ਪੰਜਾਬੀਆਂ ਨੂੰ ਚੁੰਬੜਿਆ ਕਰੋ ਨਾ ਵਾਇਰਸ
(ਲੇਖ )
ਕਿਸੇ ਸਮੇਂ ਪੰਜਾਬੀਆਂ ਨੂੰ ਕੰਮ ਪ੍ਰਤੀ ਰੁਚੀ ਕਰਕੇ ਪਹਿਚਾਣਿਆ ਜਾਂਦਾ ਸੀ। ਉਹ ਭਾਰੇ ਤੋਂ ਭਾਰੇ ਅਤੇ ਔਖੇ ਤੋਂ ਔਖੇ ਕੰਮ ਕਰਨ ਲਈ ਮਸ਼ਹੂਰ ਸੀ। ਇਹਨਾਂ ਦੀਆਂ ਖੇਡਾਂ ਵੀ ਅਜਿਹੀਆਂ ਹੀ ਸਨ ਜਿਵੇਂ ਬੋਰੀ ਚੁੱਕਣੀ,ਮੁਦਕਰ ਚੁੱਕਣੇ, ਭਲਵਾਨੀ, ਕਬੱਡੀ ਆਦਿ। ਪੰਜਾਬ ਦੀ ਨਵੀਂ ਪੀੜ੍ਹੀ ਦਾ ਹੱਥੀ ਕੰਮ ਕਰਨ ਦਾ ਰੁਝਾਨ ਘਟਿਆ ਹੈ। ਹਰ ਕਿੱਤੇ 'ਚ ਪ੍ਰਵਾਸੀਆਂ ਦੀ ਪਕੜ ਮਜਬੂਤ ਹੋ ਰਹੀ ਹੈ। ਇਹ ਬਿੱਲਕੁਲ ਸੱਚੀ ਗੱਲ ਹੈ ਕਿ ਕੰਮ ਤੇ ਅਣਖ ਲਈ ਜਾਣੇ ਜਾਂਦੇ ਪੰਜਾਬੀ ਹੁਣ ਕੰਮ ਤੋਂ ਕੰਨੀ ਕਤਰਾਉਣ ਲੱਗੇ ਹਨ। ਜੋ ਬਹੁਤ ਮਾੜੀ ਗੱਲ ਹੈ ਅੱਜ ਕਿਸੇ ਵੀ ਕੰਮ ਵਿੱਚ ਪਹਿਲਾਂ ਜਿੰਨੀ ਮਿਹਨਤ ਨਹੀਂ ਕਰਨੀ ਪੈਂਦੀ ਕਿਉਕਿ ਹਰ ਭਾਰੀ ਕੰਮ ਕਰਨ ਲਈ ਮਸ਼ੀਨਰੀ ਆ ਗਈ ਹੈ। ਹੌਲਾ ਕੰਮ ਵੀ ਪੰਜਾਬੀ ਕਰਨ ਤੋਂ ਕੰਨੀ ਕਤਰਾ ਰਹੇ ਹਨ। ਅੱਜ ਹਰ ਗੱਭਰੂ ਦੀ ਇੱਛਾ ਵਿਦੇਸ਼ ਜਾਣ ਦੀ ਬਣ ਗਈ ਹੈ। ਵਿਦੇਸ਼ ਵਿੱਚ ਕਿਹੜਾ ਵਿਹਲੇ ਬੈਠ ਕੇ ਰੋਟੀ ਮਿਲਦੀ ਹੈ ਕੰਮ ਤਾਂ ਓਥੇ ਵੀ ਕਰਨਾ ਪੈਂਦਾ ਹੈ। ਪਰ ਇਥੇ ਕੰਮ ਕਰਦੇ ਹੋਏ ਲੋਕ ਸ਼ਰਮ ਮਹਿਸੂਸ ਕਰਦੇ ਹਨ। ਜੋ ਦੇਖੋ ਦੇਖ ਇਹ ਰੀਤ ਬਣ ਗਈ ਹੈ। ਸੋ ਅੱਜ ਲੋੜ ਹੈ ਇਹ ਸ਼ਰਮ ਹਯਾ ਤੋਂ ਉਪਰ ਉਠ ਕੇ ਰੋਟੀ ਹੱਕ ਦੀ ਖਾਣ ਦੀ ਉਹ ਭਾਂਵੇਂ ਕੋਈ ਵੀ ਕੰਮ ਕਰਕੇ ਖਾਧੀ ਜਾਵੇ। ਅੱਜ ਦੇ ਮਾਪੇ ਬੱਚਿਆਂ ਦੇ ਵੱਧ ਨੰਬਰ ਲੈਣ ਦੇ ਚੱਕਰ ਵਿੱਚ ਬੱਚਿਆਂ ਨੂੰ ਹੱਥੀ ਕੰਮ ਨਹੀਂ ਕਰਨ ਦਿੰਦੇ, ਕਦੇ ਜ਼ਮਾਨਾ ਸੀ ਬੱਚੇ ਪੜ੍ਹਾਈ ਦੇ ਨਾਲ ਨਾਲ ਮੱਝਾਂ ਚਾਰਨਾ, ਪੱਠੇ ਵੱਢਣਾ,ਮਿਸਤਰੀ ਦਾ ਕੰਮ ਕਰਨ ਵਾਲੇ ਦਾ ਬੱਚਾ ਮਿਸਤਰੀ ਵਾਲਾ ਕੰਮ, ਦੁਕਾਨਦਾਰ ਦਾ ਬੱਚਾ ਦੁਕਾਨ ਤੇ ਆਦਿ ਘਰੇ ਕੰਮ ਵਿੱਚ ਮਾਂ ਬਾਪ ਦੀ ਮੱਦਦ ਕਰਦੇ ਸੀ। ਇਸ ਤਰ੍ਹਾਂ ਬੱਚਿਆਂ ਦੀ ਕੰਮ ਵਿਚ ਰੁਚੀ ਬਣ ਜਾਂਦੀ ਸੀ ਤੇ ਉਹ ਘਰੇ ਕੰਮ ਕਰਦਾ ਕਰਦਾ ਪਿਤਾ ਪੁਰਖੀ ਕੰਮ ਸਿੱਖ ਜਾਂਦਾ ਸੀ। ਜਦੋਂ ਕਿ ਅੱਜ ਦੇ ਬੱਚੇ 18-20 ਸਾਲ ਦੀ ਉਮਰ ਤੱਕ ਪੜ੍ਹਾਈ ਤੋਂ ਬਿਨਾਂ ਕਿਸੇ ਕੰਮ ਵਿੱਚ ਰੁਚੀ ਹੀ ਨਹੀਂ ਰੱਖਦੇ। ਇੱਥੋਂ ਤੱਕ ਕਿ ਬੱਚੇ ਘਰਦੇ ਕਿਸੇ ਵੀ ਕੰਮ ਨੂੰ ਨਹੀਂ ਕਰਦੇ ਖਾਸ ਕਰਕੇ ਕੁੜੀਆਂ ਜਦੋਂ ਏਨੀ ਉਮਰ ਤੱਕ ਚਾਹ ਰੋਟੀ ਆਦਿ ਵੀ ਨਹੀਂ ਬਣਾ ਸਕਦੀਆਂ ਤਾਂ ਉਹਨਾਂ ਦੀ ਵਿਹਾਉਤਾ ਜਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਹਨ। ਕਈ ਘਰ ਇਸੇ ਕਰਕੇ ਟੁੱਟਦੇ ਦੇਖੇ ਗਏ ਹਨ। ਵਿਦੇਸ਼ ਜਾ ਕੇ ਵੀ ਬੱਚਿਆ ਨੂੰ ਕੰਮ ਕਰਨ ਦੀ ਬਹੁਤ ਮੁਸ਼ਕਲ ਆਉਂਦੀ ਹੈ। ਜਿਸ ਬੱਚੇ ਨੇ ਘਰੇ ਕੰਮ ਨਹੀਂ ਕੀਤਾ ਹੁੰਦਾ ਉਹਨੂੰ ਵਿਦੇਸ਼ਾਂ ਵਿੱਚ ਕੰਮ ਕਰਨਾ ਬਹੁਤ ਔਖਾ ਲੱਗਦਾ ਹੈ। ਅੱਜ ਇਸ ਪਾਸੇ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ। ਵਿਦੇਸ਼ਾਂ ਵਾਂਗ ਇਥੇ ਵੀ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਕੰਮ ਦਿੱਤਾ ਜਾਵੇ। ਇਸ ਦੇ ਨਾਲ ਨਾਲ ਹਰ ਮਾਪੇ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਔਲਾਦ ਨੂੰ ਕਿਰਤ ਨਾਲ ਜਰੂਰ ਜੋੜੇ ਕਿਉਕਿ ਕੰਮ ਹੀ ਪੂਜਾ ਹੈ। ਪੂਜਾ ਤੋਂ ਯਾਦ ਆਇਆ ਕਿ ਇਥੇ ਹੋਰ ਨਿੱਕੇ ਮੋਟੇ ਕੰਮ ਤਾਂ ਪ੍ਰਵਾਸੀ ਮਜ਼ਦੂਰਾਂ ਨੇ ਸਾਂਭ ਲਏ ਹਨ ਜਾਂ ਸਾਂਭ ਰਹੇ ਹਨ। ਪਰ ਸਾਡੇ ਗੁਰੂ ਘਰਾਂ ਵਿੱਚ ਗਰੰਥੀ ਸਿੰਘਾਂ ਦਾ ਕੰਮ ਕੌਣ ਕਰੇਗਾ ਕਿਉਕਿ ਦੇਖਣ ਵਿੱਚ ਆਇਆ ਹੈ ਕਿ ਨਵੀ ਪੀੜ੍ਹੀ ਦੇ ਨੌਜਵਾਨਾਂ ਦੀ ਇਸ ਪਾਸੇ ਰੁਚੀ ਬਿਲਕੁਲ ਘੱਟ ਹੈ।ਦੂਜੇ ਪਾਸੇ ਅਸੀਂ ਪਿੰਡਾਂ ਵਿੱਚ ਪੰਜ ਪੰਜ ਸੱਤ ਸੱਤ ਗੁਰਦੂਆਰੇ ਬਣਾ ਰੱਖੇ ਹਨ। ਇੱਕ ਪਿੰਡ ਵਿੱਚ ਤਾਂ ਚਾਲੀ ਗੁਰਦੁਆਰੇ ਵੀ ਸੁਣਨ ਵਿੱਚ ਆਏ ਹਨ।ਇਹਨਾਂ ਵਿੱਚ ਲੰਗਰ ਆਦਿ ਦੀ ਸੇਵਾ ਤਾਂ ਭਈਏ ਕਰ ਸਕਦੇ ਹਨ ਪਰ ਗੁਰਬਾਣੀ ਪੜ੍ਹਨਾਂ ਉਹਨਾਂ ਲਈ ਮੁਸ਼ਕਲ ਕੰਮ ਹੈ ਕਿਉਕਿ ਉਹ ਸ਼ੁੱਧ ਪੰਜਾਬੀ ਨਹੀਂ ਬੋਲ ਸਕਦੇ। ਸੋ ਕੀ ਬਣੂ ਸਾਡੇ ਪੰਜਾਬ ਦਾ ਇਹ ਤਾਂ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ।