''ਜਾਹ ਪੁੱਤ ਆਪਣੀ ਗਾਂ ਦਾ ਪਿਸਾਬ ਲਿਆ ਤੇ ਸਾਰਿਆਂ ਨੂੰ ਦੋ ਦੋ ਘੁੱਟ ਪਿਆ ਦੇ'' ਦੇਵ ਰਾਜ ਨੇ ਆਪਣੇ ਪੋਤੇ ਵਿਨੋਦ ਨੂੰ ਕਿਹਾ।
''ਕਿਉਂ ਦਾਦਾ ਜੀ! ਪਿਸਾਬ ਵੀ ਕੋਈ ਪੀਣ ਵਾਲੀ ਚੀਜ਼ ਐ'' ਵਿਨੋਦ ਨੇ ਜਵਾਬ ਦਿੱਤਾ।
''ਪੁੱਤ! ਸਵਾਮੀ ਚਿਤਰਾਨੰਦ ਜੀ ਟੈਲੀਵੀਜਨ ਤੇ ਬੋਲ ਰਹੇ ਸਨ ਕਿ ਦੁਨੀਆਂ 'ਚ ਆਹ ਜਿਹੜੀ ਭਿਆਨਕ ਬਿਮਾਰੀ ਫੈਲੀ ਐ ਕਰੋਨਾ ਕਰੁਨਾ, ਉਸਤੋਂ ਬਚਣ ਲਈ ਗਊ ਮੂਤਰ ਸਭ ਤੋਂ ਵਧੀਆ ਉਪਾਅ ਹੈ।'' ਦੇਵ ਰਾਜ ਨੇ ਦੱਸਿਆ।
''ਦਾਦਾ ਜੀ! ਇਹੇ ਜੇ ਸੁਆਮੀ ਹੀ ਲੋਕਾਂ ਨੂੰ ਗੁੰਮਰਾਹ ਕਰਕੇ ਪੁੱਠੇ ਰਾਹ ਪਾਉਂਦੇ ਨੇ, ਪਸੂਆਂ ਦੇ ਸਰੀਰਾਂ ਵਿੱਚ ਵੀ ਇਨਸਾਨਾਂ ਵਾਂਗੂੰ ਹੀ ਕੁਦਰਤ ਨੇ ਇਕ ਮਸ਼ੀਨ ਫਿੱਟ ਕੀਤੀ ਹੋਈ ਐ। ਪਸੂ ਜੋ ਵੀ ਖਾਂਦੇ ਪੀਂਦੇ ਨੇ ਉਹਨਾਂ ਚੋਂ ਸਰੀਰ ਨੂੰ ਲੋੜੀਂਦੇ ਤੱਤ ਉਹ ਮਸ਼ੀਨ ਕੱਢ ਕੇ ਸਰੀਰ ਨੂੰ ਦੇ ਦਿੰਦੀ ਐ ਅਤੇ ਵਾਧੂ ਬਚੀ ਖੁਚੀ ਰਹਿੰਦ ਖੂੰਹਦ 'ਚ ਸਰੀਰ ਵਿਚਲੇ ਨੁਕਸਾਨ ਕਰਨ ਵਾਲੇ ਤੱਤ ਰਲਾ ਕੇ ਉਹ ਮਸ਼ੀਨ ਪਿਸਾਬ ਤੇ ਗੋਹੇ ਰਾਹੀਂ ਬਾਹਰ ਕੱਢ ਦਿੰਦੀ ਐ। ਇਹ ਪਰਕਿਰਿਆ ਵਿਗਿਆਨ ਨੇ ਪਰਤੱਖ ਕਰ ਦਿੱਤੀ ਹੈ। ਇਸ ਲਈ ਇਹ ਇਲਾਜ ਕਰਨ ਦੇ ਉਲਟ ਨੁਕਸਾਨ ਕਰਨ ਵਾਲੀ ਸ਼ੈਅ ਆ।'' ਵਿਨੋਦ ਨੇ ਤਰਕ ਨਾਲ ਉਸੇ ਦੀ ਸ਼ੈਲੀ ਵਿੱਚ ਦੇਵ ਰਾਜ ਨੂੰ ਸਮਝਾਇਆ।
''ਅੱਛਾ ਪੁੱਤ! ਮੈਂ ਤਾਂ ਸੋਚਿਆ ਸੁਆਮੀ ਬੋਲਦੈ, ਕੋਈ ਚੰਗੀ ਰਾਇ ਹੀ ਦਿੰਦਾ ਹੋਊ।'' ਦੇਵ ਰਾਜ ਨੇ ਤੋੜਾ ਤੋੜਿਆ।