ਮੰਜਾ ਬੁਨਣਾ ਵੀ ਇਕ ਕਲਾ ਸੀ (ਲੇਖ )

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਵਾਣ ਦੇ ਮੰਜਿਆਂ ਦਾ ਰਿਵਾਜ ਕਿਸੇ ਸਮੇਂ ਪੰਜਾਬ ਵਿਚ ਸਿਖਰਾਂ ਤੇ ਰਿਹਾ ਹੈ।ਹਰ ਘਰ ਵਿਚ ਘਟੋ-ਘਟ ਦਸ/ਦਸ ਮੰਜੇ ਹੋਇਆ ਕਰਦੇ ਸਨ।ਘਰ ਵਿਚ ਆਏਪ੍ਰਾਹੁਣਿਆਂ ਤੋਂ ਜੇਕਰ ਆਂਢ ਗੁਆਂਢ ਚੋਂ ਮੰਜਾ ਲੈਣ ਜਾਣਾ ਤਾਂ ਬਹੁਤ ਸ਼ਰਮ ਮਹਿਸੂਸ ਹੁੰਦੀ ਸੀ ਓਹ ਗਲ ਅਲਹਿਦਾ ਹੈ ਕਿ ਜਵਾਬ ਕਦੇ ਵੀ ਕਿਸੇ ਨੂੰ ਕੋਈ ਵੀ ਨਹੀਂ ਸੀ ਦਿੰਦਾ। ਬੇਸ਼ਕ ਚਾਰ ਦਿਨ ਮੰਜਾ ਲਿਆ ਕੇ ਨਾ ਮੋੜਦੇ ਕੋਈ ਵੀ ਆਪਣਾ ਮੰਜਾ ਮੰਗਣ ਨਹੀਂ ਸੀ ਆਉਂਦਾ।ਪਰ ਹਰ ਘਰ ਦੀ ਸ਼ਾਨ ਹੋਇਆ ਕਰਦੇ ਸਨ ਮੰਜੇ, ਕਿਸੇ ਵਿਰਲੇ ਘਰੀਂ ਹੀ ਥੋੜ੍ਹੇ ਮੰਜੇ ਹੁੰਦੇ ਸਨ। ਮੰਗਦਿਆਂ ਨੂੰ ਵੈਸੇ ਹੀ ਕੲੀਆਂ ਨੂੰ ਸੰਗ ਮਹਿਸੂਸ ਹੁੰਦੀ ਸੀ ਭਾਵੇਂ ਜਵਾਬ ਕਦੇ ਵੀ ਕਿਸੇ ਨੂੰ ਵੀ ਕੋਈ ਵੀ ਨਹੀਂ ਦਿੰਦਾ ਸੀ।
     ਨਵੇਂ ਮੰਜਿਆਂ ਦੇ ਸੇਰੂ, ਬਾਹੀਆਂ ਪਾਵੇ ਅਲਗ-ਅਲਗ ਸ਼ਹਿਰ ਵਿਚੋਂ ਲੈ ਆਉਣੇ ਤੇ ਪਿੰਡ ਦੇ ਤਰਖ਼ਾਣ ਤੋ ਜੜਵਾ ਲੈਣੇ। ਅਜੋਕੇ ਸਮੇਂ ਵਾਂਗ ਨਕਦ ਕੋਈ ਪੈਸਾ ਧੇਲਾ ਨਹੀਂ ਸੀ ਦਿਤਾ ਜਾਂਦਾ ਸਿਰਫ਼ ਹਾੜੀ ਸਾਉਣੀ ਸੇਪੀ ਹੁੰਦੀ ਸੀ ਤੇ ਸਾਰਾ ਸਾਲ ਭਾਵੇਂ ਕੋਈ ਵੀ ਕੰਮ ਕਰਵਾਈ ਜਾਣਾ। ਫਿਰ ਮੰਜਿਆਂ ਨੂੰ ਬੁਨਣ ਦੀ ਵਾਰੀ ਆਉਣੀ ਦਰਖਤਾਂ ਦੀ ਛਾਵੇਂ ਬੈਠ ਕੇ ਮੰਜੇ ਬਨਣੇ ਪਰ ਮੰਜੇ ਬੁਨਣ ਦੀ ਕਲਾ ਹਰ ਇਕ ਨੂੰ ਨਹੀਂ ਸੀ ਆਉਂਦੀ। ਕੋਈ ਵਿਰਲਾ ਹੀ ਬਜ਼ੁਰਗ ਜਾਂ ਬੀਬੀ ਮੰਜਾ ਬੁਣਦੀ ਹੁੰਦੀ ਸੀ, ਹਾਂ ਆਸੇ ਪਾਸੇ ਬੈਠ ਕੇ ਰਸੀਆਂ ਬੇਸ਼ਕ ਸਾਰੇ ਹੀ ਲੰਘਾ ਲੈਂਦੇ ਸਨ(ਫੋਟੋ ਦੀ ਤਰ੍ਹਾਂ)
    ਵਾਣ ਮੁੰਜ ਦਾ ਹੋਣਾ,ਸੂਤ ਦਾ ਬੁਨਣਾ ਜਾ ਫਿਰ ਘਰ ਦੇ ਵਿਚ ਫਟੇ ਪੁਰਾਣੇ ਕਪੜੇ ਹੋਣੇ ਓਨਾਂ ਨੂੰ ਵੀ ਵਟ ਚਾੜ੍ਹਕੇ ਮੇਲ ਕੇ ਮੰਜੇ ਬੂਣੇ ਜਾਂਦੇ ਰਹੇ ਹਨ।ਚੌਖੜਾ,ਨੌਖੜਾ ਮਤਲਬ ਚਾਰ ਰਸੀਆਂ ਲੰਘਾ ਕੇ ਸੰਘਾ ਭੰਨਣਾ ਜਾਂ ਫਿਰ ਨੌਂ ਰਸੀਆਂ ਲੰਘਾ ਕੇ ਸੰਘਾ ਭੰਨਣ ਨਾਲ ਹੀ ਇਸ ਮੰਜੇ ਦੀ ਬਣਤਰ ਬਣਦੀ ਸੀ ਓਸੇ ਹਿਸਾਬ ਨਾਲ ਹੀ ਇਸ ਨੂੰ ਚੌਖੜੇ ਜਾਂ ਨੌਖੜੇ ਦਾ ਮੰਜਾ ਕਿਹਾ ਜਾਂਦਾ ਸੀ। ਹਿੰਮਤ ਨਾਲ ਬੁਨਣਾ ਤਾਂ ਇਕ ਦਿਨ ਵਿਚ ਹੀ ਮੰਜਾ ਬੁਣਿਆ ਜਾ ਸਕਦਾ ਸੀ, ਜੇਕਰ ਥੋੜੇ ਜਿਹੇ ਆਰਾਮ ਨਾਲ ਬੁਨਣਾ ਤਾਂ ਇਕ ਦੋ ਦਿਨ ਵੀ ਲਗ ਜਾਇਆ ਕਰਦੇ ਸਨ।
    ਸਿਆਣੇ ਬਜ਼ੁਰਗ ਜਾਂ ਫਿਰ ਸਿਆਣੀ ਉਮਰ ਦੀਆਂ ਸਵਾਣੀਆਂ ਨੂੰ ਵਧੀਆ ਮੰਜੇ ਬੁਨਣ ਦਾ ਤਜਰਬਾ ਹੁੰਦਾ ਸੀ। ਵਧੀਆ ਸੂਤ ਦਾ ਮੰਜਾ ਬੁਣਕੇ ਓਤੇ ਕਪੜਾ ਸਿਉਣ ਦਾ ਰਿਵਾਜ ਵੀ ਰਿਹਾ ਹੈ ਤਾਂ ਕਿ ਸੂਤ ਜਲਦੀ ਮੈਲਾ ਜਾਂ ਧੁਪ ਵਗੈਰਾ ਚ ਖ਼ਰਾਬ ਨਾ ਹੋਵੇ।ਧੁਪ ਵਿਚ ਮੰਜਾ ਨਹੀਂ ਸੀ ਰਖਿਆ ਜਾਂਦਾ।ਮੰਜੇ ਦੇ ਇਕ ਪਾਸੇ ਦੌਣ ਪਾਈ ਜਾਂਦੀ ਸੀ ਜਿਸ ਤੋਂ ਮੰਜੇ ਨੂੰ ਲੋੜ ਅਨੁਸਾਰ ਕਸ ਲਿਆ ਜਾਂਦਾ ਸੀ। ਵੈਸੇ ਤਾਂ ਸਾਰੇ ਹੀ ਮੰਜੇ ਚੰਗੀ ਤਰ੍ਹਾਂ ਢੋਲ ਵਾਂਗ ਕਸੇ ਹੁੰਦੇ ਹੀ ਸਨ ਪਰ ਜੇ ਕਿਸੇ ਘਰ ਕੋਈ ਛੋਟਾ ਬਚਾ ਹੋਣਾ ਤਾਂ ਓਸ ਘਰ ਵਿਚ ਇਕ ਮੰਜਾ ਜ਼ਰੂਰ ਢਿਲਾ ਹੋਣਾ ਤਾਂ ਕਿ ਬਚਾ ਕਸੇ ਮੰਜੇ ਤੋਂ ਰੁੜ੍ਹਕੇ ਥਲੇ ਨਾ ਡਿਗ ਪਵੇ। ਜੇਕਰ ਢਿਲੇ ਮੰਜੇ ਵਿਚ ਬਚੇ ਨੂੰ ਪਾ ਦੇਣਾ ਤਾਂ ਥਲੇ ਡਿਗਣ ਦਾ ਖ਼ਤਰਾ ਨਹੀਂ ਸੀ ਰਹਿੰਦਾ।
     ਪਰ ਅਜੋਕੇ ਬਦਲੇ ਸਮੇਂ ਤੇ ਅਗਾਂਹ ਵਧੂ ਜ਼ਮਾਨੇ ਵਿਚ ਵਾਣ ਦੇ ਮੰਜਿਆਂ ਦਾ ਰਿਵਾਜ ਬਹੁਤ ਘਟ ਗਿਆ ਹੈ,ਬਣੇ ਬਣਾਏਨਵਾਰ ਦੇ ਮੰਜੇ ਜਾਂ ਫਿਰ ਫੋਲਡ ਹੋਣ ਵਾਲੇ ਲੋਹੇ ਦੇ ਬਣੇ ਹੋਏਮੰਜੇ ਆ ਗੲੇ ਹਨ।ਰਹਿੰਦੀ ਖੂੰਹਦੀ ਕਸਰ ਡਬਲਬੈਡਾਂ ਨੇ ਕਢ ਦਿਤੀ ਹੈ। ਹੁਣ ਕੋਸ਼ਿਸ਼ ਕਰਨ ਤੇ ਔਰ ਭਾਲਣ ਤੇ ਹੀ ਕਿਸੇ ਘਰ ਚ ਸੂਤ ਦੇ ਵਾਣ ਦੇ ਜਾਂ ਪਲੰਗ ਮਿਲਣਗੇ। ਵੈਸੇ ਆਮ ਕਹਾਵਤ ਵੀ ਹੈ ਕਿ ਕਦੇ ਵੀ ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ। ਬਿਲਕੁਲ ਇਸੇ ਤਰ੍ਹਾਂ ਪੁਰਾਣੀਆਂ ਸਿਆਣੀਆਂ ਸਵਾਣੀਆਂ ਨੇ ਆਪਣਾ ਇਹ ਜਾਨੋਂ ਪਿਆਰਾ ਵਿਰਸਾ ਜ਼ਰੂਰ ਸੰਭਾਲ ਕੇ ਰਖਿਆ ਹੋਇਆ ਹੋਵੇਗਾ। ਵੈਸੇ ਜੇਕਰ ਵਾਣ ਸੂਤ ਜਾਂ ਫਿਰ ਘਰਾਂ ਦੇ ਫਟੇ ਪੁਰਾਣੇ ਕਪੜਿਆਂ ਤੋਂ ਬਣਾਏਹੋਏਮੰਜੇ ਜਿਨ੍ਹਾਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਸਵਾਰਿਆ ਸ਼ਿੰਗਾਰਿਆ ਹੋਇਆ ਹੁੰਦਾ ਹੈ ਓਹ ਅਜਕਲ੍ਹ ਹਵੇਲੀ ਰੈਸਟੋਰੈਂਟ ਜਾਂ ਚੰਗੇ ਵਧੀਆ ਢਾਬਿਆਂ ਵਿਚ ਜ਼ਰੂਰ ਵੇਖਣ ਲਈ ਮਿਲ ਜਾਂਦੇ ਹਨ ਤੇ ਓਹਨਾਂ ਦੇ ਪਾਵਿਆਂ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਰੰਗ ਰੋਗਨ ਵੀ ਕੀਤਾ ਹੋਇਆ ਆਮ ਹੀ ਵੇਖਣ ਨੂੰ ਮਿਲਦੇ ਹਨ। ਲੁਧਿਆਣਾ ਦਿਲੀ ਜੀ ਟੀ ਰੋਡ ਤੇ ਸਮਾਲਖਾ ਦੇ ਢਾਬੇ ਬਹੁਤ ਮਸ਼ਹੂਰ ਹਨ,ਓਥੇ ਜਲੰਧਰ ਮੁਲਾਂਪੁਰ ਹਵੇਲੀ ਰੈਸਟੋਰੈਟਾਂ ਵਿਚ ਵੀ ਇਨ੍ਹਾਂ ਦੇ ਦੁਰਲਭ ਦਰਸ਼ਨ ਜ਼ਰੂਰ ਹੋ ਜਾਂਦੇ ਹਨ। ਵੈਸੇ ਪੰਜਾਬ ਵਿਚ ਹੁਣ ਬਹੁਤ ਘਟ ਲੋਕ ਇਸ ਕਲਾ ਨੂੰ ਜਾਣਦੇ ਜਾਂ ਪਿਆਰ ਕਰਦੇ ਹਨ।ਆਮ ਕਹਾਵਤ ਹੈ ਕਿ ਨਵੇਂ ਨਵੇਂ ਮਿਤ ਤੇ ਪੁਰਾਣੇ ਕੀਹਦੇ ਚਿਤ ਨਵੇਂ ਨਵੇਂ ਡਿਜ਼ਾਈਨਾਂ ਦੇ ਲੋਹੇ ਦੇ ਮੰਜੇ ਫੋਲਡ ਹੋਣ ਵਾਲੇ ਮੰਜੇ ਜਾਂ ਫਿਰ ਬਹੁਤ ਹੀ ਆਲੀਸ਼ਾਨ ਤੇ ਅਤਿਅੰਤ ਮਹਿੰਗੇ ਮੁਲ ਦੇ ਡਬਲਬੈਡਾਂ ਨੇ ਅਤੇ ਪੈਸੇ ਦੀ ਦੌੜ ਵਿਚ ਅਜੋਕਾ ਮਨੁਖ ਆਪਣੇ ਅਤੀਤ ਨੂੰ ਭੁਲਦਾ ਜਾ ਰਿਹਾ ਹੈ।ਪਰ ਕੋਈ ਸਮਾਂ ਪੰਜਾਬ ਵਿਚ ਐਸਾ ਵੀ ਰਿਹਾ ਹੈ ਜਦੋਂ ਇਨ੍ਹਾਂ ਮੰਜਿਆਂ ਨਾਲ ਹਰ ਘਰ ਦੀ ਨਿਵੇਕਲੀ ਟੌਹਰ ਵੀ ਹੁੰਦੀ ਸੀ ਤੇ ਆਈ ਬਰਾਤ ਨੂੰ ਬਿਠਾਉਣ ਲਈ ਕਤਾਰ ਦੇ ਵਿਚ ਇਨਾਂ ਰੰਗ ਬਿਰੰਗੇ ਵਾਣ ਦੇ ਮੰਜਿਆਂ ਨੂੰ ਡਾਹਿਆ ਜਾਂਦਾ ਰਿਹਾ ਹੈ ਤੇ ਉਸ ਦਾ ਵਖਰਾ ਨਜ਼ਾਰਾ ਵੇਖਿਆਂ ਹੀ ਬਣਦਾ ਸੀ।