ਅਕਤੂਬਰ ਮਹੀਨੇ ਦੀ ਵਿਪਸਾ ਰਿਪੋਰਟ (ਖ਼ਬਰਸਾਰ)


ਬੀਤੇ ਐਤਵਾਰ ਨੂੰ ਵਿਪਸਾ ਵਲੋਂ ਕਰਾਈ ਗਈ ਮਾਸਕ ਜ਼ੂਮ ਮੀਟਿੰਗ ਆਪਣੇ ਆਪ ਵਿਚ ਇਕ ਮਹੱਤਵਪੂਰਨ ਸਾਹਿਤਕ ਮੀਟਿੰਗ ਹੋ ਨਿੱਬੜੀ। ਇਸ ਵਿਚ ਅਕੈਡਮੀ ਦੇ ਪ੍ਰਧਾਨ, ਸੁਰਿੰਦਰ ਸੀਰਤ ਨੇ ਆਏ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ ਕਿ ਉਹ ਆਪਣੇ ਮੁੱਲਵਾਨ ਕੰਮਾਂ-ਕਾਰਜਾਂ ਦੇ ਹੁੰਦੇ ਹੋਏ ਵੀ , ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੀ ਇਸ ਮਹੀਨੇਵਾਰ ਜ਼ੂਮ-ਸਾਹਿਤਕ ਬੈਠਕ ਵਿਚ ਸ਼ਸ਼ੋਭਿਤ ਹੋਏ ਹਨ।ਉਹਨਾਂ ਨੇ ਸੰਜੀਦਗੀ ਭਰੇ ਲਹਿਜੇ ਵਿਚ ਸਤਿਕਾਰਯੋਗ ਲੇਖਕ ਜਨਾਬ ਮਹਿੰਦਰ ਸਿੰਘ ਘੱਗ ਦੇ ਅਕਾਲ ਚਲਾਣਾ ਕਰ ਜਾਣ ਦੇ ਸੰਤਾਪ ਵਿਚ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਕਿਹਾ ਕਿ ਆਪ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੇ ਰੂਹੇ-ਰਵਾਂ ਰਹੇ ਹਨ।ਉਹ ਮੋਢੀ ਸਾਹਿਤਕਾਰਾਂ ਚੋਂ ਇਕ ਸਨ ਜਿਨ੍ਹਾਂ ਨੇ ਇਸ ਧਰਤੀ ਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਅਹਿਮ ਭੂਮਿਕਾ ਨਿਭਾਈ ਹੈ। ਸ.ਮਹਿੰਦਰ ਸਿੰਘ ਘੱਗ ਨੂੰ ਪਸਸਕ ਦਾ ਪਹਿਲਾ ਪ੍ਰਧਾਨ ਹੋਣ ਦਾ ਸ਼ਰਫ਼ ਹਾਸਿਲ ਹੈ।ਕੇਵਲ ਉਹ ਹੀ ਇਕ ਅਜੇਹੇ ਮੋਢੀ ਮੈਂਬਰ ਸਨ ਜੋ ਆਪਣੇ ਅੰਤਿਮ ਸਾਹਾਂ ਤੀਕ ਪਸਸਕ ਦੇ  ਮੈਂਬਰ ਬਣੇ ਰਹੇ।ਅੱਜ ਜਿੱਥੇ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਜਾ ਰਹੇ ਹਾਂ ਉੱਥੇ ਹੀ ਕੋਰੋਨਾ-੧੯ ਹੱਥੋਂ, ਉਸਦੀ ਭਿਆਨਕ ਮਾਰੂ ਸ਼ਕਤੀ ਨਾਲ ਦੁਨੀਆਂ ਭਰ ਵਿਚ ਤਰਰੀਬਨ ੧.੨ ਮਿਲੀਅਨ ਅਤੇ ਅਮਰੀਕਾ ਵਿਚ ੨੨੦ ਹਜ਼ਾਰ ਕੀਮਤੀ ਜਾਨਾਂ ਗਵਾ ਬੈਠੇ ਹਾਂ। ਇਹਨਾਂ ਸਾਰੀਆਂ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਇਕ ਮਿੰਟ ਲਈ,ਆਪੋ ਆਪਣੀ ਥਾਂ ਤੇ ਖੜੋ ਕੇ  ਮਿਲਵੀਂ ਅਰਦਾਸ ਰਾਹੀਂ  ਸ਼ਰਧਾ ਦੇ ਫੁੱਲ ਚਾੜੇ ਗਏ।


ਇਸ ਤੋਂ ਪਹਿਲਾਂ ਕਿ ਬੈਠਕ ਦੇ ਏਜੰਡੇ ਅਨੁਸਾਰ ਕਾਰਵਾਈ ਆਰੰਭ ਕੀਤੀ ਜਾਂਦੀ, ਹਾਜ਼ਰ ਮੈਂਬਰਾਂ ਨੇ ਘੱਗ ਸਾਹਿਬ ਪ੍ਰਤੀ ਸ਼ਰਧਾ ਅਤੇ ਸੁਨੇਹ ਪ੍ਰਗਟ ਕੀਤਾ।ਪ੍ਰੋ. ਸੁਖਵਿੰਦਰ ਕੰਬੋਜ ਨੇ ਉਹਨਾਂ ਨਾਲ ਬਿਤਾਏ ਪਲਾਂ ਦੀ ਨੇੜਤਾ ਦਾ ਵਰਣਨ ਕੀਤਾ।ਉਨ੍ਹਾਂ ਦੀ ਪ੍ਰਧਾਨਗੀ ਵਿਚ ਪਸਸਕ ਦੀ ਪਹਿਲੀ ਕਾਨਫਰੰਸ ਵ੍ਹਰਾ ੧੯੯੩ ਵਿਚ, ਉਨ੍ਹਾਂ ਦੇ ਇਲਾਕੇ ਲਾਵਿ-ਓਕ ਵਿਖੇ ਕਰਵਾਈ ਗਈ ਜਿਸ ਦਾ ਜ਼ਿਕਰ ਕਰਦਿਆਂ ਉਹਨਾਂ ਦੱਸਿਆ ਕਿ ਉਸ ਕਾਨਫਰੰਸ ਵਿਚ ਫਿਲਮੀ ਜਗਤ ਦੇ ਉਸਤਾਦ ਗਾਇਕ ਜਨਾਬ ਸੁਰੇਸ਼ ਵਾਡਿਕਰ ਅਤੇ ਉਹਨਾਂ ਦੀ ਟੀਮ ਨੇ ਅਹਿਮ ਭੂਮਿਕਾ ਨਿਭਾਈ।ਪੰਜਾਬੀ ਫਿਲਮਾਂ ਦੇ ਮਸ਼ਹੂਰ ਸੰਗੀਤਕਾਰ ਜਨਾਬ ਸਰਦੂਲ ਕਵਾਤਰਾ ਅਤੇ ਤਕਰੀਬਨ ੫੦੦ ਸਾਹਿਤਕਾਰ, ਸਰੋਤੇ ਅਤੇ ਸ਼ਰਧਾਲੂਆਂ ਨੇ ਇਸ ਨੂੰ ਇਕ ਬਹੁਤ ਕਾਮਯਾਬ ਕਾਨਫਰੰਸ ਬਣਾ ਦਿੱਤਾ।ਪ੍ਰੋ. ਕੰਬੋਜ ਨੇ ਦੱਸਿਆ ਕਿ ਇਸ ਕਾਨਫਰੰਸ ਵਿਚ ਉਸ ਨੂੰ ਸੰਚਾਲਕ ਦੀ ਭੂਮਿਕਾ ਨਿਭਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ।ਇੰਝ ਹੀ ਪਿਆਰਾ ਸਿੰਘ ਕੁੱਦੋਵਾਲ,ਤਾਰਾ ਸਾਗਰ, ਬੀਬੀ ਸੁਰਜੀਤ ਕੌਰ, ਲਾਜ ਨੀਲਮ ਸੈਣੀ, ਚਰਨਜੀਤ ਸਿੰਘ ਪੰਨੂ, ਅਮਰਜੀਤ ਕੌਰ ਪੰਨੂ, ਗੁਲਸ਼ਨ ਦਿਆਲ, ਡਾ.ਗੁਰਪ੍ਰੀਤ ਸਿੰਘ ਧੁੱਗਾ ਆਦਿ ਨੇ ਆਪੋ ਆਪਣੇ ਜਜ਼ਬਾਤੀ ਸ਼ਬਦਾਂ ਨਾਲ ਸਾਂਝ ਪਾਈ।
ਬੈਠਕ ਦੀ ਕਾਰਵਾਈ ਨੂੰ ਅੱਗੇ ਤੋਰਨ ਲਈ, ਗੁਲਸ਼ਨ ਦਿਆਲ ਨੇ ਸਤੰਬਰ ਮਹੀਨੇ ਦੀ ਸਾਹਿਤਕ ਰਿਪੋਰਟ ਪੜ੍ਹੀ ਅਤੇ ਕੌਂਸਲੇਟ ਜਨਰਲ ਆਫ ਇੰਡੀਆ ( ਸੈਨਫ੍ਰਾਂਸਿਸਕੋ ) ਨੂੰ ਭੇਜਿਆ ਗਿਆ ਰੈਜ਼ੋਲੂਸ਼ਨ ਵੀ ਸਾਂਝਾ ਕੀਤਾ। ਤਾਰਾ ਸਾਗਰ ਨੇ ਵਿਪਸਾ ਦਿਆਂ ਐਕਟਿਵ ਮੈਂਬਰਾਂ ਦੀ ਸੂਚੀ ਤੋਂ ਜਾਣੂੰ ਕਰਵਾਇਆ ਅਤੇ ਸੁਰਿੰਦਰ ਸੀਰਤ ਨੇ ੧੫ ਨਵੰਬਰ ਨੂੰ ਕਰਵਾਈ ਜਾ ਰਹੀ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੀ ਇਕ ਦਿਵਸੀ ਜ਼ੂਮ-ਕਾਨਫਰੰਸ ਸਬੰਧੀ ਵਿਚਾਰ ਪ੍ਰਗਟਾਏ ਜਿਸ ਉਪਰ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਦੀ ਰੂਪ-ਰੇਖਾ ਨਿਸਚਿਤ ਕੀਤੀ ਗਈ।ਕਾਨਫਰੰਸ ਪ੍ਰਤੀ ਪ੍ਰੋਗਰਾਮ ਦੀ ਸੂਚਨਾ ਛੇਤੀ ਹੀ ਜ਼ਾਰੀ ਕੀਤੀ ਜਾਏਗੀ।
ਬੈਠਕ ਦਾ ਅੰਤਿਮ ਭਾਗ ਲਾਜ ਨੀਲਮ ਸੈਣੀ ਦੀ ਸੰਚਾਲਨਾ ਹਿਤ, ਅਦਬੀ ਪੈੜਾਂ ਵਿਚ ਢੱਲਣ ਲਈ ਤੱਤਪਰ ਹੋ ਉਠਿਆ। ਤਾਰਾ ਸਾਗਰ ਤੋਂ ਇਸ ਦੌਰ ਦਾ ਆਗ਼ਾਜ਼ ਹੋਇਆ।ਤਾਰਾ ਸਾਗਰ ਨੇ ਚਿੰਤਾ ਪ੍ਰਗਟਾਈ ਕਿ, 'ਅੱਕ ਸੋਚਣੀ ਇਨਾਂ ਦੀ / ਕਿਰਤੀ ਦਾ ਦਿਲ ਹੈ ਰੋਇਆ/ ਅਜ ਕੌਣ ਜੋ ਕਿਸਾਨਾਂ ਦੇ ਨਾਲ ਹੈ ਖਲੋਇਆ'।ਇਸ ਪੜਾ ਤੇ ਲ਼ਾਜ ਨੀਲਮ ਸੈਣੀ ਨੇ ਡਾ ਜਗਤਾਰ ਦਾ ਇਹ ਸ਼ਿਅਰ ਕਿ,
ਹਨੇਰਾ ਹੀ ਹਨੇਰਾ ਸੀ ,ਕਿਤੇ ਚਾਨਣ ਨ ਸੀ/ ਖ਼ੁਦਾਵਾਂ ਦੇ ਨਗਰ ਵਿਚ ਸਭ ਖ਼ੁਦਾ ਸਨ, ਪਰ ਖ਼ੁਦਾ ਨ ਸੀ।
ਇਸੇ ਹਨੇਰਗਰਦੀ ਦੇ ਆਲਮ ਵਿਚ ਗੁਰਮੀਤ ਬਰਸਾਲ ਦਿਲ ਤੇ ਛਾਅ ਗਏ ਹਨੇਰੇ ਦੇ ਕਾਰਣ ਵਲ ਸੰਕੇਤਿਕ ਹੈ, ' ਦਿਲ ਤੇ ਮਾਸਕ ਹਾਲਾਤਾਂ ਨੇ ਮੂੰਹ ਉੱਪਰ ਲਗਵਾਈ ਸੀ / ਦਿਲ aੱਪਰ ਕਿਓਂ ਬੈਠਾ ਮਾਸਕ ਪਾ ਸਜਣਾ'। ਮਹਿੰਦਰ ਸਿੰਘ ਸੰਘੇੜਾ ਇਸ ਸੰਤਾਪ ਨੂੰ ਹੰਢਾ ਰਿਹਾ ਹੈ ਕਿ,' ਕਿਸਾਨਾਂ ਦਾ ਕੋਈ ਨਹੀਂ ਹੈ ਦਰਦੀ ਲੋਕੋ / ਕੋਟਾਂ ਵੀ ਨਈਂ ਸੁਣਨਗੀਆਂ ਓਹਨਾਂ ਦੀ ਅਰਜ਼ੀ ਲੋਕੋ'। ਅਗਲੇ ਚਰਣ ਵਿਚ  ਲਾਜਨੀਲਮ ਸੈਣੀ ਨੇ ਚਰਨਜੀਤ ਸਿੰਘ ਪੰਨੂ ਨੂੰ ਸੁਖਨਵਰ ਹੋਣ ਲਈ ਆਮੰਤ੍ਰਿਤ ਕੀਤਾ।ਇਸ ਵੇਰ ਉਹ ਮੁੜ ਤਿਆਰ ਹੋ ਕੇ ਆਏ ਸਨ।ਮਿਰਜ਼ਾ-ਤਾਨ ਵਿਚ ਉਹਨਾਂ ਨੇ 'ਧਰਤ ਪੰਜਾਬ ਦੀ' ਇਕ ਲੰਮੀ ਕਵਿਤਾ ਦਾ ਗਾਇਨ ਕੀਤਾ।, 'ਸੋਨ ਚਿੜੀ ਕਹਾਂਵਦੀ ਸਾਂ ਮੈਂ / ਸੰਨ ਲਾ ਗਏ ਡਾਕੂ ਚੋਰ /…ਜਾਗੋ ਪੰਜਾਬ ਦੇ ਸੁੱਤੇ ਵਾਰਸੋ / ਲੁਟ ਗਿਆ ਪੰਨੂ ਦਾ ਸ਼ਹਿਰ ਭੰਬੋਰ '।  
ਸ਼ਾਇਰੀ ਦੀ ਮਘ ਰਹੀ ਲੋਅ ਵਿਚ ਡਾ ਗੁਰਪ੍ਰੀਤ ਸਿੰਘ ਧੁੱਗਾ ਨੇ ਇਕ ਮਾਰਮਿਕ ਗ਼ਜ਼ਲ ਸੁਣਾਈ ਜਿਸ ਦਾ ਮਤਲਾ ਇੰਝ ਸੀ, ' ਨਾ ਪਾ ਤੂੰ ਪਿਆਰ ਦੀ ਗਲਵੱਕੜੀ, ਮਾਰੀਂ ਤੂੰ ਖਿਚ ਕੇ ਖ਼ੰਜਰ / ਸਿੰਜਣਾ ਖ਼ੂਨ ਨਾਲ ਪੈਣਾ, ਦਿਲ ਹੋਇਆ ਏ ਬੰਜਰ'।
ਪਿਆਰਾ ਸਿੰਘ ਕੁੱਦੋਵਾਲ ਦਾ ਸੁਖ਼ਨਵਰ ਹੋਣਾ ਆਪਣ ੇਆਪ ਵਿਚ ਇਕ ਜਲਵਾਤੂਰ ਏ।ਹਿਰਦੇ ਦੀਆਂ ਗਹਿਰਾਈਆਂ ਚੋਂ ਪੰਜਾਬ ਪ੍ਰਤੀ ਕਾਮਨਾ, 'ਗ਼ਰੀਬ ਕਿਸਾਨ ਖ਼ੁਦਕਸ਼ੀਆਂ ਕਰਦੇ / ਲੀਡਰ ਮਾਰਨ ਵੱਡੀਆਂ ਬਾਤਾਂ / ਸ਼ਾਲਾ ਮੁੜ ਪੰਜਾਬ'ਚ ਆਵਣ ਹੱਕ ਸੱਚ ਦੀਆਂ ਪਰਭਾਤਾਂ'। ਫਿਰ ਇਕ ਮੁਹੱਬਤ ਦੇ ਨਾਂ ਕਵਿਤਾ ਅਤੇ ਤਰੰਨਮ ਵਿਚ ਗ਼ਜ਼ਲ !  ਮਤਲਾ ਸੀ, ' ਮੇਰੇ ਮਨ ਵਿਚ ਚੜ੍ਹ ਗਿਆ ਸੂਰਜ / ਮੇਰੇ ਮੋਹਰੇ ਖੜ ਗਿਆ ਸੂਰਜ' ਸ਼ਾਇਰੀ ਦੀ ਇਸ ਸ਼ਾਮ ਦਾ ਹਾਸਿਲ ਸੀ।ਬੀਬੀ ਸੁਰਜੀਤ ਕੌਰ ਦੀ ਸੂਝ ਭਰਪੂਰ ਸ਼ਾਇਰੀ ਵੀ ਇਸ ਕਵੀ ਦਰਬਾਰ ਦੀ ਪ੍ਰਾਪਤੀ ਰਹੀ। ਉਹਨਾਂ ਦੋ ਕਵਿਤਾਵਾਂ ਦਾ ਪਾਠ ਕੀਤਾ। ਇਕ ਸੰਦੇਸ਼ ਜੋ ਗ੍ਰਹਿਣ ਕਰਨ ਦਾ ਮੁਤਲਾਸ਼ੀ ਹੈ, ਉਹਨਾਂ ਨੇ ਇੰਝ ਫਰਮਾਇਆ ਹੈ,'ਸੂਰਜ, ਚੰਨ,ਸਤਾਰਿਆਂ ਵਾਂਗੂ / ਰੌਸ਼ਨੀਆਂ ਜੇ ਕਰ ਨਹੀਂ ਸਕਦੇ/ ਵਾਂਗ ਜੁਗਨੂਆਂ ਟਿੰਮ ਟਿੰਮ ਕਰ ਕੇ / ਬਿਖੜੇ ਰਾਹੀਂ ਚਾਨਣ ਕਰੀਏ'।ਸੀਰਤ ਨੇ ਦੋ ਗ਼ਜ਼ਲਾਂ ਸਾਂਝੀਆਂ ਕੀਤੀਆਂ।ਪਹਿਲੀ ਗ਼ਜ਼ਲ ਦਾ ਹਾਸਿਲ ਏ ਗ਼ਜ਼ਲ ਸ਼ਿਅਰ ਸੀ
'ਬੰਦਗੀ ਵਿਚ ਪ੍ਰਾਪਤੀ, ਸਤਿਕਾਰ, ਪ੍ਰਭੂਤਾ, ਵਾਹਗੁਰੂ / ਤਰਕ ਅੰਦਰ ਭਟਕਣਾ, ਅਪਮਾਨ, ਸੰਸੇ, ਲਾਣਛਨ' ਅਤੇ ਤਰੰਨਮ ਵਿਚ ਕਹੀ ਗਈ ਗ਼ਜ਼ਲ ਦਾ ਮਤਲਾ ਸੀ, ' ਤਲੀ ਸੀਸ ਧਰ ਮੈਂ ਗਲੀ ਯਾਰ ਆਇਆ / ਤੁੰ ਕਰਨਾ ਏ ਕਰ ਜੋ ਵੀ ਹੈ ਵਾਰ ਕਰ ਲੈ // ਮੈਂ ਕੱਚੇ ਘੜੇ ਤੇ ਝੰਨਾ ਪਾਰ ਕਰਨੀ / ਤੂੰ ਕਰ ਲੈ ਮਿਰਾ ਯਾਰ ਇਤਬਾਰ ਕਰ ਲੈ'। ਕਵਿਤਾ ਪਾਠ ਦੇ ਅੰਤਿਮ ਚਰਣ ਵਿਚ ਲਾਜ ਨੀਲਮ ਸੈਣੀ ਨੂੰ ਦਾਵਤ ਏ ਕਲਾਮ ਦਿੱਤੀ ਗਈ। ਉਹਨਾਂ ਨੇ , 'ਪੰਜਾਬ ਦਾ ਕਿਸਾਨ' ਸ਼ੀਰਸ਼ਕ ਹੇਠ ਕਿਸਾਨ ਦੇ ਜਾਗਰੂਕ ਕਿਰਦਾਰ ਦੇ ਪੱਕ ਰਹੇ ਅਜ਼ਮ ਵਲ ਇਸ਼ਾਰਾ ਕਰਦਿਆਂ ਕਿਹਾ ਕਿ,'ਹੁਣ ਮੈਂ ਜੱਟ ਬੂਟ ਨਹੀਂ …ਸਗੋਂ ਜਾਗਿਆ ਹੋਇਆ ਕਿਸਾਨ ਹਾਂ/ …ਕਿਰਤੀ ਵਰਗ ਸੰਗ ਇਕ ਝੰਡੇ ਹੇਠ ਖੜੋ…/  ਪਗੜੀ ਸੰਭਾਲ ਵੇ ਜੱਟਾ…ਸੁਰ ਨਾਲ ਸੁਰ ਮਿਲਾ ਕੇ …/ ਦਿੱਲੀ ਵੱਲ ਵਧਦਾ ਜਾ ਰਿਹਾ ਹਾਂ…ਦਿੱਲੀ ਵੱਲ…।

ਸੁਰਿੰਦਰ ਸੀਰਤ