ਇਹ ਵੱਡੇ -ਵੱਡੇ ਪਹਾੜ
ਅਣ -ਘੜਤ ਬੇ- ਢਵੇ
ਬੇ- ਤਰਤੀਬੇ ਨੇ
ਪਰ ਆਪਣੇ ਆਪ ਵਿੱਚ
ਪੂਰਣਤਾ ਤੇ ਆਤਮ-ਵਿਸ਼ਵਾਸ
ਨਾਲ ਖੜ੍ਹੇ ਹਨ ....
ਕੁਦਰਤ ਨੇ ਇੱਕ ਨਹੀਂ ,
ਦੋ ਨਹੀਂ, ਹਜ਼ਾਰਾਂ ਸਾਲਾਂ ਵਿੱਚ ਇਹਨਾਂ ਨੂੰ ਤਰਾਸ਼ਿਆ ਹੈ
ਇਹਨਾਂ ਨੂੰ ਕੁਦਰਤ ਜਿਵੇਂ ਸੇਧ ਦਿੰਦੀ ਗਈ
ਇਹ ਆਪਣੇ ਆਪ ਨੂੰ ਘੜ
ਇੱਕ ਸਾਖਸ਼ਾਤ
ਉਸ ਸਰਵ ਸਰੇਸ਼ਠ ਤੇ ਵਿਲੱਖਣ ਹਸਤੀ ਦੀ ਸਮਾਧੀ ਵਿੱਚ ਲੀਨ ਹੋ ਗਏ ਲਗਦੇ ਨੇ।
ਮੈਨੂੰ ਇਹ ਚਿੱਤਰ ਤੇ ਚਿੱਤਰਕਾਰ ਦਾ ਸੁਮੇਲ ਲੱਗ ਰਹੇ ਨੇ।
ਜਿੱਥੇ ਵੀ ਉੱਗਿਆ ਹੈ
ਝਾੜ -ਬੂਟ ਜਾਂ ਫਿਰ ਦਰਖਤ
ਇਹਨਾਂ ਦੀ ਗੋਦ ਦਾ ਆਨੰਦ ਮਾਣਦਾ ਲੱਗ ਰਿਹਾ।
ਦੂਰੋਂ ਦਿਸਦੇ ਇਹ ਛੋਟੇ- ਛੋਟੇ ਲਗਦੇ,
ਅਸਲ ਵਿੱਚ ਵਿਸ਼ਾਲ ਜੰਗਲ ਹਨ
ਇੰਜ ਲੱਗਦਾ ਹੈ , ਜਿਵੇਂ ਭੁੱਖਾ ਬੱਚਾ ਮਾਂ ਤੋਂ ਦੁੱਧ ਪੀ ਕੇ ਸੰਤੁਸ਼ਟ ਹੋ, ਖੇਡ ਰਿਹਾ ਹੋਵੇ।
ਸੱਚੀਂ! ਇਹ ਮਾਂ- ਪੁੱਤ,ਧੀਆਂ, ਸਾਰੇ ਇਕੱਠੇ ਹੀ ਤਾਂ ਲੱਗ ਰਹੇ ਹਨ।
ਇਹ ਏਵੇਂ ਈ ਐ ਕਿ ਮੈਨੂੰ, ਪਰਦੇਸੀਂ ਬੈਠੀ ਨੂੰ ਮਾਂ ਯਾਦ ਆ ਰਹੀ ਹੈ!
ਜੋ ਅਜ਼ਲਾਂ ਦਾ ਅਸੂਲ ਹੋਈ ਨੂੰ ਜ਼ਮਾਨੇ ਬੀਤ ਗਏ!
ਇਹ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸਾਰੇ ਬਨਸਪਤੀ ਪਰਿਵਾਰ
ਹਰ ਹਾਲ ਵਿੱਚ ਇਕੱਠੇ ਹੀ ਰਹਿੰਦੇ ਨੇ,
ਹੋਰ ਕਿਤੇ ਪ੍ਰਦੇਸਾਂ ਨੂੰ ਥੋੜ੍ਹਾ ਕੂਚ ਕਰਦੇ ਨੇ!
ਗੂੜੇ ਸਿਆਲਾਂ ਵਿੱਚ ਇਹਨਾਂ ਦੇ ਘਰ ਬਰਫ ਮਹਿਮਾਨ ਬਣ ਕੇ
ਵੀ ਤਾਂ ਆਉਂਦੀ ਹੈ,
ਇਹ ਉਸਦਾ ਨਿੱਘਾ ਸਵਾਗਤ ਕਰਦੇ ਹਨ, ਜਿੰਨਾ ਚਿਰ ਮਰਜ਼ੀ ਰਹੇ,
ਕੋਈ ਫਰਕ ਨਹੀਂ ਪੈਂਦਾ,
ਤੇ ਫਿਰ ਅਗਲੇ ਸਾਲ ਆਉਣ ਦਾ ਵਾਅਦਾ ਕਰ ਵਿਦਾ ਲੈ ਲੈਂਦੀ ਹੈ ।
ਹੂੰਮਮਮਮ! ਇਹਨਾਂ ਦੇ ਇੱਕ ਪਾਸੇ,
ਐਨ ਸਾਹਮਣੇ ਇਹਨਾਂ ਦਾ ਹੀ ਰਿਸ਼ਤੇਦਾਰ ,
ਵਿਸ਼ਾਲ ਅਤੇ ਵੱਡੇ ਜ਼ਿਗਰੇ ਵਾਲਾ ,ਸਮੁੰਦਰ ਵੀ ਹੈ।
ਜੋ ਜ਼ਿੰਦਗੀ ਦੇ ਸਬਕ ਵਿੱਚ ਪਿੱਛੇ ਨਹੀਂ ਰਹਿੰਦਾ
ਕੁਦਰਤ ਦਾ ਪਹਿਲ ਪਲੇਠਾ ਸਾਂਝੀ ਦਾਰ ਵੀ ਹੈ .....
ਕਈ ਵਾਰੀ ਇਹ ਸਾਰੇ ਘਬਰਾ ਜਾਂਦੇ ਹਨ,
ਜਿਵੇਂ ਇਹਨਾਂ ਨੂੰ ਕਿਸੇ ਭਿਆਨਕ ਬੀਮਾਰੀ ਨੇ ਘੇਰ ਲਿਆ ਹੋਵੇ
ਕਦੇ ਇਹ ਬਗਾਵਤ ਤੇ ਉੱਤਰ ਆਉਂਦੇ ਹਨ
ਓਦੋਂ ਇਹ ਪਵਨ ਨੂੰ ਗੁਰੂ ਬਣਾ ਤਾਂਡਵ ਕਰਨ ਲਗਦੇ ਹਨ ।
ਉਖਾੜ- ਉਖਾੜ ਕੇ ਸੁੱਟਦੀ ਹੈ
ਫਿਰ ਇਹ ਪਹਾੜੀ ਧਰਤੀ ਆਪਣੇ ਹੀ ਜਾਇਆਂ ਨੂੰ,
ਇਹ ਬਦਲੇ-ਖੋਰ ਤੇ
ਕਰੂਪ ਹੋ ਜਾਂਦੀ ਹੈ,
ਗਾਲ੍ਹਾਂ ਕੱਢਦੀ ਹੈ ਮਨੁੱਖ ਨੂੰ ਜੋ ਇਸ ਨੂੰ ਮਜਬੂਰ ਕਰਦਾ ਹੈ
ਇਸ ਬਰਬਾਦੀ ਵੱਲ ਨੂੰ ਧਕੇਲ ਦਿੰਦਾ ਹੈ ।
ਤਰਲੇ ਪਾ ਰਹੀ ਹੈ
ਸਾਰੀ ਜੰਗਲੀ ਬਨਸਪਤੀ,
ਮੈਂ ਬਚਾ ਰਹੀ ਹਾਂ ਤੁਹਾਨੂੰ ਐ ਇਨਸਾਨੋ!
ਤੁਸੀਂ ਮੈਨੂੰ ਬਚਾ ਕੇ ਰੱਖੋ
ਤੁਸੀਂ ਮੈਨੂੰ ਬਰਬਾਦ ਨਾ ਕਰੋ
ਤਰਾਸ਼ੋ ਨਾ,
ਮੇਰੇ ਸਾਰੇ ਆਰ- ਪਰਿਵਾਰ ਨੂੰ
ਬੇ-ਤਰਤੀਬਾ, ਬੇ- ਢਵਾ ਤੇ
ਅਣ -ਘੜਿਆ ਹੀ ਰਹਿਣ ਦਿਓ।
ਅਣ -ਘੜਿਆ ਹੀ ਰਹਿਣ ਦਿਓ।
ਅਸੀਂ ਇੰਜ ਈ ਬਾਗੋ -ਬਾਗ ਹਾਂ!
ਇੰਜ ਈ ਬਾਗੋ -ਬਾਗ ਹਾਂ !