ਨਾ ਚਿੜੀ ਦੀ ਚੀਂ ਚੀਂ ਸੁਣਦੀ ਐ
ਨਾ ਘੁੱਗੀ ਦੀ ਘੁੱਗੂ ਘੂੰ।
ਨਾ ਕੋਇਲ ਦੀਆਂ ਕੂਕਾਂ ਸੁਣਦੀਆਂ ਨੇ
ਨਾ ਕਬੂਤਰ ਦੀ ਗੁਟਕੂ ਗੂੰ।
ਨਾ ਤਿੱਤਰ ਉੱਠ ਸਾਜ•ਰੇ ਕਹਿੰਦੈ
ਸੁਬਹਾਨ ਤੇਰੀ ਕੁਦਰਤ।
ਨਾ ਕਾਂ ਸੰਘ ਪਾੜ ਪਾੜ ਸੁਨੇਹਾ ਦਿੰਦੈ
ਕਿਸੇ ਪ੍ਰਾਹੁਣ ਦੇ ਆਉਣ ਦਾ।
ਨਾ ਮੋਰ ਫੰਗ ਖਿਲਾਰ,
ਪਾਉਂਦੈ ਪੈਲ
ਨਾ ਮੋਰਨੀ ਚੁਗਦੀ ਐ
ਨਿਰਾਸ਼ਾ ਦੇ ਹੰਝੂ।
ਬਿਜੜਾ ਵੀ ਪਰੋਂਦਾ ਨੀ ਕੱਖ
ਕਸੀਦਾ ਕਢਦੀ ਮੁਟਿਆਰ ਵਾਂਗ।
ਬੁਲਬੁਲ ਵੀ ਦਿਸਦੀ ਨੀ
ਪੂਛ ਹਿਲਾਉਂਦੀ
ਮਿੱਠੂ ਰਾਮ ਵੀ ਹੁਣ
ਚੂਰੀ ਨਹੀਂ ਮੰਗਦਾ।
ਦੋਸੀ ਨਹੀਂ ਵਿਚਾਰੇ ਪੰਛੀ
ਦੋਸੀ ਹਾਂ ਤੂੰ ਤੇ ਮੈਂ।
ਵਿਕਾਸ ਕਰਦਿਆਂ, ਚੱਕ ਕੁਹਾੜਾ
ਆਸਰਾ ਖੋਹਿਆ, ਵੱਢੇ ਰੁੱਖ
ਕੁਦਰਤ ਰੁੱਸੀ, ਝੱਲੀਏ ਨਿੱਤ ਦਿਹਾੜੇ
ਬਿਮਾਰੀ ਜੰਗ ਭੁਚਾਲ ਸੁਨਾਮੀ
ਹੜ•ਾਂ ਦੇ ਦੁੱਖ।
ਬੂਕਿਆਂ ਤਾਂ ਹੁਣ ਕੁੱਝ ਨੀ ਬਣਨਾ
ਚੋਗ ਹੋਰ ਖਿਲਾਰਨੀ ਪਊ।
ਰੁੱਸੀ ਕੁਦਰਤ ਮਨਾਉਣ ਵਾਸਤੇ
ਧਰਤੀ ਮੁੜ ਸਿੰਗਾਰਨੀ ਪਊ।