ਮਿਠਤੁ ਨੀਵੀ ਨਾਨਕਾ....
(ਲੇਖ )
ਮਿਠਤੁ ਨੀਵੀ ਨਾਨਕਾ
ਗੁਣ ਚੰਗਿਆਈਆ ਤਤੁ॥ (ਆਸਾ ਦੀ ਵਾਰ)
ਪ੍ਰਮਾਤਮਾ ਨੇ ਮਨੁੱਖ ਨੂੰ ਬੋਲੀ ਦੀ ਇਕ ਐਸੀ ਦਾਤ ਬਖਸ਼ੀ ਹੈ ਜੋ ਉਸ ਨੂੰ ਸਾਰੇ ਜੀਵਾਂ ਤੋਂ ਵੱਖਰਿਆਉਂਦੀ ਹੈ ਅਤੇ ਉਸ ਦੀ ਸਾਰੇ ਜੀਵਾਂ ਅਤੇ ਕੁਦਰਤੀ ਸਾਧਨਾ 'ਤੇ ਸਰਦਾਰੀ ਕਾਇਮ ਕਰਦੀ ਹੈ। ਮਨੁੱਖ ਆਪਣੀ ਜ਼ੁਬਾਨ ਦੁਆਰਾ ਮੂੰਹ ਵਿਚੋਂ ਕਈ ਪ੍ਰਕਾਰ ਦੀਆਂ ਆਵਾਜ਼ਾਂ ਕੱਢਦਾ ਹੈ। ਜਦ ਉਹ ਇਹ ਆਵਾਜ਼ਾਂ ਕਿਸੇ ਨਿਯਮ ਬੱਧ ਢੰਗ ਨਾਲ ਕੱਢਦਾ ਹੈ ਤਾਂ ਕਿਸੇ ਖਾਸ ਭਾਸ਼ਾ ਦੀ ਬੋਲੀ ਸ਼ਬਦਾਂ ਰਾਹੀਂ ਪੈਦਾ ਹੁੰਦੀ ਹੈ। ਇਹ ਸ਼ਬਦ ਉਸ ਭਾਸ਼ਾ ਨੂੰ ਜਾਣਨ ਵਾਲੇ ਮਨੁੱਖਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਂਦੇ ਹਨ। ਇਸ ਤਰ੍ਹਾਂ ਆਪਸ ਵਿਚ ਇਕ ਪਰਸਪਰ ਭਾਈਚਾਰਾ ਕਾਇਮ ਹੋ ਜਾਂਦਾ ਹੈ। ਮਨੁੱਖ ਦੀ ਮਨੁੱਖ ਨਾਲ ਸਾਂਝ ਬਣਦੀ ਹੈ। ਬੰਦੇ ਦੀ ਜ਼ੁਬਾਨ ਰਿਸ਼ਤਿਆਂ ਨੂੰ ਸੋਹਣੀ ਤਰ੍ਹਾਂ ਨਿਭਾਉਣ ਵਿਚ ਬਹੁਤ ਕੰਮ ਕਰਦੀ ਹੈ। ਇਸ ਲਈ ਜੋ ਵੀ ਬੋਲੋ ਸੋਚ ਸਮਝ ਕੇ ਬੋਲੋ। ਜੋ ਵੀ ਬੋਲੋ ਮਿੱਠਾ ਬੋਲੋ। ਹਮੇਸ਼ਾਂ ਧੀਰਜ ਵਿਚ ਰਹੋ।
ਮਨੁੱਖ ਆਪਣੇ ਜਨਮ ਤੋਂ ਕਰੀਬ ਦੋ ਕੁ ਸਾਲ ਬਾਅਦ ਬੋਲਣਾ ਸਿੱਖਦਾ ਹੈ ਪਰ ਕੀ ਬੋਲਣਾ ਹੈ ਇਸ ਦੀ ਕਈ ਮਨੁੱਖਾਂ ਨੂੰ ਸਾਰੀ ਉਮਰ ਸਮਝ ਨਹੀਂ ਆਉਂਦੀ। ਸਾਡੇ ਬੋਲੇ ਹੋਏ ਦੋ ਮਿੱਠੇ ਸ਼ਬਦ ਕਿਸੇ ਦੁਖਦੇ ਹਿਰਦੇ ਲਈ ਮਲ੍ਹਮ ਦਾ ਕੰਮ ਕਰਦੇ ਹਨ। ਸਾਡੀ ਦਿਖਾਈ ਹਮਦਰਦੀ ਉਸ ਦੇ ਦੁੱਖਾਂ ਨੂੰ ਘਟਾਉਂਦੀ ਹੈ ਅਤੇ ਉਸ ਨੂੰ ਹੌਸਲੇ ਵਿਚ ਰੱਖਦੀ ਹੈ।
ਜਦ ਛੋਟਾ ਬੱਚਾ ਆਪਣੀ ਜ਼ਿੰਦਗੀ ਵਿਚ ਕੋਈ ਕੰਮ ਪਹਿਲੀ ਵਾਰੀ ਕਰਦਾ ਹੈ ਤਾਂ ਅਸੀਂ ਉਸ ਦੀ ਤਾਰੀਫ਼ ਕਰ ਕੇ ਉਸ ਦਾ ਹੌਸਲਾ ਵਧਾਉਂਦੇ ਹਾਂ। ਜਦ ਉਹ ਆਪਣੀ ਤੋਤਲੀ ਜ਼ੁਬਾਨ ਵਿਚੋਂ ਪਹਿਲਾ ਸ਼ਬਦ ਬੋਲਦਾ ਹੈ ਜਾਂ ਪੈਰਾਂ ਨਾਲ ਪਹਿਲਾ ਕਦਮ ਪੁੱਟਦਾ ਹੈ ਤਾਂ ਅਸੀਂ ਉਸ ਦੀ ਬੱਲੇ ਬੱਲੇ ਕਰਦੇ ਹਾਂ । ਇਸ ਨਾਲ ਉਸ ਦਾ ਹੌਸਲਾ ਵਧਦਾ ਹੈ। ਉਸ ਵਿਚ ਹੋਰ ਵੀ ਨਵਾਂ ਅਤੇ ਕਠਿਨ ਕੰਮ ਕਰਨ ਦੀ ਸ਼ਕਤੀ ਪੈਦਾ ਹੁੰਦੀ ਹੈ। ਇਸ ਤਰ੍ਹਾਂ ਉਹ ਜ਼ਿੰਦਗੀ ਦੀਆਂ ਮੰਜ਼ਿਲਾਂ ਪਾਰ ਕਰਦਾ ਹੋਇਆ ਆਪਣੇ ਪੈਰਾਂ 'ਤੇ ਖੜਾ ਹੋਣਾ ਸਿੱਖਦਾ ਹੈ ਅਤੇ ਪੂਰਨ ਤੋਰ ਤੇ ਬਾਲਗ ਬਣਦਾ ਹੈ। ਸਾਡੇ ਕਹੇ ਹੋਏ ਹੌਸਲੇ ਦੇ ਸ਼ਬਦ ਕਿਸੇ ਬਾਲਗ ਨੂੰ ਵੀ ਔਖੀ ਘੜੀ ਦਾ ਸਾਹਮਣਾ ਕਰਨ ਵਿਚ ਸਹਾਈ ਹੁੰਦੇ ਹਨ। ਜੇ ਤੁਸੀਂ ਕਿਸੇ ਦੀ ਤਾਰੀਫ਼ ਕਰਦੇ ਹੋ ਤੁਸੀਂ ਉਸ ਅੱਗੇ ਆਪਣਾ ਹੰਕਾਰ ਖ਼ਤਮ ਕਰਦੇ ਹੋ ਅਤੇ ਇਸ ਦੇ ਨਾਲ ਹੀ ਤੁਸੀਂ ਉਸ ਦਾ ਦਿਲ ਜਿੱਤ ਲੈਂਦੇ ਹੋ। ਕਦੀ ਕਿਸੇ ਦੀ ਝੂਠੀ ਤਾਰੀਫ਼ ਨਾ ਕਰੋ। ਇਹ ਤੁਹਾਨੂੰ ਪੁੱਠੀ ਵੀ ਪੈ ਸਕਦੀ ਹੈ।
ਪ੍ਰਮਾਤਮਾ ਨੇ ਸਾਨੂੰ ਪ੍ਰਫੁੱਲਤ ਦਿਮਾਗ਼ ਦਿੱਤਾ ਹੈ ਜਿਸ ਕਰ ਕੇ ਸਾਡੀ ਸਾਰੇ ਜੀਵਾਂ ਅਤੇ ਕੁਦਰਤੀ ਸੋਮਿਆਂ ਤੇ ਪਕੜ 'ਤੇ ਸਰਦਾਰੀ ਹੈ। ਇਸ ਦਿਮਾਗ ਦੀ ਬਦੋਲਤ ਹੀ ਅਸੀਂ ਨਵੀਂਆਂ ਖੌਜਾਂ ਕਰਦੇ ਹਾਂ ਅਤੇ ਉੱਚੇ ਤੋਂ ਉੱਚਾ ਗਿਆਨ ਹਾਸਿਲ ਕਰ ਸਕਦੇ ਹਾਂ। ਇਸ ਦਿਮਾਗ਼ ਨਾਲ ਹੀ ਅਸੀਂ ਚੰਗੇ ਅਤੇ ਮਾੜੇ ਦੀ ਪਛਾਣ ਕਰ ਸਕਾ ਹਾਂ। ਸਾਨੂੰ ਪ੍ਰਮਾਤਮਾ ਦਾ ਸ਼ੁਕਰੀਆ ਕਰਨਾ ਚਾਹੀਦਾ ਹੈ ਕਿ ਉਸ ਨੇ ਸਾਨੂੰ ਏਨੀਆਂ ਦਾਤਾਂ ਦਿੱਤੀਆਂ ਹਨ। ਜ਼ਰਾ ਸੋਚੋ ਕਿ ਜੇ ਉਹ ਇਹ ਦਾਤਾਂ ਨਾ ਦਿੰਦਾ ਤਾਂ ਇਸ ਜ਼ਿੰਦਗੀ ਵਿਚ ਸਾਡੀ ਕੀ ਔਕਾਤ ਹੁੰਦੀ?-----ਫਿਰ ਇਹ ਹੀ ਹਾਲ ਹੋਣਾ ਸੀ-------ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ। ਜਿਹੜੇ ਲੰਗੜੇ ਲੂਲੇ ਸੜਕਾਂ ਤੇ ਭੀਖ ਮੰਗ ਰਹੇ ਹਨ ਜਾਂ ਠੰਡੀਆਂ ਰਾਤਾਂ ਵਿਚ ਬਿਨਾ ਕਿਸੇ ਛੱਤ ਅਤੇ ਬਿਨਾ ਕਿਸੇ ਬਿਸਤਰੇ-ਮੰਜੇ ਦੇ ਖੁਲ੍ਹੇ ਆਸਮਾਨ ਹੇਠ ਸੋਣ ਨੂੰ ਮਜ਼ਬੂਰ ਹਨ, ਉਨ੍ਹਾਂ ਦਾ ਧਿਆਨ ਕਰ ਕੇ ਦੇਖੋ। ਫਿਰ ਅਸੀਂ ਵੀ ਇਨ੍ਹਾਂ ਦਾਤਾਂ ਲਈ ਤਰਸਦੇ ਹੋਣਾ ਸੀ। ਇਸ ਲਈ ਸਬਰ ਰੱਖੋ ਅਤੇ ਉਸ ਪ੍ਰਮਾਤਮਾ ਦਾ ਸ਼ੁਕਰ ਕਰੋ।
ਜੇ ਕਿਸੇ ਦੀ ਕੋਈ ਮਾੜੀ ਗੱਲ ਤੁਸੀਂ ਸਭ ਦੇ ਸਾਹਮਣੇ ਦੱਸਦੇ ਹੋ ਤਾਂ ਇਹ ਉਸ ਦਾ ਅਪਮਾਨ ਹੁੰਦਾ ਹੈ। ਜੋ ਉਸ ਨੂੰ ਚੰਗਾ ਨਹੀਂ ਲੱਗਦਾ। ਉਹ ਸਭ ਦੇ ਸਾਹਮਣੇ ਇਸ ਨੂੰ ਆਪਣੀ ਬੇਇਜ਼ਤੀ ਮਹਿਸੂਸ ਕਰਦਾ ਹੈ। ਉਸ ਨਾਲ ਤੁਹਾਡੇ ਰਿਸ਼ਤੇ ਵਿਗੜਦੇ ਹਨ। ਜੇ ਤੁਸੀਂ ਉਸ ਨੂੰ ਇਹ ਹੀ ਗੱਲ ਇਕਾਂਤ ਵਿਚ ਸਮਝਾਉਂਦੇ ਹੋ ਤਾਂ ਇਹ ਉਸ ਨੂੰ ਸੁਧਾਰਨ ਲਈ ਇਕ ਉਸਾਰੂ ਸੁਝਾਅ ਹੁੰਦਾ ਹੋ ਜੋ ਉਸ ਨੂੰ ਚੰਗਾ ਲੱਗਦਾ ਹੈ। ਉਸ ਨਾਲ ਤੁਹਾਡੀ ਪਿਆਰ ਦੀ ਸਾਂਝ ਵਧਦੀ ਹੈ।
ਕਿਸੇ ਦੀ ਨਿੰਦਿਆ ਚੁਗਲੀ ਤੋਂ ਬਚੋ ਕਿਉਂਕਿ ਮਾੜੀ ਗੱਲ ਕਹਿੰਦੀ ਹੈ-"ਤੂੰ ਮੈਨੂੰ ਮੁੰਹੋਂ ਕੱਢ, ਮੈਂ ਤੈਨੂੰ ਸ਼ਹਿਰੋਂ ਕੱਢਾਂ।"ਜੇ ਕਦੀ ਤੁਹਾਡਾ ਪੈਰ ਫਿਸਲ ਜਾਏ ਤਾਂ ਤੁਸੀਂ ਆਪਣਾ ਸੰਤੁਲਨ ਠੀਕ ਕਰ ਕੇ ਸੰਭਲ ਸਕਦੇ ਹੋ ਪਰ ਜੇ ਤੁਹਾਡੀ ਜ਼ੁਬਾਨ ਫਿਸਲ ਜਾਏ ਤਾਂ ਤੁਸੀਂ ਕਦੀ ਨਹੀਂ ਸੰਭਲ ਸਕਦੇ। ਇੱਥੇ ਕਿਸੇ ਨੇ ਇਕ ਬਹੁਤ ਹੀ ਖ਼ੂਬਸੂਰਤ ਕਹਾਣੀ ਲਿਖੀ ਹੈ। "ਇਕ ਵਾਰੀ ਇਕ ਬੁੱਢੇ ਆਦਮੀ ਨੇ ਕਿਹਾ ਕੇ ਮੇਰਾ ਗੁਆਂਢੀ ਚੋਰ ਹੈ। ਗੁਆਂਢੀ ਨੂੰ ਬੜਾ ਦੁੱਖ ਲੱਗਾ। ਮਾਮਲਾ ਅਦਾਲਤ ਵਿਚ ਗਿਆ ਅਤੇ ਗੁਆਂਢੀ ਨਿਰਦੋਸ਼ ਸਾਬਤ ਹੋਇਆ। ਉਸ ਨੇ ਬੁੱਢੇ ਆਦਮੀ 'ਤੇ ਮਾਣ ਹਾਨੀ ਦਾ ਮੁਕਦਮਾ ਕਰ ਦਿੱਤਾ। ਬੁੱਢੇ ਨੇ ਕਿਹਾ, "ਮੈਂ ਤਾਂ ਇਹ ਸ਼ਬਦ ਐਵੇਂ ਹੀ ਕਹੇ ਸਨ। ਮੇਰਾ ਉਸ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਮੈਂ ਆਪਣੇ ਸ਼ਬਦ ਵਾਪਿਸ ਲੈਂਦਾ ਹਾਂ।" ਇਸ ਤੇ ਜੱਜ ਨੇ ਕਿਹਾ,"ਤੂੰ ਇਹ ਸਾਰਾ ਵਾਕਿਆ ਇਕ ਕਾਗਜ਼ 'ਤੇ ਲਿਖ।" ਇਸ ਤੋਂ ਬਾਅਦ ਜੱਜ ਨੇ ਕਿਹਾ, " ਤੂੰ ਇਸ ਕਾਗਜ਼ ਦੇ ਛੋਟੇ ਛੋਟੇ ਟੁਕੜੇ ਕਰ ਦੇ।" ਉਸ ਬੁੱਢੇ ਨੇ ਵੈਸਾ ਹੀ ਕੀਤਾ। ਜੱਜ ਨੇ ਫਿਰ ਕਿਹਾ," ਹੁਣ ਇਹ ਟੁਕੜੇ ਜਦ ਤੂੰ ਆਪਣੀ ਕਾਰ ਵਿਚ ਆਪਣੇ ਘਰ ਜਾਵੇਂ ਤਾਂ ਰਸਤੇ ਵਿਚ ਥੋੜ੍ਹੇ ਥੋੜ੍ਹੇ ਟੁਕੜੇ ਕਾਰ ਵਿਚੋਂ ਬਾਹਰ ਸੁੱਟਦਾ ਜਾਵੀਂ। ਕੱਲ ਆ ਕੇ ਆਪਣੀ ਸਜ਼ਾ ਸੁਣ ਲਵੀਂ।" ਅਗਲੇ ਦਿਨ ਜਦ ਉਹ ਬੁੱਢਾ ਅਦਾਲਤ ਵਿਚ ਪੁੱਜਾ ਤਾਂ ਜੱਜ ਨੇ ਕਿਹਾ,"ਜਿਹੜੇ ਟੁਕੜੇ ਤੂੰ ਕੱਲ ਸੁੱਟੇ ਸਨ, ਉਨ੍ਹਾਂ ਨੂੰ ਇਕੱਠੇ ਕਰ ਕੇ ਮੇਰੇ ਕੋਲ ਲਿਆ।" ਬੁੱਢੇ ਨੇ ਕਿਹਾ ਕਿ," ਉਹ ਟੁਕੜੇ ਤਾਂ ਹਵਾ ਨਾਲ ਪਤਾ ਨਹੀਂ ਕਿੱਥੇ ਕਿੱਥੇ ਉੱਡ ਗਏ। ਮੈਂ ਉਨ੍ਹਾਂ ਨੂੰ ਦੁਬਾਰਾ ਇਕੱਠੇ ਨਹੀਂ ਕਰ ਸਕਦਾ। ਜੱਜ ਨੇ ਕਿਹਾ,"ਜੇ ਤੁੰ ਉਨ੍ਹਾਂ ਕਾਗਜ਼ਾਂ ਦੇ ਟੁਕੜਿਆਂ ਨੂੰ ਇਕੱਠੇ ਨਹੀਂ ਕਰ ਸਕਦਾ ਤਾਂ ਤੇਰੇ ਮੁੰਹ ਵਿਚੋਂ ਬੋਲੇ ਹੋਏ ਗ਼ਲਤ ਸ਼ਬਦ ਕਿਵੇਂ ਵਾਪਿਸ ਹੋ ਸਕਦੇ ਹਨ? ਤੇਰੇ ਬੋਲੇ ਗਏ ਗ਼ਲਤ ਸ਼ਬਦਾਂ ਨਾਲ ਇਕ ਸ਼ਰੀਫ਼ ਬੰਦੇ ਦੀ ਝੂਠੀ ਬਦਨਾਮੀ ਪਤਾ ਨਹੀਂ ਕਿੱਡੀ ਦੂਰ ਦੂਰ ਤੱਕ ਫੈਲ ਗਈ ਹੈ। ਇਸ ਲਈ ਤੂੰ ਸਜ਼ਾ ਦਾ ਹੱਕਦਾਰ ਹੈਂ।"
ਕਿਸੇ ਮਨੁੱਖ ਵਿਚ ਭਾਵੇਂ ਜਿੰਨੇ ਮਰਜ਼ੀ ਗੁਣ ਹੋਣ ਪਰ ਜੇ ਉਸ ਦੀ ਜ਼ੁਬਾਨ ਮਿੱਠੀ ਨਹੀਂ ਤਾਂ ਸਭ 'ਤੇ ਮਿੱਟੀ ਪੈ ਜਾਂਦੀ ਹੈ। ਕੋਈ ਬੰਦਾ ਜਿੰਨਾ ਮਰਜ਼ੀ ਪੜ੍ਹ ਲਿਖ ਜਾਏ, ਜੇ ਉਸ ਵਿਚ ਗੱਲ ਕਰਨ ਦਾ ਸਲੀਕਾ ਨਹੀਂ ਤਾਂ ਉਸ ਦੀ ਲਿਆਕਤ ਕਿਸੇ ਕੰਮ ਦੀ ਨਹੀਂ। ਵਪਾਰ ਵਿਚ ਵੀ ਕਿਸੇ ਦੀ ਜੇਬ ਵਿਚੋਂ ਪੈਸੇ ਕਢਵਾਉਣੇ ਸੌਖੇ ਨਹੀਂ ਹੁੰਦੇ। ਜਿਸ ਵਪਾਰੀ ਦੀ ਜ਼ੁਬਾਨ ਮਿੱਠੀ ਹੋਵੇ ਉਸ ਦਾ ਵਪਾਰ ਛਾਲਾਂ ਮਾਰਦਾ ਹੋਇਆ ਅੱਗੇ ਵਧਦਾ ਹੈ। ਮਿੱਠੀ ਜ਼ੁਬਾਨ ਨਾਲ ਉਹ ਗਾਹਕਾਂ ਦਾ ਦਿਲ ਜਿੱਤ ਲੈਂਦਾ ਹੈ। ਮਿੱਠੀ ਜ਼ੁਬਾਨ ਦੂਜੇ ਨੂੰ ਸ਼ਹਿਦ ਦੀ ਤਰ੍ਹਾਂ ਆਪਣੇ ਵੱਲ ਖਿਚਦੀ ਹੈ। ਕੌੜੀ ਜ਼ੁਬਾਨ ਵਾਲੇ ਦੁਕਾਨਦਾਰ ਕੋਲ ਗਾਹਕ ਕਦੀ ਵੀ ਜਾਣਾ ਪਸੰਦ ਨਹੀਂ ਕਰਦਾ।
ਕਿਸੇ ਦੇ ਬੋਲੇ ਹੋਏ ਸ਼ਬਦ ਦਿਲਾਂ ਨੂੰ ਤੋੜਦੇ ਵੀ ਹਨ ਅਤੇ ਦਿਲਾਂ ਨੂੰ ਜੋੜਦੇ ਵੀ ਹਨ। ਤਲਵਾਰ ਦੇ ਫੱਟ ਸਮਾਂ ਪਾ ਕੇ ਭਰ ਜਾਂਦੇ ਹਨ ਪਰ ਜੁਬਾਨ ਦੇ ਫੱਟ ਕਦੀ ਨਹੀਂ ਭਰਦੇ। ਉਹ ਮੌਤ ਤੱਕ ਦੂਜੇ ਦੇ ਅੰਦਰ ਗੂੰਜਦੇ ਰਹਿੰਦੇ ਹਨ ਅਤੇ ਇਕ ਨਵੀਂ ਲੜਾਈ ਨੂੰ ਜਨਮ ਦਿੰਦੇ ਹਨ। ਜੋ ਤਲਵਾਰ ਨਾਲ ਦੁਨੀਆਂ ਨੂੰ ਜਿੱਤਦੇ ਹਨ ਉਹ ਬਹੁਤ ਬਹਾਦੁਰ ਹੁੰਦੇ ਹਨ ਪਰ ਜੋ ਜ਼ੁਬਾਨ ਨਾਲ ਦੂਜੇ ਦਾ ਦਿਲ ਜਿੱਤ ਲੈਂਦੇ ਹਨ ਉਹ ਉਸ ਤੋਂ ਵੀ ਬਹਾਦੁਰ ਹੁੰਦੇ ਹਨ।
ਅਸੀਂ ਸਵੇਰੇ ਸਵੇਰੇ ਗੁਰਦੁਆਰੇ ਜਾਂ ਮੰਦਿਰ ਜਾਂਦੇ ਹਾਂ। ਉੱਥੇ ਮਿੱਠੇ ਸ਼ਬਦਾਂ ਜਾਂ ਭਜਨਾਂ ਦੀ ਅਵਾਜ਼ ਸਾਡੇ ਮਨ ਨੂੰ ਠੰਡਕ ਪਹੁੰਚਾਉਂਦੀ ਹੈ। ਸਾਡੇ ਅੰਦਰ ਮਨੁੱਖਾਂ ਦੀ ਬਰਾਬਰੀ ਦੇ ਭਾਵ ਪੈਦਾ ਹੁੰਦੇ ਹਨ। ਸਡੇ ਅੰਦਰੋਂ ਦਵੈਸ਼ ਭਾਵਨਾ ਮਿਟਦੀ ਹੈ ਕਿਉਂਕਿ ਮਜ਼ਹਬ ਨਹੀਂ ਸਿਖਾਉਂਦਾ ਆਪਸ ਵਿਚ ਵੈਰ ਰੱਖਣਾ। ਇਸ ਦੇ ਉਲਟ ਜੇ ਅਸੀਂ ਕਿਸੇ ਰਾਜਨੇਤਾ ਦਾ ਭਾਸ਼ਨ ਸੁਣਦੇ ਹਾਂ ਤਾਂ ਉਹ ਤਲਖ਼ੀ ਵਾਲਾ ਅਤੇ ਭੇਦ ਭਾਵ ਵਾਲਾ ਹੁੰਦਾ ਹੈ। ਉਹ ਮਨੁੱਖਾਂ ਵਿਚ ਵਿਤਕਰਾ ਪੈਦਾ ਕਰਦਾ ਹੈ ਅਤੇ ਇਕ ਦੂਜੇ ਨਾਲ ਨਫ਼ਰਤ ਪੈਦਾ ਕਰਦਾ ਹੈ। ਸਾਨੂੰ ਆਪਸ ਵਿਚ ਲੜਨ ਲਈ ਉਕਸਾਉਂਦਾ ਹੈ। ਅਜਿਹੇ ਭਾਸ਼ਨਾ ਤੋਂ ਬੱਚਣਾ ਹੀ ਚਾਹੀਦਾ ਹੈ।
ਭੋਜਨ ਖਾਂਦੇ ਸਮੇਂ ਭੋਜਨ ਬਣਾਉਣ ਵਾਲੇ ਦੀ ਤਾਰੀਫ਼ ਕਰੋ। ਇਸ ਨਾਲ ਭੋਜਨ ਬਣਾਉਣ ਵਾਲੇ ਨੂੰ ਆਪਣੀ ਮਿਹਨਤ ਦਾ ਮੁੱਲ ਮਿਲਦਾ ਹੈ। ਗ਼ਰੀਬੀ ਕਾਰਨ ਅਜਿਹਾ ਭੋਜਨ ਕਈਆਂ ਨੂੰ ਨਸੀਬ ਵੀ ਨਹੀਂ ਹੁੰਦਾ। ਇਸ ਲਈ ਬਣੇ ਹੋਏ ਭੋਜਨ ਵਿਚ ਕਦੀ ਨੁਕਸ ਨਾ ਕੱਢੋ।
ਜਿਸ ਦੀ ਜ਼ੁਬਾਨ ਵਿਚ ਕੋਈ ਨੁਕਸ ਹੁੰਦਾ ਹੈ ਜਾਂ ਜ਼ੁਬਾਨ ਹੁੰਦੀ ਹੀ ਨਹੀਂ, ਉਹ ਬੋਲ ਕੇ ਆਪਣੇ ਅੰਦਰਲੇ ਭਾਵਾਂ ਨੂੰ ਦੂਜੇ ਤੱਕ ਪਹੁੰਚਾਉਣ ਤੋਂ ਅਸਮਰੱਥ ਰਹਿੰਦਾ ਹੈ। ਬੇਸ਼ੱਕ ਉਹ ਕਿਸੇ ਹੱਦ ਤੱਕ ਲਿਖ ਕੇ ਆਪਣੇ ਵਿਚਾਰ ਦੂਜੇ ਤੱਕ ਪਹੁੰਚਾ ਸਕਦਾ ਹੈ। ਫਿਰ ਵੀ ਕਈ ਲੋਕ ਉਸ ਦਾ ਮਜ਼ਾਕ ਉਡਾਉਂਦੇ ਹਨ। ਉਸ ਦਾ ਵਿਕਾਸ ਵੀ ਦੂਜਿਆਂ ਨਾਲੋਂ ਪੱਛੜ ਜਾਂਦਾ ਹੈ।
ਉੱਚਾ ਬੋਲਣਾ ਹੰਕਾਰ ਦੀ ਨਿਸ਼ਾਨੀ ਹੈ। ਇਹ ਹੰਕਾਰ ਹੀ ਬੰਦੇ ਨੂੰ ਲੈ ਬੈਠਦਾ ਹੈ।ਇਸੇ ਲਈ ਕਹਿੰਦੇ ਹਨ ਕਿ ਹੰਕਾਰਿਆ ਸੋ ਮਾਰਿਆ। ਉੱਚਾ ਬੋਲਣ ਵਾਲੇ ਨੂੰ ਦੂਜਾ ਬੰਦਾ ਆਪਣੇ ਆਪ ਤੋਂ ਘਟੀਆ ਲੱਗਦਾ ਹੈ। ਰਿਸ਼ਤੇ ਤਾਂ ਬਰਾਬਰ ਦੇ ਧਰਾਤਲ ਤੇ ਹੀ ਸੋਹਣੇ ਨਿਭਦੇ ਹਨ। ਜ਼ਿਆਦਾ ਉੱਚੀ ਬੋਲ ਕੇ ਤੁਸੀਂ ਜ਼ਿਆਦਾ ਸਿਆਣੇ ਨਹੀਂ ਹੋ ਜਾਂਦੇ। ਇਸ ਤਰ੍ਹਾਂ ਤੁਸੀਂ ਦੂਜੇ ਨੂੰ ਚੰਗਾ ਪ੍ਰਭਾਵ ਨਹੀਂ ਦੇ ਸਕਦੇ। ਹੋ ਸਕਦਾ ਹੈ ਤੁਹਾਡਾ ਕੋਈ ਮਾਤਹਿਤ ਤੁਹਾਡੇ ਉੱਚੇ ਆਦੇਸ਼ ਨੂੰ ਮੰਨਣ ਲਈ ਮਜ਼ਬੂਰ ਜਾਏ ਪਰ ਤੁਸੀਂ ਇਸ ਤਰ੍ਹਾਂ ਕਿਸੇ ਦੂਜੇ ਬੰਦੇ ਤੋਂ ਆਪਣੀ ਕੋਈ ਗੱਲ ਨਹੀਂ ਮੰਨਵਾ ਸਕਦੇ।
ਪ੍ਰਮਾਤਮਾ ਨੇ ਸਾਨੂੰ ਬੋਲੀ ਭਾਵ ਸ਼ਬਦ ਆਪਣੇ ਅੰਦਰਲੇ ਨੂੰ ਪ੍ਰਗਟਾਉਣ ਲਈ ਦਿੱਤੀ ਹੈ ਪਰ ਕਈ ਲੋਕ ਆਪਣੀ ਜ਼ੁਬਾਨ ਨੂੰ ਝੂਠ ਬੋਲਣ ਅਤੇ ਦੂਸਰੇ ਨੂੰ ਵਰਗਲਾ ਕੇ ਭੁਲੇਖੇ ਵਿਚ ਰੱਖਣ ਲਈ ਵਰਤਦੇ ਹਨ। ਅਜਿਹੇ ਲੋਕਾਂ ਤੋਂ ਬਚਣਾ ਚਾਹੀਦਾ ਹੈ। ਕਈ ਵਾਰੀ ਇਹ ਲੋਕ ਬਾਹਰੋਂ ਤਾਂ ਧਰਮਾਤਮਾ ਬਣੇ ਫਿਰਦੇ ਹਨ ਪਰ ਅੱਧਾ ਸੱਚ ਬੋਲਦੇ ਹਨ (ਜਿਸ ਵਿਚ ਅੱਧਾ ਝੂਠ ਲੁਕਿਆ ਹੁੰਦਾ ਹੈ) ਜੋ ਬਹੁਤ ਹੀ ਖਤਰਨਾਕ ਹੁੰਦਾ ਹੈ। ਜੇ ਮਹਾਂ-ਭਾਰਤ ਵਿਚ ਯੁਧਿਸ਼ਟਰ ਨੇ ਅੱਧਾ ਸੱਚ (ਅਸ਼ਵਥਾਮਾ ਹਤੋ) ਨਾ ਬੋਲਿਆ ਹੁੰਦਾ ਤਾਂ ਸ਼ਾਇਦ ਇਸ ਮਹਾਂ-ਯੁੱਧ ਦਾ ਨਤੀਜਾ ਕੁਝ ਹੋਰ ਹੀ ਹੁੰਦਾ। ਪਾਂਡਵਾਂ ਅਤੇ ਕੌਰਵਾਂ ਦੇ ਗੁਰੂ (ਜਿਸ ਕੋਲੋਂ ਇਨ੍ਹਾਂ ਨੇ ਸ਼ਸਤਰ ਵਿਦਿਆ ਸਿੱਖੀ ਸੀ) ਦਰੋਣਾਚਾਰੀਆ ਦੀ ਅਜਾਈਂ ਮੌਤ ਨਾ ਹੁੰਦੀ) ਅਤੇ ਕੌਰਵਾਂ ਦਾ ਪੱਲੜਾ ਭਾਰੀ ਰਹਿਣਾ ਸੀ।
ਦੂਸਰੇ ਨਾਲ ਤੁਹਾਡਾ ਪਿਆਰ ਅਤੇ ਆਦਰ ਤੁਹਾਡੀ ਮਿੱਠੀ ਜ਼ੁਬਾਨ ਨਾਲ ਹੀ ਕਾਇਮ ਰਹਿੰਦਾ ਹੈ। ਤੁਹਾਡੇ ਰਿਸ਼ਤੇ ਸੁਹਿਰਦ ਬਣਦੇ ਹਨ। ਤੁਸੀਂ ਆਪ ਖ਼ੁਸ਼ ਰਹਿੰਦੇ ਹੋ ਅਤੇ ਤੁਹਾਡੇ ਕਾਰਨ ਦੂਜੇ ਵੀ ਖੁਸ਼ ਰਹਿੰਦੇ ਹਨ। ਦੁਨੀਆਂ ਖੂਹ ਦੀ ਅਵਾਜ਼ ਹੈ। ਜੋ ਤੁਸੀਂ ਅਵਾਜ਼ ਬੋਲਦੇ ਹੋ ਉਹ ਹੀ ਗੂੰਜ ਕੇ ਤੁਹਾਡੇ ਕੋਲ ਵਾਪਸ ਆਉਂਦੀ ਹੈ। ਇਸ ਲਈ ਆਪਣੇ ਬੋਲਚਾਲ ਵਿਚ ਧੀਰਜ ਅਤੇ ਮਿੱਠਾਸ ਰੱਖੋ। ਜੇ ਤੁਹਾਡੀ ਬਾਣੀ ਪਰਤ ਕੇ ਵਾਪਸ ਵੀ ਆਏ ਤਾਂ ਤੁਹਾਨੂੰ ਕੌੜੀ ਨਾ ਲੱਗੇ। ਤੁਹਾਡੀ ਜ਼ੁਬਾਨ ਹੀ ਤੁਹਾਡੇ ਸੋਹਣੇ ਰਿਸ਼ਤੇ ਕਾਇਮ ਰੱਖਣ ਵਿਚ ਸਹਾਈ ਹੁੰਦੀ ਹੈ। ਤੁਸੀਂ ਇਕ ਵਾਰੀ ਆਪਣੇ ਮੂੰਹ ਵਿਚੋਂ ਨਿਕਲੇ ਸ਼ਬਦ ਵਾਪਸ ਨਹੀਂ ਲੈ ਸਕਦੇ। ਆਪਣੀ ਬੋਲੀ ਬੋਲ ਕੇ ਸਾਨੂੰ ਪ੍ਰਮਾਤਮਾਂ ਵਲੋਂ ਦਿੱਤੀਆਂ ਦਾਤਾਂ ਦਾ ਸਦਉਪਯੋਗ ਕਰਨਾ ਚਾਹੀਦਾ ਹੈ। ਐਵੇਂ ਹਰ ਸਮੇਂ ਜ਼ਹਿਰ ਉਗਲ ਕੇ ਇਸ ਨੂੰ ਗੰਦਾ ਨਹੀਂ ਕਰਨਾ ਚਾਹੀਦਾ।ਇੱਥੇ ਬਚਪਨ ਵਿਚ ਸੁਣੀ ਹੋਈ ਕਹਾਣੀ ਵਰਨਣ ਯੋਗ ਹੈ, "ਇਕ ਵਾਰ ਦੋ ਮੁਸਾਫਿਰ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਪੈਦਲ ਜਾ ਰਹੇ ਸਨ। ਉਨ੍ਹਾਂ ਨੂੰ ਰਸਤੇ ਵਿਚ ਰਾਤ ਪੈ ਗਈ। ਉਨ੍ਹਾਂ ਨੂੰ ਇਕ ਛੋਟਾ ਜਿਹਾ ਮਕਾਨ ਦਿਖਾਈ ਦਿੱਤਾ ਜਿਸ ਵਿਚ ਇਕ ਬੁੱਢੀ ਮਾਈ ਰਹਿੰਦੀ ਸੀ। ਉਨ੍ਹਾਂ ਨੇ ਮਾਈ ਨੂੰ ਆਪਣੇ ਘਰ ਰਾਤ ਕਟਾਉਣ ਦੀ ਬੇਨਤੀ ਕੀਤੀ। ਮਾਈ ਨੇ ਕਿਹਾ ਕਿ ਮੇਰੇ ਕੋਲ ਤੁਹਾਡੇ ਖਾਣ ਨੂੰ ਦੇਣ ਲਈ ਕੁਝ ਵੀ ਨਹੀਂ। ਮੁਸਾਫਰਾਂ ਨੇ ਕਿਹਾ ਕਿ ਸਾਡੇ ਕੋਲ ਦਾਲ ਤੇ ਚੌਲ ਹਨ ਤੂੰ ਸਾਨੂੰ ਖਿਚੜੀ ਬਣਾ ਦੇਵੀਂ। ਅਸੀ ਰਲ ਕੇ ਖਾ ਲਵਾਂਗੇ। ਮਾਈ ਨੇ ਦਾਲ ਚੌਲ ਚੁਲ੍ਹੇ ਉੱਤੇ ਧਰ ਦਿੱਤੇ। ਇੰਨੇ ਵਿਚ ਮੁਸਫਿਰਾਂ ਨੇ ਦੇਖਿਆ ਕਿ ਪਿਛਲੇ ਕਮਰੇ ਵਿਚ ਮਾਈ ਦੀ ਮੱਝ ਬੱਝੀ ਹੋਈ ਸੀ। ਉਨ੍ਹਾਂ ਨੇ ਮਾਈ ਨੂੰ ਕਿਹਾ ਮਾਈ ਤੇਰੇ ਘਰ ਦਾ ਦਰਵਜ਼ਾ ਤਾਂ ਛੋਟਾ ਜਿਹਾ ਹੈ। ਜੇ ਤੇਰੀ ਮੱਝ ਮਰ ਜਾਏ ਤਾਂ ਤੂੰ ਉਸ ਨੂੰ ਬਾਹਰ ਕਿਵੇਂ ਕੱਢੇਂਗੀ? ਇਹ ਸੁਣ ਕੇ ਮਾਈ ਨੂੰ ਬਹੁਤ ਗੁੱਸਾ ਚੜ੍ਹ ਗਿਆ ਉਸ ਨੇ ਗਰਮ ਗਰਮ ਉਬਲਦੀ ਹੋਈ ਖਿਚੜੀ ਉਨ੍ਹਾਂ ਦੇ ਪਰਨੇ ਵਿਚ ਪਾ ਦਿੱਤੀ ਅਤੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ। ਉਹ ਅੱਧੀ ਰਾਤ ਨੂੰ ਬੇਘਰ ਹੋ ਕੇ ਜਾ ਰਹੇ ਸਨ। ਪਰਨੇ ਵਿਚੋਂ ਖਿਚੜੀ ਵਗਦੀ ਜਾ ਰਹੀ ਸੀ। ਕਿਸੇ ਨੇ ਪੁੱਛਿਆ ਕਿ ਇਹ ਕੀ ਚੋਂਦਾ ਪਿਆ ਹੈ? ਉਨ੍ਹਾਂ ਨੇ ਉੱਤਰ ਦਿੱਤਾ ਕਿ ਇਹ ਸਾਡੀ ਜ਼ੁਬਾਨ ਦਾ ਰਸ ਚੋ ਰਿਹਾ ਹੈ। ਤੁਹਾਡੇ ਬੋਲੇ ਹੋਏ ਸ਼ਬਦਾਂ ਦੇ ਬਹੁਤ ਦੂਰ ਰਸੀ ਸਿੱਟੇ ਹੁੰਦੇ ਹਨ। ਇਸ ਲਈ ਆਪਣੀ ਜ਼ੁਬਾਨ ਨੂੰ ਸੰਭਾਲ ਕੇ ਹੀ ਬੋਲਣਾ ਚਾਹੀਦਾ ਹੈ। ਜ਼ੁਬਾਨ ਹੀ ਹੈ ਜੋ ਮਨੁੱਖ ਨੂੰ ਰਾਜ ਵੀ ਕਰਾ ਦਿੰਦੀ ਹੈ ਅਤੇ ਇਹ ਜ਼ੁਬਾਨ ਹੀ ਉਸ ਨੂੰ ਭੀਖ ਮੰਗਣ ਤੇ ਵੀ ਲਾ ਦਿੰਦੀ ਹੈ।
ਜੇ ਤੁਸੀਂ ਖ਼ੁਸ਼ ਹੁੰਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਧੀਆ ਹੁੰਦੀ ਹੈ ਪਰ ਜੇ ਤੁਹਾਡੇ ਕਾਰਨ ਕੋਈ ਦੂਸਰਾ ਖ਼ੁਸ਼ ਹੁੰਦਾ ਹੈ ਤਾਂ ਤੁਹਾਡੀ ਜ਼ਿੰਦਗੀ ਉਸ ਤੋਂ ਵੀ ਵਧੀਆ ਹੁੰਦੀ ਹੈ। ਇਹ ਵਧੀਆ ਜ਼ਿੰਦਗੀ ਤੁਹਾਨੂੰ ਮਿੱਠੀ ਜ਼ੁਬਾਨ, ਸੁਹਿਰਦ ਅਤੇ ਸਪਸ਼ਟ ਵਿਉਹਾਰ ਨਾਲ ਹੀ ਮਿਲ ਸਕਦੀ ਹੈ ਇੱਥੇ ਝੂਠ ਅਤੇ ਫ਼ਰੇਬ ਦੀ ਕੋਈ ਗੁੰਜਾਇਸ਼ ਨਹੀਂ। ਝੂਠ ਫ਼ਰੇਬ ਨਾਲ ਰਿਸ਼ਤੇ ਸੁਖਾਵੇਂ ਨਹੀਂ ਰਹਿੰਦੇ ਅਤੇ ਜਲਦੀ ਹੀ ਟੁੱਟ ਜਾਂਦੇ ਹਨ।। ਇਕ ਦਿਨ ਝੂਠ ਦਾ ਭਾਂਡਾ ਫੁੱਟ ਹੀ ਜਾਂਦਾ ਹੈ।
ਸਾਨੂੰ ਦੂਜੇ ਨਾਲ ਕਦੀ ਵੀ ਰੁੱਖਾ ਅਤੇ ਖਰਵਾ ਨਹੀਂ ਬੋਲਣਾ ਚਾਹੀਦਾ।ਗੁਰੁ ਨਾਨਕ ਦੇਵ ਜੀ ਆਪਣੀ ਬਾਣੀ "ਆਸਾ ਦੀ ਵਾਰ" ਵਿਚ ਲਿਖਦੇ ਹਨ-"ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ" ਭਾਵ ਇਹ ਕਿ ਫਿੱਕਾ ਅਤੇ ਰੁੱਖਾ ਬੋਲਣ ਵਾਲਾ ਤਨ ਅਤੇ ਮਨ ਤੋਂ ਫ਼ਿਕਾ ਹੀ ਹੁੰਦਾ ਹੈ। ਸੰਸਾਰ ਵਿਚ ਤੁਹਾਡਾ ਆਗਮਨ ਰੋਂਦੇ ਹੋਏ ਹੁੰਦਾ ਹੈ ਪਰ ਤੁਹਾਡੀ ਵਾਪਸੀ ਰੋਂਦੇ ਹੋਏ ਨਹੀਂ ਹੋਣੀ ਚਾਹੀਦੀ। ਆਓ ਅਸੀਂ "ਏਕੁ ਪਿਤਾ ਏਕਸ ਕੇ ਹਮ ਬਾਰਿਕ" ਵਾਲਾ ਪਾਠ ਪੜ੍ਹੀਏ ਅਤੇ ਆਪਸ ਵਿਚ ਭਰਾਤਰੀ ਵਾਲਾ ਪ੍ਰੇਮ ਪਿਆਰ ਰੱਖੀਏ। ਗੁਰੂ ਨਾਨਕ ਦੇਵ ਜੀ ਆਪਣੀ ਉਪਰੋਕਤ ਬਾਣੀ 'ਆਸਾ ਦੀ ਵਾਰ' ਵਿਚ ਅੱਗੇ ਲਿਖਦੇ ਹਨ:
ਮਿਠਤੁ ਨੀਵੀ ਨਾਨਕਾ
ਗੁਣ ਚੰਗਿਆਈਆ ਤਤੁ॥
ਇਸ ਦਾ ਭਾਵ ਇਹ ਹੈ ਕਿ ਮਿੱਠਾ ਬੋਲਣਾ ਅਤੇ ਨਿਮਰਤਾ ਰੱਖਣਾ ਸਾਰੇ ਗੁਣਾਂ ਦਾ ਮੂਲ ਤੱਤ ਹੈ। ਮਿੱਠਾ ਬੋਲਣ ਵਾਲਾ ਮਨੁੱਖ ਹਮੇਸ਼ਾਂ ਦੂਜਿਆਂ 'ਤੋਂ ਇੱਜ਼ਤ ਮਾਣ ਹਾਸਿਲ ਕਰਦਾ ਹੈ। ਤੁਹਾਡੀ ਜਾਤ, ਧਰਮ, ਅਹੁਦਾ ਜਾਂ ਮਸ਼ਹੂਰੀ ਜਿੰਨੀ ਮਰਜ਼ੀ ਉੱਚੀ ਹੋਵੇ, ਪਹਿਲਾਂ ਚੰਗੇ ਇਨਸਾਨ ਬਣੋ। ਜੁਬਾਨ ਵਿਚ ਮਿੱਠਾਸ, ਮਨ ਵਿਚ ਨਿਮਰਤਾ ਅਤੇ ਇਮਾਨਦਾਰੀ ਧਾਰਨ ਕਰੋ। ਜੇ ਤੁਸੀਂ ਇਕ ਚੰਗੇ ਇਨਸਾਨ ਨਹੀਂ ਬਣੇ ਤਾਂ ਉੱਪਰਲੀਆਂ ਸਭ ਪ੍ਰਾਪਤੀਆਂ ਬੇਕਾਰ ਹਨ। ਤੁਹਾਡੀ ਯੋਗਤਾ ਤੁਹਾਨੂੰ ਤੁਹਾਡੇ ਪੇਸ਼ੇ ਵਿਚ ਸਭ ਤੋਂ ਉੱਪਰ ਦੀ ਟੀਸੀ 'ਤੇ ਲਿਜਾ ਸਕਦੀ ਹੈ ਪਰ ਤੁਹਾਡਾ ਵਿਉਹਾਰ ਤੁਹਾਨੂੰ ਦੂਜੇ ਦੇ ਦਿਲਾਂ ਅੰਦਰ ਸਭ ਤੋਂ ਸਨਮਾਨਯੋਗ ਸਥਾਨ 'ਤੇ ਬਿਠਾ ਸਕਦਾ ਹੈ।