ਜਿੰਦਰ ਦਵਾ-ਦਵ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਈ ਜਾ ਰਿਹਾ ਸੀ। ਉਸ ਨੂੰ ਅੱਗ ਲਾਉਂਦੇ ਨੂੰ ਦੇਖ ਸਮਝਾਉਣ ਦੇ ਇਰਾਦੇ ਨਾਲ ਮੈਂ ਉਸ ਦੇ ਕੋਲ ਗਿਆ। ਜਿੰਦਰ ਇਹ ਕੀ ਕਰਨ ਲੱਗਿਆ ?
" ਅੱਗ ਲਾ ਰਿਹਾ, ਮਾਸਟਰ ਜੀ ਸਸਰੀ ਕਾਲ"।ਉਹ ਤਾਂ ਮੈਨੂੰ ਵੀ ਦਿਖ ਰਿਹਾ ਪਰ ਯਾਰ! ਕਿਉਂ ਲੋਕਾਂ ਨੂੰ ਬਿਮਾਰੀਆਂ ਦੇ ਮੂੰਹ ਵਿੱਚ ਧੱਕ ਰਿਹਾ।
ਮਾਸਟਰ ਜੀ, " ਮੈਂ ਕਿਹੜਾ ਕੱਲਾ ਲਾ ਰਿਹਾ, ਸਾਰੇ ਹੀ ਲਾਉਂਦੇ ਨੇ । ਹੋਰ ਫੇਰ ਕਰੀਏ ਵੀ ਕੀ ਇਸ ਮਣਾ ਮੂੰਹੀ ਰਹਿੰਦ ਖੂਹਦ ਦਾ ?"।
ਮੈਂ ਉਸ ਸਮਝਾਉਣ ਲਈ ਕਿਹਾ, " ਹੁਣ ਤਾਂ ਸਰਕਾਰ ਇੰਨੀਆ ਸਕੀਮਾਂ ਅਤੇ ਸਬਸਿਡੀਆਂ ਦੇ ਰਹੇ ਹੈ ਇਸ ਨੂੰ ਗਾਲਣ ਲਈ ਸੰਦ ਸਦੇੜੇ ਵਾਸਤੇ, ਫੇਰ ਤੁਸੀਂ ਕਿਉਂ ਨੀਂ ਉਸ ਦਾ ਲਾਭ ਉਠਾਉਂਦੇ"।
"ਮਾਸਟਰ ਜੀ ਇਹ ਸਭ ਗੱਲਾਂ ਹੀ ਨੇ, ਸਾਡੇ ਵਰਗੇ ਛੋਟੇ ਕਿਸਾਨਾਂ ਵਾਸਤੇ ਕੁੱਝ ਨਹੀਂ ਨਾ ਕਰਜ਼ਾ ਮਾਫੀ ਨਾ ਕੋਈ ਸਬਸਿਡੀ। ਸਰਕਾਰ ਤਾਂ ਵੱਡਿਆ ਦਾ ਹੀ ਪੱਖ ਪੂਰਦੀ ਆ, ਸਾਡੇ ਕੋਲ ਤਾਂ ਇਸ ਨੂੰ ਅੱਗ ਲਾਉਣ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ" ਤੰਗਲੀ ਨਾਲ ਅੱਗ ਦੂਸਰੇ ਪਾਸੇ ਲਾਉਂਦੇ ਹੋਏ ਜਿੰਦਰ ਨੇ ਇੱਕ ਹਾਉਂਕਾ ਜਿਹਾ ਲੈਦੇ ਹੋਏ ਕਿਹਾ।
" ਜਿੰਦਰ ਇਸ ਜ਼ਹਿਰੀਲੇ ਧੂੰਐ ਨਾਲ ਲੋਕਾਂ ਨੂੰ ਬਿਮਾਰੀਆਂ ਲੱਗਦੀਆ ਨੇ, ਜਿਹੜੇ ਮਰੀਜ਼ਾਂ ਦਾ ਬੁਰਾ ਹਾਲ ਹੁੰਦਾ ।ਉਹ ਵੱਖ । ਜਿਹੜੇ ਧੂੰਐ ਨਾਲ ਐਕਸੀਡੈਂਟ ਹੁੰਦੇ ਨੇ,ਉਸ ਦਾ ਕੀ ? ਮੈਂ ਕਈ ਸਵਾਲ ਇੱਕੋ ਸਾਹ ਵਿੱਚ ਜਿੰਦਰ ਨੂੰ ਕੀਤੇ।
ਮਾਸਟਰ ਜੀ, " ਇਹ ਧੂੰਆ ਮੇਰੇ ਬੱਚਿਆਂ ਨੂੰ ਵੀ ਜਾਂਦਾ, ਮੇਰਾ ਬਿਮਾਰ ਪਿਉ ਬਹੁਤ ਦੁਖੀ ਹੁੰਦਾ, ਬੇਬੇ ਤਾਂ ਦੋ ਕੁ ਸਾਲ ਪਹਿਲਾਂ ਇੰਨਾਂ ਦਿਨਾਂ ਵਿੱਚ ਹੀ ਚੜਾਈ ਕਰ ਗਈ ਸੀ। ਪਰ ਕਰੀਏ ਕੀ ?" ਜ਼ਿੰਦਰ ਸਿਰ ਫੜ੍ਹ ਕੇ ਬੈਠ ਗਿਆ।
" ਹੁਣ ਜਦੋਂ ਇਹ ਧੂੰਆਂ ਸਰਕਾਰ ਦੇ ਨੱਕ ਵਿੱਚ ਦਮ ਲਿਆਊ, ਫੇਰ ਪਤਾ ਲੱਗੂ ਸਰਕਾਰ ਨੂੰ ਕਿ ਉਹ ਇੰਨਾਂ ਕਿਸਾਨਾਂ ਬਾਰੇ ਕਿਉਂ ਨਹੀਂ ਸੋਚਦੀ। ਕਿਉਂ ਨਹੀਂ ਸਾਨੂੰ ਫਸਲਾਂ ਦੇ ਸਹੀ ਮੁੱਲ ਦਿੰਦੀ, ਕਿਉਂ ਸਾਨੂੰ ਮੰਡੀਆਂ 'ਚ ਰੋਲਦੀ ਆ, ਕਿਉਂ ਸਾਡੇ ਬੱਚੇ ਵਿਦੇਸ਼ਾ ਨੂੰ ਭੱਜ ਰਹੇ ਨੇ, ਕਿਉਂ ਨੀਂ ਸਾਨੂੰ ਰੋਜ਼ਗਾਰ ਦਿੰਦੀ"।ਜਿੰਦਰ ਦੇ ਅੰਦਰ ਤਾਂ ਰੋਸ ਪ੍ਰਗਟਾਉਣ ਦਾ ਜਵਾਲਾ ਮੁੱਖੀ ਫੁੱਟ ਰਿਹਾ ਸੀ। ਉਹ ਦਮਾ ਦਮ ਤਿੰਗਲੀ ਨਾਲ ਅੱਗੇ ਦੀ ਅੱਗੇ ਅੱਗ ਲਾਉਂਦਾ ਜਾ ਰਿਹਾ ਸੀ।