ਸਮਾਜ ਵਿੱਚ ਔਰਤ ਦੀ ਉਸਾਰੂ ਭੂਮਿਕਾ (ਲੇਖ )

ਚਰਨਜੀਤ ਕੈਂਥ   

Email: ncollegiate@yahoo.com
Cell: +91 98151 64358
Address: ਅਹਿਮਦਗੜ੍ਹ
ਸੰਗਰੂਰ India
ਚਰਨਜੀਤ ਕੈਂਥ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਉਸ ਦਾ ਸਮਾਜ ਵਿੱਚ ਵਿਚਰਨਾ ਜਰੂਰੀ ਹੈ |  ਇਕੱਲੇ ਮਨੁੱਖ ਦੀ ਸਮਾਜ ਵਿੱਚ ਕੋਈ ਹੋਂਦ ਨਹੀਂ , ਨਾ ਹੀ ਉਹ ਇਕੱਲਾ ਸਮਾਜ ਵਿੱਚ ਰਹਿ ਸਕਦਾ ਹੈ | ਸਮਾਜ ਵਿੱਚ ਰਹਿੰਦਿਆਂ ਉਹ ਵੱਖ-ਵੱਖ ਤਰਾਂ ਦੇ ਰਿਸ਼ਤੇ ਨਿਭਾਉਂਦਾ ਹੈ | ਉਹਨਾਂ ਵਿੱਚ ਸਭ ਪਹਿਲਾ ਬਹੁਤ ਪਿਆਰਾ ਅਤੇ ਪਵਿੱਤਰ ਰਿਸ਼ਤਾ ਹੁੰਦਾਂ ਹੈ ਮਾਂ- ਬਾਪ ਦਾ, ਉਸ ਤੋਂ ਬਾਅਦ ਭੈਣ-ਭਰਾ ਅਤੇ ਹੋਰ ਬਹੁਤ ਹੀ ਨਜ਼ਦੀਕੀ ਖੂਨ ਦੇ ਰਿਸ਼ਤੇ ਜਿਨ੍ਹਾਂ ਦੇ ਸਾਹਾਂ ਨਾਲ ਸਾਡੇ ਜੀਵਨ ਦੀ ਡੋਰ ਬੰਨੀ ਹੁੰਦੀ ਹੈ | ਔਰਤ ਸਮਾਜ ਦੇ ਵਿੱਚ ਸਮੇਂ ਸਮੇਂ ਤੇ ਅਨੇਕਾਂ ਰਿਸ਼ਤਿਆਂ ਨੂੰ ਸ਼ਿੱਦਤ ਨਾਲ ਨਿਭਾਉਂਦੀ ਹੋਈ ਇੱਕ ਸੁਹਿਰਦ ਸਮਾਜ  ਸਿਰਜਦੀ ਹੈ | ਔਰਤ ਦੇ ਜੀਵਨ ਵਿੱਚ ਇੱਕ ਵਿਲੱਖਣ ਤੇ ਖੂਬਸੂਰਤ ਰਿਸ਼ਤਾ ਹੈ ਮਾਂ ਦਾ, ਜਿਸ ਨੂੰ ਨਿਭਾ ਕੇ ਉਹ ਆਪਣੇ ਆਪ ਨੂੰ ਮੁਕੰਮਲ ਔਰਤ ਸਮਝਦੀ ਹੈ | ਆਪਣੀ ਔਲਾਦ ਨੂੰ ਦੁਨੀਆਂ ਵਿਖਾਉਣ ਵਾਲੀ ਮਾਂ ਵਰਗੀ ਮਿਸਾਲ ਹੋਰ ਕੋਈ ਨਹੀਂ ਹੋ ਸਕਦੀ | ਇਸੇ ਲਈ ਮਾਂ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਹੈ | ਮਾਂ ਦੁਨੀਆਂ ਦੀ ਸਭ ਤੋਂ ਵੱਡੀ ਦੌਲਤ ਹੈ , ਮਾਂ ਦੀ ਪੂਜਾ ਰੱਬ ਦੀ ਇਬਾਦਤ ਹੈ | ਉਸ ਦੀਆਂ ਕੁਰਬਾਨੀਆਂ ਦਾ ਕਰਜ਼ ਅਸੀਂ  ਇਸ ਜਨਮ ਤਾਂ ਕੀ ਸੱਤ ਜਨਮਾਂ ਵਿੱਚ ਵੀ ਨਹੀਂ ਉਤਾਰ ਸਕਦੇ | ਜਿੰਦਗੀ ਦੇ ਹਸੀਨ ਸਫ਼ਰ ਵਿੱਚ ਦੂਜੀ ਔਰਤ ਸਾਨੂੰ  ਭੈਣ ਦੇ ਰੂਪ ਵਿੱਚ ਮਿਲਦੀ ਹੈ ਉਹ ਸਾਡੀਆਂ ਖੁਸ਼ੀਆਂ ਤੇ ਲੰਬੀ ਉਮਰ ਦੀਆਂ ਦੁਆਵਾਂ ਕਰਦੀ 
ਸਦਾ ਹੀ ਖੈਰ ਸੁੱਖ ਮੰਗਦੀ ਰਹਿੰਦੀ ਹੈ | ਇਹੋ ਜਿਹਾ ਪਿਆਰਾ ਖੂਬਸੂਰਤ ਰਿਸ਼ਤਾ ਇਸ ਦੁਨੀਆਂ ਤੇ ਕੋਈ ਹੋਰ ਨਹੀਂ | ਇਸ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਖੂਬਸੂਰਤੀਆਂ ਦੇ ਰੰਗ ਭਰਨ ਲਈ ਵੱਖ-ਵੱਖ ਰਿਸ਼ਤਿਆਂ ਦੇ ਰੂਪ  ਵਿੱਚ ਅਸੀਂ ਔਰਤ ਦੇ ਹਮੇਸ਼ਾਂ ਸ਼ੁਕਰਗੁਜ਼ਾਰ ਰਹਾਂਗੇ |
                         ਪਤੀ ਪਤਨੀ ਦਾ ਰਿਸ਼ਤਾ ਜਿਸਮ ਅਤੇ ਰੂਹਾਂ ਦੇ ਸੁਮੇਲ ਵਰਗਾ ਹੁੰਦਾ ਹੈ | ਬੰਦੇ ਦੀ ਜ਼ਿੰਦਗੀ ਵਿੱਚ ਮਾਂ ਤੋਂ ਬਾਅਦ ਅਹਿਮ ਰੋਲ ਪਤਨੀ ਦਾ ਹੁੰਦਾ ਹੈ | ਪਤਨੀ ਜਿਸ ਨੂੰ ਬਖੂਬੀ ਨਾਲ ਨਿਭਾ ਕੇ ਆਪਣੇ ਪਰਿਵਾਰ ਦਾ ਸਮਾਜ ਵਿੱਚ ਚੰਗਾ ਸਥਾਨ ਬਣਾਉਂਦੀ ਹੈ | ਹਰ ਦੁੱਖ-ਸੁੱਖ ਵਿੱਚ ਬਰਾਬਰ ਦੀ ਬਾਂਹ ਬਣ ਕੇ ਖੜ੍ਹਦੀ ਹੈ | ਅੱਜ ਦੀ ਔਰਤ ਹਰ ਖੇਤਰ ਵਿੱਚ ਮਰਦ ਦੇ ਬਰਾਬਰ ਕੰਮ ਕਰ ਰਹੀ ਹੈ | ਕੁਝ ਪਿਛਾਂਹ ਖਿੱਚੂ ਸੋਚ ਦੇ ਪਰਿਵਾਰ ਔਰਤਾਂ ਨੂੰ ਘਰ ਦੇ ਕੰਮ ਧੰਦਿਆਂ ਤੱਕ ਹੀ ਸੀਮਤ ਰੱਖਦੇ ਹਨ | ਸਮਾਜ ਵਿੱਚ ਔਰਤਾਂ ਦੀ ਕਾਬਲੀਅਤ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ | ਮਰਦ ਦੀ ਸੋਚ ਤਾਂ ਹਮੇਸ਼ਾਂ  ਇਹੋ ਹੁੰਦੀ ਹੈ ਕਿ ਔਰਤ ਮਰਦ ਦਾ ਮੁਕਾਬਲਾ ਨਹੀ  ਕਰ ਸਕਦੀ | ਅੱਜ ਦੀ ਪੜ੍ਹੀ-ਲਿਖੀ ਔਰਤ ਕਿਸੇ ਪੱਖੋਂ ਘੱਟ ਨਹੀਂ  ਜਦ ਕਿ ਉਹ ਮਰਦ ਨਾਲੋਂ ਵੱਧ  ਕੰਮਕਾਰੀ ਅਤੇ ਪਰਿਵਾਰਿਕ ਜ਼ਿੰਮੇਵਾਰੀਆਂ ਬਾਖੂਬੀ ਨਿਭਾਉਂਦੀ ਹੈ |
                                                   ਮੇਰੇ ਜੀਵਨ ਵਿੱਚ ਮੇਰੇ ਜੀਵਨ ਸਾਥੀ ਦਾ ਅਹਿਮ ਰੋਲ ਹੈ | ਸੰਨ 1981 ਤੋਂ  ਮੈਂ ਆਪਣੇ ਕੰਮ ਨੂੰ ਕਲਾ ਸਮਝ ਕੇ ਸਫ਼ਲਤਾ ਪੂਰਵਕ ਕਰ ਰਿਹਾਂ ਹਾਂ | ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਰਮਾਤਮਾਂ ਦੀ ਕਿਰਪਾ ਨਾਲ ਛੋਟੀ ਉਮਰ ਵਿੱਚ ਹੀ ਮਿਹਨਤ ਕਰਕੇ ਆਪਣੇ ਪੈਰਾਂ ਸਿਰ ਖੜਾ ਹੋ ਕੇ ਜਿੰਦਗੀ ਦੀ ਹਰ ਖੁਸ਼ੀ ਨੂੰ ਹਾਸਿਲ ਕੀਤਾ  | ਮੈਂ ਨੌਕਰੀ ਲੱਭਣ ਦੀ ਬਜਾਏ ਕੁੱਝ ਲੋਕਾਂ ਨੂੰ ਆਪਣੇ ਨਾਲ ਲਾ ਕੇ ਕੰਮ ਦੇਣ ਦੀ ਖੁਸ਼ੀ ਮਹਿਸੂਸ ਕਰਦਾ ਹਾਂ | ਮੈਂ ਅਤੇ ਮੇਰਾ ਜੀਵਨ ਸਾਥੀ 1987 ਵਿੱਚ ਜੀਵਨ ਦੇ ਅਟੁੱਟ ਬੰਧਨ ਵਿੱਚ ਬੰਧ ਗਏ ਸੀ | ਆਪਸੀ ਪਿਆਰ ਅਤੇ ਸਹਿਯੋਗ ਨਾਲ ਗ੍ਰਹਿਸਥੀ ਦੇ ਛੇ ਸਾਲ ਪਰਿਵਾਰਿਕ ਜਿੰਮੇਵਾਰੀਆਂ ਨਿਭਾਉਂਦੇ ਬੀਤ ਗਏ | ਹੁਣ ਸਾਡੇ ਪਰਿਵਾਰ ਵਿੱਚ ਪੰਜ ਸਾਲ ਦੀ ਬੇਟੀ ਵੀ ਖੁਸ਼ੀਆਂ ਖੇੜਿਆਂ ਵਿੱਚ ਵਾਧਾ ਕਰ ਰਹੀ ਸੀ | ਮੇਰੇ ਜੀਵਨ ਸਾਥੀ ਨੂੰ ਘਰ ਵਿਹਲੇ ਸਮੇਂ ਵਿੱਚ ਕੁਝ ਨਾ ਕੁਝ ਕਰਦੇ ਰਹਿਣ ਦਾ ਸੌਂਕ ਸੀ |  ਪ੍ਰਮਾਤਮਾਂ ਦੀ ਕ੍ਰਿਪਾ ਨਾਲ ਸਬੱਬ ਬਣਿਆ ਇਸ ਨੇ ਘਰ ਵਿੱਚ ਹੀ ਲੇਡੀਜ਼ ਸੂਟਾਂ ਦੀ ਸਿਲਾਈ ਦਾ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ | ਇਹ  ਸੌਂਕ ਕਦੋਂ ਜਨੂੰਨ ਬਣ ਗਿਆ ਪਤਾ ਹੀ ਨਹੀਂ ਲੱਗਿਆ | ਸਮੇਂ ਦੀ ਚਾਲ ਅਤੇ ਹੋਸਲਾ ਅਫਜਾਈ ਨੇ ਰੰਗ ਵਿਖਾਉਣਾ ਸ਼ੁਰੂ ਕੀਤਾ | ਆਸ - ਪੜੋਸ ਦੀ  ਤੇ ਨਜ਼ਦੀਕੀਆਂ ਦੀ ਸੋਂਕੀਆ ਫ੍ਰੀ ਸੇਵਾ ਦਾ ਫ਼ਲ ਮਿਲਦਾ ਗਿਆ | ਸਿਦਕ ਅਤੇ ਸਿਰੜ ਨੇ ਮੁਹਾਰਤ ਵਿੱਚ ਨਿਖਾਰ ਲਿਉਣਾ ਸ਼ੁਰੂ ਕਰ ਦਿੱਤਾ | ਇਸ ਕਲਾ ਦੇ ਸਿੱਖਣ ਨਾਲ ਆਤਮਵਿਸ਼ਵਾਸ ਵੀ ਵਧਦਾ ਚਲਾ ਗਿਆ ਤੇ ਘਰ ਟਾਈਮ ਪਾਸ ਵੀ ਬਹੁਤ ਸੋਹਣਾ ਹੋਣ ਲੱਗ ਗਿਆ | ਮੇਰੀ ਆਪਣੀ ਕਲਾ ਦੇ ਵਿੱਚ ਚੰਗੀ ਮੁਹਾਰਤ ਹੋਣ ਕਰਕੇ  ਇਲਾਕੇ ਵਿੱਚ ਕਾਫ਼ੀ ਇੱਜਤ ਅਤੇ ਮਸ਼ਹੂਰੀ ਸੀ | ਮੈਂ 1981 ਤੋਂ ਮਰਦਾਂ ਦੇ ਕੱਪੜਿਆਂ ਦੀ ਸਿਲਾਈ ਦਾ ਮਾਹਿਰ ਹਾਂ | ਮੈਂ ਚਾਹੁੰਦਾ ਸੀ ਆਪਣੇ ਸਾਥੀ ਨੂੰ ਆਪਣੇ ਪੈਰਾਂ ਸਿਰ ਖੜਾ ਕਰਕੇ ਇੱਕ ਜ਼ਿੰਮੇਵਾਰ ਸ਼ਖਸ਼ੀਅਤ ਬਣਾਇਆ ਜਾਵੇ ਤੇ ਸਮਾਜ ਵਿੱਚ ਇੱਕ ਰੋਲ ਮਾਡਲ ਬਣ ਕੇ ਦਿਖਾਇਆ ਜਾਵੇ | ਕਿ ਔਰਤ ਕੀ ਨਹੀਂ ਕਰ ਸਕਦੀ ? ਅੱਜ ਤੋਂ ਵੀਹ ਸਾਲ ਪਹਿਲਾਂ ਔਰਤ ਦਾ ਇੱਕ ਦੁਕਾਨ ਉਪਰ ਬੈਠਣਾ ਬਹੁਤਾ ਚੰਗਾ ਨਹੀਂ ਸਮਝਿਆ ਜਾਂਦਾ ਸੀ |
                          ਸਮਾਂ ਆਪਣੀ ਤੋਰੇ ਤੁਰਦਾ ਰਿਹਾ ਮਿਹਨਤ ਜਾਰੀ ਰਹੀ | ਖੁੱਲੀਆਂ ਅੱਖਾਂ ਨਾਲ ਵੇਖੇ ਸੁਪਨਿਆਂ ਨੂੰ  ਸਾਕਾਰ ਕਰਨ ਵਿੱਚ ਕੋਈ ਕਸਰ ਨਾ ਰਹਿਣ ਦਿੱਤੀ | ਸੱਚੀ –ਸੁੱਚੀ ਕਿਰਤ ਉੱਪਰ ਪ੍ਰਮਾਤਮਾਂ ਵੀ ਮਿਹਰਬਾਨ ਹੁੰਦਾਂ ਹੈ | ਉਹ ਤੁਹਾਨੂੰ ਵਧੀਆ ਅਵਸਰ ਦੇ ਮੌਕੇ ਦਿੰਦਾ ਰਹਿੰਦਾ ਹੈ | ਇਹਨਾ ਮੌਕਿਆਂ ਨੂੰ ਸੰਭਾਲਣਾ ਅਸੀਂ ਆਪ ਹੁੰਦਾ ਹੈ | ਪ੍ਰਮਾਤਮਾਂ ਦੀ ਕਿਰਪਾ ਨਾਲ ਸੰਨ 2001 ਵਿੱਚ ਇੱਕ ਵੱਡਾ ਸ਼ੋ-ਰੂਮ ਲੈਣ ਦਾ ਸਬੱਬ ਬਣ ਗਿਆ | ਜੀਵਨ ਸਾਥੀ ਦੀ ਸੌਕੀਆ ਤੌਰ ਤੇ ਸਿੱਖੀ ਕਲਾ ਨੂੰ ਵਿਖਾਉਣ ਦਾ ਸੁਪਨਾ ਵੀ ਸੱਚ ਹੋ ਗਿਆ | ਹੁਣ ਸਾਡੇ ਪਰਿਵਾਰ ਵਿੱਚ ਸਾਡਾ ਪੰਜ ਸਾਲ ਦਾ ਬੇਟਾ ਵੀ ਸ਼ਾਮਿਲ ਸੀ | ਬੱਚਿਆਂ ਦੇ ਪਾਲਣ ਪੋਸ਼ਣ ਅਤੇ ਪਰਿਵਾਰਿਕ ਜ਼ਿੰਮੇਵਾਰੀ ਦੇ ਨਾਲ ਨਾਲ ਅਸੀਂ ਜੈਂਟਸ ਦੇ ਨਾਲ ਲੇਡੀਜ਼ ਬੁਟੀਕ ਵੀ ਖੋਲ ਦਿੱਤਾ| ਜਿਸ ਦੀ ਸਾਰੀ ਦੇਖਰੇਖ  ਕਮਲ  ਖੁਦ ਕਰਦੀ ਹੈ | ਉਸ ਦਾ ਆਤਮਵਿਸ਼ਵਾਸ਼ ਦਿਨ ਬ ਦਿਨ ਵੱਧਦਾ ਗਿਆ ਸਫ਼ਲਤਾ ਦੇ ਰਾਹ ਹੋਰ ਵੀ ਆਸਾਨ ਹੁੰਦੇ ਗਏ  | ਜਿਸ ਦੀ ਮਿਹਨਤ ਨਾਲ ਆਰਥਿਕ ਸਥਿਤੀ ਵਿੱਚ ਚੋਖਾ ਸਹਿਯੋਗ ਹੋਇਆ | ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਓਹ ਸਾਰੇ ਕੰਮ ਕਾਰ ਨੂੰ ਸਫਲਤਾ ਨਾਲ ਚਲਾ ਰਹੀ ਹੈ | ਦਸ ਹੋਰ ਪਰਿਵਾਰਾਂ ਨੂੰ ਵੀ ਨਾਲ ਜੋੜ ਕੇ ਉਹਨਾਂ ਦੀਆਂ ਖੁਸ਼ੀਆਂ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੀ ਹੈ | ਵਪਾਰ ਵਿੱਚ ਪਰਿਵਾਰ ਦੇ ਮੈਂਬਰਾਂ ਦਾ ਸਹਿਯੋਗ ਤਰੱਕੀਆਂ ਦੇ ਰਾਹ ਖੋਲ ਦਿੰਦਾਂ ਹੈ | ਵਪਾਰ ਵਿੱਚ ਔਰਤ ਦੇ ਸ਼ਾਮਲ ਹੋ ਜਾਣ ਨਾਲ ਗਾਹਕਾਂ ਨਾਲ ਪਰਿਵਾਰਿਕ ਸੰਬੰਧ ਹੋਰ ਵੀ ਵਧੀਆ ਬਣ ਜਾਂਦੇ ਹਨ | ਔਰਤ ਨੂੰ ਸਮਾਜ ਵਿੱਚ ਵਿਚਰ ਰਹੇ ਲੋਕਾਂ ਦੇ ਵਿਵਹਾਰ ਦੀ ਚੰਗੀ ਤਰਾਂ ਸਮਝ ਆ ਜਾਂਦੀ ਹੈ | ਦੁਨੀਆਂ ਬਹੁ- ਰੰਗੀ ਹੈ , ਉਹਨਾ ਦੇ ਹਰ ਰੰਗ ਨੂੰ ਪਰਖਣ ਦੀ ਜਾਚ ਆ ਜਾਂਦੀ ਹੈ | ਜਦੋਂ ਜੀਵਨ ਸਾਥੀ ਦਾ ਸਾਥ ਹੋਵੇ ਤਾਂ ਦੁਨੀਆ ਦੀ ਹਰ ਮੰਜ਼ਿਲ  ਸੌਖਿਆਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ | ਅਸੀਂ ਆਪਣੇ ਕੰਮਕਾਰ ਨੂੰ ਹੋਰ ਅੱਗੇ ਵਧਾਉਂਦੇ ਹੋਏ ਇੱਕ ਕੱਪੜੇ ਦਾ ਸ਼ੋ ਰੂਮ ਖੋਲਿਆ | ਮੇਰੀ ਜ਼ਿੰਦਗੀ ਦੀ ਤਰੱਕੀ ਵਿੱਚ ਮੇਰੇ ਜੀਵਨ ਸਾਥੀ ਦਾ ਬਹੁਤ ਵੱਡਾ ਯੋਗਦਾਨ ਹੈ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ | 
                 ਇਸ ਦੇ ਬੁਲੰਦ ਹੌਸਲਿਆਂ ਨੇ ਛੋਟੇ ਸ਼ਹਿਰ ਵਿੱਚ ਰਹਿ ਕੇ ਸਮਾਜ ਨੂੰ ਇੱਕ ਨਵੀ ਸੇਧ ਦਿਤੀ | ਇਸ ਨੂੰ ਵੇਖਕੇ ਹੋਰ ਵੀ ਔਰਤਾਂ ਵਪਾਰ ਵਿੱਚ ਆਪਣਾ ਬਣਦਾ ਯੋਗਦਾਨ ਪਾ ਕੇ ਮਰਦਾਂ ਦਾ ਸਹਿਯੋਗ ਦੇਣ ਲੱਗੀਆਂ | ਅੱਜ ਸਮਾਜ ਵਿੱਚ ਸਫ਼ਲ ਔਰਤਾਂ ਦੀਆਂ ਅਨੇਕਾਂ ਮਿਸਾਲਾਂ ਹਨ  ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਚੰਗੀਆਂ ਮੱਲਾਂ ਮਾਰਕੇ ਪਰਿਵਾਰ ਦੇ ਨਾਲ  ਨਾਲ ਵਪਾਰ ਵਿੱਚ ਉਸਾਰੂ ਭੂਮਿਕਾ ਨਿਭਾਈ ਹੈ | ਸਾਨੂੰ ਹਮੇਸ਼ਾ ਔਰਤਾਂ ਨੂੰ ਉਤਸ਼ਾਹ ਦੇ ਨਾਲ ਨਾਲ ਬਣਦਾ ਸਤਿਕਾਰ ਵੀ ਦੇਣਾ ਚਾਹੀਦਾ ਹੈ | ਇਹ ਵੀ ਮਰਦ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ ਵਿੱਚ ਮਾਣ ਮਹਿਸੂਸ ਕਰਨ | ਸਮਾਜ ਨੂੰ ਵੀ ਔਰਤਾਂ ਉੱਪਰ ਮਾਣ ਮਹਿਸੂਸ ਹੋਵੇ |