ਮੈਂ........
ਕੌਣ ਮੈਂ........?
ਮੈਂ ਤੇਰੀ ਜੀਵਨ-ਸਾਥਣ...
ਸਾਥਣ.........?
ਸਾਥਣ ਕਿਵੇਂ ਹੋ ਸਕਦੀ ਏਂ ਤੂੰ ?
ਤੂੰ ਤਾਂ ਮੇਰੀ ਵਸਤ ਏਂ
ਹਾਂ ਮੇਰੀ ਵਸਤ.......
ਜਿਸ 'ਤੇ ਪੂਰਾ ਹੱਕ ਮੇਰਾ ਏ
ਹਾਂ, ਸਿਰਫ਼ ਮੇਰਾ........
ਮੈਂ ਜਦੋਂ ਚਾਹਾਂ
ਜਿਵੇਂ ਚਾਹਾਂ
ਤੈਨੂੰ ਵਰਤਾਂ......
ਤੂੰ ਆਪਣੇ ਆਪ ਨੂੰ
'ਮੈਂ' ਵਜੋਂ ਸੰਬੋਧਨ ਕਰੇਂ ?
ਕੀ ਔਕਾਤ ਹੈ ਤੇਰੀ ?
ਤੇਰਾ ਖਾਣ-ਪਾਣ
ਹੱਸਣ-ਖੇਡਣ
ਵਰਤ-ਵਰਤਾਵਾ
ਸਭ ਮੇਰੀ ਮੁੱਠੀ ਵਿਚ ਕੈਦ......
ਕਰ ਤਾਂ ਜ਼ਰਾ ਹਿੰਮਤ
ਦੇਹਲੀਓਂ ਪੈਰ ਬਾਹਰ ਧਰਨ ਦੀ
ਪਤਾ ਲੱਗ ਜਾਊ ਤੈਨੂੰ
ਕੀ ਭਾਅ ਵਿਕਦੀ ਏ
ਤੇਰੀ ਔਕਾਤ.......?
ਕਾਂ ਠੂੰਗ ਲੈਣਗੇ ਤੈਨੂੰ
ਖਾ ਜਾਣਗੇ ਬਘਿਆੜ
ਇਸ ਲਈ ਤੂੰ ਕਦੇ
'ਮੈਂ' 'ਚ ਪਰਿਵਰਤਿਤ
ਨਹੀਂ ਹੋ ਸਕਦੀ.......
ਤੇਰੀ ਆਪਣੀ ਕੋਈ ਹਸਰਤ
ਕੋਈ ਤਮੰਨਾ
ਕੋਈ ਰੀਝ
ਹੋਣੀ ਹੀ ਨਹੀਂ ਚਾਹੀਦੀ
ਕਾਰਨ ਕਿ
ਤੂੰ ਤਾਂ ਵਿਚਰਨਾ ਹੈ
ਸਿਰਫ਼ ਮੇਰੀ ਹੈਸੀਅਤ ਮੁਤਾਬਕ
ਤੇਰੀ ਪਛਾਣ ਕੇਵਲ
ਮੇਰੇ ਨਾਂ ਨਾਲ ਜੁੜੀ ਰਹੇਗੀ
ਤੇਰਾ ਆਪਣਾ
ਸੁਤੰਤਰ ਵਜੂਦ
ਹੋ ਹੀ ਨਹੀਂ ਸਕਦਾ ਕਦੇ।
ਮੇਰਾ ਘਰ
ਮੇਰਾ ਵੰਸ਼
ਮੇਰੀ ਕਬੀਲਦਾਰੀ
ਚੁੱਪ ਦੀਆਂ ਘੁੰਗਣੀਆਂ
ਮੂੰਹ ਵਿਚ ਪਾ ਕੇ
ਚਲਾਉਂਦੀ ਰਹਿ.......
ਤੇ ਕਦੇ ਨਾ ਸੋਚੀਂ
ਕਿ ਤੇਰੀ ਆਪਣੀ ਵੀ
ਪਛਾਣ ਹੈ ਕੋਈ......
ਚੰਦ ਅੱਖਰ ਪੜ੍ਹ ਕੇ
ਤੂੰ ਮਰਦ ਦੀ
ਬਰਾਬਰੀ ਕਰਨ ਤੁਰੀ ਹੈਂ........
ਤਾਂ ਯਾਦ ਰੱਖ
ਇਕ ਵਾਰ
ਏਸ ਦਹਿਲੀਜੋਂ
ਜੇ ਪੈਰ ਬਾਹਰ ਗਿਆ
ਤਾਂ.........
ਕਦੀ ਵਾਪਸ ਨਹੀਂ ਮੁੜ ਸਕੇਗਾ
ਏਸ ਚਾਰ-ਦੀਵਾਰੀ
ਦੇ ਅੰਦਰ......।
ਏਸ ਲਈ
ਘੁੱਟਦੀ ਰਹਿ
ਧੁਖਦੀ ਰਹਿ
ਅੰਦਰੋਂ-ਅੰਦਰ
ਪਰ ਯਾਦ ਰੱਖ
ਜਦ ਵੀ ਮੈਨੂੰ ਲੋੜ ਪਵੇ
ਬਿਨਾਂ ਕਿਸੇ ਹੀਲ-ਹੁੱਜਤ
ਕਰਨਾ ਪਵੇਗਾ
ਮੇਰਾ ਹਰ ਕੰਮ ਤੈਨੂੰ
ਜਦ ਵੀ ਕਦੇ
ਮੈਂ ਆਪਣੇ ਵੱਕਾਰ
ਦੀ ਖ਼ਾਤਿਰ
ਲੈ ਜਾਣਾ ਚਾਹਾਂ
ਬਾਹਰ ਤੈਨੂੰ
ਤਾਂ ਚਿਹਰੇ ਉੱਤੇ
ਮੰਦ-ਮੰਦ ਮੁਸਕਰਾਹਟ ਬਿਖੇਰੀ
ਤੁਰਨਾ ਹੋਵੇਗਾ ਤੈਨੂੰ
ਮੇਰੇ ਕਦਮਾਂ ਨਾਲ ਕਦਮ ਮਿਲਾ
ਤਾਂ ਕਿ ਹਰ ਦੇਖਣ ਵਾਲੀ ਅੱਖ
ਸਿਰਜ ਸਕੇ ਇਹ ਭੁਲੇਖਾ
ਕਿ ਜੋੜੀ ਹੋਵੇ
ਤਾਂ ਏਹੋ ਜਿਹੀ ਹੋਵੇ.......
ਸਮਝ ਗਈ ਨਾ !
ਤੇ ਬੰਦ ਕਰ ਹੁਣ
ਏਹ 'ਮੈਂ' 'ਮੈਂ' ਦਾ
ਬੱਕਰੀ ਅਰੜਾਟ !