ਸਾਹਿੱਤ ਦੇ ਸੁਸ਼ਾਂਤ ਸਿੰਘ ਰਾਜਪੂਤ (ਲੇਖ )

ਨਿਸ਼ਾਨ ਸਿੰਘ ਰਾਠੌਰ   

Email: nishanrathaur@gmail.com
Address: ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ
ਕੁਰੂਕਸ਼ੇਤਰ India
ਨਿਸ਼ਾਨ ਸਿੰਘ ਰਾਠੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਫ਼ਿਲਮ ਸਟਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਪਿਛਲੇ ਦਿਨੀਂ ਆਤਮ-ਹੱਤਿਆ ਕਰ ਲਈ। ਇਹ ਬਹੁਤ ਦੁਖਦਾਈ ਅਤੇ ਮੰਦਭਾਗੀ ਘਟਨਾ ਹੈ। ਮਨੁੱਖ ਦੀ ਜ਼ਿੰਦਗੀ 'ਚ ਵੱਡੀਆਂ-ਵੱਡੀਆਂ ਔਕੜਾਂ ਆਉਂਦੀਆਂ ਹਨ ਪਰ ਆਤਮ-ਹੱਤਿਆ ਕਿਸੇ ਔਕੜ/ ਮਸਲੇ ਦਾ ਹੱਲ ਨਹੀਂ ਹੁੰਦਾ। ਸਗੋਂ ਇਹਨਾਂ ਔਕੜਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਵਾਲੇ ਲੋਕ ਨਵੀਆਂ ਪੈੜਾਂ ਸਿਰਜਦੇ ਹਨ ਜਿਹੜੀਆਂ ਆਉਣ ਵਾਲੀਆਂ ਨਸਲਾਂ ਲਈ ਚਾਨਣ ਮੁਨਾਰੇ ਦਾ ਕੰਮ ਕਰਦੀਆਂ ਹਨ। ਖ਼ੈਰ!

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਗ਼ਰੋਂ ਬੌਲੀਵੁੱਡ 'ਚ ਭੇਦਭਾਵ ਅਤੇ ਭਾਈ-ਭਤੀਜਾਵਾਦ ਦਾ ਸੱਚ ਉਜਾਗਰ ਹੋ ਗਿਆ ਹੈ। ਲੋਕਾਂ ਨੂੰ ਇਸ ਗੱਲ ਦਾ ਇਲਮ ਹੋ ਗਿਆ ਹੈ ਕਿ ਉਹਨਾਂ ਦੇ ਚਹੇਤੇ ਸਿਤਾਰਿਆਂ ਦੀ ਦੁਨੀਆਂ ਵੀ ਭ੍ਰਿਸ਼ਟਾਚਾਰ ਤੋਂ ਮੁਕਤ ਨਹੀਂ ਹੈ।

ਹੈਰਾਨੀ ਅਤੇ ਅਚੰਭੇ ਵਾਲੀ ਗੱਲ ਇਹ ਹੈ ਕਿ ਸਿਨੇਮਾ ਰਾਹੀਂ ਲੋਕਾਂ ਨੂੰ ਜਾਗਰੁਕ ਕਰਨ ਵਾਲੇ ਲੋਕ ਖ਼ੁਦ ਤੰਗ ਦਿਲਾਂ ਦੇ ਮਾਲਕ ਨਿਕਲੇ। ਹੁਣ ਤੱਕ ਦੀਆਂ ਵਿਚਾਰ-ਚਰਚਾਵਾਂ ਤੋਂ ਇਹ ਸਾਬਿਤ ਹੁੰਦਾ ਹੈ ਕਿ ਬੌਲੀਵੁੱਡ 'ਚ ਕਲਾ/ ਹੁਨਰ ਦੀ ਕਦਰ ਨਹੀਂ ਬਲਕਿ ਉੱਥੇ 'ਗੌਡ ਫ਼ਾਦਰ' ਵੱਧ ਪਾਵਰਫੁੱਲ ਹੁੰਦਾ ਹੈ। ਫ਼ਿਲਮੀ ਸਿਤਾਰਿਆਂ ਦੇ ਧੀਆਂ-ਪੁੱਤਰ ਇਸ ਖ਼ੇਤਰ ਵਿਚ ਮਿਹਨਤ ਤੋਂ ਬਿਨਾਂ ਹੀ ਸਫ਼ਲ ਹੋ ਜਾਂਦੇ ਹਨ ਕਿਉਂਕਿ ਉਹਨਾਂ ਕੋਲ ਆਪਣੇ ਮਾਂ-ਬਾਪ ਦਾ ਵੱਡਾ ਨਾਮ ਹੁੰਦਾ ਹੈ। ਪਰ ਛੋਟੇ ਸ਼ਹਿਰਾਂ 'ਚੋਂ ਨਿਕਲੇ ਪ੍ਰਤਿਭਾਵਾਨ ਮੁੰਡੇ-ਕੁੜੀਆਂ ਦਾ ਅੰਤ ਸੁਸ਼ਾਂਤ ਸਿੰਘ ਰਾਜਪੂਤ ਵਰਗਾ ਹੁੰਦਾ ਹੈ।

ਪਿਤਾ-ਪੁਰਖ਼ੀ ਕਿੱਤਿਆਂ ਉੱਪਰ ਉਹਨਾਂ ਦੀਆਂ ਔਲਾਦਾਂ ਦਾ ਇਹ ਕਬਜ਼ਾ ਸਿਰਫ਼ ਫ਼ਿਲਮਾਂ ਤੱਕ ਹੀ ਸੀਮਤ ਨਹੀਂ ਹੈ ਬਲਕਿ ਰਾਜਨੀਤੀ ਅਤੇ ਧਰਮ ਵਿਚ ਵੀ ਪ੍ਰਚੰਡ ਰੂਪ ਵਿਚ ਵਿਦਮਾਨ ਹੈ। ਸਾਹਿੱਤ ਦਾ ਖ਼ੇਤਰ ਵੀ ਇਸ ਭ੍ਰਿਸ਼ਟਾਚਾਰ ਤੋਂ ਬਚ ਨਹੀਂ ਸਕਿਆ। ਇਸ ਭ੍ਰਿਸ਼ਟਾਚਾਰ ਦਾ ਨੁਕਸਾਨ ਪ੍ਰਤਿਭਾਵਾਨ ਲੇਖਕਾਂ ਨੂੰ ਹੋਇਆ ਜਿਹੜੇ ਇਸ ਖ਼ੇਤਰ ਵਿਚ ਉੱਕਾ ਹੀ ਨਵੇਂ ਸਨ। ਉਹਨਾਂ ਕੋਲ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਪ੍ਰਤਿਭਾ ਤਾਂ ਸੀ ਪਰ ਵੱਡਾ ਨਾਮ ਨਹੀਂ ਸੀ।

ਫ਼ਿਲਮ ਅਤੇ ਰਾਜਨੀਤੀ ਨਾਲੋਂ ਸਾਹਿੱਤ ਦਾ ਖ਼ੇਤਰ ਤਾਂ ਇੱਕ ਕਦਮ ਅੱਗੇ ਪਹੁੰਚ ਗਿਆ ਹੈ। ਇੱਥੇ ਸਥਾਪਿਤ ਲੇਖਕ/ ਲੇਖਿਕਾਵਾਂ ਆਪਣੇ ਧੀਆਂ-ਪੁੱਤਰਾਂ ਜਾਂ ਘਰਵਾਲੇ-ਘਰਵਾਲੀਆਂ ਨੂੰ ਹੀ ਪ੍ਰਮੋਟ ਨਹੀਂ ਕਰਦੇ ਬਲਕਿ ਪ੍ਰੇਮੀ- ਪ੍ਰੇਮਿਕਾਵਾਂ ਨੂੰ ਵੀ ਕਲਮਕਾਰ ਬਣਾ ਦਿੰਦੇ ਹਨ। ਉਂਝ ਭਾਵੇਂ ਉਹਨੂੰ ਕੁਝ ਨਾ ਆਉਂਦਾ ਹੋਵੇ ਪਰ ਵੱਡੇ-ਵੱਡੇ ਕਵੀ ਦਰਬਾਰਾਂ ਅਤੇ ਸਾਹਿਤਿਕ ਸੰਮੇਲਨਾਂ ਵਿਚ ਉਹਨਾਂ ਦੀ ਹਾਜ਼ਰੀ ਪੱਕੀ ਹੁੰਦੀ ਹੈ। ਇਨਾਮਾਂ ਦੀ ਵੰਡ ਮੌਕੇ ਵੀ ਸਾਹਿੱਤਕਾਰਾਂ ਦੇ ਧੀਆਂ-ਪੁੱਤਰਾਂ ਜਾਂ ਸਾਕ-ਸੰਬੰਧੀਆਂ ਨੂੰ ਪਹਿਲ ਮਿਲ ਜਾਂਦੀ ਹੈ ਕਿਉਂਕਿ ਇਨਾਮ ਵੰਡ ਸਮਾਗਮ ਦਾ ਮੁੱਖ ਮਹਿਮਾਨ ਤਾਂ 'ਆਪਣਿਆਂ' ਲਈ ਜਦੋਜਹਿਦ ਕਰ ਰਿਹਾ ਹੁੰਦਾ ਹੈ।

ਇਸ ਨਾਲ ਨਵੇਂ ਪ੍ਰਤਿਭਾਵਾਨ ਮੁੰਡੇ-ਕੁੜੀਆਂ ਦਾ ਭਵਿੱਖ ਖ਼ਰਾਬ ਹੋ ਜਾਂਦਾ ਹੈ ਕਿਉਂਕਿ ਫ਼ਿਲਮਾਂ ਵਾਂਗ ਸਾਹਿੱਤ ਵਿਚ ਵੀ ਪੁਰਾਣੇ ਲੇਖਕ ਨਵੇਂ ਲੇਖਕ ਨੂੰ ਪ੍ਰਵਾਨ ਨਹੀਂ ਕਰਦੇ। ਪ੍ਰੋ- ਰਾਬਿੰਦਰ ਸਿੰਘ ਮਸਰੂਰ ਹੁਰਾਂ ਦਾ ਇੱਕ ਸ਼ਿਅਰ ਹੈ;

'ਝੜ ਰਹੇ ਪੱਤਿਆਂ ਨੂੰ ਇਸ ਗੱਲ ਤੇ ਬੜਾ ਇਤਰਾਜ਼ ਹੈ।
ਇਹ ਨਵੇਂ ਪੱਤੇ ਨਿਕਲਦੇ ਸਾਰ ਸਿਖ਼ਰਾਂ ਹੋ ਗਏ।' (ਤੁਰਨਾ ਮੁਹਾਲ ਹੈ)

ਪੁਰਾਣੇ ਲੋਕ ਨਵੇਂ ਮੁੰਡੇ-ਕੁੜੀਆਂ ਨੂੰ ਮੂਲੋਂ ਹੀ ਰੱਦ ਕਰ ਦਿੰਦੇ ਹਨ। ਹਾਂ, ਸਰੀਰਿਕ ਅਤੇ ਆਰਥਿਕ ਸੋਸ਼ਣ ਝੱਲ ਚੁਕੇ ਨਵੇਂ ਲੇਖਕ/ ਲੇਖਿਕਾਵਾਂ ਭਾਵੇਂ ਕੁਝ ਹੱਦ ਤੱਕ ਪ੍ਰਵਾਨ ਹੋਣ ਪਰ ਬਹੁਤੇ ਸਫ਼ਲ ਹੋ ਵੀ ਨਹੀਂ ਹੋ ਪਾਉਂਦੇ।

ਅੱਜਕਲ੍ਹ ਸੋਸ਼ਲ-ਮੀਡੀਆ ਦਾ ਜ਼ਮਾਨਾ ਹੈ। ਬਹੁਤ ਸਾਰੇ ਮੰਚ ਅਜਿਹੇ ਹਨ ਜਿੱਥੇ ਨਵੇਂ ਲੇਖਕ ਆਪਣੀ ਗੱਲ ਰੱਖ ਸਕਦੇ ਹਨ ਪਰ 99% ਪੁਰਾਣੇ ਲੇਖਕ ਨੁਕਤਾਚੀਨੀ ਕਰਕੇ ਹੌਸਲਾ ਤੋੜਨ ਦਾ ਯਤਨ ਕਰਦੇ ਹਨ। ਆਪਣੀਆਂ ਲਿਖ਼ਤਾਂ ਉੱਪਰ ਵਿਚਾਰ-ਚਰਚਾਵਾਂ ਚਾਹੁੰਦੇ ਹਨ ਪਰ ਨਵੇਂ ਮੁੰਡੇ-ਕੁੜੀਆਂ ਦੀਆਂ ਰਚਨਾਵਾਂ ਉੱਪਰ ਭੁੱਲ ਕੇ ਵੀ ਵਿਚਾਰ ਨਹੀਂ ਪ੍ਰਗਟਾਉਂਦੇ। ਇਹ ਬਿਰਤੀ ਉਸੇ ਬਿਰਤੀ ਵਰਗੀ ਹੈ ਜਿਸ ਦੇ ਸਿੱਟੇ ਵੱਜੋਂ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਪ੍ਰਤਿਭਾਵਾਨ ਸਟਾਰ ਨੇ ਆਤਮ-ਹੱਤਿਆ ਵਰਗਾ ਕਦਮ ਚੁਕ ਲਿਆ।

ਪਰ ਅਫ਼ਸੋਸ! ਸਾਹਿੱਤ ਵਿਚ ਸੈਕੜੇ ਹੀ ਸੁਸ਼ਾਂਤ ਸਿੰਘ ਰਾਜਪੂਤ ਰੁਲ਼ ਰਹੇ ਹਨ ਪਰ ਉਹਨਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਅਤੇ ਇਸ ਭ੍ਰਿਸ਼ਟਾਚਾਰ ਉੱਪਰ ਵਾਰ ਕਰਨ ਵਾਲਾ ਵੀ ਕੋਈ ਕਲਮਕਾਰ ਸਾਹਮਣੇ ਆ ਰਿਹਾ ਕਿਉਂਕਿ ਇਸ ਹਮਾਮ ਵਿਚ ਸਭ ਨੰਗੇ ਹਨ।

ਆਖ਼ਰ 'ਚ ਖ਼ੇਤਰ ਕੋਈ ਵੀ ਹੋਵੇ, ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਦੀ ਮੰਗ ਕਰਦਾ ਹੈ। ਜਿਹੜੇ ਲੋਕ ਛੇਤੀ ਹੀ ਢੇਰੀ ਢਾਹ ਜਾਂਦੇ ਹਨ ਉਹ ਆਪਣੀਆਂ ਮੰਜ਼ਿਲਾਂ ਉੱਪਰ ਕਦੇ ਵੀ ਨਹੀਂ ਪਹੁੰਚ ਪਾਉਂਦੇ ਪਰ ਜਿਹੜੇ ਸਿਰੜੀ ਲੋਕ ਇਹਨਾਂ ਔਕੜਾਂ ਦਾ ਸਾਹਮਣਾ ਡੱਟ ਕੇ ਕਰਦੇ ਹਨ ਉਹ ਲੋਕ ਮੰਜ਼ਿਲ ਦੇ ਮੱਥੇ ਉੱਪਰ ਜਿੱਤ ਦੀ ਤਖ਼ਤੀ ਗੱਡ ਦਿੰਦੇ ਹਨ।