ਕਦੇ ਆਪ ਕੀ ਤੇ ਕਦੇ ਬਾਪ ਕੀ
(ਲੇਖ )
ਵਕਤ ਬੜੀ ਬਲਵਾਨ ਸ਼ੈਅ ਹੈ, ਬਦਲਦੇ ਦੇਰ ਨਹੀਂ ਲਾਉਂਦਾ। ਕਦੋਂ ਰਾਣੇ ਤੋਂ ਰੰਕ ਬਣਾ ਦੇਵੇ ਤੇ ਕਦੋਂ ਭਿਖਾਰੀ ਨੂੰ ਮਹਿਲੀਂ ਬਿਠਾ ਦੇਵੇ ਕੁਝ ਨਹੀਂ ਪਤਾ ਲੱਗਦਾ। ਅੱਜ ਦੇ ਇਸ ਲੇਖ 'ਚ ਐੱਨ.ਆਰ.ਆਈ. ਲੋਕਾਂ ਦੇ ਬਦਲੇ ਵਕਤ ਦੀਆਂ ਕੁਝ ਗੱਲਾਂ ਕਰਾਂਗੇ। ਪਰ ਉਸ ਤੋਂ ਪਹਿਲਾਂ ਕੁਝ ਕੁ ਬਦਲੇ ਸਮੇਂ ਦੀਆਂ ਵੱਡੀਆਂ ਘਟਨਾਵਾਂ ਨੂੰ ਯਾਦ ਕਰ ਲਈਏ।
ਧਰਮਯੁੱਧ ਮੋਰਚੇ 'ਚੋਂ ਨਿਕਲੀ ਪਾਰਟੀ ਯਾਨੀ ਕਿ 'ਸ਼੍ਰੋਮਣੀ ਅਕਾਲੀ ਦਲ' ਨੇ ਆਪਣੇ ਸੋ ਸਾਲ ਦੇ ਇਤਿਹਾਸ 'ਚ ਬਹੁਤ ਸਾਰੇ ਝੱਖੜਾਂ ਦਾ ਸਾਹਮਣਾ ਕੀਤਾ ਪਰ ਧਰਮ ਦੇ ਨਾਂ ਤੇ ਹਰ ਬਾਰ ਮੁਸੀਬਤਾਂ ਦਾ ਸਾਹਮਣਾ ਕਰਦੀ ਰਹੀ। ਧਰਮ ਦੀ ਦੁਹਾਈ ਦੇ ਕੇ ਲੋਕਾਂ ਨੂੰ ਮਗਰ ਲਾਉਂਦੀ ਰਹੀ। ਪਰ ਦੋ ਕੁ ਸਾਲ ਪਹਿਲਾਂ ਵਕਤ ਨੇ ਇਹੋ ਜਿਹੀ ਕਰਵੱਟ ਲਈ ਕਿ ਉਹੀ ਧਰਮ ਸੀ ਤੇ ਉਹੀ ਉਸ ਦੇ ਪੈਰੋਕਾਰ ਅਤੇ ਉਨ੍ਹਾਂ ਦੀਆਂ ਵੋਟਾਂ ਨਾਲ ਜਿੱਤ ਕੇ ਸੱਤਾ ਦੇ ਸੁਖ ਭੋਗੀ ਸਨ। ਪਰ ਬਰਗਾੜੀ ਕਾਂਡ ਨੇ ਇਹੋ ਜਿਹੇ ਦਿਨ ਲਿਆ ਦਿੱਤੇ ਸਨ ਕਿ ਹਰ ਕੋਈ ਆਪਣੇ ਆਪ ਨੂੰ ਅਕਾਲੀ ਕਹਾਉਣ ਤੋਂ ਵੀ ਡਰਨ ਲੱਗ ਗਿਆ ਸੀ। ਜਿਹੜੇ ਪਿੰਡਾਂ ਦੇ ਉਹ ਰਾਜੇ ਸਨ ਉਨ੍ਹਾਂ ਪਿੰਡਾਂ ਚੋਂ ਹੀ ਮੂੰਹ ਢੱਕ ਕੇ ਲੰਘਣਾ ਪੈਂਦਾ ਸੀ। ਆਪ ਕੀ ਚੱਲਣੋਂ ਹਟ ਗਈ ਸੀ ਤੇ ਬਾਪ ਦੀ ਵਾਰੀ ਆ ਗਈ ਸੀ। ਇਹ ਵੱਖਰੀ ਗੱਲ ਹੈ ਕਿ ਸਾਨੂੰ ਮਾਲਕ ਨੇ ਭੁੱਲਣਹਾਰ ਬਣਾਇਆ ਹੈ ਸੋ ਅਸੀਂ ਛੇਤੀ ਭੁੱਲ ਕੇ ਫੇਰ ਉਨ੍ਹਾਂ ਦੇ ਮਗਰ ਹੀ ਜੈਕਾਰੇ ਲਾਉਣ ਲੱਗ ਪਏ।
ਇਕੱਲੇ ਇਨਸਾਨ ਦੀਆਂ ਉਦਾਹਰਨ ਨਾਲ ਤਾਂ ਇੱਥੇ ਖੂਹ ਭਰਿਆ ਜਾ ਸਕਦਾ ਹੈ ਪਰ ਜਦੋਂ ਵੱਡੇ ਪੱਧਰ ਤੇ ਲੁਕਾਈ ਪ੍ਰਭਾਵਿਤ ਹੁੰਦੀ ਹੈ ਤਾਂ ਉਹ ਜ਼ਿਕਰਯੋਗ ਹੁੰਦੀਆਂ ਹਨ। ਇਕੱਲੇ-ਇਕੱਲਿਆਂ 'ਚ ਤਾਂ ਸੱਦਾਮ ਹੁਸੈਨ ਤੋਂ ਲੈ ਕੇ ਅਡਵਾਨੀ ਤੱਕ ਬਹੁਤ ਸਾਰੇ ਨਾਮ ਇੱਥੇ ਗਿਣਾਏ ਜਾ ਸਕਦੇ ਹਨ। ਇਹਨਾਂ ਸਭ ਦੇ ਹੁਕਮਾਂ ਬਿਨਾਂ ਕਦੇ ਪੱਤਾ ਨਹੀਂ ਸੀ ਹਿੱਲਦਾ ਪਰ ਵਕਤ ਨੇ ਖੁੱਡੀ ਵਾੜ ਦਿੱਤੇ ਸਭ। ਗੱਲ ਇੱਥੇ ਇਕੱਲੇ ਵਕਤ ਦੀ ਵੀ ਨਹੀਂ ਕੀਤੀ ਜਾ ਸਕਦੀ! ਗੱਲ ਇੱਥੇ ਉਨ੍ਹਾਂ ਪੈਰੋਕਾਰਾਂ ਦੀ ਵੀ ਕਰਨੀ ਬਣਦੀ ਹੈ ਜੋ ਰਾਤੋਂ-ਰਾਤ ਅੱਖਾਂ ਫੇਰ ਲੈਂਦੇ ਹਨ।
ਮੁੱਦੇ ਤੇ ਆਉਂਦੇ ਹਾਂ। ਭਾਵੇਂ ਦੁਨੀਆ ਭਰ 'ਚ ਪਰਵਾਸ ਹੁੰਦਾ ਆਇਆ ਹੈ ਪਰ ਪੰਜਾਬੀਆਂ ਦਾ ਪਰਵਾਸ ਨਾਲ ਕੁਝ ਜ਼ਿਆਦਾ ਹੀ ਮੋਹ ਰਿਹਾ ਹੈ। ਕਾਰਨ ਕਈ ਹਨ। ਕਿਸੇ ਦੀ ਕੋਈ ਮਜਬੂਰੀ, ਕਿਸੇ ਦੀ ਲਾਲਸਾ ਤੇ ਕਿਸੇ ਦਾ ਸ਼ੌਕ। ਤੇ ਪਰਵਾਸੀ ਆਪਣੇ ਆਪ ਨੂੰ ਦਿਲਾਸਾ ਦੇਣ ਲਈ ਤੇ ਉੱਤਮ ਬਣਨ ਲਈ ਅਕਸਰ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਜੀ ਅਸੀਂ ਤਾਂ ਬਾਬਾ ਨਾਨਕ ਜੀ ਦੇ ਸਰਾਪੇ ਇਨਸਾਨ ਹਾਂ। ਉਨ੍ਹਾਂ ਇੱਕ ਬਾਰ ਮਾੜੇ ਬੰਦਿਆਂ ਨੂੰ 'ਵੱਸਦੇ ਰਹੋ' ਤੇ ਚੰਗੇ ਬੰਦਿਆਂ ਨੂੰ 'ਉੱਜੜ ਜਾਓ' ਦਾ ਹੁਕਮ ਕਰ ਦਿੱਤਾ ਸੀ ਤੇ ਹੁਣ ਅਸੀਂ ਦੁਨੀਆ 'ਚ ਚੰਗਿਆਈ ਖਿਲਾਰ ਰਹੇ ਹਾਂ। ਚਲੋ ਗ਼ਾਲਿਬ ਦੇ ਕਹਿਣ ਵਾਂਗ ਦਿਲ ਪ੍ਰਚਾਉਣ ਨੂੰ ਇਹ ਖ਼ਿਆਲ ਵੀ ਚੰਗਾ ਹੀ ਹੈ।
ਪੰਜਾਬੀਆਂ ਦੇ ਪਰਵਾਸ ਦੀਆਂ ਪੈੜਾਂ ਹੁਣ ਤਾਂ ਸਦੀਆਂ ਪੁਰਾਣੀਆਂ ਹੋ ਚੁੱਕੀਆਂ ਹਨ। ਕੋਈ ਵੇਲਾ ਸੀ ਜਦੋਂ ਸਮੁੰਦਰਾਂ ਰਾਹੀਂ ਪਰਵਾਸ ਹੁੰਦਾ ਸੀ ਤੇ ਜਿਹਨਾਂ ਦਾ ਕੋਈ ਜੀਅ ਪਰਵਾਸ ਕਰ ਜਾਂਦਾ ਸੀ ਉਸ ਟੱਬਰ ਨੂੰ ਪਿੰਡ 'ਚ ਤਰਸ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ ਤੇ ਅਕਸਰ ਕਿਹਾ ਜਾਂਦਾ ਸੀ ਕਿ ਭਾਈ ਇਹਨਾਂ ਦੇ ਹੱਡਾ ਨੂੰ ਤਾਂ ਵਿਛੋੜੇ ਦਾ ਰੋਗ ਲੱਗਿਆ। ਕਿਉਂਕਿ ਇੱਕ ਬਾਰ ਗਿਆ ਬੰਦਾ ਜਾਂ ਤਾਂ ਮੁੜਦਾ ਹੀ ਨਹੀਂ ਸੀ ਜਾਂ ਫੇਰ ਸਾਲਾਂ-ਬੱਧੀ ਮੋੜਾ ਪੈਂਦਾ। ਇਤਿਹਾਸ ਦੱਸਦਾ ਹੈ ਕੇ ਜਦੋਂ ਕੋਈ ਪਰਵਾਸੀ ਪਿੰਡ 'ਚ ਆਉਂਦਾ ਤਾਂ ਸਾਰੇ ਪਿੰਡ ਨੂੰ ਵਿਆਹ ਜਿੰਨਾ ਚਾਅ ਹੁੰਦਾ। ਰਾਤ-ਰਾਤ ਭਰ ਉਸ ਦੇ ਕਿੱਸੇ ਸੁਣਨ ਲਈ ਪਿੰਡ ਇਕ ਜੁੱਟ ਹੋ ਕੇ ਬਹਿੰਦਾ। ਫੇਰ ਥੋੜ੍ਹਾ ਜਿਹਾ ਵਕਤ ਬਦਲਿਆ। ਪਰਵਾਸੀ ਹਵਾ ਰਾਹੀਂ ਆਉਣ ਜਾਣ ਲੱਗ ਪਏ। ਪੰਜੀ-ਸੱਤੀ ਸਾਲੀ ਪਿੰਡ ਗੇੜਾ ਮਾਰਨ ਲੱਗ ਪਏ। ਜਦੋਂ ਕਦੇ ਪ੍ਰਵਾਸੀ ਪਿੰਡ ਆਉਂਦਾ ਤਾਂ ਜਿੱਥੇ ਮੁੰਡੇ ਖੁੰਢੇ ਕੋਹ-ਕਾਫ਼ ਦੀਆਂ ਪਰੀਆਂ ਦੀਆਂ ਗੱਲਾਂ ਸੁਣਦੇ, ਉੱਥੇ ਬਜ਼ੁਰਗ ਵੀ ਮੁੱਛਾਂ ਥਾਣੀ ਹੱਸਦੇ। ਕਿਉਂਕਿ ਉਦੋਂ ਤੱਕ ਪੱਛਮੀ ਸੰਸਾਰ ਨੂੰ ਬੇਸ਼ਰਮੀ ਨਾਲ ਰਹਿਣ ਵਾਲੇ ਹੀ ਮੰਨਿਆ ਜਾਂਦਾ ਸੀ। ਪਰ ਕੁਲ ਮਿਲਾ ਕੇ ਪ੍ਰਵਾਸੀ ਦੀ ਕਦਰ ਹੁੰਦੀ ਸੀ।
ਫੇਰ ਯੁੱਗ ਬਦਲਿਆ। ਪਰਵਾਸ ਕਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਹੋਇਆ। ਜਦੋਂ ਕਿਸੇ ਨੇ ਬਾਹਰੋਂ ਆਉਣਾ ਹੁੰਦਾ ਤਾਂ ਪਿੰਡ 'ਚੋਂ ਸਿਫ਼ਾਰਿਸ਼ਾਂ ਆਉਣ ਲੱਗ ਜਾਂਦੀਆਂ ਕਿ ਇਸ ਬਾਰ ਮੈਂ ਜਹਾਜ਼ ਚੜ੍ਹਾ ਕੇ ਆਊ ਜਾ ਲੈ ਕੇ ਆਊ। ਜਹਾਜ਼ਾਂ ਦੇ ਅੱਡਿਆਂ ਤੇ ਮੇਲੇ ਲੱਗਦੇ। ਜਾਣਾ ਇਕ ਨੇ ਹੁੰਦਾ ਤੇ ਸਾਰਾ ਕੁੜਮ ਕਬੀਲਾ ਜਹਾਜ਼ ਚੜ੍ਹਾਉਣ ਆ ਜਾਂਦਾ।
ਅੱਗੇ ਵਧਣ ਤੋਂ ਪਹਿਲਾਂ ਗੱਲ ਸੁਫ਼ਨਿਆਂ ਦੀ ਵੀ ਕਰ ਲਈਏ। ਹਰ ਇਨਸਾਨ ਦੇ ਸੁਫ਼ਨੇ ਹੁੰਦੇ ਹਨ ਜੋ ਉਹ ਉੱਠਦਾ-ਬਹਿੰਦਾ ਹਰ ਵਕਤ ਲੈਂਦਾ। ਜਦੋਂ ਕੋਈ ਪਰਵਾਸ ਵਾਲਾ ਹੂਲਾ ਫੱਕਣ ਦੀ ਸੋਚਦਾ ਤਾਂ ਉਸ ਦੇ ਇਕੱਲੇ ਜਾਗਦਿਆਂ ਹੀ ਨਹੀਂ ਸੁੱਤਿਆਂ ਵੀ ਸੁਫ਼ਨੇ 'ਚ ਪ੍ਰਦੇਸ ਹੀ ਦਿਸਦਾ। ਚਲੋ ਕਈਆਂ ਦੇ ਇਹ ਸੁਫ਼ਨੇ ਸਾਕਾਰ ਹੋ ਜਾਂਦੇ ਹਨ। ਫੇਰ ਸਮੇਂ ਦਾ ਪਹੀਆ ਉਲਟਾ ਘੁੰਮਦਾ ਉਸੇ ਇਨਸਾਨ ਦੇ ਸੁਫ਼ਨੇ ਬਦਲ ਜਾਂਦੇ ਹਨ। ਉਹ ਪਰਵਾਸ ਨੂੰ ਪੂਰਨ ਨਹੀਂ ਅਪਣਾਉਂਦਾ ਉਸ ਦੇ ਦਿਲ ਦਿਮਾਗ਼ 'ਚ ਉਸ ਦਾ ਪਿੰਡ ਉਸ ਦੇ ਆਪਣੇ ਆ ਕੇ ਅਟਕ ਜਾਂਦੇ ਹਨ। ਫੇਰ ਉਸ ਦਾ ਇੱਕੋ ਸੁਫ਼ਨਾ ਹੁੰਦਾ ਹੈ ਕਿ ਬੱਸ ਦੱਬ ਕੇ ਮਿਹਨਤ ਕਰਨੀ ਹੈ ਕੁਝ ਕੁ ਵਰ੍ਹੇ ਤੇ ਬੱਸ ਫੇਰ ਪਿੰਡ ਜਾ ਕੇ ਰਹਿਣਾ ਆਪਣਿਆਂ 'ਚ ਤੇ ਪਿੰਡ ਨੂੰ ਵੀ ਬਾਹਰਲੇ ਮੁਲਕ ਵਰਗਾ ਬਣਾ ਲੈਣਾ ਹੈ। ਬੱਸ ਫੇਰ ਕੀ, ਜਾਗਦਾ ਹੀ ਆਪਣੇ ਪਿਛਲੀਆਂ ਦੀ ਬਿਹਤਰੀ ਲਈ ਤਾਣਾ-ਬਾਣਾ ਬੁਣਦਾ ਰਹਿੰਦਾ ਹੈ ਤੇ ਰਾਤ ਨੂੰ ਸੁਫ਼ਨੇ 'ਚ ਪਿੰਡ ਦੀਆਂ ਗਲੀਆਂ 'ਚ ਭਟਕਦਾ ਫਿਰਦਾ। ਜਦੋਂ ਥੋੜ੍ਹਾ ਜਿਹਾ ਵੀ ਪੈਰਾਂ ਸਿਰ ਹੁੰਦਾ ਤਾਂ ਕਦੇ ਪਿੰਡ 'ਚ ਕੋਈ ਕੈਂਪ ਲਗਵਾਉਂਦਾ, ਕਦੇ ਕੋਈ ਖੇਡ ਮੇਲਾ ਕਰਵਾਉਂਦਾ ਤੇ ਕਦੇ ਪਿੰਡ 'ਚ ਲਾਇਬਰੇਰੀ ਖੋਲ੍ਹਦਾ।
ਪੰਜਾਬ ਤੇ ਆਈਆਂ ਸਾਰੀਆਂ ਹਨੇਰੀਆਂ ਨੂੰ ਪੜਚੋਲ ਕੇ ਦੇਖ ਲਵੋ ਪ੍ਰਵਾਸੀ ਤਨ ਮਨ ਧਨ ਨਾਲ ਮੂਹਰੇ ਹੋ ਕੇ ਖਲੋਏ ਹਨ। ਭਾਵੇਂ ਲੋਕ ਉਸ ਨੂੰ ਫੁਕਰਾ ਵੀ ਕਹਿ ਦਿੰਦੇ ਵੀ ਉੱਥੇ ਦਿਹਾੜੀ ਕਰਦਾ ਤੇ ਇੱਥੇ ਸ਼ਾਹੂਕਾਰ ਬਣਦਾ ਫਿਰਦਾ। ਪਰ ਫੇਰ ਵੀ ਉਹ ਰੁਕਦਾ ਨਹੀਂ। ਇਸ ਦੇ ਬਦਲੇ ਪ੍ਰਵਾਸੀਆਂ ਨੂੰ ਕੀ ਮਿਲਦਾ? ਆਪਣੀਆਂ ਪਿਤਾ ਪੁਰਖੀ ਜਾਇਦਾਦਾਂ ਨੂੰ ਬਚਾਉਣ ਦਾ ਵੀ ਫ਼ਿਕਰ ਦਿਨ ਰਾਤ ਖਾਂਦਾ। ਜਿਹੜੇ ਚਾਰ ਦਿਨ ਉਹ ਆਪਣੇ ਮੁਲਕ ਆਉਂਦਾ ਉਨ੍ਹਾਂ ਦਿਨਾਂ 'ਚ ਹਰ ਕੋਈ ਉਸ ਨੂੰ ਏ.ਟੀ.ਐੱਮ. ਮਸ਼ੀਨ ਹੀ ਸਮਝਦਾ, ਵੀ ਜਦੋਂ ਮਰਜ਼ੀ ਕਾਰਡ ਘਸਾ ਲਵੋ। ਬਹੁਤੇ ਆਪਣੇ ਇਸ ਲਈ ਪਾਸਾ ਵੱਟ ਲੈਂਦੇ ਹਨ ਕਿ ਉਨ੍ਹਾਂ ਦੇ ਜੁਆਕਾਂ ਨੂੰ ਬਾਹਰ ਸੈੱਟ ਨਹੀਂ ਕਰਦਾ। ਸਰਕਾਰੀ ਦਫ਼ਤਰਾਂ ਤੇ ਬਾਜ਼ਾਰਾਂ ਚ ਸੋਨੇ ਦੇ ਆਂਡੇ ਦੇਣ ਵਾਲੀ ਮੁਰਗ਼ੀ ਸਮਝਿਆ ਜਾਂਦਾ। ਨੇਤਾਵਾਂ ਨੇ ਤਾਂ ਹੁਣ ਸ਼ਰੇਆਮ ਕਹਿਣਾ ਸ਼ੁਰੂ ਕਰ ਦਿੱਤਾ ਕਿ ਬਾਹਰਲੀਆਂ ਭੇਡਾਂ ਯਾਨੀ ਐੱਨ.ਆਰ.ਆਈ. ਦੇ ਫੇਰ ਉੱਨ ਲਾਹੁਣ ਵਾਲੀ ਹੋ ਗਈ ਹੈ। ਪਰ ਉਹ ਫੇਰ ਵੀ ਇਕ ਪ੍ਰਵਾਸੀ ਆਪਣੇ ਨਾਲੋਂ ਵੱਧ ਆਪਣਿਆਂ ਬਾਰੇ ਸੋਚਦਾ।
ਇਹ ਲੇਖ ਲਿਖਣ ਦਾ ਕਾਰਨ ਤਾਜ਼ਾ ਮਹਾਂਮਾਰੀ ਕਰੋਨਾ ਤੋਂ ਬਾਅਦ ਪਰਵਾਸੀਆਂ ਪ੍ਰਤੀ ਬਦਲਿਆ ਨਜ਼ਰੀਆ ਹੈ। ਕੱਲ੍ਹ ਇਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਦੇਖ ਰਿਹਾ ਸੀ ਜਿਸ ਵਿਚ ਇਕ ਗੁਰੂ ਘਰ 'ਚੋਂ ਬਾਬਾ ਜੀ ਸੂਚਨਾ ਬੋਲ ਰਹੇ ਸਨ ਕਿ ਭਾਈ ਜੇ ਕੋਈ ਪ੍ਰਵਾਸੀ ਲੱਭਦਾ ਤਾਂ ਉਸ ਨੂੰ ਫੜ ਕੇ ਥਾਣੇ ਦੇ ਆਓ। ਨਹੀਂ ਤਾਂ ਉਹ ਸਾਰੇ ਪਿੰਡ ਨੂੰ ਲਾਗ ਲਾ ਦੇਵੇਗਾ। ਅਸੀਂ ਬਿਲਕੁਲ ਮੰਨਦੇ ਹਾਂ ਕਿ ਇਹ ਬਿਮਾਰੀ ਇਕ ਦੂਜੇ ਮੁਲਕ ਤੋਂ ਸਫ਼ਰ ਕਰਕੇ ਫੈਲ ਰਹੀ ਹੈ। ਪਰ ਇਸ ਲਈ ਇਕੱਲੇ ਪਰਵਾਸੀ ਹੀ ਦੋਸ਼ੀ ਕਿਉਂ? ਜੇਕਰ ਇਕੱਲੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਹਜ਼ਾਰਾਂ 'ਚ ਉਹ ਲੋਕ ਤੁਹਾਨੂੰ ਮਿਲ ਜਾਣਗੇ ਜੋ ਬਾਹਰਲੇ ਮੁਲਕਾਂ ਨਾਲ ਵਪਾਰ ਕਰਦੇ ਹਨ ਤੇ ਅਕਸਰ ਹਰ ਮਹੀਨੇ ਸਫ਼ਰ ਕਰਦੇ ਹਨ। ਖ਼ਾਸ ਕਰ ਚਾਈਨਾ ਤੋਂ ਮੁੜਨ ਵਾਲਿਆਂ ਦੀ ਵੱਡੀ ਗਿਣਤੀ ਹੈ। ਸੋ ਉਹ ਵਪਾਰੀ ਵੀ ਦੋਸ਼ੀ ਗਾਰਦਾਨੋ।
ਦੂਜੀ ਗੱਲ ਜਦੋਂ ਕੋਈ ਪਰਵਾਸੀ ਆਉਂਦਾ ਤੇ ਉਸ ਨੂੰ ਚੈੱਕ ਕਰਨ ਦਾ ਫ਼ਰਜ਼ ਸਰਕਾਰ ਦਾ ਬਣਦਾ। ਚਲੋ ਹੁਣ ਤਾਂ ਇਕ ਬਾਰ ਸਭ ਰੋਕ ਦਿੱਤਾ ਹੈ ਤੇ ਕੋਈ ਪਰਵਾਸੀ ਆ ਹੀ ਨਹੀਂ ਰਿਹਾ। ਜੋ ਆਏ ਹੋਏ ਨੇ ਜੇਕਰ ਉਨ੍ਹਾਂ ਪ੍ਰਤੀ ਨਫ਼ਰਤ ਦਾ ਨਜ਼ਰੀਆ ਛੱਡ ਕੇ ਉਨ੍ਹਾਂ ਨੂੰ ਚੈੱਕ ਕਰਵਾਉਣ 'ਚ ਸਾਥ ਦਿੱਤਾ ਜਾਵੇ ਤਾਂ ਕੀ ਚੰਗਾ ਨਹੀਂ ਹੋਵੇਗਾ? ਮਾਫ਼ੀ ਚਾਹੁੰਦਾ ਕਿ ਮੁੱਕਦੀ ਗੱਲ ਇਹ ਹੈ ਕਿ ਇਕ ਪਰਵਾਸੀ ਦੀ ਸੋਚ ਵੀ ਇਕ ਮਰਾਸੀ ਵਾਲੀ ਹੁੰਦੀ ਹੈ ਤੇ ਉਹ ਸਦਾ ਹੀ ਖ਼ੁਸ਼ੀਆਂ ਤੇ ਭਲਾ ਹੀ ਲੋਚਦਾ ਆਪਣੇ ਗਰਾਂ ਖੇੜੇ ਦਾ।
ਇੱਥੇ ਇਕ ਗੱਲ ਗ਼ੌਰ ਕਰਨ ਵਾਲੀ ਹੈ ਕਿ ਦੁਨੀਆ 'ਚ ਐਸਾ ਕੋਈ ਇਨਸਾਨ ਨਹੀਂ ਜੋ ਚਾਹੇਗਾ ਕਿ ਉਹ ਇਹੋ ਜਿਹੀ ਬਿਮਾਰੀ ਫੈਲਣ ਦਾ ਜ਼ਰੀਆਂ ਬਣੇ। ਜਿਵੇਂ ਸ਼ੁਰੂ 'ਚ ਕਿਹਾ ਸੀ ਕਿ ਵਕਤ ਬਲਵਾਨ ਹੈ। ਇਸ ਦੁਨੀਆ 'ਚ ਕੁਝ ਵੀ ਸਥਾਈ ਨਹੀਂ ਹੈ। ਇਹ ਬੁਰਾ ਦੌਰ ਵੀ ਗੁਜ਼ਰ ਜਾਵੇਗਾ। ਸਿਆਣਪ ਇਸੇ 'ਚ ਹੈ ਕਿ ਇਕ ਦੂਜੇ ਤੇ ਦੋਸ਼ ਲਾਉਣਾ ਛੱਡ ਇੱਕ ਦੂਜੇ ਦਾ ਸਹਿਯੋਗ ਕੀਤਾ ਜਾਵੇ। ਬਦਲੇ ਵਕਤ ਦੀ ਅਜੀਬ ਖੇਡ ਹੈ ਕਿ ਕੋਈ ਜ਼ਮਾਨਾ ਸੀ ਘਰ ਬੈਠੇ ਵਿਹਲੜ ਨੂੰ ਸਮਾਜ ਦਾ ਦੁਸ਼ਮਣ ਮੰਨਿਆ ਜਾਂਦਾ ਸੀ ਤੇ ਕੰਮ ਵਾਲੇ ਨੂੰ ਸਮਾਜ ਦਾ ਮਿੱਤਰ ਪਰ ਇਸ ਖ਼ਾਸ ਬਿਮਾਰੀ 'ਚ ਤਾਂ ਅਜੀਬ ਗੱਲ ਹੈ ਕਿ ਜਿਹੜਾ ਬੰਦਾ ਕੁਝ ਵੀ ਨਹੀਂ ਕਰਦਾ ਤੇ ਚੁੱਪ ਕਰ ਕੇ ਘਰ ਬੈਠਾ ਉਹ ਸਮਾਜ ਦਾ ਸਹਿਯੋਗੀ ਤੇ ਜੋ ਬੰਦਾ ਕੰਮ ਕਰ ਰਿਹਾ ਤੇ ਟਿੱਕ ਕੇ ਨਹੀਂ ਬੈਠਾ ਉਹ ਸਮਾਜ ਦਾ ਦੁਸ਼ਮਣ।
ਜਾਂਦੇ-ਜਾਂਦੇ ਮੁੱਦੇ ਤੋਂ ਹੱਟ ਕੇ ਪਰ ਹਾਲਤਾਂ ਤੇ ਢੁਕਦੀ ਗੱਲ, ਜਿਸ ਬਾਰੇ ਸਾਡੇ ਮਿੱਤਰ 'ਸਪਨ ਮਨਚੰਦਾ' ਵੱਲੋਂ ਲਿਖੇ ਇਹ ਚਾਰ ਸ਼ਬਦਾਂ ਬਾਰੇ ਵਿਚਾਰ ਕਰਨਾ ਬਣਦਾ।
"ਪੁਲਿਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ। ਸਭ ਤੋਂ ਖ਼ਤਰਨਾਕ ਹੈ ਉਹ ਵੀਡੀਓ ਜੋ ਤੁਸੀਂ ਸੁਆਦ ਲੈ ਕੇ ਸ਼ੇਅਰ ਕਰਦੇ ਹੋ ਤੇ ਪੁਲਿਸ ਹੱਥੋਂ ਹੋਏ ਜ਼ਲੀਲ ਨੂੰ ਹੋਰ ਜ਼ਲੀਲ ਕਰਦੇ ਹੋ। ਰਾਸ਼ਨ 'ਲੱਭਣ' ਗਏ ਬਾਪ ਦੀ ਘੀਸੀਆਂ ਤੇ ਛਿੱਤਰ ਖਾਂਦੇ ਦੀ ਵੀਡੀਓ ਦੇਖ ਕੇ ਪੁੱਤ ਦਾ, ਧੀ ਦਾ ਸ਼ਰਮ ਨਾਲ ਮਰਨਾ ਕਰੋਨਾ ਨਾਲ ਮਰਨ ਤੋਂ ਵੱਧ ਖ਼ਤਰਨਾਕ ਹੈ। ਕਰੋਨਾ ਇਕ ਵਾਰ ਮਾਰੇਗਾ। ਪਰ ਮੋਬਾਈਲਾਂ ਵਿੱਚ ਸੇਵ ਹੋ ਚੁੱਕੀਆਂ ਇਹ ਵੀਡੀਉਜ਼ "ਨਾਸੂਰ" ਬਣਨਗੀਆਂ। ਜੋ ਰੋਜ਼ ਮਾਰਨਗੀਆਂ। ਬੰਦੇ ਬਣੋ ਸ਼ਰਮ ਕਰੋ।"