ਚਿੱਠੀਆਂ, ਸੁਖ ਸੁਨੇਹੇ ਵਾਲੀਆਂ
(ਲੇਖ )
ਇਕ ਦਿਨ ਘਰੇ ਕੁਝ ਪੁਰਾਣੇ ਕਾਗ਼ਜ਼ਾਂ ਨੂੰ ਫਿਰੋਲਦੇ ਹੋਏ ਮੈਨੂੰ ਕੁਝ ਪੁਰਾਣੀਆਂ ਚਿੱਠੀਆਂ ਮਿਲੀਆਂ। ਚਿੱਠੀਆਂ ਸਾਲ 1990-91 ਦੀਆਂ ਸਨ, ਮੇਰੀ ਵੱਡੀ ਭੈਣ ਦੀਆਂ, ਭੈਣ ਦਾ ਵਿਆਹ 1986 ਵਿਚ ਕਨੇਡਾ ਹੋ ਗਿਆ ਸੀ। ਇਹ ਚਿੱਠੀਆਂ ਵੀ ਉਥੋਂ ਹੀ ਲਿਖੀਆਂ ਗਈਆਂ ਸਨ। ਉਹ ਚਿੱਠੀਆਂ ਦੀਦੀ ਨੇ ਡੈਡੀ ਨੂੰ ਲਿਖੀਆਂ ਸਨ, ਤਦ ਮੈਂ ਤਾਂ ਬਹੁਤ ਛੋਟਾ ਹੁੰਦਾ ਸੀ। ਅੱਜ ਉਹ ਚਿੱਠੀਆਂ ਪੜਕੇ ਉਸ ਸਮੇਂ ਨੂੰ ਆਪਣੇ ਮਨ ਵਿਚ ਮਹਿਸੂਸ ਕੀਤਾ, ਕੁਝ ਸਮੇਂ ਲਈ ਉਹ ਸਮਾਂ ਮੈਂ ਜੀਵਿਆ। ਤਕਰੀਬਨ 30 ਸਾਲ ਦਾ ਸਮਾਂ ਬੀਤ ਗਿਆ ਹੈ, ਉਹ ਚਿੱਠੀਆਂ ਪੜਕੇ ਜਿਵੇਂ ਉਸ ਸਮੇਂ ਦੇ ਮੇਰੇ ਡੈਡੀ ਅਤੇ ਦੀਦੀ ਮੇਰੇ ਸਾਹਮਣੇ ਆ ਗਏ ਹੋਣ।
ਜਿਸ ਸਮੇਂ ਤੋਂ ਇਹ ਡਿਜੀਟਲ ਯੁੱਗ ਸਾਡੇ ਆਮ ਲੋਕਾਂ ਦੇ ਹੱਥਾਂ ਵਿਚ ਆਇਆ ਹੈ, ਪਤਾ ਨਹੀਂ ਕਿਨ੍ਹਾਂ ਹੀ ਕੁਝ ਸਾਡੇ ਹੱਥੋਂ ਨਿਕਲ ਗਿਆ ਹੈ। ਬੇਸ਼ੱਕ ਇਸ ਨਵੇਂ ਦੌਰ ਵਿਚ ਇਕ ਦੂਜੇ ਨਾਲ ਗੱਲ ਬਾਤ ਕਰਨਾ, ਸੰਪਰਕ ਵਿਚ ਰਹਿਣਾ ਆਦਿ ਬਹੁਤ ਹੀ ਸੌਖਾ ਹੋ ਗਿਆ ਹੈ ਪਰ ਆਪਸੀ ਭਾਈਚਾਰਾ, ਪਿਆਰ, ਰਿਸ਼ਤਿਆਂ ਵਿਚ ਮਾਸੂਮੀਅਤ, ਖਿਚ, ਸਭ ਘਟਦਾ ਜਾ ਰਿਹਾ ਹੈ। ਸ਼ਾਇਦ ਇਨ੍ਹਾਂ ਨੇੜੇ ਹੋਣਾ ਹੀ ਦੂਰੀਆਂ ਦਾ ਕਾਰਨ ਬਣਦਾ ਜਾ ਰਿਹਾ ਹੈ।
ਚਿੱਠੀਆਂ ਆਪਸੀ ਰਿਸ਼ਤਿਆਂ ਵਿਚ ਅਦਬ, ਪਿਆਰ, ਸਤਿਕਾਰ ਦੀਆਂ ਗੂੜ੍ਹੀਆਂ ਤੰਦਾਂ ਵਾਂਗ ਸਨ ਜਿਹੜੀਆਂ ਅੱਜ ਵੀ ਓਵੇਂ ਹੀ ਜੁੜਿਆਂ ਪਾਈਆਂ ਨੇ। ਤੁਹਾਡੇ ਉਸ ਰਿਸ਼ਤੇ ਦੀ ਅੱਜ ਵੀ ਗੁਆਹੀ ਭਰ ਰਹੀਆਂ ਹਨ ਅਤੇ ਹਮੇਸ਼ਾ ਭਰਦੀਆਂ ਰਹਿਣ ਗਈਆਂ। ਗ਼ੁੱਸੇ ਗਿਲੇ ਵਿਚ ਫੋਨ ਤੇ ਤਾਂ ਪਤਾ ਹੀ ਨਹੀਂ ਬੰਦਾ ਕੀ ਕੁਝ ਗ਼ਲਤ ਜਾਂ ਗਾਲੀ ਗਲੋਚ ਕਰ ਜਾਂਦਾ ਹੈ, ਪਰ ਚਿੱਠੀਆਂ ਵਿਚ ਬੰਦਾ ਸੌ ਵਾਰ ਸੋਚਕੇ ਲਿਖਦਾ ਸੀ। ਗ਼ੁੱਸਾ ਗਿਲਾ ਵੀ ਬੜੇ ਸਲੀਕੇ ਨਾਲ ਹੁੰਦਾ ਸੀ। ਕਿਸੇ ਵੀ ਹਾਲਤ ਦਾ ਪ੍ਰਗਟਾਵਾ ਸੁਚੱਜੇ ਢੰਗ ਨਾਲ ਹੁੰਦਾ ਹੈ। ਇਤੀਹਾਸ ਵਿਚ ਕੁਝ ਅਜਿਹੀਆਂ ਚਿੱਠੀਆਂ ਵੀ ਦਰਜ ਹਨ ਜਿਨ੍ਹਾਂ ਨੇ ਵੱਡੇ-ਵੱਡੇ ਤਖ਼ਤ ਤੱਕ ਹਿਲਾ ਦਿੱਤੇ ਸਨ। ਗੁਰੂ ਸਾਹਿਬ ਵੱਲੋਂ ਲਿਖ ਭੇਜੇ ਜ਼ਫ਼ਰਨਾਮੇ ਨੇ ਔਰੰਗਜ਼ੇਬ ਨੂੰ ਨੈਤਿਕ ਹਾਰ ਦੇ ਵੱਲ ਧੱਕ ਦਿੱਤਾ ਅਤੇ ਜ਼ਫ਼ਰਨਾਮਾ ਖਾਲਸੇ ਦੀ ਰੂਹਾਨੀ ਜਿਤ ਲੈਕੇ ਆਇਆ। ਸਾਹਿਬ ਵੱਲੋਂ ਲਿਖੀ ਇਸ ਜਿੱਤ ਦੀ ਚਿੱਠੀ ਨੂੰ ਪੜਦੇ, ਅੱਜ ਵੀ ਉਹ ਸਮਾਂ ਤੁਹਾਡੇ ਮਨ ਵਿੱਚ ਇਕ ਫਿਲਮ ਦੀ ਤਰ੍ਹਾਂ ਚਿਤ੍ਰਣ ਹੋਣ ਲੱਗਦਾ ਹੈ।
ਅੱਜ ਦੇ ਸਮੇਂ ਵਿਚ ਸਾਡੇ ਕੋਲ ਹਾਲਾਤ ਹਨ, ਅਸੀਂ ਆਪਣੇ ਆਪ ਦੀ ਹੋਂਦ, ਪਹਿਚਾਣ, ਆਪਣੇ ਵਿਚਾਰ ਆਪਣੀ ਆਉਣ ਵਾਲੀ ਪੀੜ੍ਹੀ ਲਈ ਸੰਭਾਲ ਕੇ ਰੱਖ ਜਾਈਏ। ਇਹ ਡਿਜੀਟਲ ਯੁੱਗ ਤੁਹਾਡੇ ਵਿਚਾਰਾਂ ਨੂੰ ਉਸ ਤਰੀਕੇ ਨਾਲ ਨਹੀਂ ਸੰਭਾਲ ਸਕੇਗਾ, ਜਿਸ ਤਰ੍ਹਾਂ ਲਿਖਤਾਂ ਰਾਹੀਂ ਸੰਭਾਲ ਕੇ ਰੱਖਿਆ ਜਾ ਸਕਦਾ ਹੈ। ਤੁਹਾਡੀਆਂ ਲਿਖਤਾਂ ਹੀ ਤੂਹਾਨੂੰ ਜਿਉਂਦਾ ਰੱਖਣਗੀਆਂ ਚਾਹੇ ਇਕੱਲੀਆਂ ਚਿੱਠੀਆਂ ਹੀ ਹੋਵਣ।ਆਪਣਿਆਂ ਬੱਚਿਆਂ ਦੀ ਚਿਠੀਆਂ ਨਾਲ ਜਾਣ-ਪਹਿਚਾਣ ਕਰਵਾਓ। ਤੁਹਾਡੇ ਆਉਣ ਵਾਲੀ ਨਸਲ ਤੁਹਾਨੂੰ ਆਪਣੇ ਨੇੜੇ ਮਹਿਸੂਸ ਕਰੇਗੀ। ਤੁਹਾਡੇ ਲਿਖੇ ਕੁਝ ਸ਼ਬਦ ਹੀ, ਤੁਹਾਡੀ ਗੈਰ ਮੌਜੂਦਗੀ ਵਿੱਚ ਵੀ ਤੁਹਾਡੀ ਹੋਂਦ ਦਾ ਅਹਿਸਾਸ ਕਰਵਾਉਣ ਗੇ।