ਹਰਾ ਪੌਦਾ
ਕਿਰਤੀ ਵਰਗਾ
ਬਗੈਰ ਉਜਰਤ
ਕੰਮ ਹੈ ਕਰਦਾ।
ਆਕਸੀਜਨ ਛਡਦਾ
ਛਾਂ ਦਿੰਦਾ
ਫਲ ਵੰਡਦਾ
ਖੁਸ਼ਬੋਆਂ ਛਡਦਾ
ਪਰ ਕੁਹਾੜੇ ਤੋਂ ਡਰਦਾ।
ਮੇਘ ਵਰਸਦਾ
ਪੌਣ ਵੀ ਆਉਂਦੀ
ਨੰਨ੍ਹੇ ਬੱਚੇ
ਵਾਂਗ ਨਹਾਉਂਦੀ
ਵਾਂਗ ਬੰਬੀਹੇ
ਤ੍ਰੇਹ ਮਿਟਾਉਂਦੀ।
ਉਹ ਖਿੜ ਉਠਦਾ
ਹੁਲਾਰੇ ਲੈਂਦਾ
ਗੀਤ ਗਾਉਂਦਾ
ਭੰਗੜਾ ਪਾਉਂਦਾ
ਵਿਆਹ 'ਚ ਨਚਦੀ
ਜਿਵੇਂ ਮੁਟਿਆਰ।
ਚਿੜੀਆਂ ਤੋਤੇ ਮੋਰ
ਘੁੱਗੀਆਂ ਕਬੂਤਰ
ਕਿਨ੍ਹੇ ਹੀ ਹੋਰ
ਉਹਦਾ ਸਾਥ ਨਿਭਾਉਂਦੇ
ਅਖਾੜਾ ਲਾਉਂਦੇ।
ਵੇਖ
ਕੁਦਰਤ ਦੇ ਰੰਗ
ਕੁਹਾੜਾ ਸੁੱਟ
ਆਰਾ ਸੁੱਟ
'ਭੁੱਲਰ' ਵੀ ਹੁਣ
ਸਾਥ ਨਿਭਾਉਂਦੈ
ਮਨ ਆਪਣ ਤੋਂ
ਸੰਸੇ ਲਾਹੁੰਦੈ।