ਮਿੰਨੀ ਦਾ 126ਵਾਂ ਅੰਕ ਲੋਕ ਅਰਪਣ
(ਖ਼ਬਰਸਾਰ)
ਨੱਥੂਵਾਲਾ ਗਰਬੀ -- ਕੋਵਿਡ -੧੯ (ਕਰੋਨਾ ਵਾਇਰਸ) ਕਾਰਨ ਪੂਰੇ ਵਿਸ਼ਵ ਵਿਚ ਸੰਕਟ ਦਾ ਸਮਾਂ ਹੈ। ਸਾਡੇ ਦੇਸ਼ ਵੀ ਇਸ ਸਮੱਸਿਆ ਨੂੰ ਲੈ ਕੇ ਲਾਕਡਾਊਨ/ਕਰਫ਼ਿਊ ਚੱਲ ਰਿਹਾ ਹੈ। ਅਜਿਹੇ ਸਮੇਂ ਵਿਚ ਸਮੁੱਚੇ ਕਾਰਜ ਅਤੇ ਗਤੀਵਿਧੀਆਂ ਠੱਪ ਹੋ ਕੇ ਰਹਿ ਗਈਆਂ ਹਨ। ਮਨੁੱਖ ਘਰਾਂ ਅੰਦਰ ਰਹਿਣ ਲਈ ਮਜ਼ਬੂਰ ਹਨ। ਇਸ ਸਭ ਕਾਸੇ ਤੇ ਵਿਚਾਰ ਕਰਦਿਆਂ ਮਿੰਨੀ ਕਹਾਣੀ ਲੇਖਕ ਮੰਚ, ਪੰਜਾਬ ਅਤੇ ਅਦਾਰਾ 'ਮਿੰਨੀ' ਵੱਲੋਂ ੧੨ ਅਪ੍ਰੈਲ ੨੦੨੦ ਨੂੰ ਬਾਲਿਆਂਵਾਲੀ ਵਿਖੇ ਰੱਖਿਆ 'ਜੁਗਨੂੰਆਂ ਦੇ ਅੰਗ ਸੰਗ' ਪ੍ਰੋਗਰਾਮ ਰੱਦ ਕਰਕੇ ਉਸਦੀ ਥਾਂ ਤੇ ਜ਼ੂਮ ਐਪ ਰਾਹੀਂ ਮਿੰਨੀ ਕਹਾਣੀ ਵਿਕਾਸ ਮੰਚ ਬਰੇਟਾ ਦੇ ਸਹਿਯੋਗ ਨਾਲ ਆਨਲਾਈਨ ਸਮਾਗਮ ਰਚਾਇਆ ਗਿਆ। ਜਿਸ ਵਿਚ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਦਿੱਲੀ ਵਿਚ ਬੈਠੇ ਲੇਖਕਾਂ ਨੇ ਵੀ ਸ਼ਮੂਲੀਅਤ ਕੀਤੀ। ਸਮਾਗਮ ਵਿਚ ਸਭ ਤੋਂ ਪਹਿਲਾਂ ਮੰਚ ਦੇ ਕੋ-ਕਨਵੀਨਰ ਜਗਦੀਸ਼ ਰਾਏ ਕੁਲਰੀਆਂ ਨੇ ਸਮਾਗਮ ਦੀ ਰੂਪਰੇਖਾ ਸਾਂਝੀ ਕਰਦਿਆਂ ਅਜੋਕੇ ਹਾਲਤਾਂ ਦੀ ਗੱਲ ਕੀਤੀ। ਮੰਚ ਦੇ ਕਨਵੀਨਰ ਹਰਭਜਨ ਸਿੰਘ ਖੇਮਕਰਨੀ ਵੱਲੋਂ ਸਭਨਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ ਅਤੇ ਸਮੁੱਚੇ ਵਿਸ਼ਵ ਦੇ ਇਸ ਸੰਕਟ ਵਿਚੋਂ ਨਿਕਲਣ ਦੀ ਉਮੀਦ ਪ੍ਰਗਟ ਕੀਤੀ।
ਮਿੰਨੀ ਦੇ ਸੰਪਾਦਕ ਡਾ. ਸ਼ਿਆਮ ਸੁੰਦਰ ਦੀਪਤੀ ਨੇ ਬਹੁਤ ਹੀ ਭਾਵਪੂਰਤ ਗੱਲ ਕਰਦਿਆਂ ਕਿਹਾ ਕਿ ਭਾਵੇਂ ਅਸੀਂ ਅਜਿਹੇ ਸੰਕਟ ਦੇ ਸਮੇਂ ਅਤੇ ਡਰ ਦੇ ਮਾਹੌਲ ਵਿਚੋਂ ਨਿਕਲ ਰਹੇ ਹਾਂ ਜਿਸਦਾ ਸਾਹਮਣਾ ਘਰ ਰਹਿ ਕੇ ਆਪਣਾ ਮਨੋਬਲ ਉੱਚਾ ਰੱਖ ਕੇ ਕੀਤਾ ਜਾ ਸਕਦਾ ਹੈ। ਸਾਹਿਤ ਨੂੰ ਪੜਨ ਲਿਖਣ ਦੇ ਨਾਲ ਨਾਲ ਸਾਨੂੰ ਆਪਣੀਆਂ ਸਮਾਜਿਕ ਜਿੰੰਮੇਵਾਰੀਆਂ ਤੇ ਵੀ ਧਿਆਨ ਰੱਖਣਾ ਚਾਹੀਦਾ ਹੈ।ਆਪਾਂ ਨੂੰ ਆਪਣੇ ਆਲੇ-ਦੁਆਲੇ ਝਾਤੀ ਮਾਰਨੀ ਚਾਹੀਦੀ ਹੈ ਕਿ ਕੋਈ ਵਿਅਕਤੀ ਭੁੱਖਾ ਨਾ ਸੋਵੇ,ਉਸਦੀ ਲੋੜ ਅਨੁਸਾਰ ਮਦਦ ਕੀਤੀ ਜਾਵੇ। ਇਸ ਤੋਂ ਬਾਦ ਤ੍ਰੈਮਾਸਿਕ 'ਮਿੰਨੀ' ਦਾ ੧੨੬ਵਾਂ ਅੰਕ ਆਨਲਾਈਨ ਲੋਕ ਅਰਪਣ ਕੀਤਾ ਗਿਆ, ਜਿਸ ਤੇ ਕੁਲਵਿੰਦਰ ਕੌਸ਼ਲ ਨੇ ਗੱਲਬਾਤ ਕੀਤੀ। ਹਿੰਦੀ ਲਘੂਕਥਾ ਲੇਖਕ ਸੁਭਾਸ਼ ਨੀਰਵ ਨੇ ਕਿਹਾ ਕਿ ਮੰਚ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ਜਿਸ ਸਦਕਾ ਅਸੀਂ ਇੱਕ ਦੂਜੇ ਨੂੰ ਸੁਣ ਤੇ ਦੇਖ ਪਾ ਰਹੇ ਹਾਂ। ਮਿੰਨੀ ਕਹਾਣੀ ਵਿਧਾ ਦੇ ਵਿਕਾਸ ਲਈ ਅਜਿਹੇ ਸਮਾਗਮ ਜਰੂਰੀ ਹਨ। ਕਥਾਕਾਰ ਦਰਸ਼ਨ ਜੋਗਾ, ਜਸਬੀਰ ਢੰਡ, ਡਾ. ਨਾਇਬ ਸਿੰਘ ਮੰਡੇਰ, ਨਿਰੰਜਣ ਬੋਹਾ ਤੇ ਡਾ. ਪ੍ਰਦੀਪ ਕੌੜਾ ਨੇ ਗੱਲਬਾਤ ਕਰਦਿਆਂ ਜਿੱਥੇ ਇਸ ਸਮਾਗਮ ਤੇ ਸਤੁੰਸ਼ਟੀ ਜ਼ਾਹਿਰ ਕੀਤੀ, ਉੱਥੇ ਲੇਖਕਾਂ ਨੂੰ ਸਿੱਖਿਆਦਾਇਕ, ਚੇਤਨਤਾ ਭਰਪੂਰ ਅਤੇ ਮਨੋਬਲ ਵਧਾਉਣ ਵਾਲੀਆਂ ਰਚਨਾਵਾਂ ਸਿਰਜਣ ਦਾ ਹੋਕਾ ਦਿੱਤਾ। ਇਸ ਸਮਾਗਮ ਵਿਚ ਡਾ. ਬਲਦੇਵ ਸਿੰਘ ਖਹਿਰਾ, ਬੀਰ ਇੰਦਰ ਬਨਭੋਰੀ, ਦਰਸ਼ਨ ਸਿੰਘ ਬਰੇਟਾ, ਡਾ. ਹਰਜਿੰਦਰਪਾਲ ਕੌਰ ਕੰਗ, ਮਹਿੰਦਰਪਾਲ ਮਿੰਦਾ, ਗੁਰਸੇਵਕ ਸਿੰਘ ਰੋੜਕੀ, ਡਾ. ਸਾਧੂ ਰਾਮ ਲੰਗੇਆਣਾ,ਰਣਜੀਤ ਅਜ਼ਾਦ ਕਾਂਝਲਾ, ਸੁਖਦੇਵ ਸਿੰਘ ਔਲਖ, ਜਸਬੀਰ ਭਲੂਰੀਆ, ਭੁਪਿੰਦਰ ਸਿੰਘ ਮਾਨ, ਪਰਦੀਪ ਮਹਿਤਾ, ਅਮਰਜੀਤ ਸਿੰਘ ਮਾਨ, ਮੰਗਤ ਕੁਲਜਿੰਦ, ਗੁਰਮੇਲ ਸਿੰਘ ਬਠਿੰਡਾ, ਬੂਟਾ ਖਾਨ ਸੁੱਖੀ, ਕੰਵਲਜੀਤ ਭੋਲਾ ਲੰਡੇ, ਸੁਖਵਿੰਦਰ ਦਾਨਗੜ, ਸੋਮਨਾਥ ਕਲਸੀਆਂ, ਰੁਪਿੰਦਰ ਸਿੰਘ ਭੰਗੂ, ਰਾਜਦੇਵ ਕੌਰ ਸਿੱਧੂ ਨੇ ਵੀ ਆਪਣੇ ਵਿਚਾਰ ਰੱਖੇ।ਲਗਭਗ ਡੇਢ ਘੰਟੇ ਤੱਕ ਚੱਲਿਆ ਇਹ ਪ੍ਰੋਗਰਾਮ ਇੱਕ ਨਿਵੇਕਲੀ ਪਹਿਲ ਹੋ ਨਿਬੜਿਆ।