ਗੁਰਬਾਣੀ ਦੀ ਖੋਜ ਪੁਸਤਕ
ਰਹਰਾਸਿ ਸਾਹਿਬ –ਅਰਥ ਅਤੇ ਸਿੱਖਿਆਵਾਂ
ਲੇਖਕ ਜੋਗਿੰਦਰ ਪਾਲ ਸਿੰਘ
ਪ੍ਰਕਾਸ਼ਕ –ਭਾਈ ਵੀਰ ਸਿਘ ਅਕੈਡਮੀ ਜਲੰਧਰ
ਪੰਨੇ ---130 ਮੁੱਲ ----ਆਪ ਪੜ੍ਹੋ ਤੇ ਹੋਰਨਾਂ ਨੂੰ ਪੜ੍ਹਾਓ
ਭਾਈ ਜਸਬੀਰ ਸਿੰਘ ਖਾਲਸਾ ਜੀ ਵਲੋਂ ਗੁਰਬਾਣੀ ਸਿਖਿਆ ਹਿਤ ਸਥਾਪਿਤ ਭਾਈ ਵੀਰ ਸਿੰਘ ਅਕੈਡਮੀ ਵਲੋਂ ਪੁਸਤਕ ਰਹਰਾਸਿ ਸਾਹਿਬ ਅਰਥ ਅਤੇ ਸਿਖਿਆਵਾਂ ਛਪ ਕੇ ਆਈ ਹੈ । ਇਸ ਤੋਂ ਪਹਿਲਾਂ ਲੇਖਕ ਦੀ ਕਲਮ ਤੋਂ ਜਪੁਜੀ ਸ਼ਾਹਿਬ ਦੇ ਅਰਥ ਤੇ ਵਿਆਖਿਆ ਪੁਸਤਕ ਪਾਠਕ ਪੜ੍ਹ ਚੁੱਕੇ ਹਨ । ਸਿੱਖ ਰਹਿਤ ਮਰਿਯਾਂਦਾ ਵਿਚ ਬਾਣੀ ਰਹਰਾਸਿ ਸਾਹਿਬ ਦਾ ਪਾਠ ਸ਼ਾਮ ਸਮੇਂ ਕੀਤਾ ਜਾਂਦਾ ਹੈ । ਬਾਣੀ ਰਹਰਾਸਿ ਸਾਹਿਬ ਵਿਚ ਨੌਂ ਸ਼ਬਦ ਹਨ । ਪੁਸਤਕ ਵਿਚ ਇਂਨ੍ਹਾਂ ਸ਼ਬਦਾਂ ਦੇ ਅਖਰੀ ਅਰਥ ਤੇ ਵਿਆਖਿਆ ਹੈ । ਸ਼ਬਦ ਹਨ ----–ਸੋ ਦਰੁ ਤੇਰਾ ਕੇਹਾ ---ਸੁਣਿ ਵਡਾ ਆਖੇ ਸਭਿ ਕੋਇ ----–ਆਖਾ ਜੀਵਾਂ ਵਿਸਰੈ ਮਰਿ ਜਾਓ (ਰਾਗ ਆਸਾ ) ਹਰਿ ਕੇ ਜਨੁ ਸਤਿਗੁਰ ਸਤਪੁਰਖਾ ---ਕਾਹੇ ਰੇ ਮਨਿ ਚਿਤਵਹਿ ਉਦਮੁ (*ਰਾਗ ਗੂਜਰੀ ) ਸੋ ਪੁਰਖ ਨਿਰੰਜਨ ---ਤੂੰ ਕਰਤਾ ਸਚਿਆਰ ਮੈਂਡਾ ਸਾਈਂ ---ਤਿਤ ਸਰਵਰੜੈ ਭਈ ਲੇ ਨਿਵਾਸਾ ---ਭਈ ਪਰਾਪਤਿ ਮਾਨੁਖ ਦੇਹੁਰੀਆ (ਆਸਾ ਰਾਗ )
ਲੇਖਕ ਨੇ ਇਹ ਸ਼ਬਦ ਪੂਰਨ ਰੂਪ ਵਿਚ ਅੰਕਿਤ ਕੀਤੇ ਹਨ । ਇਂਨ੍ਹਾਂ ਦੇ ਅਖਰੀ ਅਰਥ ,ਵਿਆਖਿਆ , ਤੇ ਹਰੇਕ ਸ਼ਬਦ ਤੋਂ ਗੁਰਸਿੱਖ ਨੂੰ ਪ੍ਰਾਪਤ ਹੋਣ ਵਾਲੀਆਂ ਸਿੱਖਿਆਵਾਂ ਦਾ ਜ਼ਿਕਰ ਕੀਤਾ ਹੈ ।
ਸ਼ਬਦ ਵਿਚੋਂ ਤੁਕਾਂ ਲੈ ਕੇ ਇਹ ਸਿਖਿਆਵਾਂ ਹਨ । ਸਿਖਿਆਵਾਂ ਵਿਚ ਪ੍ਰਮਾਣ ਤੇ ਸਾਖੀਆਂ ਹਨ । ਸਾਖੀਆਂ ਪੜ੍ਹ ਕੇ ਸਾਧਾਰਨ ਪਾਠਕ ਵੀ ਬਾਣੀ ਦੇ ਭਾਵ ਅਰਥ ਨੂੰ ਮਨ ਹਿਰਦੇ ਵਿਚ ਵਸਾ ਸਕਦਾ ਹੈ । ਜਿਨ੍ਹਾਂ ਸੰਕਲਪਾਂ ਤੇ ਵਿਆਖਿਆ ਵਿਚ ਵਧੇਰੇ ਜ਼ੋਰ ਦਿਤਾ ਗਿਆ ਹੈ ਉਹ ਸਾਰੇ ਮਨੁਖ ਨੂੰ ਸਹੀ ਜੀਵਨ ਜਾਚ ਵਲ ਤੋਰਦੇ ਹਨ । ਇਸ ਧਰਤੀ ਤੇ ਆਉਣ ਦਾ ਮਨੁਖ ਦਾ ਮੰਤਵ ਕੀ ਹੈ । ਇਸ ਦਾ ਮਨੁਖ ਨੂੰ ਚੇਤਾ ਕਰਾਉਂਦੇ ਹਨ । ਰਹਰਾਸਿ ਸ਼ਬਦ ਦਾ ਨਾਮਕਰਨ ,ਅਰਥ ਉਪਰੰਤ ਪ੍ਰਮਾਤਮਾ ਦੀ ਹੋਂਦ ,ਅਹਿਸਾਸ ,ਨਾਮ ਰਸ ਦੀ ਮਹਿਮਾ ,ਸਾਧ ਸੰਗਤ ਦੇ ਭਾਵ ,ਸੱਚੇ ਸੁੱਚੇ ਕਰਮ ,ਨਾਮ ਸਿਮਰਨ ਦੀ ਮਹਿਮਾ ,ਅੰਮ੍ਰਿਤ ਵੇਲੇ ਦੀ ਮਹਾਨਤਾ, ਇਕ ਅਕਾਲ ਪੁਰਖ ਦਾ ਮਨੁਖ ਨੂੰ ਆਸਰਾ ,ਧਿਆਨ ਲਾਉਣ ਦੀ ਜੁਗਤ , ਕਿਰਤ ਕਰਨੀ ,ਭਗਤੀ ਮਾਰਗ ,ਮਾਇਆ ਤੋਂ ਨਿਰਲੇਪ ਹੋਣਾ ਐਸੇ ਗੁਰਮੁਖ ਜਨ ਦੀ ਮਨੋ ਸਥਿਤੀ ,ਧਰਮੀ ਮਨੁਖ ਦਾ ਰੋਜ਼ਾਨਾ ਜ਼ਿੰਦਗੀ ਦਾ ਵਿਵਹਾਰ ,ਇਸ ਸ਼੍ਰਿਸ਼ਟੀ ਦੀ ਸਾਜਨਾ ,ਦੁਨੀਆਂ ਵਿਚ ਗਰੀਬੀ ਅਮੀਰੀ , ਮਨ ਦੀ ਸੰਤੁਸ਼ਟਤਾ ਕਿਵੇਂ , ਸਬਰ ਸੰਤੋਖ ਦਾ ਮਹੱਤਵ , ਅੰਗਰੇਜ਼ੀ ਸ਼ਬਦ ਗੌਡ ਦੇ ਅਖਰੀ ਅਰਥ ,(ਧਰਤੀ ਤੇ ਪੈਦਾ ਕਰਨ ਵਾਲਾ ,ਪਾਲਣਹਾਰ ,ਨਾਸ਼ ਕਰਨ ਵਾਲਾ ) । ਪੁਸਤਕ ਵਿਚ ਇਹ ਸਾਰੇ ਅਧਿਆਤਮਕ ਰੂਹ ਵਾਲੇ ਸ਼ਬਦਾਂ ਦੀ ਵਿਆਖਿਆ ਮਨ ਨੂੰ ਤ੍ਰਿਪਤ ਕਰਨ ਦੇ ਨਾਲ ਨਾਲ ਜਗਿਆਸੂ ਵਿਅਕਤੀ ਨੂੰ ਆਨੰਦ ਪ੍ਰਦਾਨ ਕਰਦੀ ਹੈ । ਪੰਨਾ 82 ਤੋਂ ਲੇਖਕ ਨੇ ਦਸਵੇਂ ਪਾਤਸ਼ਾਂਹ ਰਚਿਤ ਬਾਣੀ ਚੌਪਈ ਸ਼ਾਹਿਬ ਦੇ ਪੂਰਨ ਅਰਥ ,ਖੌਜ ਮਈ ਵਿਆਖਿਆ , ਸਮੁਚਾ ਭਾਵ ਤੇ ਸਿੱਖਿਆਵਾਂ ਲਿਖੀਆਂ ਹਨ । ਦੋਹਰਾ( ਸਗਲ ਦੁਆਰ ਕੋ ਛਾਡਿ ਕੇ ---) ਦੇ ਅਰਥ ਤੇ ਵਿਆਖਿਆ ਹੈ । ਗੁਰੂ ਅਮਰਦਾਸ ਜੀ ਦੀ ਅਲੌਕਿਕ ਰਚਨਾ ਅਨੰਦ ਸਾਹਿਬ ਦੀਆਂ ਛੇ ਪਉੜੀਆਂ ਦੀ ਸੰਪੂਰਨ ਵਿਆਖਿਆ ਤੇ ਅਖਰੀ ਅਰਥ ਹਨ ਅਨੰਦ ਸਾਹਿਬ ਬਾਣੀ ਪੜ੍ਹ ਸੁਣ ਕੇ ਕਿਵੇਂ ਮਨ ਨੂੰ ਸਕੂਨ ਤੇ ਸ਼ਾਂਤੀ ਮਿਲਦੀ ਹੈ । ਪੜ੍ਹ ਕੇ ਹੀ ਅਨੰਦ ਲਿਆ ਜਾ ਸਕਦਾ ਹੈ । (108—115) ਮੁੰਦਾਵਣੀ ਬਾਣੀ ਦਾ ਸਮੁਚਾ ਭਾਂਵ ਤੇ ਸਿੱਖਿਆਵਾਂ ਹਨ । ਅਰਥ ਤੇ ਵਿਆਖਿਆਵਾਂ ਪਿਛੋਂ ਲੇਖਕ ਨੇ ਦੋ ਸਾਖੀਆਂ ਅੰਕਿਤ ਕੀਤੀਆਂ ਹਨ । ਪਹਿਲੀ ਸਾਖੀ ਵਿਚ ਗੁਰੂ ਅਮਰਦਾਸ ਜੀ ਨਾਲ ਦੁਰਗਾ ਪੰਡਿਤ ਨਾਲ ਮੇਲ ਤੇ ਤੇ ਗੁਰੂ ਜੀ ਦੇ ਚਰਨਾਂ ਵਿਚ ਨਮਸਕਾਰ ਕਰਨੀ ,ਸਜਣ ਠਗ ਵਾਲੀ ਸਾਖੀ ਹੈ । ਕਿਵੇਂ ਗੁਰੂ ਨਾਨਕ ਸਾਹਿਬ ਨੇ ਸਜਨ ਦਾ ਹੰਕਾਰ ਤੋੜਿਆ ਤੇ ਉਸਨੂੰ ਧਰਮ ਦੇ ਮਾਰਗ ਤੇ ਪਾਇਆ । ਅੰਤ ਵਿਚ 70 ਸੁਆਲਾਂ ਦੀ ਪ੍ਰਸ਼ੋਨਤਰੀ ਹੈ । ਜਿਸ ਵਿਚ ਪੁਸਤਕ ਵਿਚੋਂ ਚੋਣਵੇਂ ਸਵਾਲ ਲਏ ਗਏ ਹਨ । ਇਸ ਦ੍ਰਿਸ਼ਟੀ ਤੋਂ ਇਹ ਪੁਸਤਕ ਵਿਦਿਆਰਥੀਆਂ ਲਈ ਤੇ ਧਾਰਮਿਕ ਅਦਾਰਿਆਂ ਦੇ ਵਿਦਿਆਰਥੀ ਵਰਗ ਲਈ ਬਹੁਤ ਲਾਹੇਵੰਦ ਹੈ । ਅਜੋਕੇ ਜਗਤ ਜਲੰਦੇ ਵਿਚ ਗੁਰਮੁਖੀ ਲਿਪੀ ਵਿਚ ਲਿਖੀ ਪੁਸਤਕ ਹਰੇਕ ਪ੍ਰਾਣੀ ਮਾਤਰ ਲਈ ਸੁਚਜੀ ਜੀਵਨ ਜਾਚ ਦੀ ਮਾਰਗ ਦਰਸ਼ਕ ਹੈ । ਪੁਸਤਕ ਲੇਖਕ ਜੋਗਿੰਦਰ ਪਾਲ ਸਿੰਘ ਜੀ ,ਭਾਈ ਦਵਿੰਦਰ ਸਿੰਘ ਖਾਂਲਸਾ ਤੇ ਅਕੈਡਮੀ ਦੇ ਸੰਚਾਲਕ ਤੇ ਪ੍ਰਕਾਸ਼ਕ ਵਧਾਈ ਦੇ ਪਾਤਰ ਹਨ ।