ਨਿਘਰਦੇ ਸਮਾਜ ਦੀ ਫਿਕਰਮੰਦੀ
ਪੁਸਤਕ –ਪੋਹ ਦੀ ਚਾਨਣੀ
ਲੇਖਕ ------ਦੇਵਿੰਦਰ ਦੀਦਾਰ
ਪ੍ਰਕਾਸ਼ਕ ----ਲੋਕ ਗੀਤ ਪ੍ਰਕਾਸ਼ਨ ਮੁਹਾਲੀ
ਪੰਨੇ ----110 ਮੁੱਲ ----200 ਰੁਪਏ
ਆਧੁਨਿਕ ਵਾਰਤਕ ਦੇ ਚਿੰਤਨਸ਼ੀਲ ਗਲਪਕਾਰ ਦੀ ਇਹ ਪੁਸਤਕ ਵਾਰਤਕ ਲੇਖਾਂ ਦੀ ਹੈ । ਕੁਲ ਸਤਾਰਾਂ ਨਗੀਨੇ ਵਾਂਗ ਚਮਕਦੀਆਂ ਰਚਨਾਵਾਂ ਬੋਲ ਬੋਲ ਕੇ ਕਹਿ ਰਹੀਆਂ ਹਨ ਕਿ ਜੇ ਹਿੰਮਤ ਹੈ ਤਾਂ ਬਚਾ ਲਉ ਇਸ ਦੇਸ਼ ਨੂੰ ਇਸ ਪੰਜਾਬ ਨੂੰ । ਪਰ ਕੋਈ ਸੁਣੇ, ਕੋਈ ਸਿਆਸਤਦਾਨ, ਕੋਈ ਦਾਨਿਸ਼ਵਰ। ਲੇਖਕ ਦੇ ਇਸ ਮੁਬਾਰਕ ਚਿੰਤਨ ਵਾਲ ਧਿਆਨ ਦੇਵੇ ਤਾਂ ਹੀ ਇਹ ਸਮਾਜਿਕ ਪਲਟਾ ਆ ਸਕਦਾ ਹੈ ਨਹੀਂ ਤਾਂ ----। ਲੇਖਕ ਦੀਆਂ ਅਧੀ ਦਰਜਨ ਦੇ ਕਰੀਬ ਪੁਸਤਕਾਂ ਛਪ ਚੁਕੀਆਂ ਹਨ । ਨਾਗਮਣੀ ਦੇ ਇਸ ਲੇਖਕ ਦੀ 1974 ਵਿਚ ਕਹਾਣੀਆਂ ਦੀ ਕਿਤਾਬ ਆਈ ਸੀ ਦਿਸ਼ਾਂਹੀਣ ਲੋਕ । ਫਿਰ ਵਾਰਤਕ ਲੇਖਾਂ ਵਲ ਲੇਖਕ ਨੇ ਕਈ ਸਾਲਾਂ ਪਿਛੋਂ ਕਲਮ ਚਲਾਈ ਤੇ ਆਤਸ਼ਬਾਜ਼ੀ ਦੇ ਚਮਕਾਰੇ ਵਾਂਗ ਲੇਖਕ ਆਪਣੇ ਪਾਠਕਾਂ ਦਾ ਚਹੇਤਾ ਬਣ ਗਿਆ । ਇਕ ਕਿਤਾਬ ਆਲੋਚਨਾ ਦੀ ਵੀ ਉਸ ਬਾਰੇ ਛਪੀ ਹੈ ਜਿਸ਼ ਦਾ ਸੰਪਾਦਨ ਪ੍ਰਸਿਧ ਗਲਪਕਾਰਾ ਦਵਿੰਦਰ ਪ੍ਰੀਤ (ਚੇਤਨਾ ਤੇ ਚਿੰਤਨ 2013) ਨੇ ਕੀਤਾ ਸੀ । ਜ਼ਿੰਦਗੀ ਦੀਆਂ ਰੌਸ਼ਨ ਬਤੀਆਂ ,ਗੱਲੀਂ ਜੋਗ ਨਾ ਹੋਈ ,ਅਨ੍ਹੇ ਘੋੜਿਆਂ ਦੀ ਦੌੜ ਵਾਰਤਕ ਦੀਆਂ ਲਾਜਵਾਬ ਪੁਸਤਕਾਂ ਹਨ ਜੋ ਇਸ ਕਲਮ ਤੋਂ ਆ ਚੁਕੀਆਂ ਹਨ । ਤੇ ਪਾਠਕਾਂ ਨੇ ਨਿਘਾਂ ਪਿਆਰ ਦਿਤਾ ਹੈ { ਪਿਛਲੇ ਸਮੇਂ ਤੋਂ ਦੇਵਿੰਦਰ ਦੀਦਾਰ ਸਿਰਮੌਰ ਪੰਜਾਬੀ ਅਖਬਾਰਾਂ ਵਿਚ ਅਦਬੀ ਪੰਨਿਆਂ ਦਾ ਸ਼ਿੰਗਾਰ ਹੈ ।
ਹਥਲੀ ਪੁਸਤਕ ਦੀ ਭੂਮਿਕਾ ਪ੍ਰਸਿਧ ਅਦਬੀ ਲੇਖਕ ਡਾ ਅਮਰ ਕੋਮਲ ਦੇ ਲਿਖੇ ਹਨ । ਉਂਨ੍ਹਾਂ ਲਿਖਿਆ ਹੈ ਕਿ ਇਹ ਪੋਹ ਦੀ ਚਾਨਣੀ ਅਸਲ ਵਿਚ ਠਰੀ ਚਾਨਣੀ ਦੇ ਗੀਤ ਦਾ ਦਰਦ ਹੈ ।ਇਸ ਦਰਦ ਵਿਚ ਦੇਸ਼ ਤੇ ਪੰਜਾਬ ਦੀਆਂ ਸਮਸਿਆਵਾਂ ,ਦੁੱਖਾਂ ਮੁਸੀਬਤਾਂ ਦੇ ਅੰਬਾਰ ਲਗੇ ਹੋਏ ਹਨ । ਜੋ ਦਿਨੋ ਦਿਨ ਵਧ ਰਹੇ ਹਨ ।ਚਿੰਤਾ ਇਸ ਗਲ ਦੀ ਹੈ ਕਿ ਕੀ ਬਣੇਗਾ ਇਸ ਦੇਸ਼ ਦਾ ।ਕਹਿਣ ਨੂੰ ਦੇਸ਼ ਵਿਕਾਸ ਦੇ ਰਸਤੇ ਤੇ ਹੈ । ਅਖੇ ਦੇਸ਼ ਬੜੀ ਤਰਕੀ ਕਰ ਰਿਹਾ ਹੈ {ਪਰ ਐਹ ਹੁਣ ਹੀ ਵੇਖੋ ਕੋਰੋਨਾ ਸੰਕਟ ਨੇ ਸਾਰੀ ਤਰਕੀ ਦੀ ਫੂਕ ਕਢ ਦਿਤੀ ਹੈ । ਲੱਖਾਂ ਲੋਕ ਰਬ ਨੂੰ ਪਿਆਰੇ ਹੋ ਚੁਕੇ ਹਨ ।
ਖੈਰ! ਗਲ ਇਸ ਪੁਸਤਕ ਦੀ ਕਰੀਏ । ਲੇਖਾਂ ਦੇ ਸਿਰਨਾਵੇ ਲੇਖਕ ਦੇ ਜ਼ਿੰਦਗੀ ਦੇ ਗਹਿਰੇ ਤਜ਼ਰਬੇ ਦੀ ਦਸ ਪਾਉਣ ਵਾਲੇ ਹਨ । ਪਾਠਕ ਅੰਦਾਜ਼ਾ ਲਾ ਸਕਦਾ ਹੈ ਕਿ ਦੇਸ਼ ਦੇ ਸੰਕਟ ਨੂੰ ਲੇਖਕ ਆਪਣਾ ਦਰਦ ਸਮਝਦਾ ਹੈ । ਪੋਹ ਦੀ ਚਾਨਣੀ ਚੰਗੀ ਹੈ ਪਰ ਮਨੁਖ ਉਸ ਦਾ ਆਨੰਦ ਨਹੀਂ ਲੈ ਸਕਦਾ । ਕਿਉਂ ਕਿ ਉਸ ਦੀਆਂ ਚਿੰਤਾਵਾਂ ਹੌਰ ਹਨ ।ਔਰਤ ਅਸਲ ਘਰ ਬਣਾਉੰਦੀ ਹੈ {ਲੇਖਕ ਮਕਾਨ ਤੇ ਘਰ ਵਿਚ ਬਾਰੀਕ ਅੰਤਰ ਤਲਾਸ਼ਦਾ ਹੈ । ਤਾਂ ਕਿ ਪੰਜਾਬ ਦੇ ਬਹੁਤੇ ਪਰਿਵਾਰ ਇਸ ਨੂੰ ਸਮਝ ਸਕਣ । ਪਰ ਉਹ ਹੀ ਸਮਝ ਸਕਦੈ ਜੋ ਕਿਤਾਬਾਂ ਨਾਲ ਜੁੜੇਗਾ ।ਇਸ ਲਈ ਪੁਸਤਕ ਦੇ ਦੋ ਲੇਖ ਕਿਤਾਬ ਸਭਿਆਚਾਰ ਦੀ ਗਲ ਕਰਦੇ ਹਨ । ਬੱਚਿਆਂ ਤੋਂ ਬਚਪਨ ਖੋਹਿਆ ਜਾ ਰਿਹਾ ਹੈ ਸਿੱਖਿਆ ਤੋਂ ਬੱਚੇ ਦੂਰ ਜਾ ਰਹੇ ਹਨ ।ਕਿਉਂ ਕਿ ਉਂਨ੍ਹਾਂ ਤੋਂ ਮਾਂ ਬੋਲੀ ਪੰਜਾਬੀ ਖੌਹੀ ਜਾ ਰਹੀ ਹੈ । ਸਿਖਿਆ ਦਾ ਹਨੇਰਾ ਪੱਖ। ਬਿਗਾਨੀ ਭਾਸ਼ਾ ਅੰਗਰੇਜ਼ੀ ਦਾ ਬੋਲਬਾਲਾ ਹੈ । ਲੇਖਕ ਨੂੰ ਇਸ ਭਾਸ਼ਾਂਈ ਜ਼ੁਲਮ ਦੀ ਡਾਢੀ ਪੀੜਾ ਹੈ। ਚਿੰਤਾ ਇਸ ਗਲ ਦੀ ਹੈ ਕਿ ਲੋਕ ਖੁਦਕਸ਼ੀਆਂ ਕਰ ਰਹੇ ਹਨ । ਆਰਥਿਕ ਸੰਕਟ ਵਧ ਰਿਹਾ ਹੈ । ਬੇਰੁਜ਼ਗਾਰੀ ਚਰਮ ਸੀਮਾ ਤੇ ਹੈ । ਡਿਗਰੀਆ ਚੁੱਕੀ ਨੌਜਵਾਨ ਨੌਕਰੀਆਂ ਮੰਗਦੇ ਹਨ । ਪਰ ਸਰਕਾਰਾਂ ਕੋਲ ਟਾਲ ਮਟੋਲ ਕਰਨ ਤੋਂ ਬਿਨਾ ਕੋਈ ਰਸਤਾ ਨਹੀਂ ਹੈ । ਰਿਸ਼ਵਤ, ਈਰਖਾ, ਨਫਰਤ ਇਸ ਕਦਰ ਹੈ ਕਿ ਭਰਾ ਭਰਾ ਦਾ ਵੈਰੀ ਹੈ। ਅਖਬਾਰੀ ਸੁਰਖੀਆਂ ਵਿਚ ਰੋਜ਼ ਕਰਾਈਮ ਵਧ ਰਿਹਾ ਹੈ । ਚਿੰਤਨਸ਼ੀਲ ਤੇ ਜ਼ਿੰਮੇਵਾਰ ਲੇਖਕ ਪਾਠਕਾਂ ਨੂੰ ਇਸ ਸਾਰੀ ਦਿਸ਼ਾ ਵਲ ਸੋਚਣ ਲਈ ਕੁਝ ਕਰਨ ਲਈ ਕਹਿ ਰਿਹਾ ਹੈ । ਲੇਖ ਕਹਾਣੀਨੁਮਾ ਪ੍ਰਸੰਗ ਨਾਲ ਸ਼ੁਰੂ ਹੁੰਦੇ ਹਨ । ਸ਼ੈਲੀ ਪ੍ਰਭਾਂਵਸ਼ਾਲੀ ਤੇ ਵਾਕ ਬਣਤਰ ਆਪਮੁਹਾਰੀ ਨਦੀ ਦੇ ਵਹਿਣ ਵਰਗੀ । ਕੁਝ ਵਾਕ ਅਟਲ ਸਚਾਈਆ ਹਨ । ਜਿਵੇਂ ‘ ਭਾਰਤੀ ਲੋਕ ਮਿਹਨਤੀ ਜ਼ਰੂਰ ਹਨ ਪਰ ਜ਼ਿਆਦਾਤਰ ਲੋਕ ਨੌਕਰੀ ਜਾਂ ਤਰਕੀ ਲੈਣ ਲਈ ਰਿਸ਼ਵਤ ਦੇਣ ਵਿਚ ਯਕੀਨ ਰਖਦੇ ਹਨ ।---ਸੌ ਵਰਕਾ ਪੜ੍ਹਨ ਤੋਂ ਬਾਅਦ ਇਕ ਵਰਕਾ ਲਿਖਣ ਦੀ ਕਾਬਲੀਅਤ ਆਉਂਦੀ ਹੈ ---ਇਕ ਸਦੀ ਤੋਂ ਵੀ ਘਟ ਸਮੇਂ ਵਿਚ ਸੋਨੇ ਦੀ ਚਿੜੀ ਕਹਾਉਣ ਵਾਲਾ ਦੇਸ਼ ਰੇਤ ਦੇ ਢੇਰ ਵਿਚ ਤਬਦੀਲ ਹੁੰਦਾ ਜਾ ਰਿਹਾ ਹੈ ।‘ ਇਹੋ ਜਿਹੇ ਹੋਰ ਵਾਕ ਪੜ੍ਹਂਨ ਲਈ ਪੁਸਤਕ ਦਾ ਅਧਿਐਨ ਜ਼ਰੂਰੀ ਹੈ। ਸਵਾਗਤ ਹੈ ।