ਅਜੀਬ ਰਿਸ਼ਤਾ (ਕਹਾਣੀ)

ਰਾਜਾ ਹੰਸਪਾਲ   

Email: rajahanspal362@gmail.com
Cell: +91 98881 76099
Address: ਫ੍ਰੈਂਡਜ਼ ਕਲੋਨੀ, ਸੁਲਤਾਨਵਿੰਡ ਰੋਡ
ਅੰਮ੍ਰਿਤਸਰ India
ਰਾਜਾ ਹੰਸਪਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪਹਿਲੀ ਵਾਰ ਮੋਬਾਇਲ ਕਾਲ ਤੇ ਗੱਲ ਕਰ ਰਹੇ ਦੇਵ ਅਤੇ ਦਿਸ਼ਾ ਨੇ ਕਦੇ ਇਸਦਾ ਅੰਦਾਜ਼ਾ ਵੀ ਨਹੀਂ ਲਗਾਇਆ ਹੋਣਾ ਕਿ ਉਹਨਾਂ ਦੋਹਾਂ ਦੇ ਦਿਲਾਂ ਦੀਆ ਕਿਆਰੀਆਂ ਅੰਦਰ ਨਾ ਸਿਰਫ਼ ਪਿਆਰ ਦਾ ਬੀਜ ਪੁੰਗਰੂ ਸਗੋਂ ਉਸ ਬੂਟੇ ਤੇ ਆਪਣੇਪਣ, ਮੋਹ ਅਤੇ ਸਾਂਝ ਦੇ ਫ਼ਲ ਵੀ ਖਿੜ ਜਾਣਗੇ।
ਗੂੜੀ ਨੀਂਦ ਵਿੱਚ ਵੇਖੇ ਕਿਸੇ ਹਸੀਨ ਖੁਆਬ ਵਾਂਗ ਜਾਪਦੀ ਇਸ ਹਕੀਕਤ ਦੀ ਪੈਦਾਇਸ਼ ਉਦੋਂ ਹੋਈ ਜਦੋ ਇੱਕ ਦਿਨ ਦੇਵ ਵੱਲੋਂ ਗਲਤੀ ਨਾਲ ਮਿਲੇ ਨੰਬਰ ਤੇ ਇੱਕ ਮਿੱਠੀ ਜਿਹੀ ਅਵਾਜ ਨੇ ਹੈਲੋ ਕਿਹਾ, ਸੰਬੰਧਿਤ ਗੱਲ ਕਰਨ ਤੋਂ ਬਾਅਦ "ਸੋਰੀ ਰੋਂਗ ਨੰਬਰ ਜੀ" ਕਹਿ ਕੇ ਕਾਲ ਕੱਟ ਦਿੱਤੀ। ਪਰ ਕਿਸੇ ਤੇਜ ਨਸ਼ੇ ਦੇ ਸਰੂਰ ਵਰਗੀ ਇਹ ਮਿੱਠੀ ਅਤੇ ਨਿਮਰਤਾ ਭਰੀ ਅਵਾਜ ਦੇਵ ਦੇ ਦਿਲੋ ਦਿਮਾਗ ਨੂੰ ਏਨਾਂ ਮਦਹੋਸ਼ ਕਰ ਚੁੱਕੀ ਸੀ ਕਿ ਪਤਾ ਨਹੀਂ ਕਦੋਂ ਉਸਨੇ ਜਵਾਨੀ ਅਤੇ ਮਦਹੋਸ਼ੀ 'ਚ ਚੂਰ ਹੋਏ ਨੇ ਉਸ ਲੜਕੀ ਨੂੰ "ਵਿੱਲ ਯੂ ਫ਼ਰੈਡਸ਼ਿਪ ਵਿਦ ਮੀ" ਦਾ ਮੈਸਜ ਭੇਜ ਦਿੱਤਾ ਉਸਨੂੰ ਵੀ ਨਾ ਪਤਾ ਲੱਗਾ।
ਇਹ ਮਦਹੋਸ਼ੀ ਉਦੋਂ ਟੁੱਟੀ, ਜਦੋਂ ਉਸੇ ਨੰਬਰ ਤੋਂ ਬੈਕ ਕਾਲ ਆਈ ਤੇ ਥੋੜੇ ਤਲਖ ਲਹਿਜੇ ਵਿੱਚ "ਵੱਟ ਇਜ਼ ਦਿਸ"? ਕਿਹਾ। ਭਾਵੇਂ ਇਸ ਵਾਰ ਥੋੜਾ ਗੁੱਸਾ ਅਤੇ ਨਰਾਜ਼ਗੀ ਸੀ ਪਰ ਮਿਠਾਸ, ਅੰਦਾਜ ਤੇ ਨਿਮਰਤਾ ਉਸੇ ਤਰ੍ਹਾਂ ਬਰਕਰਾਰ ਸੀ। ਦੇਵ ਇੱਕੋ ਸਾਹੇ ਆਪਣੇ ਦਿਲ ਦੇ ਚਾਅ ਉਸ ਮੁਹਰੇ ਬਿਆਨ ਕਰ ਚੁੱਕਾ ਸੀ। ਭਾਵੇਂ ਉਸ ਸਮੇਂ ਦਿਸ਼ਾ ਨੇ ਕਾਲ ਕੱਟ ਦਿੱਤੀ ਸੀ, ਪਰ ਇਸ ਜਵਾਨੀ ਦੀ ਅੱਥਰੀ ਜਿਹੀ ਰੁੱਤੇ, ਸੱਜਰੇ ਖਿੜੇ ਚਾਆਵਾਂ ਨਾਲ ਮਹਿਕਦੇ ਦਿਲ ਤੇ ਜਦੋਂ ਕੋਈ ਪਿਆਰ ਦੀ ਦਸਤਕ ਦੇਵੇ ਤਾਂ ਜਿਆਦਾ ਦੇਰ ਬੂਹੇ ਟੁਪੇ ਨਹੀ ਰਹਿੰਦੇ। ਇੱਕ ਦੋ ਵਾਰ ਅਣਚਾਹੀ ਨਾ ਕਰਨ ਤੋਂ ਬਾਅਦ ਦਿਸ਼ਾ ਵੀ ਆਪਣੇ ਕੋਰੇ ਕਾਗਜ਼ ਵਰਗੇ ਦਿਲ ਤੇ ਦੋਸਤੀ ਦਾ ਸ਼ਬਦ ਲਿਖਣੋ ਬਹੁਤੀ ਦੇਰ ਨਾ ਰਹਿ ਸਕੀ ਤੇ ਆਖਰ ਦੇਵ ਦੇ ਪ੍ਰਪੋਜ਼ਲ ਨੂੰ ਸਵੀਕਾਰ ਲਿਆ।
ਲਗਾਤਾਰ ਫ਼ੋਨ ਤੇ ਹੁੰਦੀ ਇਸ ਗਿੱਟਮਿੱਟ ਨੇ ਦੋਹਾਂ ਵਿੱਚ ਕਾਫ਼ੀ ਅਪਣੱਤ ਪੈਦਾ ਕਰ ਦਿੱਤੀ ਸੀ। ਦਿਸ਼ਾ ਦੀ ਮਾਸੂਮੀਅਤ, ਸਿਆਣਪ ਤੇ ਹੋਰ ਕਈ ਗੱਲਾਂ ਨਾਲ ਲਬਰੇਜ਼ ਸਖਸ਼ੀਅਤ, ਦੇਵ ਨੂੰ ਪੂਰੀ ਤਰ੍ਹਾਂ ਆਪਣੇ ਰੰਗ ਵਿੱਚ ਰੰਗ ਚੁੱਕੀ ਸੀ ਅਤੇ ਦੇਵ ਦਾ ਗੱਲ ਕਰਨ ਦਾ ਲਹਿਜਾ, ਸ਼ਾਇਰਾਨਾ ਅੰਦਾਜ਼, ਸੁਹਜ ਸਿਆਣਪ, ਹੁਸ਼ਿਆਰ ਦਿਸ਼ਾ ਦੀ ਨਜ਼ਰ ਵਿੱਚ ਦੇਵ ਨੂੰ 'ਦਾ ਪਰਫ਼ੈਕਟ ਪਰਸਨ' ਬਣਾ ਚੁੱਕਾ ਸੀ ਅਤੇ ਦੋਵੇਂ ਹੁਣ ਪਿਆਰ ਦੀਆ ਬਰੂਹਾਂ ਤੇ ਪਹਿਲਾ ਕਦਮ ਰੱਖਣ ਲਈ ਤਿਆਰ ਬਰ ਤਿਆਰ ਸਨ।
ਇੱਕ ਰਾਤ ਗੱਲਾਂ ਕਰਨ ਤੋਂ ਬਾਅਦ ਦਿਸ਼ਾ ਦੇ ਖਿਆਲ 'ਚ ਗੁਆਚੇ, ਪਿਆਰ ਦੇ ਅੰਬਰਾਂ ਤੇ ਉਡਾਰੀ ਮਾਰਨ ਲਈ, ਫ਼ੜਫ਼ੜਾਉਂਦੇ ਦੇਵ ਦੇ ਦਿਲ ਨੂੰ ਦੇਵ ਦੀ ਆਤਮਾ ਨੇ ਝੰਜੋੜਿਆ ਤੇ ਕਿਹਾ, 'ਦੇਵ ਇਹ ਤੂੰ ਕੀ ਕਰ ਰਿਹੈਂ? ਇੱਕ ਮਾਸੂਮ ਲੜਕੀ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਿਹਾ ਏਂ, ਤੂੰ ਕਿਸੇਂ ਵੀ ਪੱਖੋਂ ਉਸਦੇ ਕਾਬਿਲ ਨਹੀਂ ਹੈਂ। ਤੈਨੂੰ ਆਪਣੀ ਜ਼ਿੰਦਗੀ ਦਾ ਸੱਚ, ਦਿਸ਼ਾ ਨੂੰ ਦੱਸਣਾ ਪਵੇਗਾ। ਇਹ ਖਿਆਲ ਆਉਂਦੇ ਹੀ ਦੇਵ ਧੁਰ ਤੱਕ ਕੰਬ ਗਿਆ ਅਤੇ ਪੂਰੀ ਰਾਤ ਅਜੀਬ ਕਸ਼ਮਕਸ਼ ਵਿੱਚ ਉਲਝਿਆ ਰਿਹਾ, ਪਰ ਸਵੇਰ ਹੋਣ ਤੱਕ ਪਹਿਲਾਂ ਦੇਵ ਨਿਰਣਾ ਲੈ ਚੁੱਕਾ ਸੀ, ਦਿਸ਼ਾ ਨੂੰ ਸੱਭ-ਕੁਝ ਸੱਚ ਦੱਸਣ ਦਾ।
ਯਾਰਾਂ ਦੋਸਤਾ ਦੇ ਮਨ੍ਹਾਂ ਕਰਨ ਦੇ ਬਾਵਜੂਦ ਵੀ, ਦੇਵ ਨੇ ਆਖਿਰ ਦਿਸ਼ਾ ਨੂੰ ਸਾਰਾ ਸੱਚ ਦਿੱਤਾ ਕਿ, ਜਿਸ ਦੇਵ ਨਾਲ ਉਹ ਪਿਆਰ ਦੇ ਰਾਹੇ ਚੱਲਣ ਦੀਆ ਸੱਧਰਾਂ ਸਜਾਈ ਬੈਠੀ ਹੈ, ਉਹ ਇੱਕ ਕਦਮ ਵੀ ਚਲਣੋਂ ਮੁਥਾਜ ਹੈ ਅਤੇ ਇਸ ਹਾਲਤ ਵਿੱਚ ਵੀ੍ਹਲ ਚੇਅਰ ਦੇ ਸਹਾਰੇ ਜਿੰਦਗੀ ਕੱਟ ਰਿਹਾ ਹੈ।
ਦਿਸ਼ਾ ਤੋਂ ਮੁਆਫ਼ੀ ਮੰਗ ਕੇ ਦੇਵ ਨੇ ਕਿਹਾ ਕਿ ਉਹ ਆਪਣਾ ਨੰਬਰ ਬੰਦ ਕਰ ਦੇਵੇਗਾ। ਪਰ ਦੈਂਤ ਵਰਗੇਂ ਇਸ ਸੱਚ ਦਾ ਦਿਸ਼ਾ ਦੀਆਂ ਦੇਵ ਪ੍ਰਤੀ ਪ੍ਰਬਲ ਹੋ ਚੁੱਕੀਆ ਭਾਵਨਾਵਾਂ ਤੇ ਕੋਈ ਅਸਰ ਨਾ ਕਰ ਸਕੀਆਂ, ਸਗੋਂ ਦੇਵ ਦੇ ਦੱਸਣ ਦਾ ਇਹ ਜੇਰਾ ਦਿਸ਼ਾ ਦੇ ਦਿਲ ਦੇ ਬਹੁਤ ਸਮਝਾਉਣ ਦੇ ਬਾਅਦ ਵੀ ਦਿਸ਼ਾ ਨੇ ਇਹ ਰਿਸ਼ਤਾ ਜਾਰੀ ਰੱਖਣ ਦਾ, ਆਪਣਾ ਆਖਰੀ ਫ਼ੈਸਲਾ ਦੇਵ ਨੂੰ ਸੁਣਾ ਦਿੱਤਾ।
ਦਿਸ਼ਾ ਦਾ ਦੇਵ ਨੇ ਕਿਹਾ ਕਿ ਉਹ ਆਪਣਾ ਨੰਬਰ ਬੰਦ ਕਰ ਦੇਵੇਗਾ । ਪਰ ਦੈਂਤ ਵਰਗੇ ਇਸ ਦੀਆ ਦੇਵ ਪ੍ਰਤੀ ਪਰਬਲ ਹੋ ਚੁੱਕੀਆ ਭਾਵਨਾਵਾਂ ਤੇ ਕੋਈ ਅਸਰ ਨਾ ਕਰ ਸਕਿਆ, ਸਗੋਂ ਦੇਵ ਦੇ ਸੱਚ ਦੱਸਣ ਦਾ ਇਹ ਜੇਰਾ ਦਿਸ਼ਾ ਦੇ ਦਿਲ ਤੇ ਪਿਆਰ ਦੀ ਇੱਕ ਹੋਰ ਪੁਆਂਘ ਪੁੱਟਣ ਵਾਂਗ ਸਾਬਤ ਰੱਖਣ ਦਾ, ਆਪਣਾ ਆਖਰੀ ਫ਼ੈਸਲਾ ਦੇਵ ਨੂੰ ਸੁਣਾ ਦਿਤਾ।
ਦਿਸ਼ਾ ਦਾ ਦੇਵ ਨੂੰ ਉਸਦੀ ਉਸ ਹਾਲਤ 'ਚ ਸਵੀਕਾਰਨਾ ਇਹ ਸਾਬਿਤ ਕਰ ਚੁੱਕਾ ਸੀ ਕਿ ਸੱਚਾ ਪਿਆਰ ਜਾਤ ਪਾਤ, ਰੰਗ ਰੂਪ ਸਰੀਰਾਂ ਦੀ ਬਣਤਰ ਜਾਂ ਕਿਸੇ ਸਰਹੱਦ ਦਾ ਮੁਥਾਜ਼ ਨਹੀਂ ਹੁੰਦਾ। ਪਿਆਰ ਤਾਂ ਉਹ ਜਜ਼ਬਾ ਹੈ ਜੋ ਦਿਲਾਂ ਤੋਂ ਰੂਹਾਂ ਤੱਕ ਸਾਂਝ ਦਾ ਪ੍ਰਤੀਕ ਹੈ। ਛੋਟੀ ਉਮਰੇ ਮਾਂ-ਪਿਉ ਦੇ ਗੁਜਰ ਜਾਣ ਕਰਕੇ ਦਿਸ਼ਾ ਉੱਤੇ ਘਰ ਦੀ ਜਿੰਮੇਵਾਰੀ ਨੇ ਦਿਸ਼ਾ ਨੂੰ ਬਹੁਤ ਜਿੰਮੇਵਾਰ, ਸੁੱਘੜ ਸਿਆਣੀ ਤੇ ਹੋਰਾਂ ਲੜਕੀਆਂ ਤੋਂ ਵੱਖਰੀ ਬਣਾ ਦਿੱਤਾ ਸੀ ਅਤੇ ਦੇਵ ਨੂੰ ਵੀ ਏਨੇ ਵੱਡੇ ਦੁੱਖ ਨੇ ਬਹੁਤ ਕੁੱਝ ਸਿਖਾ ਕੇ ਵੱਖਰਾ ਬਣਾ ਦਿਤਾ ਸੀ। ਸ਼ਾਇਦ ਇਸੇ ਕਰਕੇ ਦੇਵ ਲਈ ਉਸਦੀ ਦਿਸ਼ਾ ਅਤੇ ਦਿਸ਼ਾ ਲਈ ਉਸਦਾ ਦੇਵ ਸਭ ਤੋਂ ਨਿਆਰੇ ਸਨ ।
ਅਣਜਾਣ ਤੋਂ ਇੱਕ ਦੂਜੇ ਦੀ ਜਾਨ ਬਣਿਆਂ, ਹੁਣ ਦਿਸ਼ਾ ਅਤੇ ਦੇਵ ਨੂੰ ਦੋ ਵਰ੍ਹੇ ਹੋ ਗਏ ਸਨ। ਹਾਲਾਂ ਕਿ ਦੇਵ ਨੇ ਸਮੇਂ ਸਮੇਂ ਆਪਣੇ ਅਤੇ ਦਿਸ਼ਾ ਦੇ ਦਿਲ ਨੂੰ ਇਸ ਕੌੜੇ ਪਰ ਸੱਚ ਤੋਂ ਜਾਣੂ ਰਖਵਾਇਆ ਕਿ ਉਹ ਕਦੇ ਇਕ ਨਹੀ ਹੋ ਸਕਦੇ ਤੇ ਦਿਸ਼ਾ ਦੀ ਮੰਜ਼ਿਲ ਕੋਈ ਹੋਰ ਹੈ ਪਰ ਦਿਸ਼ਾ ਦੇਵ ਨੂੰ ਇਹ ਕਹਿ ਕੇ ਹਮੇਸ਼ਾ ਚੁਪ ਕਰਾ ਦਿੰਦੀ, ਕਿ 'ਜਦੋਂ ਟਾਇਮ ਆਊ, ਵੇਖੀ ਜਾਊਗੀ ਪਰ ਅਜੇ ਉਹ ਸਿਰਫ਼ ਦੇਵ ਦੀ ਹੋ ਕੇ ਜਿਉਣਾ ਚਾਹੁੰਦੀ ਹੈ'।
ਦੋਂਹਾਂ ਨੂੰ ਇੱਕ ਦੂਜੇ ਦੀ ਬਹੁਤ ਪ੍ਰਵਾਹ ਕਰਦੇ ਸੀ ਦੋਂਵੇਂ ਛੋਟੀ ਵੱਡੀ, ਹਰ ਗੱਲ ਇੱਕ ਦੂਜੇ ਨਾਲ ਸਾਂਝੀ ਕਰਦੇ। ਹਰ ਮੁਸ਼ਕਿਲ 'ਚ ਦੇਵ ਦਿਸ਼ਾ ਦੀ ਤਾਕਤ ਬਣਦਾ, ਉਸਦੀ ਸੋਚ ਨੂੰ ਬਲਵਾਨ ਬਣਾ ਕੇ ਉਸ ਵਿੱਚ ਜਜ਼ਬੇ ਦੀ ਤਾਕਤ ਬਣਦਾ, ਉਸਦੀ ਸੋਚ ਨੂੰ ਬਲਵਾਨ ਬਣਾ ਕੇ ਉਸ ਵਿੱਚ ਜਜ਼ਬੇ ਦੀ ਨਵੀਂ ਰੂਹ ਫ਼ੂਕਦਾ। ਦੇਵ ਦਿਸ਼ਾ ਨੂੰ ਮਿਲਣ ਲਈ ਤੜਫ਼ਦਾ ਪਰ ਮਜਬੂਰੀ ਅਤੇ ਹਾਲਾਤ ਕਾਰਣ ਇਹ ਸੰਭਵ ਨਹੀਂ ਸੀ। ਦਿਸ਼ਾ ਵੀ ਦੇਵ ਦੀ ਮਜਬੂਰੀ ਸਮਝਦੀ ਤੇ ਉਸਨੂੰ ਸਮਝਾਉਦੀ ਕਿ ਉਹ ਸਦਾ ਇਕ ਦੂਜੇ ਦੇ ਕੋਲ ਨੇ। ਬਿਨਾਂ ਮਿਲੇ ਮਿਲਣ ਵਾਲੇ ਪ੍ਰੇਮਿਆਂ ਵਾਂਗ ਦੋਹਾਂ ਨੇ ਇਹਨਾਂ ਦੋ ਵਰ੍ਹਿਆ ਵਿੱਚ ਜ਼ਿੰਦਗੀ ਦੇ ਹਰ ਪਲ ਨੂੰ ਅਹਿਸਾਸ ਜ਼ਰੀਏ ਜੀਵਿਆ ਸੀ।
ਰੁੱਸਣਾ ਮਨਾਉਣਾ, ਲੜਣਾ ਪਿਆਰ ਕਰਨਾ, ਅੱਧੀ ਰਾਤ ਤੱਕ ਗੱਲਾਂ ਕਰਨਾ, ਨਰਾਜ਼ਗੀ, ਮਸਤੀ, ਹਰ ਪਲ ਹਰ ਲਮਹਾ ਆਪਣੇ ਪਿਆਰ ਨਾਲ ਜੀਵਿਆ ਮਾਨਿਆ ਸੀ। ਮਨ ਹੀ ਮਨ ਦਿਸ਼ਾ ਦੇਵ ਨੂੰ ਆਪਣਾ ਸੱਭ ਕੁੱਝ ਮੰਨਣ ਲੱਗ ਪਈ ਸੀ। ਇੱਕ ਪਲ ਜੇ ਉਹ ਦੂਰ ਹੋਣ ਦੀ ਗੱਲ ਕਰਦੇ ਤਾਂ ਅਗਲੇ ਹੀ ਪਲ ਉਹ ਇੱਕ ਦੂਸਰੇ ਦੇ ਹੋ ਜਾਂਦੇ।
ਹੁਣ ਦਿਸ਼ਾ ਐੱਮ.ਏ. ਕਰ ਚੁੱਕੀ ਸੀ ਅਤੇ ਬੀ.ਐਡ ਕਰ ਰਹੀ ਸੀ। ਬੀ.ਐਡ ਦੀ ਪ੍ਰੀਖਿਆ ਨੇੜੇ ਹੀ ਸੀ ਤੇ ਆਖਿਰਕਾਰ ਉਹ ਦਿਨ ਆ ਹੀ ਗਿਆ ਜਿਸਦਾ ਖਿਆਲ ਵੀ ਦੇਵ ਅਤੇ ਦਿਸ਼ਾ ਦੀ ਰੂਹ ਨੂੰ ਨਿਚੋੜ ਦਿੰਦਾ ਸੀ। ਇਹ ਦਿਨ ਸੀ ਮਜ਼ਬੂਰ ਮੁਹੱਬਤ ਦੇ ਅੰਤ ਦਾ।
ਦੇਵ ਨੇ ਦਿਸ਼ਾ ਨੂੰ ਬਹੁਤ ਪੁੱਛਿਆ ਪਰ ਦਿਸ਼ਾ ਸਿਰਫ਼ ਇਹੀ ਕਹਿ ਪਾਈ ਦੇਵ ਮੈਨੂੰ ਮੁਆਫ਼ ਕਰੀਂ ਮੇਰੀ ਮਜ਼ਬੂਰੀ ਹੈ। ਦੇਵ ਨੇ ਦਿਸ਼ਾਂ ਦੇ ਇਨ੍ਹਾਂ ਸ਼ਬਦਾਂ ਉੱਤੇ ਫੁੱਲ ਚੜ੍ਹਾ ਦਿੱਤੇ ਕਿਉਂਕਿ ਉਹ ਸ਼ੁਰੂ ਤੋਂ ਹੀ ਇਸ ਜ਼ਬੂਰ ਮੁਹੱਬਤ ਦਾ ਅੰਜ਼ਾਮ ਜਾਣਦਾ ਸੀ। ਦੋਹਾਂ ਦੇ ਦਿਲ ਰੋਏ ਰੂਹਾਂ ਕੁਰਲਾਈਆਂ ਅਤੇ ਸੱਧਰਾਂ ਮੋਈਆਂ, ਪਰ ਜੁਦਾਈ ਹੀ ਇਸ ਮੁਹੱਬਤ ਦਾ ਅੰਤ ਸੀ।
ਇੱਕ ਦੂਜੇ ਲਈ ਭਾਵੇਂ ਦੋਵੇਂ ਗੁਮਨਾਮੀ ਦੇ ਹਨੇਰਿਆ 'ਚ ਖੋ ਗਏ ਪਰ ਉਸ ਪਿਆਰੀਆਂ-ਪਿਆਰੀਆਂ ਯਾਦਾਂ, ਉਹ ਹਸੀਨ ਪਲ ਅੱਜ ਵੀ ਦੋਂਹਾ ਦੇ ਦਿਲਾਂ ਨੂੰ ਰੁਸ਼ਨਾ ਰਹੇ ਹਨ। ਦੇਵ ਤਾਂ ਬੱਸ ਕਾਗਜ਼ ਕਲਮ ਦੇ ਨਾਲ ਸ਼ਾਇਰੀ ਦੇ ਜਰੀਏ ਉਸਦੀਆਂ ਯਾਦਾਂ ਨੂੰ ਤਾਜ਼ਾ ਰੱਖਣ ਦਾ ਯਤਨ ਕਰ ਰਿਹੈ। ਜੋ ਇੱਕ ਯਾਦ ਬਣ ਅੱਜ ਵੀ ਉਸਦੇ ਸੀਨੇ ਵਿੱਚ ਧੜਕਦੀ ਹੈ ਜੋ ਇੱਕ ਅਜੀਬ ਜਿਹੇ ਰਿਸ਼ਤੇ ਨੂੰ ਨਿਭਾਅ ਰਹੀ ਹੈ।