ਜ਼ਿਲ੍ਹੇ ਦਾ ਪਹਿਲੀ ਵਾਰ ਆਹਲਾ (ਮੁੱਖ) ਅਫਸਰ ਲੱਗਣ ਲਈ ਇੱਕ ਉੱਚ ਅਧਿਕਾਰੀ ਉਸ ਹਲਕੇ ਦੇ ਰਾਜਸੀ ਨੇਤਾ ਦੀ ਸ਼ਰਨ ਵਿੱਚ ਜਾ ਪਹੁੰਚਿਆ। ਸਾਰੀ ਮੀਟਿੰਗ 'ਚ ਹੋਈ ਗਿੱਟ-ਮਿੱਟ ਦੌਰਾਨ ਨੇਤਾ ਜੀ ਵੱਲੋਂ ਅਫਸਰ ਸਾਹਿਬਾਨ ਨੂੰ ਇਹ ਫੁਰਮਾਨ ਜਾਰੀ ਕੀਤਾ ਗਿਆ। ਕਿ ਅਹੁਦਾ ਸੰਭਾਲਣ ਉਪਰੰਤ ਅਫਸਰ ਨੂੰ ਆਪਣਾ ਅਫਸਰਸ਼ਾਹੀ ਫਖਰ ਛੱਡ ਕੇ ਨੇਤਾ ਜੀ ਦੀ ਮਾਤ ਭਾਸ਼ਾ ਅਨੁਸਾਰ ਹੀ ਬੋਲੀ ਬੋਲਣੀ ਪਵੇਗੀ।
ਨੇਤਾ ਜੀ ਦੇ ਮੋਬਾਇਲ ਦੀ ਘੰਟੀ ਖੜਕ ਪੈਣ ਕਾਰਨ ਉਹ ਲੌਬੀ ਚੋਂ ਉੱਠ ਕੇ ਵਿਹੜ੍ਹੇ ਵੱਲ ਨੂੰ ਚੱਲੇ ਗਏ ਸਨ ਅਤੇ ਅਫਸਰ ਸਾਹਿਬਾਨ ਵੀ ਉੱਠ ਕੇ ਤੁਰਨ ਦੀ ਤਾਕ 'ਚ ਸਨ ਕਿ ਉਨ੍ਹਾਂ ਦੇ ਕੰਨੀ ਅਚਾਨਕ ਇੱਕ ਅਵਾਜ਼ ਪਈ…।
ਕਿ ਭਾਈ ਸਾਹਿਬ ਜ਼ਿਲ੍ਹਾ ਮੁੱਖੀ ਲੱਗਣ ਦੇ ਚਾਅ 'ਚ ਆਪਣੀ ਮਾਤ ਭਾਸ਼ਾ ਨਾ ਭੁੱਲ ਜਾਵੀਂ। ਨਹੀਂ ਤਾਂ ਮੇਰੇ ਵਾਲਾ ਹਾਲ ਹੋਊਗਾ। ਸੀਖਾਂ 'ਚ ਬੰਦ ਹੋਏ ਨੂੰ ਸੱਤ ਸਾਲ ਬੀਤ ਗਏ ਨੇ, ਅਜੇ ਪਤਾ ਨਹੀਂ ਕਿੰਨੀ ਕੁ ਲੰਬੇਰੀ ਉਮਰ ਐ, ਮੈਨੂੰ ਮੇਰੇ ਮਾਂ-ਪਿਓ, ਬਾਲ-ਬੱਚਿਆਂ ਦੀ ਕੋਈ ਸੁੱਧ-ਬੁੱਧ ਨਹੀਂ ਰਹੀ, ਪਤਾ ਨਹੀਂ ਵਿਚਾਰੇ ਕਿੱਥੇ ਦਿਨ ਕਟੀਆਂ ਕਰਦੇ ਹੋਣਗੇ, ਚੰਦਰੇ ਵਿਛੋੜੇ ਨੇ ਸਾਹ ਸੂਤ ਕੇ ਰੱਖ ਦਿੱਤੇ ਨੇ, ਆਖਰ ਕਸੂਰ ਵੀ ਤਾਂ ਮੇਰਾ ਹੀ ਹੈ। ਕਿ ਇਸ ਨੇਤਾ ਜੀ ਦੇ ਟੱਬਰ ਦੇ ਪਿੱਛੇ ਲੱਗ ਕੇ ਮੈਂ ਅਣਜਾਣੇ ਵਿੱਚ ਮਜ਼ਬੂਰ ਹੁੰਦੇ ਹੋਏ ਇੰਨ੍ਹਾਂ ਦੀ ਬੋਲੀ ਬੋਲਣੀ ਸ਼ੁਰੂ ਕਰ ਦਿੱਤੀ ਸੀ। ਜਿਸ ਦੀ ਸਜ਼ਾ ਮੈਂ ਰਹਿੰਦੀ ਜ਼ਿੰਦਗੀ ਤੱਕ ਭੁਗਤਦਾ ਰਹਾਂਗਾ। ਹੁਣ ਭੁੱਖ-ਪਿਆਸ ਲੱਗਣ ਤੇ ਮੈਨੂੰ ਢਿੱਡ ਭਰਨ ਵਾਸਤੇ ਇਹਨਾਂ ਦੀ ਹੀ ਬੋਲੀ ਬੋਲਣੀ ਪੈਂਦੀ ਐ।
ਹੈਰਾਨ-ਪ੍ਰੇਸ਼ਾਨ ਹੋਏ ਅਫਸਰ ਸਾਹਿਬਾਨ ਨੇ ਇਹ ਅਵਾਜ਼ ਆਪਣੇ ਕੰਨੀਂ ਪੈਂਦਿਆਂ ਜਿਉਂ ਹੀ ਆਪਣੀ ਨਿਗ੍ਹਾ ਲੌਬੀ ਦੀ ਛੱਤ ਵੱਲ ਇੱਕ ਗੁੱਠ ਵੱਲ ਨੂੰ ਘੁੰਮਾਈ ਤਾਂ ਫੇਰ ਪਤਾ ਚੱਲਿਆ ਕਿ ਇਹ ਸਲਾਹ ਇੱਕ ਪਿੰਜਰੇ 'ਚ ਬੰਦ ਤੋਤੇ ਵੱਲੋਂ ਮੱਠੀ-ਮੱਠੀ ਅਵਾਜ਼ ਨਾਲ ਉਸਨੂੰ ਦਿੱਤੀ ਜਾ ਰਹੀ ਸੀ।