ਖੜੇ ਹਾਂ ,
ਤੁਹਾਡੇ ਨਾਲ ਖੜੇ ਹਾਂ
ਇਸ ਕਹਿਰ ਦੀ ਘੜੀ
ਤੁਹਾਡੇ ਮੋਢੇ ਨਾਲ ਮੋਢਾ ਲਾ
ਅਸੀਂ ਤੁਹਾਡੇ ਨਾਲ ਖੜੇ ਹਾਂ
ਤੁਸੀਂ ਖੁਦ ਨੂੰ ਇਕੱਲੇ ਨਾ ਸਮਝੋ
ਮਾਲ ਪਲਾਜੇ ਬੰਦ ਹੋ ਜਾਵਣ
ਬੱਸਾਂ , ਗੱਡੀਆਂ ਤੇ ਹੋਰ ਆਵਾਜਾਈ ਠਹਿਰ ਜਾਵੇ
ਦੁਕਾਨਾਂ, ਦਫਤਰ ਤੇ ਹੋਰ ਅਦਾਰੇ ਬੂਹੇ ਭੇੜ ਲੈਣ
ਲੋਕਾਂ ਦਾ ਮਿਲਣਾ ਜੁਲਣਾ , ਮਿਲ ਬੈਠਣਾ
ਪਰਦਿਆਂ ਦੇ ਓਹਲੇ ਚ ਸਿਮਟਣ ਲੱਗੇ
ਸੁੰਨ ਪਸਰ ਜਾਵੇ ਚਾਰੇ ਪਾਸੇ
ਜਨਤਾ ਕਰਫਿਊ ਲੱਗ ਜਾਵੇ
ਜਾਂ ਲਾਕ ਡਾਊਨ ਲਾਗੂ ਹੋ ਜਾਵੇ
ਅਸੀਂ ਤੁਹਾਡਾ ਸਾਥ ਨਹੀਂ ਛੱਡਾਗੇਂ
ਤੇ ਲਗਦੀ ਵਾਅ ਤੱਕ
ਤੁਹਾਡੇ ਜ!ਮਾਂ ਨੂੰ ਕੱਜਾਂਗੇ
ਅਸੀਂ,
ਮੰਡੀਕਰਨ ਦੇ ਸਵਾਰਥੀ ਦਾਨਵ ਵੱਲੋਂ ਉਪਜਾਏ
ਰੋਗਾਣੂਆਂ , ਜੀਵਾਣੂਆਂ ਅਤੇ ਜੈਵਿਕ ਹਥਿਆਰਾਂ ਨਾਲ ਭਰੇ
ਜੰਗੇ ਮੈਦਾਨ ਦੇ ਸਿਪਾਹੀ ਹਾਂ
ਤੇ ਇਸ ਜੰਗ ਦੀ ਘੜੀ ਪਿੱਠ ਨਹੀ. ਵਿਖਾਵਾਂਗੇ
ਜਿੱਥੇ ਕਿਤੇ ਵੀ ਹਾਂ
ਜਿੰਨੇ ਜੋਗੇ ਵੀ ਹਾਂ
ਸਾਰੇ ਦੇ ਸਾਰੇ , ਸਾਲਮ ਸਬੂਤੇ
ਤੁਹਾਡੀ ਢਾਲ ਬਣ ਜਾਵਾਂਗੇ
ਤੇ ਕਰੋਨਾ ਦੇ ਪਰਖਚੇ ਉਡਾ
ਤੁਹਾਡੇ ਸੁਰੱਖਿਅਤ ਜੀਵਨ ਦਾ ਅਹਿਦ ਪੁਗਾਵਾਂਗੇ
ਯਕੀਨ ਮੰਨਿਓ
ਅਸੀਂ ਡਾਕਟਰ,
ਤੁਹਾਡੀ ਸਿਹਤਮੰਦ ਜਿੰਦਗੀ ਲਈ ਸਿਰ ਧੜ ਦੀ ਲਾਵਾਂਗੇ
ਅਸੀਂ ਡਾਕਟਰ,
ਤੁਹਾਡੀ ਸਿਹਤਮੰਦ ਜਿੰਦਗੀ ਲਈ ਸਿਰ ਧੜ ਦੀ ਲਾਵਾਂਗੇ |