ਅੱਥਰੂ ਨਾ ਵਗੇਂਦੇ (ਕਹਾਣੀ)

ਕੈਲਾਸ਼ ਚੰਦਰ ਸ਼ਰਮਾ   

Email: kailashchanderdss@gmail.com
Cell: +91 80540 16816
Address: 459,ਡੀ ਬਲਾਕ,ਰਣਜੀਤ ਐਵੀਨਿਊ,
ਅੰਮ੍ਰਿਤਸਰ India
ਕੈਲਾਸ਼ ਚੰਦਰ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਿਸੇ ਵੀ ਇਨਸਾਨ ਦੀ ਪਹਿਚਾਣ ਸ਼ੁਰੂ ਵਿਚ ਭਾਵੇਂ ਉਸ ਦੇ ਚਿਹਰੇ ਤੋਂ ਹੁੰਦੀ ਹੈ ਪਰ ਉਸ ਦੀ ਪੂਰੀ ਪਹਿਚਾਣ ਤਾਂ ਉਸ ਦੀ ਵਾਣੀ, ਵਿਚਾਰਾਂ ਅਤੇ ਕੰਮਾਂ ਤੋਂ ਹੀ ਹੁੰਦੀ ਹੈ।ਕਈ ਵਾਰ ਇਨਸਾਨ ਵੇਖਣ ਨੂੰ ਬਿੱਲਕੁੱਲ ਸਥਿਰ ਅਤੇ ਸ਼ਾਂਤ ਵਿਖਾਈ ਦਿੰਦਾ ਹੈ ਪਰ ਉਸ ਦੇ ਮਨ ਅੰਦਰ ਵੰਨ-ਸੁਵੰਨੇ ਵਿਚਾਰ ਹਲਚਲ ਮਚਾ ਰਹੇ ਹੰਦੇ ਹਨ।ਕਮਲਾ, ਮੈਨੂੰ ਹਮੇਸ਼ਾਂ ਹੀ ਖੁਸ਼ਬੂ ਦੇ ਇਕ ਰਿਸ਼ਤੇ ਵਾਂਗ ਵਿਖਾਈ ਦਿੰਦੀ।ਕਦੇ ਮਾਂ, ਕਦੇ ਭੈਣ ਅਤੇ ਕਦੇ ਇਕ ਦੋਸਤ ਵਾਂਗ।ਮੈਂ ਉਸ ਨੂੰ ਇਕ ਦੋਸਤ ਦੇ ਰਿਸ਼ਤੇ ਤੋਂ ਲੈਂਦਾ।ਉਸ ਦੀ ਹਰ ਗੱਲ ਵਿਚ ਕਈ ਗੱਲਾਂ ਗੁੱਝੀਆਂ ਅਤੇ ਸੂਖਮ ਹੁੰਦੀਆਂ।ਉਸ ਦੀਆਂ ਸੰਜੀਦਗੀਆਂ ਵੀ ਕਮਾਲ ਦੀਆਂ ਸਨ।ਗੁਣਾਂ, ਅੋਗੁਣਾਂ, ਧੁੱਪਾਂ ਤੇ ਛਾਵਾਂ, ਤਰਸੇਵਿਆਂ ਤੇ ਰੁਝੇਵਿਆਂ ਦਾ ਸੁਮੇਲ ਸੀ ਉਹ।ਉਸ ਦੇ ਚਿਹਰੇ 'ਤੇ ਗੰਭੀਰਤਾ, ਵਿਵੇਕ ਤੇ ਹਾਦਸਿਆਂ ਦੇ ਪਰਛਾਵੇਂ ਵੀ ਦਿਸਦੇ ਪਰ ਉਸ ਨੇ ਕਦੇ ਵੀ ਇਹ ਸ਼ੱਕ ਨਹੀਂ ਸੀ ਪੈਣ ਦਿੱਤਾ ਕਿ ਇਨ੍ਹਾਂ ਸ਼ਾਂਤ ਲਹਿਰਾਂ ਦੇ ਥੱਲੇ ਜਵਾਰਭਾਟੇ ਵੀ ਹਨ।ਉਹ ਆਪਣੇ ਫਰਜ਼ਾਂ ਵਿਚ ਜ਼ਰੂਰਤ ਤੋਂ ਕੁਝ ਜ਼ਿਆਦਾ ਹੀ ਸਮਰਪਤ ਸੀ।ਜਦੋਂ ਉਹ ਕੋਈ ਕੰਮ ਕਰਦੀ ਤਾਂ ਆਪਣੇ ਕੰਮਾਂ ਵਿਚ ਹੀ ਗੁਆਚ ਜਾਂਦੀ।
      ਉਸ ਵਿਚ ਪੁਖਤਾਪਨ ਅਤੇ ਲਿਆਕਤ ਵੀ ਕਮਾਲ ਦੀ ਸੀ।ਲੋੜਵੰਦਾਂ ਅਤੇ ਦਰਦਮੰਦਾਂ ਲਈ ਉਸ ਦਾ ਬਹੁਤ ਵੱਡਾ ਜ਼ੇਰਾ ਸੀ।ਆਪ ਭੁੱਖੀ ਰਹਿ ਕੇ ਵੀ ਗਰੀਬਾਂ ਦੀ ਮਦਦ ਕਰਨਾ ਉਸ ਨੂੰ ਬਹੁਤ ਚੰਗਾ ਲੱਗਦਾ।ਉਸ ਨੇ ਜ਼ਿੰਦਗੀ ਵਿਚ ਖੁਸ਼ੀਆਂ ਘੱਟ ਅਤੇ ਦੁੱਖ ਜ਼ਿਆਦਾ ਵੇਖੇ ਸਨ ਪਰ ਕਿਸੇ ਵੀ ਘਟਨਾ ਦਾ ਉਸ 'ਤੇ ਬਹੁਤਾ ਅਸਰ ਨਹੀਂ ਸੀ।ਉਹ ਆਪਣੀ ਜ਼ਿੰਦਗੀ ਨੂੰ ਖੁਸ਼ ਅਤੇ ਅਰਥ-ਭਰਪੂਰ ਬਣਾਉਣ ਦਾ ਹੁਨਰ ਜਾਣਦੀ ਸੀ।ਆਪਣੇ ਵਿਚਾਰਾਂ ਨਾਲ ਉਹ ਵੱਡੀਆਂ-ਵੱਡੀਆਂ ਮੁਸੀਬਤਾਂ ਦਾ ਵੀ ਹੱਲ ਲੱਭ ਲੈਂਦੀ ਕਿਉਂਕਿ ਉਹ ਆਪਣੇ ਵਿਚਲੀ ਸ਼ਕਤੀ ਨੂੰ ਵੀ ਜਗਾਉਣਾ ਜਾਣਦੀ ਸੀ।ਆਪਣੀ ਖੁਸੀ ਲਈ ਉਹ ਕਦੇ ਵੀ ਕਿਸੇ ਉੱਪਰ ਪੂਰਾ ਨਿਰਭਰ ਨਹੀਂ ਸੀ ਕਰਦੀ।ਦੋਸਤ ਹੋਣ ਦੇ ਨਾਤੇ ਕਦੇ-ਕਦੇ ਉਹ ਆਪਣੀ ਜ਼ਿੰਦਗੀ ਦੀ ਕਿਤਾਬ ਦੇ ਕੁਝ ਵਰਕੇ ਮੇਰੇ ਨਾਲ ਸਾਂਝੇ ਕਰ ਲੈਂਦੀ।ਇਕ ਵਾਰ ਕਹਿਣ ਲੱਗੀ, "ਮੇਰੇ ਨਾਲ ਬਹੁਤ ਧੋਖੇ ਹੁੰਦੇ ਆਏ ਨੇ।ਕਿਸੇ ਨੇ ਦਰਾਣੀ ਤੇ ਕਿਸੇ ਨੇ ਜੇਠਾਣੀ ਬਣਾ ਕੇ, ਕਿਸੇ ਨੇ ਵੱਡੀ ਅਤੇ ਕਿਸੇ ਨੇ ਛੋਟੀ ਭੈਣ ਦਾ ਵਾਸਤਾ ਦੇ ਕੇ, ਕਿਸੇ ਨੇ ਧੀ ਤੇ ਕਿਸੇ ਨੇ ਦੋਸਤ ਕਹਿ ਕੇ ਧੋਖਾ ਦਿੱਤਾ ਪਰ ਸੱਚ ਜਾਣੀਂ ਮੈਂ ਕਦੇ ਵੀ ਕਿਸੇ ਦਾ ਬੁਰਾ ਨਹੀਂ ਚਾਹਿਆ"।ਮੇਰੇ ਇਹ ਪੁੱਛਣ 'ਤੇ ਕਿ ਇਨ੍ਹਾਂ ਮਿਲੇ ਧੋਖਿਆਂ ਕਾਰਨ ਉਸ ਦੇ ਮਨ 'ਤੇ ਕੋਈ ਬੁਰਾ ਅਸਰ ਤਾਂ ਨਹੀਂ ਹੋਇਆ ਜਾਂ ਬਦਲੇ ਦੀ ਭਾਵਨਾ ਨੇ ਨਫਰਤ ਦਾ ਲਿਸ਼ਕਾਰਾ ਤਾਂ ਨਹੀਂ ਮਾਰਿਆ"?ਉਸ ਨੇ ਅੱਗੋਂ ਹੱਸ ਕੇ ਕਹਿ ਦਿੱਤਾ, " ਸੱਜਣਾ, ਅਸੀਂ ਤਾਂ ਉਹ ਦੀਵੇ ਹਾਂ, ਜਿਸ ਦੀ, ਜਿਸ ਕਿਸੇ ਨੂੰ ਵੀ ਜ਼ਰੂਰਤ ਸੀ, ਉਸ ਨੇ ਜਲਾਇਆ ਆਪਣਾ ਮਤਲਬ ਕੱਢਿਆ ਅਤੇ ਫੂਕ ਮਾਰ ਕੇ ਬੁਝਾ ਦਿੱਤਾ।ਮੇਰੀ ਸੋਚ ਸੀ ਕਿ ਦੂਸਰੇ ਤੁਹਾਡਾ ਜਿੰਨਾ ਮਰਜ਼ੀ ਬੁਰਾ ਚਾਹੁਣ, ਘੱਟੋ-ਘੱਟ ਤੁਸੀਂ ਤਾਂ ਉਨ੍ਹਾਂ ਦਾ ਬੁਰਾ ਨਾ ਚਾਹੋ, ਨਹੀਂ ਤਾਂ ਤੁਹਾਡੇ ਅਤੇ ਉਨ੍ਹਾਂ ਵਿਚ ਕੀ ਅੰਤਰ ਰਹਿ ਜਾਵੇਗਾ? ਭਲਾਈ ਕਰਨ ਨਾਲ ਭਾਵੇਂ ਮੈਨੂੰ ਬਹੁਤੀ ਵਾਰ ਬੁਰਿਆਈ ਅਤੇ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਪਰ ਮੈਂ ਸੋਚਦੀ ਸਾਂ ਕਿ ਦੂਸਰਿਆਂ ਵੱਲੋਂ ਮੇਰੀ ਕੀਤੀ ਬੁਰਿਆਈ ਬਾਰੇ ਸੋਚ-ਸੋਚ ਕੇ ਆਪਣੇ ਮਾਪਿਆਂ ਵੱਲੋਂ ਮਿਲੇ ਸੰਸਕਾਰਾਂ ਨੂੰ ਕਿਵੇਂ ਛੱਡਿਆ ਜਾ ਸਕਦਾ ਹੈ? ਪਛਤਾਵਾ ਤਾਂ ਉਨ੍ਹਾਂ ਨੂੰ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਮੇਰੀ ਭਲਾਈ ਦਾ ਜਵਾਬ ਬੁਰਿਆਈ ਨਾਲ ਦਿੱਤਾ।ਦੂਸਰਿਆਂ ਦੁਆਰਾ ਮੇਰੀਆਂ ਕੀਤੀਆਂ ਆਲੋਚਨਾਵਾਂ ਨੂੰ ਮੈਂ ਕਦੇ ਵੀ ਆਪਣੇ ਦਿਮਾਗ'ਤੇ ਭਾਰੂ ਨਹੀਂ ਹੋਣ ਦਿੰਦੀ ਕਿਉਂਕਿ ਮੈਂ ਸਮਝਦੀ ਹਾਂ ਕਿ ਆਲੋਚਨਾਵਾਂ ਤਾਂ ਸਾਡੀ ਜ਼ਿੰਦਗੀ ਦਾ ਅਹਿਮ ਹਿੱਦਾ ਹਨ ਅਤੇ ਸਫਲਤਾਵਾਂ ਵੱਲ ਵਧਦਾ ਕਦਮ।ਲੋਕ ਸਮਝਦੇ ਹਨ ਕਿ ਮੈਨੂੰ ਉਨ੍ਹਾਂ ਦੀ ਚਲਾਕੀ ਨਜ਼ਰ ਨਹੀਂ ਆਉਂਦੀ ਪਰ ਅਕਸਰ ਮੈਂ ਵੇਖਦੀ ਸਾਂ ਉਨ੍ਹਾਂ ਨੂੰ ਆਪਣੀਆਂ ਨਜ਼ਰਾਂ 'ਚੋਂ ਗਿਰਦੇ ਹੋਏ।ਮੈਂ ਸੋਚਦੀ ਸਾਂ ਕਿ ਲੋਕਾਂ ਦੀ ਪ੍ਰਵਾਹ ਕੀਤੇ ਬਿਨਾ ਆਪਣੇ ਮਨ ਨੂੰ ਮਜ਼ਬੂਤ ਕਰਦੇ ਹੋਏ ਅੱਗੇ ਵਧਦੇ ਜਾਓ।ਹਨੇਰਾ ਹੋਵੇ ਜਾਂ ਚਾਨਣ, ਇਸ ਨਾਲ ਕੀ ਫਰਕ ਪੈਂਦਾ ਹੈ।ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਸਾਡੇ ਅੰਦਰ ਕਿੰਨੀ ਰੋਸ਼ਨੀ ਹੈ।ਜੇਕਰ ਇਹ ਰੋਸ਼ਨੀ ਨਾ-ਮਾਤਰ ਹੈ ਤਾਂ ਕੰਢੇ ਵੀ ਬਰਛੇ ਲੱਗਦੇ ਹਨ ਅਤੇ ਜੇਕਰ ਇਹ ਪੂਰੀ ਹੈ ਤਾਂ ਬਰਛਿਆਂ ਦੀ ਨੋਕ ਵੀ ਤੁਹਾਡੇ 'ਤੇ ਵਾਰ ਕਰਨ ਤੋਂ ਪਹਿਲਾਂ ਹੀ ਖੁੰਢੀ ਹੋ ਜਾਂਦੀ ਹੈ।ਜ਼ਿੰਦਗੀ ਵਿਚ ਕਦੇ ਵੀ ਆਪਣੇ ਅੰਦਰੋਂ ਦਇਆ-ਭਾਵਨਾ ਖਤਮ ਨਾ ਹੋਣ ਦਿਓ ਕਿਉਂਕਿ ਇਹੀ ਉਹ ਗੁਣ ਹਨ ਜਿਨ੍ਹਾਂ ਕਰਕੇ ਅਸੀਂ ਇਨਸਾਨ ਕਹਾਉਣ ਦੇ ਕਾਬਲ ਬਣਦੇ ਹਾਂ"।
          ਉਸ ਦੇ ਵਿਚਾਰਾਂ ਨੂੰ ਸੁਣ ਕੇ ਮੈਨੂੰ ਮਹਿਸੂਸ ਹੋਣ ਲੱਗਾ ਕਿ ਉਸ ਦੀ ਸੋਚ, ਸੱਚੀ-ਸੁੱਚੀ, ਵਿਕਾਰਾਂ ਤੋਂ ਰਹਿਤ, ਸਵੱਛ ਪਾਣੀ ਵਾਂਗ ਨਿਰਮਲ ਹੈ ਜਿਸ ਕਾਰਨ ਅੱਖਾਂ ਵਿਚ ਅੱਥਰੂ ਹੋਣ ਦੇ ਬਾਵਜ਼ੂਦ ਵੀ ਹੱਸਣਾ, ਠੋਕਰਾਂ ਖਾ ਕੇ ਸੰਭਲਣਾ ਅਤੇ ਹਾਰ ਨੂੰ ਜਿੱਤ ਵਿਚ ਬਦਲਣ ਲਈ ਜੁਝਾਰੂ ਅੰਦਾਜ਼ ਵਿਚ ਜੂਝਣ ਦਾ ਹੁਨਰ ਜਾਣਦੀ ਹੈ ਉਹ।