ਮ੍ਰਿਗ ਚਾਲ ਕਬਿੱਤ ਛੰਦ
ਯਾਦ ਕਰ ਮਾਨ ਨਾਲ ਸੀਨਾ ਮੇਰਾ ਚੌੜਾ ਹੋਇਆ
ਹਿੱਕ ਨਾਲ ਮੌਤ ਲਾਈ ਸਿੰਘ ਸਰਦਾਰ ਨੇ
ਊਧਮ ਸਿੰਘ ਉਦੋਂ ਸ਼ੇਰ ਵਾਂਗ ਗੱਜਿਆ ਸੀ
ਗੋਰਿਆਂ ਨੂੰ ਭਾਜੜ ਪਾਈ ਸਿੰਘ ਸਰਦਾਰ ਨੇ
ਨਿੱਕੀ ਉਮਰੇ ਹੀ ਅੱਗ ਦਿਲ ਵਿੱਚ ਬਾਲ ਰੱਖੀ
ਅਜ਼ਾਦੀ ਦੀ ਮਸ਼ਾਲ ਲਾਈ ਸਿੰਘ ਸਰਦਾਰ ਨੇ
ਖੂਨ ਨਾਲ ਰੰਗਿਆਂ ਜੋ ਬਾਗ ਦਿਲੋਂ ਭੁੱਲਦਾ ਨਾ
ਬਦਲਾ ਲੈਣਾ ਸੌਂਹ ਖਾਈ ਸਿੰਘ ਸਰਦਾਰ ਨੇ
ਸਭ ਕੁਝ ਛੱਡ ਸੂਰਾ ਤੁਰਿਆ ਇੰਗਲੈਡ ਤਾਈ
ਅੱਖੀ ਚ’ ਚਮਕ ਜਗਾਈ ਸਿੰਘ ਸਰਦਾਰ ਨੇ
ਪਹੁੰਚ ਇੰਗਲੈਡ ਸ਼ੇਰ ਡਾਇਰ ਦੇ ਪਿੱਛੇ ਲੱਗਾ
ਹਰ ਗਲੀ ਗੇੜੀ ਲਾਈ ਸਿੰਘ ਸਰਦਾਰ ਨੇ
ਮਿਲੇ ਬਿਨ੍ਹਾਂ ਡਾਇਰ ਦੁਨੀਆਂ ਨੂੰ ਛੱਡ ਗਿਆ
ਦਿਲ ਤਾਈ ਗੱਲ ਸਮਝਾਈ ਸਿੰਘ ਸਰਦਾਰ ਨੇ
ਉਡਵਾਇਰ ਨੂੰ ਹੱਥੀ ਹੁਣ ਮਾਰ ਮਕਾਉਣਾ
ਮਨ ਚੋਂ ਨਾ ਗੱਲ ਭੁਲਾਈ ਸਿੰਘ ਸਰਦਾਰ ਨੇ
ਕੈਕਸਟਣ ਦੇ ਹਾਲ ਵੜਿਆ ਕਿਤਾਬ ਲੈ ਕੇ
ਪੰਨੇ ਕੱਟ ਪਸਤੌਲ ਛੁਪਾਈ ਸਿੰਘ ਸਰਦਾਰ ਨੇ
ਇੱਕੀ ਸਾਲਾਂ ਬਾਅਦ ਸੀ ਮਸਾਂ ਦਿਨ ਆਇਆ
ਹਿੱਕ ਵਿੱਚ ਗੋਲੀ ਵਹਾਈਂ ਸਿੰਘ ਸਰਦਾਰ ਨੇ
ਲਾ ਕੇ ਜੈਕਾਰੇ ਸਿੰਘ ਹਾਲ ਵਿੱਚ ਸ਼ੋਰ ਪਾਇਆ
ਘੋੜੀ ਮੌਤ ਵਾਲੀ ਗਾਈ ਸਿੰਘ ਸਰਦਾਰ ਨੇ
ਹੱਸ ਹੱਸ ਸਿੰਘ ਫਾਂਸੀ ਉੱਤੇ ਚੜ੍ਹ ਗਿਆ
ਰੱਸਾ ਚੁੰਮ ਫਾਂਸੀ ਗਲ਼ ਪਾਈ ਸਿੰਘ ਸਰਦਾਰ ਨੇ
ਕੰਗ ਮਰ ਮਿਟ ਜਾਣ ਯੋਧੇ ਅਣਖਾਂ ਦੇ ਕਰਕੇ
ਇਹੋ ਗੱਲ ਸਮਝਾਈ ਸਿੰਘ ਸਰਦਾਰ ਨੇ।