ਪ੍ਰਗਤੀਸ਼ੀਲ ਸਮਾਜ ਲਈ ਪਿੰਡਾਂ ਦਾ ਵਿਕਾਸ ਜ਼ਰੂਰੀ (ਲੇਖ )

ਮਨਜੀਤ ਤਿਆਗੀ   

Email: englishcollege@rocketmail.com
Cell: +91 98140 96108
Address:
ਮਲੇਰਕੋਟਲਾ India
ਮਨਜੀਤ ਤਿਆਗੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਭਾਰਤ ਦਾ ਦਿਲ ਪਿੰਡਾਂ ਵਿੱਚ ਵੱਸਦਾ ਹੈ ਕਿਉਂਕਿ ੭੦% ਲੋਕ ਪਿੰਡਾਂ ਵਿੱਚ ਰਹਿੰਦੇ ਹਨ। ਇਹ ਵੀ ਸੱਚਾਈ ਹੈ ਕਿ ਹਰੇਕ ਪਿੰਡ ਵਿੱਚ ਇਕ ਅਜਿਹਾ ਪਿੰਡ ਰਹਿੰਦਾ ਹੈ, ਜਿਹੜਾ ਬੁਨਿਆਦੀ ਲੋੜ੍ਹਾਂ ਤੇ ਸੁੱਖ-ਸਹੁਲਤਾਂ ਪੱਖੋ ਹੀ ਨਹੀਂ ਸਗੋ ਹਰ ਪੱਖੋ ਪੱਛੜਿਆ ਹੁੰਦਾ ਹੈ। aੁੱਦਮ ਅਤੇ ਗਤੀਸ਼ੀਲਤਾ ਦੀ ਘਾਟ ਕਾਰਨ ਵੀ ਇਹ ਸਮਾਜ ਵਿਕਾਸ ਪੱਖੋਂ ਰੀਂਗਦਾ ਹੀ ਰਹਿੰਦਾ ਹੈ। ਅਜਿਹੇ ਪਛੜੇ 'ਪਿੰਡਾਂ' ਦੇ ਲੋਕਾਂ ਨੂੰ ਉਸਾਰੂ ਸੋਚ ਅਪਣਾਉਣ ਲਈ ਕਹਿਣਾ ਡੱਡੂ  ਨੂੰ ਉਡਣ ਲਈ ਕਹਿਣ ਬਰਾਬਰ ਹੀ ਹੁੰਦਾ ਹੈ। ਅਜਿਹੇ ਖੇਤਰਾਂ 'ਚ ਅਕਲਮੰਦ ਘੱਟ ਤੇ ਅਕਲਬੰਦ ਜ਼ਿਆਦਾ ਹੁੰਦੇ ਹਨ। ਅਰਥਸ਼ਾਸਤਰ ਅਨੁਸਾਰ ਸਮਾਜ ਨੂੰ ਤਿੰਨ ਭਾਗਾਂ 'ਚ ਵੰਡਿਆਂ ਜਾਂਦਾ ਹੈ; ਈਲੀਟ, ਬੁਰਜਵਾ ਤੇ ਪਰੋਲੀਟੇਰੀਅਨ ਵਰਗ। ਇਨ੍ਹਾਂ ਖੇਤਰਾਂ 'ਚ ਬਹੁਗਿਣਤੀ ਵੱਸੋਂ ਪਰੋਲੀਟੇਰੀਅਨ ਭਾਵ ਮਜ਼ਦੂਰ ਵਰਗ ਨਾਲ ਸਬੰਧਿਤ ਹੁੰਦੀ ਹੈ।ਇਨ੍ਹਾਂ 'ਪਿੰਡਾਂ' ਵਿੱਚ ਬੁੱਢਿਆਂ ਦੀ ਗਿਣਤੀ ਜ਼ਿਆਦਾ ਤੇ ਬਜ਼ੁਰਗਾਂ ਦੀ ਗਿਣਤੀ ਘੱਟ ਹੁੰਦੀ ਹੈ। ਬਜ਼ੁਰਗ ਤੇ ਬੁੱਢੇ ਵਿੱਚ ਬੁਨੀਆਦੀ ਫ਼ਰਕ ਇਹ ਹੁੰਦਾ ਹੈ ਕਿ ਬਜ਼ੁਰਗ ਸਿਆਣੀਆਂ ਗੱਲਾਂ ਕਰਦੇ ਹਨ ਜਦੋਂ ਕਿ ਬੁੱਢੇ ਸਿਰਫ ਗੱਲਾਂ ਹੀ ਕਰਦੇ ਹਨ। ਅਜਿਹੇ ਖੇਤਰ ਦੇ ਲੋਕਾਂ ਦੇ 'ਢਿੱਡ ਵਿੱਚ ਦਿਮਾਗ਼' ਹੁੰਦਾ ਹੈ ਜਿਸ ਕਰਕੇ ਉਹ ਕਦੇ ਅੱਗੇ ਨਹੀਂ ਵੱਧ ਸਕਦੇ। ਕਿਉਂਕਿ ਚਿੰਤਨ ਕਰਕੇ ਅੱਗੇ ਵੱਧਣ ਲਈ ਚੇਤਨ ਦਿਮਾਗ਼ ਦੀ ਜ਼ਰੂਰਤ  ਹੁੰਦੀ ਹੈ।ਮੌਤ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਹੁੰਦਾ ਹੈ ਚੇਤਨਾ ਦਾ ਮਰਨਾ ਤੇ ਦੂਸਰਾ ਸਰੀਰਕ ਤੌਰ ਤੇ ਮਰਨਾ। ਜਿਸ ਖੇਤਰ 'ਚ ਪਹਿਲੀ ਸ਼੍ਰੇਣੀ ਦੇ ਲੋਕ ਜ਼ਿਆਦਾ ਰਹਿੰਦੇ ਹੋਣ ਉਹ ਕਦੇ ਵੀ ਤਰੱਕੀ ਨਹੀਂ ਕਰ ਸਕਦਾ।
     ਸਮਾਜਿਕ ਵਾਤਾਵਰਣ ਦੀ ਪੜਚੋਲ ਕਰਨ ਤੇ ਪਤਾ ਚਲਦਾ ਹੈ ਕਿ ਗ਼ਰੀਬੀ, ਅਗਿਆਨਤਾ ਅਤੇ ਸਮਾਜਿਕ ਬੁਰਾਈਆਂ ਦੇ ਕੁਚੱਕਰਾਂ ਵਿੱਚ ਫਸੇ ਇਹ ਲੋਕ ਸਮਾਜਿਕ ਬੁਰਾਈਆਂ ਦੀਆਂ ਅਲਾਮਤਾ ਵਿੱਚ 'ਚ ਹੀ ਉਲਝੇ ਰਹਿੰਦੇ ਹਨ। ਇਨ੍ਹਾਂ ਏਰੀਆਂ ਵਿੱਚ ਕੁੱਝ ਗੱਲਾਂ ਲਗਭਗ ਇਕੋ ਜਿਹੀਆਂ ਹੀ ਹੁੰਦੀਆਂ ਹਨ ਜਿਵੇਂ ਕਿ ਤੰਗ ਗਲੀਆਂ, ਬੇ-ਤਰਤੀਬੇ ਘਰ, ਛੋਟੇ ਦਰਵਾਜੇ, ਛੋਟੀ ਸੋਚ, ਸਾੜਾ, ਈਰਖਾ ਅਤੇ ਨਫ਼ਰਤ ਦੀ ਮਜ਼ਬੂਤ ਜ਼ਕੜ 'ਚ ਫਸੇ ਲੋਕ..। ਗ਼ਲਤ ਨੂੰ ਗ਼ਲਤ ਕਹਿਣ ਵਾਲਿਆਂ ਦੀ ਗਿਣਤੀ ਬਹੁਤ ਥੋੜੀ ਹੋਣਾ ਤੇ ਲੱਤਾਂ ਖਿੱਚਣ ਵਾਲੇ ਜ਼ਿਆਦਾ ਹੋਣਾ। ਧਾਰਮਿਕ ਸ਼ੋਰ-ਪ੍ਰਦੂਸ਼ਣ ਕਰਕੇ ਧਾਰਮਿਕ ਹੋਣ ਦਾ ਹੋਕਾ ਦੇਣਾ। ਨੌਜਵਾਨਾਂ ਵੱਲੋਂ ਕਿਸਤਾਂ ਦੇ ਮੋਟਰਸਾਇਕਲਾਂ 'ਤੇ ਗ਼ੈਰ-ਜ਼ਰੂਰੀ ਹੋਰਨ ਤੇ ਗੇੜੇ ਮਾਰਨੇ। ਕੰਨਾਂ 'ਚ ਮੁਰਕੀਆਂ ਪਾਉਣਾ, ਟੋਪੀ ਦਾ ਫਲੈਪ ਪਿੱਛੇ ਵੱਲ ਕਰਨਾ ਤੇ ਕੰਨਾਂ ਤੋਂ ਉੱਚੇ ਕਰਕੇ ਵਾਲ ਕੱਟਕੇ ਆਪਣੇ ਬਾਗੀ ਤੇ ਜਵਾਨ ਹੋਣ ਦੀ ਮੁਨੀਆਦੀ ਕਰਨਾ। ਰਾਤ ਨੂੰ ਸ਼ੇਰ ਬਣ ਜਾਣਾ ਤੇ ਸਵੇਰੇ ਗਿੱਦੜ ਬਣ ਜਾਣਾ! ਘਰੇਲੂ ਹਿੰਸਾ। ਭਵਿੱਖ ਬਾਰੇ ਯੋਜਨਾਂਬੰਦੀ ਦਾ ਨਾ ਹੋਣਾ। ਚਿੱਟੀ ਦਾੜ੍ਹੀ ਵਾਲੇ ਬੁੜ੍ਹੇ ਅਜਿਹੇ ਕੰਮ (ਤਾਸ਼ ਖੇਡਣਾ, ਨਿੰਦਿਆਂ ਚੁਗਲੀ ਕਰਨਾ, ਨਸ਼ੇ ਦਾ ਸੇਵਨ ਕਰਨਾ, ਵਿਹਲੜ ਰਹਿਣ ਦੀ ਪ੍ਰਵਿਰਤੀ ਨੂੰ ਉਤਸਾਹਿਤ ਕਰਨਾ ਆਦਿ) ਕਰਦੇ ਆਮ ਹੀ ਦੇਖੇ ਜਾ ਸਕਦੇ ਹਨ ਜੋ ਨੌਜਵਾਨ ਪੀੜ੍ਹੀ ਲਈ ਘਾਤਕ ਸਿੱਧ ਹੁੰਦੇ ਹਨ। ਇੱਥੇ ਵਿਚਾਰਕ ਪ੍ਰਦੂਸਣ ਫਲਾਉਣ ਵਾਲੇ ਜਿਆਦਾ ਤੇ ਸਮਾਜ ਵਿਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਨ ਵਾਲੇ ਲੋਕ ਘੱਟ ਮਿਲਦੇ ਹਨ। ਲੜਾਈ ਸਮੇਂ ਗਾਲੀ-ਗਲੋਚ ਤੋਂ ਇਲਾਵਾ ਤੇਜ਼ਾਬੀ ਸ਼ਬਦਾ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਰਿਸ਼ਤੇ-ਨਾਤਿਆਂ ਨੂੰ ਹਮੇਸ਼ਾਂ ਲਈ ਹੀ ਸਾੜ ਦਿੰਦੇ ਹਨ ਤੇ ਫਿਰ ਜਨਵਰਾਂ ਆਦਿ ਨੂੰ ਮੰਦਾ ਚੰਗਾ ਬੋਲ ਕੇ ਅਸਿੱਧੇ ਰੂਪ 'ਚ ਦੂਜੀ ਧਿਰ ਨੂੰ ਮਾਨਸਿਕ ਪੀੜਾ ਦੇਣ ਲਈ ਯਤਨ ਸ਼ੁਰੂ ਹੋ ਜਾਂਦੇ ਹਨ। ਅਜਿਹੇ ਖੇਤਰਾਂ 'ਚ ਅਗਿਆਨਤਾ ਕਾਰਨ ਗੁਣੀ ਤੇ ਗਿਆਨੀ ਬੰਦਿਆਂ ਦੀ ਕਦਰ ਘੱਟ ਹੁੰਦੀ ਹੈ ਜਦੋਂ ਕਿ ਗੁੰਡਾ ਪ੍ਰਵਿਰਤੀ ਵਾਲੇ ਚੋਧਰੀਆਂ ਦੀ ਚੌਧਰ ਜ਼ਿਆਦਾ ਹੁੰਦੀ ਹੈ। ਤੁਹਾਨੂੰ ਹਰ ਗਲੀ ਵਿਚ ਪ੍ਰਧਾਨ ਵੀ ਜ਼ਰੂਰ ਮਿਲ ਜਾਵੇਗਾ! ਪਿੰਡ ਦਾ ਕਿਹੜਾ ਬੰਦਾ ਚੰਗਾ ਹੈ, ਕਿਹੜਾ ਮਾੜਾ, ਇਹ ਸਰਟੀਫਿਕੇਟ ਦੇਣ ਦਾ ਵਿਭਾਗ ਇਨ੍ਹਾਂ ਕੋਲ ਹੀ ਹੁੰਦਾ ਹੈ! ਇਹ ਘੜੰਮ ਚੌਧਰੀ ਚੀਚੀ ਨੂੰ ਚੀਰਾ ਦੇ ਕੇ ਸ਼ਹੀਦ ਬਣਨ ਨੂੰ ਤਿਆਰ ਰਹਿੰਦੇ ਹਨ।ਪਰ ਇਨ੍ਹਾਂ ਕੋਲ ਵਿਕਾਸ ਲਈ ਕੋਈ ਯੋਜਨਾ ਨਾ ਹੋਣ ਕਾਰਨ ਸਮਾਜ ਹੈੱਡਲੈਸ ਚਿਕਨ ਵਾਂਗ ਇਧਰ ਉਧਰ ਤਾਂ ਭੱਜਦਾ ਹੈ ਪਰ ਅੱਗੇ ਨਹੀਂ ਵੱਧਦਾ। (ਜਿਨ੍ਹਾਂ ਖੇਤਰਾਂ ਦੀ ਵਾਂਗਡੋਰ ਦੂਰ-ਦ੍ਰਿਸ਼ਟੀ ਵਾਲੇ ਪੜ੍ਹੇ-ਲਿਖੇ ਵਿਅਕਤੀ ਦੇ ਹੱਥ ਆ ਜਾਂਦੀ ਹੈ ਉਨ੍ਹਾਂ ਖੇਤਰਾਂ ਵਿੱਚ ਪ੍ਰਤੱਖ ਤਬਦੀਲੀ ਦੇਖੀ ਜਾ ਸਕਦੀ ਹੈ।) ਅਜਿਹੇ ਖੇਤਰਾਂ ਦੇ ਵਿਕਾਸ ਵੱਲ ਸਰਕਾਰਾਂ ਵੀ ਧਿਆਨ ਨਹੀਂ ਦਿੰਦਿਆਂ। ਚੋਣਾਂ ਦੌਰਾਨ ਲੀਡਰ ਇਨ੍ਹਾਂ ਲੋਕਾਂ ਨਾਲ ਹੱਥ ਮਿਲਾ ਕੇ, ਇਨ੍ਹਾਂ ਦੇ ਆਗੂਆਂ ਨੂੰ ਚਾਰ ਦਿਨ ਕਾਰਾਂ 'ਚ 'ਸਨਮਾਨ' ਤੇ 'ਸਮਾਨ' ਦੇ ਕੇ ਇਨ੍ਹਾਂ ਨੂੰ ਆਪਣੇ ਹਿੱਤ ਲਈ ਵਰਤ ਜਾਂਦੇ ਹਨ।
         ਕੁਦਰਤ ਨੇ ਮਨੁੱਖ ਨਾਲ ਭੇਦ-ਭਾਵ ਨਹੀਂ ਕੀਤਾ ਹਰੇਕ ਮਨੁੱਖ ਨੂੰ ਦੋ ਅੱਖਾਂ, ਦੋ ਕੰਨ, ਦੋ ਹੱਥ, ਦੋ ਲੱੱਤਾਂ, ਤੇ ਇੱਕ ਦਿਮਾਗ਼ ਦਿੱਤਾ ਹੈ। ਇਨ੍ਹਾਂ ਅੰਗਾਂ ਦੀ ਵਰਤੋਂ ਕਰਕੇ ਮਨੁੱਖ ਤਰੱਕੀ ਕਰਦਾ ਹੈ ਤੇ ਸਮਾਜ ਵਿਚ ਆਪਣੀ ਪਛਾਣ ਬਣਾਉਂਦਾ ਹੈ।ਦਿਮਾਗ਼ ਇੱਕ ਮਾਸ ਦਾ ਹੀ ਟੁੱਕੜਾ ਹੈ। ਜੇਕਰ ਦਿਮਾਗ਼ ਦੀ ਭੌਤਿਕ ਕੀਮਤ ਦੀ ਗੱਲ ਕਰੀਏ ਤਾਂ ਮੁਸ਼ਕਲ ਨਾਲ ੧੦੦ ਰੁਪਏ ਹੀ ਹੋਵੇਗੀ ਪਰ ਜੇਕਰ ਬੋਧਿਕ ਕੀਮਤ ਦੀ ਗੱਲ ਕਰੀਏ ਤਾਂ ਕਰੋੜਾਂ ਅਰਬਾਂ ਰੁਪਇਆਂ ਤੋਂ ਵੀ ਉਪਰ ਆਂਕੀ ਜਾ ਸਕਦੀ ਹੈ। ਵਿੱਦਿਆ ਅਤੇ ਵਿਕਾਸ ਦਾ ਸਿੱਧਾ ਸਬੰਧ ਹੈ  ਇਸ ਸੱਚਾਈ ਨੂੰ ਜਾਣਦੇ ਹੋਏ ਪਿੰਡਾਂ ਵਿਚ ਵਸਦੇ 'ਪਿੰਡਾਂ' ਦੇ ਗ਼ਰੀਬ ਤੋਂ ਗ਼ਰੀਬ ਮਾਂ-ਬਾਪ ਵੀ ਬੱਚੇ ਨੂੰ ਆਪਣੇ ਵਿੱਤ ਅਨੁਸਾਰ ਪੜ੍ਹਾਉਣਾ ਚਾਹੁੰਦੇ ਹਨ ਪਰ ਬੱਚਿਆਂ ਦੀ ਕਲਪਨਾ ਦਾ ਘੇਰਾ ਸੀਮਤ ਹੋਣ ਕਰਕੇ ਉਹ ਆਪਣਾ ਦਿਮਾਗ਼ੀ ਖੇਤਰਫਲ ਵਧਾਉਣ ਵੱਲ ਧਿਆਨ ਹੀ ਨਹੀਂ ਦਿੰਦੇ। ਨਤੀਜੇ ਵਜੋਂ ਉਨ੍ਹਾਂ ਲਈ ਦਸਵੀਂ ਪਾਸ ਕਰਨਾ ਹੀ ਪੀ. ਐਚ. ਡੀ. ਕਰਨ ਬਰਾਬਰ ਹੋ ਨਿਬੜਦਾ ਹੈ। ਵਿੱਦਿਅਕ ਪੱਖੋਂ ਪਛੜਨ ਦਾ ਮੁੱਖ ਕਾਰਨ ਅਗਿਆਨਤਾ ਅਤੇ ਵਿੱਦਿਅਕ ਮਾਹੌਲ ਦਾ ਨਾ ਹੋਣਾ। ਸਕੂਲਾਂ 'ਚੋਂ ਭੱਜੇ ਅਜਿਹੇ ਨੋਜਵਾਨ ਆਪਣੇ ਸਮਾਜ ਲਈ ਪ੍ਰੇਸ਼ਾਨੀ ਦਾ ਕਾਰਨ ਹੀ ਬਣਦੇ ਹਨ। ਪੜਾਈ ਨਾਲ ਮੋਹ ਘੱਟ ਹੋਣ ਕਰਕੇ ਇੱਥੇ ਸਰਕਾਰੀ ਬਾਬੂ ਤਾਂ ਘੱਟ ਹੀ ਹੁੰਦੇ ਹਨ ਪਰ ਅਜਿਹੇ ਬਾਬੇ ਵਾਧੂ ਹੁੰਦੇ ਹਨ ਜੋ ਖੁੰਢੇ ਦਿਮਾਗ਼ਾਂ ਨੂੰ ਹੋਰ ਖੁੰਢਾ ਕਰਕੇ ਆਪਣਾ ਤੋਰੀ-ਫੁਲਕਾ ਚਲਾਉਣ 'ਚ ਮਾਹਿਰ ਹੁੰਦੇ ਹਨ।ਅਜਿਹੇ ਖੇਤਰਾਂ 'ਚ ਮੋੜਾਂ 'ਤੇ ਰੋਡ-ਇੰਸਪੈਕਟਰਾਂ ਦਾ ਝੁੰਡ ਤੁਹਾਡਾ ਸੁਆਗਤ ਕਰਨ ਲਈ ਖੜਾ ਹੀ ਹੁੰਦਾ ਹੈ। ਇਨ੍ਹਾਂ ਦਾ ਮੁੱਖ ਕੰਮ ਰੋਡ ਤੋਂ ਲੰਘਣ ਵਾਲੇ ਬੰਦੇ ਦਾ ਲੇਖਾ-ਜੋਖਾ ਕਰਨਾ ਹੁੰਦਾ ਹੈ। ਆਪਣੇ ਇਲਾਕੇ ਦੇ ਕਿਸੇ ਮੰਦਬੁੱਧੀ ਬੰਦੇ ਦੀਆਂ ਗੱਲਾਂ ਸੁਣ-ਸੁਣ ਹੱਸ ਕੇ ਸਮਾਂ ਪਾਸ ਕਰਨਾ ਇਨ੍ਹਾਂ ਦੇ ਮਨੋਰੰਜਨ ਦਾ ਸਾਧਨ ਹੁੰਦਾ ਹੈ। ਚਾਹੇ ਕਿਸੇ ਦੇਸ਼ ਦਾ ਪੀ. ਐਮ. ਹੋਵੇ, ਕੋਈ ਸੀ. ਐਮ. ਜਾਂ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਹੋਵੇ, ਇਹ ਟੋਲਾ ਸਾਰਿਆਂ ਵਿੱਚ ਕਮੀਆਂ ਕੱਢਣ ਦੇ 'ਸਮਰੱਥ' ਹੁੰਦਾ ਹੈ!! ਇਨ੍ਹਾਂ ਨੂੰ ਆਪਣੀਆਂ ਕਮੀਆਂ ਦਾ ਅਹਿਸਾਸ ਵੀ ਨਹੀਂ ਹੁੰਦਾ ਇਹ ਆਪਣੇ ਕੰਮਫਰਟ ਜ਼ੋਨ 'ਚ ਪੂਰੇ ਮਸਤ ਹੁੰਦੇ ਹਨ।ਅਜਿਹੇ ਪਿੰਡਾਂ 'ਚ ਪੜ੍ਹੇ-ਲਿਖਿਆਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੀ ਹੁੰਦੀ ਹੈ। ਜੇਕਰ ਕੋਈ ਪੜ੍ਹਿਆਂ-ਲਿਖਿਆਂ ਬੰਦਾ ਇਨ੍ਹਾਂ ਨੂੰ ਉਸਾਰੂ ਵਿਚਾਰ ਦੇ ਕੇ ਅੱਗੇ ਵੱਲ ਵੱਧਣ ਲਈ ਪ੍ਰੇਰਦਾ ਹੈ ਤਾਂ ਇਹ 'ਝੁੰਡ-ਮਾਨਸਿਕਤਾ' ਦਾ ਇਸਤੇਮਾਲ ਕਰਕੇ ਪਹਿਲਾ ਤਾਂ ਪੜ੍ਹੇ-ਲਿਖੇ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੁੰਦੇ ਫਿਰ ਅਗਲੇ ਪੜ੍ਹਾਅ ਤੇ ਆਪਣੇ ਤਜ਼ਰਬੇ ਨਾਲ ਪੜ੍ਹਾਈ ਲਿਖਾਈ ਨੂੰ ਹੀ ਨਕਾਰਨ ਲੱਗਦੇ ਹਨ। ਅਜਿਹੇ ਮਾਹੌਲ 'ਚ ਜਿੱਥੇ ਅਨਪੜ੍ਹਾਂ ਦੀ ਚੌਧਰ ਹੋਵੇ ਪੜ੍ਹਿਆਂ ਲਿਖਿਆਂ ਵਿਅਕਤੀ ਪੜ੍ਹਾਈ ਦਾ ਹੀ ਸਰਾਪ ਭੁਗਤਦਾ ਹੈ। ਹਾਲਤਾਂ ਤੋਂ ਤੰਗ ਆ ਕੇ ਉਹ ਕਿਸੇ ਹੋਰ ਇਲਾਕੇ 'ਚ ਸ਼ਿਫਟ ਹੋ ਜਾਂਦਾ ਹੈ ਤੇ ਮੁੜ ਕੇ ਕਦੇ ਆਪਣੇ ਪਿੰਡ ਆਉਣ ਬਾਰੇ ਨਹੀਂ ਸੋਚਦਾ।
      ਸਾਰੀ ਦੁਨੀਆਂ ਵਿੱਚ ਮਹਾਂਮਾਰੀ ਫੈਲੀ ਹੋਈ ਸੀ, ਇਸ ਦੌਰਾਨ ਇਕ ਬਸਤੀ 'ਚ ਰਹਿੰਦੇ ਡਾਕਟਰ, ਵਕੀਲ, ਤੇ ਮਾਸਟਰ ਤਿੰਨਾਂ ਨੇ ਆਪਣੇ ਨਾਲ ਕੁੱਝ ਉਦਮੀ ਨੌਜਵਾਨਾਂ ਨੂੰ ਲੈ ਕੇ, ਲੋਕਾਂ ਨੂੰ ਸਫ਼ਾਈ ਰੱਖਣ ਅਤੇ ਸਾਫ਼ ਰਹਿਣ ਬਾਰੇ ਜਾਗਰੂਕ ਕੀਤਾ। ਉਥੇ ਉਨ੍ਹਾਂ ਨੇ ਨਾਲੀਆਂ ਸਾਫ਼ ਕੀਤੀਆਂ, ਗਲੀਆਂ ਵਿਚ ਝਾੜੂ ਮਾਰਿਆ ਅਤੇ ਗੰਦਗੀ ਦੇ ਢੇਰਾਂ ਨੂੰ ਹਟਾ ਕੇ ਸਾਰੀ ਬਸਤੀ ਨੂੰ ਸੈਨੇਟਾਈਜ਼ ਕੀਤਾ। ਸੜ੍ਹਕ 'ਤੇ ਪਏ ਟੋਇਆਂ ਨੂੰ ਮਿੱਟੀ ਪਾ ਕੇ ਉਨ੍ਹਾਂ ਨੂੰ ਪੱਧਰਾ ਕੀਤਾ ਤੇ ਅਜਿਹੇ ਹੋਰ ਕਾਰਜ ਵੀ ਕੀਤੇ। ਇਸ ਤੋਂ ਇਲਾਵਾ ਬੱਚਿਆਂ ਨੂੰ ਪੜ੍ਹਨ ਲਈ ਪ੍ਰੇਰਿਆ। ਪੂਰੀ ਟੀਮ ਨੇ ਸਾਰਾ ਦਿਨ ਲਾ ਕੇ ਉਸ ਬਸਤੀ ਦੀ ਨੁਹਾਰ ਬਦਲ ਦਿੱਤੀ। ਉਂਜ ਇਸ ਬਸਤੀ ਵਿਚ ਰਹਿਣ ਵਾਲੇ ਲੋਕ, ਸ਼ਹਿਰ ਵਿਚ ਸਫ਼ਾਈ ਦਾ ਕੰਮ ਕਰਦੇ ਸਨ, ਪਰ ਉਨ੍ਹਾਂ ਨੇ ਆਪਣੀ ਬਸਤੀ ਵਿਚ ਸਫ਼ਾਈ ਦਾ ਕੋਈ ਖਿਆਲ ਨਹੀਂ ਸੀ ਰੱਖਿਆ। ਸ਼ਾਮ ਤੱਕ ਕੰਮ ਨਿਬੜ ਗਿਆ। ਸਾਰੇ ਟੀਮ ਮੈਂਬਰ ਇਸ ਗੱਲ ਤੋਂ ਖੁਸ਼ ਸੀ ਕਿ ਉਹ ਸਫ਼ਾਈ ਰੱਖਣ ਅਤੇ ਸਾਫ਼ ਰਹਿਣ ਦਾ ਸੁਨੇਹਾ ਦੇਣ ਵਿਚ ਸਫ਼ਲ ਹੋ ਗਏ।
   ਕੁਝ ਦਿਨਾਂ ਮਗਰੋਂ ਬਸਤੀ ਦੇ ਕੁੱਝ ਨੌਜਵਾਨ ਗਿਲਾ ਕਰ ਰਹੇ ਸਨ, "ਮੁੜ ਕੇ ਸਫ਼ਾਈ ਕਰਨ ਨਾ ਕਦੇ ਉਹ ਤਿਕੜੀ ਆਈ ਐ, ਤੇ ਨਾ ਹੀ ਉਨ੍ਹਾਂ ਦੀ ਝਾੜੂ ਪਾਰਟੀ!"
ਅੱਜ ਉਹ ਤਿਕੜੀ ਸ਼ਹਿਰ ਦੀ ਏ-ਗਰੇਡ ਕਲੋਨੀ ਵਿੱਚ ਸ਼ਾਨ ਨਾਲ ਰਹਿ ਰਹੀ ਹੈ। (ਜਿਥੇ ਗਿਆਨ ਦੀ ਕਦਰ ਨਹੀਂ ਹੁੰਦੀ, ਓਥੋਂ ਉਹ ਜਲਦ ਹੀ ਉਡਾਰੀ ਮਾਰ ਜਾਂਦਾ ਹੈ)
     ਅਜਿਹੇ ਖੇਤਰ ਦੇ ਲੋਕਾਂ ਦਾ ਮੁੱਖ ਕਿੱਤਾ ਮਜ਼ਦੂਰੀ ਜਾਂ ਕੋਈ ਛੋਟਾ-ਮੋਟਾ ਕਾਰੋਬਾਰ ਹੁੰਦਾ ਹੈ।ਲੋਕਾਂ ਦੀਆਂ ਆਦਤਾਂ, ਸੌਂਕ ਤੇ ਜ਼ਿੰਦਗੀ ਜਿਉਣ ਪ੍ਰਤੀ ਨਜ਼ਰੀਆਂ ਇਨ੍ਹਾ ਨੂੰ ਮੌਜੂਦਾ ਹਾਲਾਤਾਂ ਵਿੱਚ ਜਕੜੀ ਰੱਖਣ ਵਿੱਚ ਸਹਾਈ ਹੁੰਦੇ ਹਨ।ਅਜਿਹੇ ਖੇਤਰਾਂ 'ਚ ਕਈ ਲੋਕ ਆਪਣੇ ਸੌਂਕ ਜਾਂ ਸਾਇਡ ਬਿਜ਼ਨਿਸ ਬਰਕਰਾਰ ਰੱਖਣ ਲਈ ਕੁੱਤੇ, ਬਿੱਲੀਆਂ, ਭੇਡਾਂ, ਮੁਰਗੇ ਜਾਂ ਕਬੂਤਰ ਰੱਖ ਲੈਂਦੇ ਹਨ। ਪਰ ਇਹ ਵੀ ਇਕ ਸੱਚਾਈ ਹੈ ਕਿ ਇਕੀਵੀਂ ਸਦੀ 'ਚ ਰਹਿ ਕੇ ਚੋਦਵੀਂ ਸਦੀ ਵਾਲੇ ਸੌਂਕ ਤਰੱਕੀ ਨਹੀਂ ਦਵਾ ਸਕਦੇ ਪਰ ਆਂਢੀ-ਗੁਆਂਢੀਆਂ ਲਈ ਪ੍ਰੇਸ਼ਾਨੀ ਦਾ ਸ਼ਬੱਬ ਜ਼ਰੂਰ ਬਣਦੇ ਹਨ। ਖ਼ਾਸ ਤੌਰ 'ਤੇ ਕਬੂਤਰਬਾਜ਼ ਵਿੱਦਿਆਂ ਦੇ ਪ੍ਰਸਾਰ ਵਿੱਚ  ਵੱਡਾ ਅੜਿਕਾ ਪਾਉਂਦੇ ਹਨ। ਪੰਜਵੀ ਫ਼ੇਲ ਇਹ ਕਬੂਤਰਬਾਜ ਕੋਠਿਆਂ 'ਤੇ ਚੜ੍ਹ ਕੇ ਸਵੇਰੇ-ਸ਼ਾਮ ਦੋ-ਦੋ ਘੰਟੇ ਕੰਨ ਪਾੜ੍ਹਵੀਆਂ ਸੀਟੀਆਂ ਅਤੇ ਹੋਕਰੇ ਮਾਰ-ਮਾਰ ਕੇ ਪੜ੍ਹਨ ਵਾਲੇ ਬੱਚਿਆਂ ਦੀ ਇਕਾਗਰਤਾ ਭੰਗ ਕਰਦੇ ਹਨ।ਉੱਲੂਆਂ ਵਾਂਗ ਇੱਧਰ-ਉਧਰ ਝਾਕਣਾ ਤੇ ਖੁਸਰਿਆਂ ਵਾਗੂੰ ਸੀਟੀਆਂ ਮਾਰਨਾ ਇਨ੍ਹਾਂ ਲਈ ਭਾਵੇਂ ਮਸਤੀ ਜਾਂ ਰੁਜ਼ਗਾਰ ਹੋਵੇ ਪਰ ਇਹ ਜਨਾਬ ਆਸੇ ਪਾਸੇ ਦੇ ਵੀਹ ਘਰਾਂ ਦੇ ਬੱਚਿਆਂ ਦਾ ਭਵਿੱਖ ਤਬਾਹ ਕਰ ਦਿੰਦੇ ਹਨ ਕਿਉਂਕਿ ਅਜਿਹੇ ਮਾਹੌਲ ਵਿੱਚ ਪੜ੍ਹਾਈ ਕਰਨਾ ਸ਼ਰਾਬਖਾਨੇ ਵਿੱਚ ਸਮਾਧੀ ਲਾਉਣ ਬਰਾਬਰ ਹੁੰਦਾ ਹੈ।ਬੌਧਿਕ ਪੱਧਰ ਨੀਵਾਂ ਹੋਣ ਕਰਕੇ ਇਨ੍ਹਾਂ ਨੂੰ ਆਪਣੀ ਬਦਤਮੀਜ਼ੀਆਂ ਦਾ ਅਹਿਸਾਸ ਵੀ ਨਹੀਂ ਹੁੰਦਾ। ਇਹ ਭੁੱਲ ਜਾਂਦੇ ਹਨ ਕਿ ਇਕ ਸੱਭਿਅਕ ਮਨੁੱਖ ਦੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਕੁੱਝ ਸਮਾਜਿਕ ਜਿੰਮੇਵਾਰੀਆਂ ਵੀ ਹੁੰਦੀਆਂ ਹਨ। ਭਾਵੇਂ ਆਸੇ-ਪਾਸੇ ਦੇ ਸਾਰੇ ਲੋਕ ਇਨ੍ਹਾਂ ਦੀਆਂ ਹਰਕਤਾਂ ਤੋਂ ਤੰਗ ਹੁੰਦੇ ਹਨ ਪਰ ਅਜਿਹੀਆਂ ਸਮਾਜਿਕ ਬੁਰਾਈਆ ਦੀ ਜਿਲ੍ਹਣ 'ਚੋਂ ਨਿਕਲਣਾ ਬਿੱਲੀ ਦੇ ਗੱਲ ਟੱਲੀ ਬੰਨਣ ਬਰਾਬਰ ਹੀ ਹੁੰਦਾ ਹੈ। ਪਹਿਲਾ ਤਾਂ ਕੋਈ ਆਮ ਬੰਦਾ ਬੋਲਣ ਦੀ ਜ਼ੁਅਰਤ ਨਹੀਂ ਕਰਦਾ, ਜੇ ਕਰਦਾ ਹੈ, ਤਾਂ ਆਸੇ ਪਾਸੇ ਦਾ ਕੋਈ ਵੀ ਬੰਦਾ ਉਸਦਾ ਸਾਥ ਨਹੀਂ ਦਿੰਦਾ। ਗੁਆਂਢੀ ਦੇ ਘਰ ਲੱਗੀ ਅੱਗ ਨੂੰ ਇਹ ਆਪਣੀ ਪ੍ਰੇਸ਼ਾਨੀ ਨਹੀਂ ਸਮਝਦੇ। ਇਹ ਭੁੱਲ ਜਾਦੇਂ ਹਨ ਕਿ ਹਵਾ ਦਾ ਰੁੱਖ ਕਿਸੇ ਵੀ ਸਮੇਂ ਉਲਟ ਕੇ ਉਨ੍ਹਾਂ ਦਾ ਘਰ ਵੀ ਤਬਾਅ ਕਰ ਸਕਦਾ ਹੈ।
       "ਲੱਗੀ ਜੇ ਤੇਰੇ ਕਲੇਜ਼ੇ ਛੁਰੀ ਨਹੀਂ,
        ਤਾਂ ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ"
ਅਗਾਂਹਵਧੂ, ਚੇਤਨ ਅਤੇ ਜਾਗਰੂਕ ਨੌਜਵਾਨਾਂ ਨੂੰ ਅੱਗੇ ਆ ਕੇ ਅਜਿਹੀਆਂ ਸਮਾਜਿਕ ਸਮੱਸਿਆਵਾਂ ਦੇ ਹੱਲ ਲਈ ਯਤਨ ਕਰਨੇ ਚਾਹੀਦੇ ਹਨ।
           "ਅਸੂਲੋਂ ਪੇ ਅਗਰ ਆਂਚ ਆਏ ਤੋਂ ਟਕਰਾਨਾ ਜ਼ਰੂਰੀ ਹੈ
              ਜ਼ਿੰਦਾ ਹੋ ਅਗਰ ਤੁੰਮ ਜ਼ਿੰਦਾ ਨਜ਼ਰ ਆਨਾ ਜ਼ਰੂਰੀ ਹੈ।  
     ਵਿਕਾਸਸ਼ੀਲ ਦੇਸ਼ਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋਣ ਲਈ ਭਾਰਤ ਵਿੱਚ ਅਸੀਮਤ ਸੰਭਾਵਨਾਵਾਂ ਮੌਜੂਦ ਹਨ ਪਰ ਇਹ ਵੀ ਇੱਕ ਸੱਚਾਈ ਹੈ ਕਿ ਕੋਈ ਵੀ ਦੇਸ਼ ਆਪਣੀ ਅਬਾਦੀ ਦੇ ਵੱਡੇ ਹਿੱਸੇ ਨੂੰ ਅਣਦੇਖਿਆ ਕਰਕੇ ਆਪਣੀ ਅਰਥਵਿਵਸਥਾ ਮਜ਼ਬੂਤ  ਨਹੀਂ ਕਰ ਸਕਦਾ।ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਪਿੰਡਾਂ ਦੇ ਇਨ੍ਹਾਂ 'ਪਿੰਡਾਂ' ਦੀ ਅਬਾਦੀ ਦੀਆਂ ਸਮੱਸਿਆਵਾਂ ਦੇ ਕਾਰਨਾਂ ਦੀ ਤਲਾਸ਼ ਕਰਕੇ ਉਨ੍ਹਾਂ ਦਾ ਹੱਲ ਲੱਭਿਆ ਜਾਵੇਂ। ਇਨ੍ਹਾਂ ਖੇਤਰਾਂ 'ਚ ਸਮਾਜਿਕ, ਅਤੇ ਆਥਿਕ ਪੱਖਾਂ ਦੀ ਘੋਖ ਕਰਕੇ, ਨਵੇਂ ਅਤੇ ਨਰੋਏ ਸਮਾਜ ਦੀ ਸਿਰਜਣਾ ਕਰਨ ਲਈ ਅਜੇ ਬਹੁਤ ਕੁਝ ਅਜਿਹਾ ਕਰਨ ਦੀ ਲੋੜ ਹੈ, ਜੋ ਹੁਣ ਤੱਕ ਨਹੀਂ ਹੋਇਆ। ਲੋਕਾਂ ਨੂੰ ਆਪਣੀਆਂ ਆਦਤਾਂ ਤੇ ਘਸੀਆਂ ਪਿਟੀਆਂ ਪੁਰਾਣੀਆਂ ਧਾਰਨਾਵਾਂ ਨੂੰ ਤਿਆਗਣ ਲਈ ਪ੍ਰੇਰਿਤ ਕਰਨਾ ਪਵੇਗਾ। ਉਸਾਰੂ ਸੋਚ ਅਪਣਾ ਕੇ ਨਵੇਂ ਰਾਹਾਂ ਦੀ ਤਲਾਸ਼ ਕਰਨੀ ਚਾਹਿਦੀ ਹੈ। ਲੋਕਾਂ ਨੂੰ ਆਪਣੇ ਇਤਿਹਾਸ ਅਤੇ ਸਮਾਜ ਸ਼ਾਸਤਰ ਨੂੰ ਸਮਝਣਾ ਚਾਹਿਦਾ ਹੈ। ਅਗਾਂਹਵਧੂ ਸਮਾਜ ਤੇ ਵਿਕਸਤ ਦੇਸ਼ ਦੇ ਲੋਕਾਂ ਦੀ ਜੀਵਨ-ਸ਼ੈਲੀ ਨੂੰ ਸਮਝਣਾ ਪਵੇਗਾ, ਜੋ ਦੁਨੀਆਂ ਦੇ ਬਾਕੀ ਖਿੱਤਿਆਂ ਲੋਕਾਂ ਨਾਲੋਂ ਵਧੇਰੇ ਖ਼ੁਸ਼ਹਾਲ ਅਤੇ ਸ਼ਾਂਤ ਹਨ। ਇਸ ਤੋਂ ਇਲਾਵਾ ਸਮਾਜ ਨੂੰ ਸਿਹਤਮੰਦ ਰੱਖਣ ਲਈ ਅਜਿਹੇ ਖੇਤਰਾਂ ਵਾਸਤੇ  ਸਾਨੂੰ ਬਹੁਨੁਕਾਤੀ ਪ੍ਰਗਰਾਮ ਉਲੀਕਣ ਦੀ ਲੋੜ੍ਹ ਹੈ।ਜਿਵੇਂ ਕਿ:
੧.   ਸ਼ਬਦ ਨਾਲ ਜੁੜ ਕੇ ਅਤੇ ਸਿੱਖਿਆ ਪ੍ਰਾਪਤ ਕਰਨ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੀ ਖ਼ਤਮ ਹੋ ਜਾਂਦੀਆਂ ਹਨ।
੨.  ਕਿਸੇ ਸਾਂਝੀ ਜਗ੍ਹਾਂ ਕਸਰਤ ਲਈ ਜਿੰਮ ਦਾ ਸਮਾਨ ਰੱਖ ਕੇ ਤੇ ਖੇਡਾਂ ਆਦਿ ਦਾ ਪ੍ਰਬੰਧ ਕਰਕੇ ਨੌਜਵਾਨਾਂ ਦੀ ਊਰਜਾ ਸਾਕਰਾਤਮਿਕ ਤਰੀਕੇ ਨਾਲ ਵਰਤ ਕੇ ਸਮਾਜ ਨੂੰ ਉਸਾਰੂ ਸੇਧ ਦੇਣ ਲਈ ਵਰਤੀ ਜਾ ਸਕਦੀ ਹੈ।
੩.  ਸਮਾਜ ਭਲਾਈ ਕਲੱਬ ਅਤੇ ਧਾਰਮਿਕ ਆਗੂਆਂ ਨੂੰ ਪਰਿਵਾਰਿਕ ਅਤੇ ਸਮਾਜਿਕ ਜੀਵਨ 'ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਣ ਲਈ ਸੈਮੀਨਾਰਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਜੋ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸ ਚੁੱਕੇ ਹਨ, ਉਨ੍ਹਾਂ ਨੂੰ ਮੈਡੀਕਲ ਸਹੂਲਤਾਂ ਦੀ ਮੱਦਦ ਨਾਲ ਸਮਾਜ ਦੀ ਮੁੱਖ ਧਾਰਾ 'ਚ ਲਿਆਉਣ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਉਹ ਰੁਜ਼ਗਾਰ ਦੇ ਕਾਬਲ ਬਣ ਸਕਣ।

੪.  ਲਾਇਬ੍ਰੇਰੀ ਮਨ ਦੀ ਬਗੀਚੀ ਵਿੱਚ ਪਿਆਰ, ਮੋਹ, ਸਨੇਹ ਅਤੇ ਮੁਹੱਬਤ ਦੇ ਬੀਜ਼ ਬੀਜ ਕੇ ਸਮਾਜ ਦੀ ਮਾਨਸਿਕ ਸਿਹਤ ਤੰਦਰੁਸਤ ਰੱਖਣ 'ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਜੇਕਰ ਇੱਕ ਲਾਇਬ੍ਰੇਰੀ ਖੁੱਲਦੀ ਹੈ ਤਾਂ ਕਈ ਸਮਾਜਿਕ ਬੁਰਾਈਆਂ ਖ਼ਤਮ ਹੁੰਦੀਆ ਹਨ। ਲਾਇਬ੍ਰੇਰੀ ਅੰਧਵਿਸ਼ਵਾਸ, ਅਨਪੜ੍ਹਤਾ ਅਤੇ ਅਗਿਆਨਤਾ ਨੂੰ ਦੂਰ ਕਰਕੇ ਵੱਖ-ਵੱਖ ਧਰਮਾਂ, ਜਾਤਾਂ ਅਤੇ ਫਿਰਕਿਆਂ ਵਿੱਚ ਵੰਡੇ ਸਮਾਜ ਨੂੰ ਜੋੜਨ ਵਿੱਚ ਅਹਿਮ ਯੋਗਦਾਨ ਪਾਉਂਦੀ ਹੈ।
੫. ਪੜ੍ਹੇ-ਲਿਖੇ ਬੱਚਿਆਂ ਨੂੰ ਕਰੀਅਰ ਕੌਂਸਲਿੰਗ ਰਾਹੀਂ ਕਿੱਤਾ ਮੁੱਖੀ ਕੋਰਸ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਕਿ ਪੜ੍ਹਾਈ ਪੂਰੀ ਕਰਨ ਉਪਰੰਤ ਉਹ ਮਾਂ-ਬਾਪ 'ਤੇ ਬੋਝ ਨਾ ਬਣਨ ਸਗੋਂ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਸਮਰੱਥ ਹੋ ਸਕਣ।
੬.  ਖ਼ੁਸ਼ੀ ਅਤੇ ਗ਼ਮੀ ਦੇ ਪ੍ਰ੍ਰੋਗਰਾਮ ਸਾਦੇ ਢੰਗ ਨਾਲ ਮਨਾ ਕੇ ਕਰਜ਼ੇ ਦੇ ਫ਼ਨੀਅਰ ਨਾਗ ਤੋਂ ਬਚਿਆ ਜਾ ਸਕਦਾ ਹੈ ਤੇ ਸ਼ਾਂਤੀ ਨਾਲ ਜ਼ਿੰਦਗੀ ਦਾ ਲੁਤਫ਼ ਲਿਆ ਜਾ ਸਕਦਾ ਹੈ।
੭. ਇਹ ਵੀ ਇਕ ਸੱਚਾਈ ਹੈ ਕਿ ਸਰਕਾਰ ਸਾਰੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਨਹੀਂ ਦੇ ਸਕਦੀ ਇਸ ਲਈ ਨੌਜਵਾਨਾਂ ਨੂੰ ਆਮਦਨੀ ਵਧਾਉਣ ਲਈ ਕਿਰਤ ਦੀ ਮਹੱਤਤਾ ਸਮਝਦੇ ਹੋਏ ਸਹਾਇਕ-ਧੰਦੇ ਅਪਣਾਉਣ ਬਾਰੇ ਵੀ ਸੋਚਣਾ ਚਾਹਿਦਾ ਹੈ।
   ਉਪਰੋਕਤ ਸੁਝਾਵਾਂ ਨੂੰ ਹਾਂ ਪੱਖੀ ਸੋਚ ਨਾਲ ਲਾਗੂ ਕਰ ਕੇ ਊਸਾਰੂ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਜਿਵੇਂ ਅੰਧੇਰੇ ਦੀ ਆਪਣੀ ਕੋਈ ਹਂੋਦ ਨਹੀਂ ਹੁੰਦੀ ਲੋੜ ਹੁੰਦੀ ਹੈ ਸਿਰਫ ਚਿਰਾਗ ਜਗਾ ਕੇ ਰੌਸ਼ਨੀ ਕਰਨ ਦੀ। ਉਸੇ ਤਰ੍ਹਾਂ ਬਹੁਤ ਸਾਰੀਆਂ ਅਜਿਹੀਆਂ ਸਮਾਜਿਕ ਅਲਾਮਤਾਂ ਨੂੰ ਲੋਕਾਂ ਵਿੱਚ ਗਿਆਨ ਦੀ ਰੌਸ਼ਨੀ ਫੈਲਾਅ ਕੇ ਖ਼ਤਮ ਕੀਤਾ ਜਾ ਸਕਦਾ ਹੈ ਤੇ ਪ੍ਰਗਤੀਸ਼ੀਲ ਸਮਾਜ ਦਾ ਸੰਕਲਪ ਪੂਰਾ ਕੀਤਾ ਜਾ ਸਕਦਾ ਹੈ।
ਮੰਨਿਆਂ ਕਿ ਹਨੇਰਾ ਘਣਾ ਹੈ ਪਰ
  ਦੀਵਾ ਜਗਾਉਣਾ ਕਿੱਥੇ ਮਨ੍ਹਾਂ ਹੈ?