ਆਮ ਅਤੇ ਸ਼ਰੀਫ ਬੰਦਾ ਪੁਲਿਸ ਵਾਲਿਆਂ ਦੇ ਨਾਂ ਤੋਂ ਹੀ ਡਰ ਜਾਂਦਾ ਹੈ। ਸ਼ਾਇਦ ਪੁਲਿਸ ਦੇ ਨਾਮ ਅਤੇ ਵਰਦੀ ਦਾ ਹਊਆ ਹੀ ਇੰਨਾ ਬਣਿਆ ਹੋਇਆ ਹੈ ਕਿ ਪੁਲਿਸ ਦੇ ਦਬਕੇ ਨਾਲ ਆਮ ਨਾਗਰਿਕ ਦਾ ਤ੍ਰਾਹ ਹੀ ਨਿਕਲ ਜਾਂਦਾ ਹੈ। ਪਰ ਹਰ ਮਹਿਕਮੇ ਵਿੱਚ ਚੰਗੇ – ਮਾੜੇ ਦੋਨਾਂ ਕਿਸਮਾਂ ਦੇ ਬੰਦੇ ਤਾਂ ਹੁੰਦੇ ਹੀ ਹਨ। ਕੁੱਝ ਪੁਲਿਸ ਵਾਲੇ ਬੁਰੇ ਹੁੰਦੇ ਹੋਣਗੇ, ਬਾਵਜੂਦ ਬਹੁਤਿਆਂ ਨੂੰ ਸਿਸਟਮ ਬੁਰਾ ਬਣਾ ਦਿੰਦਾ ਏ, ਜਾਂ ਉਸ ਸਿਸਟਮ ਵਿੱਚ ਨੌਕਰੀ ਕਰਦੇ ਰਹਿਣ ਲਈ ਬੁਰੇ ਬਣਨਾ ਪੈਂਦਾ ਹੈ। ਅਫਸਾਰਸ਼ਾਹੀ, ਫੀਤਾਸ਼ਾਹੀ ਅਤੇ ਰਾਜਨੀਤਿਕ ਦਬਾਅ ਬੁਰੇ ਨਾਲ ਚੰਗਾ ਅਤੇ ਚੰਗੇ ਨਾਲ ਬੁਰਾ ਕਰਨ ਲਈ ਪੁਲਿਸ ਵਾਲਿਆਂ ਨੂੰ ਮਜ਼ਬੂਰ ਕਰ ਹੀ ਦਿੰਦਾ ਹੈ।
ਖੈਰ! ਸਾਲ ੨੦੧੯ ਦੇ ਆਖੀਰ ਵੱਚ ਸ਼ੁਰੂ ਹੋਈ ਅਤੇ ਸਾਲ ੨੦੨੦ ਦੇ ਆਰੰਭ ਵਿੱਚ ਹੌਲੀ ਹੌਲੀ ਭਾਰਤ ਅੰਦਰ ਫੈਲਦੀ ਜਾ ਰਹੀ ਕੋਰਨਾ ਵਾਇਰਸ ਦੀ ਬਿਮਾਰੀ ਮਾਰਚ ਮਹੀਨੇ ਤੱਕ ਭਿਅੰਕਰ ਰੂਪ ਧਾਰਨ ਕਰ ਚੁੱਕੀ ਸੀ। ਭਾਰਤ ਸਰਕਾਰ ਵੱਲੋਂ ਜਲਦੀ ਵਿੱਚ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਅਤ ਅਤੇ ਉਸਤੋ ਬਾਅਦ ਮੁਕੰਮਲ ਤਾਲਾਬੰਦੀ ਕਰ ਦਿੱਤੀ ਗਈ। ਵੱਖ-ਵੱਖ ਥਾਵਾਂ 'ਤੇ ਜਨਤਾ ਵੱਲੋਂ ਸਰਕਾਰੀ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਸੀ ਕੀਤੀ ਜਾ ਰਹੀ ਤਾਂ ਮਜ਼ਬੂਰੀ ਵੱਸ ਸਰਕਾਰ ਨੂੰ ਕਰਫਿਊ ਐਲਾਨਣਾ ਪਿਆ ਤਾਂ ਕਿਤੇ ਲੋਕਾਂ ਵਿੱਚ ਅਵਾਰਾ ਘੁੰਮਣ ਦੇ ਰੁਝਾਨ ਨੂੰ ਠੱਲ੍ਹ ਪਈ। ਉਸਦੇ ਬਾਵਜੂਦ ਘੁੰਮਣ ਫਿਰਨ ਦੇ ਸ਼ੌਕੀਨ ਦਾ ਟਲੇ ਤਾਂ ਪੁਲਿਸ ਕਰਮੀਆਂ ਵੱਲੋਂ ਡਾਂਗ ਵਰਾਉਣ, ਮੁਰਗੇ ਬਣਾਉਣ ਅਤੇ ਬੈਠਕਾਂ ਲਗਾਵਾਉਣ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋਈਆਂ। ਕਿਸੇ ਨੇ ਲੋਕਾਂ ਨੂੰ ਬੁਰਾ ਕਿਹਾ ਅਤੇ ਕਿਸੇ ਨੇ ਪੁਲਿਸ ਮੁਲਾਜ਼ਮਾ ਨੂੰ। ਹੱਸਦਿਆਂ ਖੇਡਦਿਆਂ ਸ਼ੁਰੂ ਹੋਈ ਤਾਲਾਬੰਦੀ ਜੀਅ ਦਾ ਜੰਜਾਲ ਬਣਨ ਲੱਗ ਪਈ। ਲੌੜਵੰਦਾਂ/ਗਰੀਬਾਂ ਅਤੇ ਮੱਧ ਵਰਗੀ ਪਰਵਾਰਾਂ ਵਿੱਚ ਚੁਲ੍ਹੇ ਦਾ ਸੇਕ ਘਟਣਾ ਸ਼ੁਰੂ ਹੋ ਗਿਆ।
ਸਮੇਂ ਦੀ ਮੰਗ ਅਨੁਸਾਰ ਬਹੁਤ ਸਾਰੀਆਂ ਸਰਕਾਰੀ ਜਾਂ ਗ਼ੈਰ ਸਰਕਾਰੀ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਸਮੇਤ ਵਿਅਕਤੀਗਤ ਤੌਰ ਤੇ ਵੀ ਲੋਕ ਭਲਾਈ ਦੇ ਕਾਰਜ ਸ਼ੁਰੂ ਹੋ ਗਏ। ਜਗਮਤਿ ਸਿੰਘ ਗੁਰੂ ਦੀ ਸਿੱਖਿਆ ਤੋਂ ਪ੍ਰਣਾਇਆ ਹੋਇਆ ਨੌਜਵਾਨ ਗੱਭਰੂ ਵੀ ਇਸ ਸੇਵਾ ਵਿੱਚ ਹਿੱਸਾ ਪਾਉਣ ਲਈ ਰੋਜ਼ਾਨਾ ਸਵੇਰੇ ਸਰਕਾਰੀ ਅਤੇ ਸਿਹਤ ਵਿਭਾਗ ਵੱਲੋਂ ਦੱਸੀਆਂ ਗਈਆਂ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਘਰੋਂ ਤੁਰਨ ਲੱਗਿਆ ਚਾਰ ਚਾਰ ਫੁਲਕੇ ਅਤੇ ਵਿੱਚ ਆਚਾਰ ਪਾ ਕੇ, ਲੱਗਭਗ ਆਪਣੀ ਸਮਰੱਥਾ ਅਨੁਸਾਰ ੨੫ ਪੈਕਿਟ ਤਿਆਰ ਕਰ ਲੈਂਦਾ ਅਤੇ ਰਸਤੇ ਵਿੱਚ ਮਿਲਣ ਵਾਲੇ ਭਿਖਾਰੀ ਜਾਂ ਹੋਰ ਅੰਗਹੀਣ ਜਾਂ ਫਿਰ ਗਰੀਬ ਲੌੜਵੰਦਾਂ ਵਿੱਚ ਉਹ ਪੈਕਿਟ ਵੰਡ ਦਿੰਦਾ। ਹੌਲੀ ਹੌਲੀ ਇਸ ਗੱਲ ਦੀ ਭਿਣਕ ਆਲੇ ਦੁਆਲੇ ਦੇ ਲੋਕਾਂ ਨੂੰ ਪਈ ਤਾਂ ਪੰਜਾਬੀ ਦੇ ਅਖਾਣ 'ਬੰਦਾ, ਬੰਦੇ ਦਾ ਦਾਰੂ ਹੁੰਦੈ' ਅਨੁਸਾਰ ਹੋਰਨਾਂ ਪਰਿਵਾਰਾਂ ਵੱਲੋਂ ਵੀ ਚਾਰ-ਚਾਰ ਫੁਲਕਿਆਂ ਦੇ ਪੈਕਿਟ ਜਿਸ ਵਿੱਚ ਆਚਾਰ ਜਾਂ ਸੁੱਕੀ ਸਬਜ਼ੀ ਹੁੰਦੀ ਤਿਆਰ ਕਰਕੇ ਜਗਮੀਤ ਸਿੰਘ ਦੇ ਘਰ ਪੁੱਜਦਾ ਕਰ ਦਿੱਤੇ ਜਾਂਦੇ। ਕੋਈ ਪੰਜ ਪੈਕਿਟ ਦੇ ਜਾਂਦਾ ਕੋਈ ਦਸ ਜਾਂ ਕੋਈ ਵੀਹ। ਹੌਲੀ ਹੌਲੀ ਜਗਮੀਤ ਸਿੰਘ ਵੱਲੋਂ ਪੰਝੀ ਪੈਕਿਟਾਂ ਤੋਂ ਕੀਤੀ ਗਈ ਸ਼ੁਰੂਆਤ ਹੁਣ ੨੫੦ ਪੈਕਿਟ ਰੋਜ਼ਾਨਾ ਹੋਣ ਲੱਗ ਪਏ ਕਿ ਹੌਲੀ ਹੌਲੀ ਗਿਣਤੀ ਇੱਕ ਹਜ਼ਾਰ ਪੈਕਿਟਾਂ ਤੱਕ ਪੁੱਜ ਗਈ।
ਜਿਵੇਂ ਹੀ ਉਸਦੀ ਕਾਰ ਸਬੰਧਿਤ ਇਲਾਕਿਆਂ ਵਿੱਚ ਨਿਕਲਦੀ ਤਾਂ ਲੋਕ ਪੂਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਦੱਸੀ ਗਈ ਦੂਰੀ ਬਣਾ ਕੇ ਕਾਰ ਦੇ ਦੁਆਲੇ ਆ ਖੜ੍ਹਦੇ। ਜਿਸ ਜਿਸ ਗਲੀ ਵਿੱਚ ਜਗਮੀਤ ਸਿੰਘ ਦੀ ਕਾਰ ਗੁਜ਼ਰਦੀ, ਕਾਰ ਦੇ ਹਾਰਨ ਦੀ ਅਵਾਜ਼ ਅਤੇ ਦੁਪਿਹਰ ਦੇ ਸਮੇਂ ਹਰੇਕ ਨੂੰ ਪਹਿਲਾਂ ਹੀ ਇੰਜ਼ਾਰ ਜਿਹਾ ਹੁੰਦਾ ਸੀ। ਸੜਕਾਂ ਤੇ ਸੁੰਨ-ਸਾਨ ਹੁੰਦੀ, ਪੁਲਿਸ ਦੇ ਨਾਕੇ ਹੁੰਦੇ, ਬੈਰੀਗੇਟ ਲੱਗੇ ਹੁੰਦੇ, ਇਸ ਸੱਭ ਦੇ ਬਾਵਜੂਦ ਜਗਮੀਤ ਸਿੰਘ ਦੀ ਕਾਰ ਨੂੰ ਕੋਈ ਨਾ ਰੋਕਦਾ ਅਤੇ ਉਸਦੀ ਕਾਰ ਲਈ ਪੁਲਿਸ ਵਾਲੇ ਵੀ ਰਸਤਾ ਖੋਲ੍ਹ ਦਿੰਦੇ।
ਤਾਲਾਬੰਦੀ ਨੂੰ ੪੦ ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਸੀ ਅਤੇ ਪਿਛਲੇ ੩੪ ਦਿਨਾਂ ਤੋਂ ਜਗਮੀਤ ਸਿੰਘ ਇਸ ਸੇਵਾ ਵਿੱਚ ਲੱਗਿਆ ਹੋਇਆ ਸੀ। ਅੱਗੇ ਕਿੰਨਾ ਸਮਾਂ ਹੋਰ ਤਾਲਾਬੰਦੀ ਦਾ ਦੌਰ ਰਹਿਣਾ ਇਸ ਬਾਰੇ ਕੁੱਝ ਵੀ ਸਪੱਸ਼ਟ ਨਹੀਂ ਸੀ। ਹਰੇਕ ਦੀ ਜ਼ੁਬਾਨ ਤੇ ਜਗਮੀਤ ਸਿੰਘ ਦਾ ਨਾਂ ਸੀ ਕਿਉਂਕਿ ਸੋਸ਼ਲ ਮੀਡੀਆਂ ਉੱਤੇ ਉਸਦੀ ਸੇਵਾ ਦੀਆਂ ਵੀਡੀਉਜ਼ ਵਾਇਰਲ ਹੋ ਰਹੀਆਂ ਸਨ ਅਤੇ ਉਹ ਲੋਕਾਂ ਵਿਚ ਹਰਮਨ ਪਿਆਰਾ ਬਣ ਰਿਹਾ ਸੀ।
ਕਿ ਅਚਾਨਕ ਇੱਕ ਦਿਨ ਇੱਕ ਪੁਲਿਸ ਦੀ ਸਾਈਰਨ ਮਾਰਦੀ ਜਿਪਸੀ ਲੰਘੀ, ਜਿਸ ਵਿੱਚ ਜਗਮੀਤ ਸਿੰਘ ਵੀ ਨਾਲ ਬੈਠਾ ਹੋਇਆ ਸੀ, ਜਦ ਇਸ ਬਾਰੇ ਲੋਕਾਂ ਨੂੰ ਪਤਾ ਲੱਗਾ ਤਾਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾ ਹੋਣ ਲੱਗ ਪਈਆਂ। ਹਮੇਸ਼ਾਂ ਦੀ ਤਰ੍ਹਾਂ ਕੁੱਝ ਲੋਕਾਂ ਨੇ ਪੁਲਿਸ ਨੂੰ ਮਾੜਾ-ਚੰਗਾ ਕਹਿਣਾ ਸ਼ੁਰੂ ਕਰ ਦਿੱਤਾ ਕਿ ਪੁਲਿਸ ਨੂੰ ਸੇਵਾ ਕਰਦੇ ਲੋਕ ਵੀ ਚੰਗੇ ਨਹੀਂ ਲੱਗਦੇ। ਕੁੱਝ ਲੋਕਾਂ ਨੇ ਸਾਂਝੇ ਤੌਰ ਤੇ ਥਾਣੇ ਦਾ ਘਿਰਾਓ ਕਰਨ ਦੀ ਵੀ ਸੋਚੀ, ਪਰ ਕਿਸੇ ਵੀ ਤਰ੍ਹਾਂ ਦੇ ਇਕੱਠ ਅਤੇ ਘਰੋਂ ਨਿਕਲ ਤੇ ਪਾਬੰਦੀ ਲੱਗੀ ਹੋਈ ਸੀ ਅਤੇ ਥਾਂ-ਪੁਰ-ਥਾਂ ਪੁਲਿਸ ਦੇ ਨਾਕੇ ਲੱਗੇ ਹੋਏ ਸਨ। ਕਿ ਉਸ ਦਿਨ ਪੁਲਿਸ ਥਾਣੇ ਦੇ ਅੰਦਰੋਂ ਜਗਮੀਤ ਸਿੰਘ ਨੇ ਵੀਡੀਉ ਬਣਾ ਕੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰ ਦਿੱਤੀ, ਜਿਸ ਨੇ ਪੂਰੀ ਇਲਾਕੇ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਉਸ ਵੀਡੀਉ ਵਿੱਚ ਜਗਮੀਤ ਸਿੰਘ ਕਹਿ ਰਿਹਾ ਸੀ, 'ਮੈਨੂੰ ਪਿਆਰ ਕਰਨ ਵਾਲਿਆਂ ਅਤੇ ਸਤਿਕਾਰ ਦੇਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਨੇ ਮੇਰੀ ਫਿਕਰ ਕੀਤੀ ਉਹਨਾਂ ਦਾ ਵੀ ਸ਼ੁਕਰੀਆ ਹੈ। ਮੇਰੀ ਪੁਲਿਸ ਜਿਪਸੀ ਵਿੱਚ ਬੈਠੇ ਦੀਆਂ ਫ਼ੋਟੋਆਂ ਅਤੇ ਵੀਡੀਉ ਕਲਿੱਪ ਵਾਇਰਲ ਕੀਤੇ ਜਾ ਰਹੇ ਹਨ, ਪਰ ਸੱਚ ਇਹ ਹੈ ਕਿ ਮੈਨੂੰ ਪੁਲਿਸ ਨੇ ਜੀਪ ਵਿੱਚ ਨਹੀਂ ਬਿਠਾਇਆ, ਸਗੋਂ ਮੈਂ ਆਪਣੀ ਮਰਜ਼ੀ ਅਤੇ ਲੋੜ ਮੂਜ਼ਬ ਪੁਲਿਸ ਜੀਪ ਵਿੱਚ ਬੈਠਾ ਸੀ, ਕਿਉਂਕਿ ਸਮਾਜ ਸੇਵੀ ਹੋਣਾ ਮੇਰਾ ਧਰਮ ਹੈ, ਪਰ ਪੁਲਿਸ ਦੀ ਜੀਪ ਵਿੱਚ ਬੈਠ ਕੇ ਘੁੰਮਣਾ ਮੇਰੀ ਡਿਊਟੀ ਹੈ, ਕਿਉਂਕਿ ਮੈਂ ਪੇਸ਼ੇ ਵੱਜੋਂ ਇੱਕ ਪੁਲਿਸ ਵਾਲਾ ਹਾਂ।' ਦੋਸਤੋ! ਬਹੁਤ ਨਾਜ਼ੁਕ ਦੌਰ ਚੱਲ ਰਿਹਾ ਹੈ, ਕਿਸੇ ਵੀ ਵੀਡੀਉ ਜਾਂ ਫੋਟੋ ਨੂੰ ਬਿਨ੍ਹਾਂ ਸੋਚੇ ਸਮਝੇ ਅਤੇ ਜਾਣੇ ਸ਼ੇਅਰ ਨਾ ਕਰਿਆ ਕਰੋ, ਅਫਵਾਹਾਂ ਤੋਂ ਬਚੋ, ਘਰੇ ਰਹੋ ਸਰੁੱਖਿਅਤ ਰਹੋ! ਤੁਹਾਡਾ ਜਗਮੀਤ ਸਿੰਘ… ਧੰਨਵਾਦ।
ਲੋਕਾਂ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਪੁਲਿਸ ਵਾਲਿਆਂ ਪ੍ਰਤੀ ਸਤਿਕਾਰ ਪੈਦਾ ਹੋ ਗਿਆ। ਕੁੱਝ ਲੋਕ ਕਹਿ ਰਹੇ ਸਨ ਆਖਰ ਪੁਲਿਸ ਵਾਲੇ ਵੀ ਤਾਂ ਇਨਸਾਨ ਹੀ ਹੁੰਦੇ ਹਨ, ਪਰ ਜੇਕਰ ਸਾਰੇ ਪੁਲਿਸ ਵਾਲੇ ਇਨਸਾਨੀਅਤ ਪਹਿਚਾਣ ਲੈਣ ਅਤੇ ਜਗਮੀਤ ਸਿੰਘ ਦੇ ਜੀਵਣ ਤੋਂ ਸੇਧ ਲੈਣ ਤਾਂ ਲੋਕਾਂ ਲਈ ਪੁਲਿਸ, ਕਾਨੂੰਨ ਪ੍ਰਤੀ ਡਰ ਭੈਅ ਖਤਮ ਹੋ ਜਾਵੇਗਾ ਅਤੇ ਸਦੀਵੀਂ ਸਤਿਕਾਰ ਬਣ ਜਾਵੇਗਾ।