ਬਸੰਤ ਸਿਆਂ ! ਐਤਕੀਂ ਤਾਂ ਘੱਗਰ ਨੇ ਕਈ ਪਿੰਡਾਂ ਦਾ ਬੜਾ ਹੀ ਨੁਕਸਾਨ ਕਰ ਦਿੱਤਾ। ਪੁੱਤਾਂ ਵਾਂਗੂੰ ਪਾਲੀ ਫ਼ਸਲ ਸੀ, ਜਿਹੜੀ ਘੱਗਰ ਦੀਆਂ ਮਾਰਾਂ ਤੋਂ ਬਚ ਨਾ ਸਕੀ। ਮੋੜ 'ਤੇ ਬੈਠੇ ਤਾਏ ਨੇ ਬੋਲਦਿਆਂ ਕਿਹਾ।
ਹਾਂ ਤਾਇਆ ਇਹ ਤਾਂ ਹੈ ! "ਨੁਕਸਾਨ ਤਾਂ ਹੋਇਆ ਗਾ, ਪਰ ਸਰਕਾਰ ਮੁਆਵਜ਼ਾ ਦੇਣ ਦੀ ਤਿਆਰੀ ਕਰੀ ਬੈਠੀ ਆ। ਫ਼ਸਲਾਂ ਦੀ ਬਰਬਾਦੀ ਦੀ ਪੂਰੀ ਗਿਰਦਾਵਰੀ ਹੋ ਗਈ। ਨੁਕਸਾਨ ਦੇ ਹਿਸਾਬ ਨਾਲ ਫ਼ਸਲਾਂ ਦਾ ਮੁਆਵਜ਼ਾ ਮਿਲ ਜਾਣਾ ਹੌਸਲਾ ਰੱਖ।"
ਫਿਰ ਮੋੜ 'ਤੇ ਖੜ੍ਹੇ ਇਕ ਪੜ੍ਹੇ-ਲਿਖੇ ਮੁੰਡੇ ਦੀ ਆਵਾਜ਼ ਗੂੰਜੀ, ਤਾਇਆ ਜੀ ! "ਸਰਕਾਰ ਨੇ ਤਾਂ ਫ਼ਸਲਾਂ ਦਾ ਮੁਆਵਜ਼ਾ ਤਾਂ ਕਦੋਂ ਦਾ ਭੇਜ ਦਿੱਤਾ ਹੈ। ਪਰ ਉਹ ਤੁਹਾਡੇ ਤੱਕ ਘੱਗਰ ਦੇ ਰਾਹ ਵਿਚ ਪਈਆਂ ਖਾਰਾਂ ਨੂੰ ਭਰ ਕੇ ਹੀ ਪੁੱਜੇਗਾ।ਜਦੋਂ ਖਾਰਾਂ ਦੀ ਪੂਰਤੀ ਹੋ ਗਈ, ਬਾਕੀ ਬਚਿਆ ਥੋੜ੍ਹਾ-ਬਹੁਤਾ ਹੀ ਆਊ।" ਮਤਲਬ ਜੋ ਸਾਡੇ ਸਮਾਜ ਨੂੰ ਘੁਣ ਵਾਂਗ ਖਾਈ ਜਾ ਰਹੀ ਬੇਈਮਾਨੀ, ਭ੍ਰਿਸ਼ਟਾਚਾਰੀ ਦਾ ਕੋਹੜ ਜੋ ਲੱਗਾ ਹੈ।ਇਹ ਖਾਰ ਵਾਲੀ ਗੱਲ ਸੁਣ ਕੇ ਤਾਏ ਦਾ ਤੇ ਬਸੰਤ ਸਿੰਘ ਦਾ ਮੂੰਹ ਅੱਡੇ ਦਾ ਅੱਡਾ ਰਹਿ ਗਿਆ। ਉਹ ਦੋਵੇਂ ਆਪਣੀ ਅਗਲੀ ਫ਼ਸਲ ਬੀਜਣ ਦੀ ਤਿਆਰੀ ਕਰਨ ਲੱਗੇ।