਚਮਕਣੇ ਚਾਹੀਦੇ ਹਨ। ਹਰ ਕੌਮ ਨੂੰ ਆਪਣਾ ਸਿਤਾਰਾ ਰੱਖਣ ਦਿਉ। " ਪੰਜਾਬੀ ਕੌਮ ਨੂੰ ਆਪਣਾ ਸਿਤਾਰਾ ਰੱਖਣ ਲਈ ਰਸੂਲ ਹਮਜ਼ਾਤੋਵ ਵਰਗੇ ਜ਼ਜ਼ਬੇ ਦੀ ਲੋੜ ਹੈ, ਤਾਂ ਹੀ ਪੰਜਾਬੀ ਭਾਸ਼ਾ ਸੀ ਮੁਹਿੰਮ ਜਿੱਤੀ ਜਾ ਸਕਦੀ ਹੈ।