ਪੁਸਤਕ ---ਗ਼ਜ਼ਲ ਧਮਾਲਾਂ ਪਾਵੇ
ਸ਼ਾਇਰ ---ਤੱਜਮਲ ਕਲੀਮ
ਲਿਪੀਆਂਤਰ --- ਜਸਪਾਲ ਘਈ
ਸੰਪਾਦਕ --- ਹਰਮੀਤ ਵਿਦਿਆਰਥੀ
ਪ੍ਰਕਾਸ਼ਕ ---ਕੈਫੇ ਵਰਲਡ ਪਬਲੀਕੇਸ਼ਨ ਜਲੰਧਰ
ਪੰਨੇ ----80 ਮੁੱਲ ---120 ਰੁਪਏ
ਲਹਿੰਦੇ ਪੰਜਾਬ ਦੇ ਸ਼ਹਿਰ ਚੂਨੀਆਂ ਜ਼ਿਲਾ ਕਸੂਰ (ਪਾਕਿਸਤਾਨ ) ਦੇ ਉਰਦੂ ਜ਼ਬਾਨ ਦੇ ਪ੍ਰਸਿਧ ਸ਼ਾਇਰ ਤੱਜਮਲ ਕਲੀਮ ਦੀ 72 ਬਿਹਤਰੀਨ ਗਜ਼ਲਾਂ ਦੀ ਇਹ ਪੁਸਤਕ ਪਛਮੀ ਪੰਜਾਬ ਦੀ ਗਜ਼ਲ ਦੇ ਦੀਦਾਰ ਕਰਾਉਂਦੀ ਹੈ । ਗਜ਼ਲਾਂ ਨੂੰ ਗੁਰਮੁਖੀ ਲਿਪੀ ਵਿਚ ਕਰਨ ਵਾਲੇ ਅਦੀਬ ਜਸਪਾਲ ਘਈ ਨੇ ਪੁਸਤਕ ਦੇ ਆਰੰਭ ਵਿਚ ਮੁਹਬਤ ਦੇ ਸ਼ਾਇਰ ਬਾਰੇ ਲਿਖਿਆ ਹੈ ਕਿ ਤੱਜਮਲ ਦਾ ਅਰਥ ਹੈ ਜਲੌਅ ਤੇ ਕਲੀਮ ਦਾ ਮਾਇਨਾ ਹੈ ਕਲਾਮ । ਭਾਵ ਹੁਨਰਮੰਦ ਤੇ ਵਧੀਆ ਗਲ ਕਰਨ ਵਾਲਾ ਸ਼ਾਇਰ । ਲਹਿੰਦੇ ਪੰਜਾਬ ਦੇ ਇਸ ਮਕਬੂਲ ਸ਼ਾਇਰ ਦੀਆਂ ਅਧੀ ਦਰਜਨ ਪੁਸਤਕਾਂ ਛਪ ਚੁਕੀਆਂ ਹਨ । ਇਕ ਕਿਤਾਬ ‘ਕਮਾਲ ਕਰਦੇ ਓ ਬਾਦਸ਼ਾਹੋ’ ਗੁਰਮੁਖੀ ਲਿਪੀ ਵਿਚ ਛਪ ਚੁਕੀ ਹੈ । ਗਜ਼ਲਾਂ ਦੀ ਓਹ ਦੂਸਰੀ ਕਿਤਾਬ ਹੈ । ਇਸ ਕਿਤਾਬ ਦੇ ਛਪਣ ਦਾ ਸਬਬ ਉਸ ਵੇਲੇ ਬਣਿਆ ਜਦੋਂ ਫਿਰੋਜ਼ਪੁਰ ਦੇ ਅਜ਼ੀਮ ਸ਼ਾਇਰ ਹਰਮੀਤ ਵਿਦਿਆਰਥੀ ਲਾਹੌਰ ਗਿਆ ਤੇ ਆਪਣਾ ਪਿੰਡ ਵੇਖਣ ਲਈ ਤੱਜਮਲ ਕਲੀਮ ਨਾਲ ਇਕਬਾਲ ਕੈਸਰ ਰਾਹੀਂ ਮੇਲ ਹੋਇਆ । ਤੇ ਫਿਰ ਇਹ ਮੁਲਾਕਾਤਂ ਦਾ ਸਿਲਸਿਲਾ ਚਲਦਾ ਰਿਹਾ ।ਇਧਰ ਹੁੰਦੇ ਕਵੀ ਦਰਬਾਰਾਂ ਵਿਚ ਤੱਜਮਲ ਕਲੀਮ ਦੀ ਗਜ਼ਲ ਪੰਡਾਲ ਚ ਬੈਠੇ ਸਰੋਤੇ ਸਾਹ ਰੋਕ ਕੇ ਸੁਣਦੇ ।ਲਫਜ਼ਾਂ ਦੀ ਕਾਰੀਗਰੀ ਐਨੀ ਕਮਾਲ ਦੀ ਕਿ ਇਕ ਵੀ ਸ਼ਬਦ ਵਾਧੂ ਨਹੀਂ ਸੀ ਹੁੰਦਾ । ਇਸ ਪੁਸਤਕ ਦੀਆਂ ਗਜ਼ਲਾਂ ਵਿਚ ਸ਼ਬਦਾਂ ਦਾ ਇਹ ਜਾਦੂ ਸਿਰ ਚੜ੍ਹ ਕੇ ਬੋਲਦਾ ਹੈ । ਲਹਿੰਦੇ ਪੰਜਾਬ ਦੀ ਮਿਸ਼ਰੀ ਵਰਗੀ ਮਿਠਾਸ ਵਾਲੀ ਪੰਜਾਬੀ ਸਾਦ ਮੁਰਾਦੀ। ਲੋਕ ਰੰਗ ਵਿਚ ਰੰਗੇ ਸ਼ਬਦ । 46 ਗਜ਼ਲਾਂ ਛੋਟੀ ਬਹਿਰ ਵਿਚ ਨੇ ਤੇ ਬਾਕੀ ਵੱਡੀ ਬਹਿਰ ਵਿਚ। ਸਾਰੀਆਂ ਗਜ਼ਲਾਂ ਵਿਚ ਨਦੀ ਦੇ ਪਾਣੀ ਵਰਗੀ ਰਵਾਨੀ । ਕਲ ਕਲ ਕਰਦੇ ਪਾਣੀ ਵਾਂਗ ਸ਼ਬਦਾਂ ਦਾ ਆਪਮੁਹਾਰਾ ਵਹਾਅ । ਕਿਤੇ ਕੋਈ ਉਚੇਚ ਨਹੀਂ। ਤੋਲ ਵੀ ਆਪਣੇ ਆਪ ਬਣੀ ਜਾਂਦਾ । ਜਿਵੇਂ ਰੂਹ ਤੇ ਕਲਬੂਤ ਦਾ ਸੁਮੇਲ ਹੋਵੇ । ਕੁਝ ਰੰਗ ਵੇਖੋ ---
----ਦਿਲ ਕਰਦਾ ਏ ਸਦਕੇ ਜਾਵਾਂ ਪੋਤੇ ਦੇ /ਮੇਰੇ ਪਿਛਲੇ ਪਹਿਰ ਨੂੰ ਆਹਰੇ ਲਾ ਦਿਤਾ ।
---ਯਾਰ ਕਲੀਮਾ ਮੈਂ ਤੇ ਫੁਲ ਈ ਮੰਗੇ ਸਨ /ਮੌਸਮ ਕਹਿੰਦੈ ਅੰਬਰ –ਵੇਲਾਂ ਹਾਜ਼ਰ ਨੇ ।
---ਗੱਲਾਂ ਨਾਲ ਵੀ ਬੰਦੇ ਮਰਦੇ ਵੇਖੇ ਨੇ /ਇਹ ਬੰਦੂਕਾਂ, ਡਾਂਗਾਂ ,ਸੋਟੇ ਆਪਣੀ ਥਾਂ ।
---ਹਿਜਰ ਦਾ ਮਹੁਰਾ ਪੀ ਲੈਨੇ ਆਂ /ਅੱਧਾ ਅੱਧਾ ਕਰਕੇ ।
---ਬਣੇ ਓ ਸ਼ੀਸ਼ਾਂ ਜਨਾਬ ਆਪੇ /ਕਰੋਗੇ ਸ਼ਕਲਾਂ ਖਰਾਬ ਆਪੇ ।
ਉਸਤਾਦ ਸ਼ਾਇਰ ਗੁਰਤੇਜ ਕੋਹਾਰਵਾਲਾ ਨੇ ਸ਼ਾਂਇਰ ਦੀ ਗਜ਼ਲ ਦੇ ਲੋਕ ਮੁਹਾਵਰੇ ਦੀ ਖੁਲ੍ਹ ਕੇ ਪ੍ਰਸੰਸਾ ਕੀਤੀ ਹੈ । ਕਿਹਾ ਹੈ ਕਿ ਤੱਜਮਲ ਕਲੀਮ ਦੀ ਗਜ਼ਲ ਦਿਲ ਤੇ ਲੜਨ ਵਾਲੀ ਸ਼ਾਇਰੀ ਹੈ । ਸਾਂਝੀ ਪੰਜਾਬੀਅਤ ਦੇ ਜਲੌਅ ਵਾਲੀ ਪੁਸਤਕ ਦੇ ਰਚਨਹਾਰਿਆਂ ਨੂੰ ਸਲਾਮ ।