ਲਫਜ਼ਾਂ ਦੀ ਧਾਰ
(ਪੁਸਤਕ ਪੜਚੋਲ )
ਪੁਸਤਕ ਕਾਵਿ ਸੰਗ੍ਰਹਿ ਹੈ । ਵਧੇਰੇ ਖੁਲ੍ਹੀਆਂ ਕਵਿਤਾਵਾਂ ਹਨ । ਕੁਲ 60 ਕਾਵਿ ਰਚਨਾਵਾਂ ਹਨ । ਸ਼ਾਂਇਰ ਸੰਸਕ੍ਰਿਤ ਵਿਸ਼ੇ ਦਾ ਅਧਿਆਪਕ ਹੈ । ਹਿੰਦੀ ਪੰਜਾਬੀ ਅੰਗਰੇਜ਼ੀ ਤੇ ਸੰਸਕ੍ਰਿਤ ਭਾਸ਼ਾਂਵਾਂ ਦਾ ਗਿਆਤਾ ਹੈ । ਇਕ ਕਾਵਿ ਸੰਗ੍ਰਹਿ ‘ਕਿਰ ਰਹੀ ਰੇਤ’ ਪਹਿਲਾਂ ਛਪ ਚੁਕਾ ਹੈ । ਮਾਂ ਬੋਲੀ ਪੰਜਾਬੀ ਵਿਚ ਰਚਨਾ ਕਰਕੇ ਉਸ ਨੂੰ ਖੁਸ਼ੀ ਮਿਲਦੀ ਹੈ । ਅਜ਼ੀਮ ਸ਼ੇਖਰ ਨੇ ਲਿਖਿਆ ਹੈ –ਇਸ ਕਾਵਿ ਸੰਗ੍ਰਹਿ ਵਿਚ ਸ਼ਾਂਇਰ ਨੇ ਆਪਣੇ ਮਨ ਦੀਆਂ ਗੱਲਾਂ ਸਾਂਝੀਆ ਕੀਤੀਆਂ ਹਨ । ਸ਼ਾਂਇਰ ਦੇ ਇਹ ਜਜ਼ਬੇ ਬਹੁੱਪਖੀ ਹਨ । ਸਮਾਜ ਦੀਆਂ ਕਈ ਗੁੰਝਲਾਂ ਨੂੰ ਲਫਜ਼ਾਂ ਦਾ ਰੂਪ ਦਿਤਾ ਗਿਆ ਹੈ । ਸ਼ਾਂਇਰ ਕੋਲ ਸ਼ਬਦ ਹਨ । ਉਹ ਸ਼ਬਦਾਂ ਦੀ ਵਰਤੋਂ ਤਲਵਾਰ ਦੀ ਧਾਂਰ ਵਾਂਗ ਕਰਦਾ ਹੈ ।ਇਸੇ ਲਈ ਲਫਜ਼ ਉਸ ਲਈ ਧਾਂਰ ਹਨ । ਤੇ ਪੁਸਤਕ ਸਿਰਲੇਖ ਵਾਲੀ ਕਵਿਤਾ(ਪੰਨਾ 29 ) ਵਿਚ ਉਹ ਇਨਕਲਾਬੀ ਸ਼ੋਚ ਦਾ ਪ੍ਰਗਟਾਵਾ ਕਰਦਾ ਹੈ; ਕਿਉਂ ਕਿ ਦੇਸ਼ ਵਿਚ ਕਈ ਮਸਲਿਆਂ ਦੀਆਂ ਜੜ੍ਹਾਂ ਐਨੀਆਂ ਡੂੰਘੀਆਂ ਹਨ ਕਿ ਉਹ ਕਿਸੇ ਸਮਾਜਿਕ ਕ੍ਰਾਂਤੀ ਤੋਂ ਬਗੈਰ ਹੱਲ ਨਹੀਂ ਹੋ ਸਕਦੇ ।
ਪੁਸਤਕ ਬਾਰੇ ਲਿਖਦਿਆਂ ਕੁਲਦੀਪ ਸਿੰਘ ਰੁਪਾਲ ਦਾ ਕਥਨ ਹੈ –ਇਂਨ੍ਹਾਂ ਕਾਵਿ ਰਚਨਾਵਾਂ ਦੇ ਵਿਸ਼ੇ ਬਹੁਭਾਂਤੀ ਹਨ । ਭ੍ਰਿਸ਼ਟਾਚਾਰ ,ਨਿਘਰੀ ਹੋਈ ਰਾਜਨੀਤੀ ,ਅਮੀਰੀ ਗਰੀਬੀ ਦਾ ਵਧ ਰਿਹਾ ਪਾੜਾ ,ਰਿਸ਼ਤਿਆਂ ਦੀ ਸੰਵੇਦਨਸ਼ੀਲਤਾ,ਇਹ ਸਾਰਾ ਵਰਤਾਰਾ ਹਰੇਕ ਪਾਸਿਓਂ ਸ਼ਾਂਇਰ ਨੂੰ ਬੇਚੈਨ ਕਰਦਾ ਹੈ ਇਹ ਕਵਿਤਾਵਾਂ ਕਵੀ ਦੀ ਬੇਚੈਨੀ ਦਾ ਹੀ ਸ਼ਬਦੀ ਪ੍ਰਗਟਾਵਾ ਹੈ । ਸ਼ਾਂਇਰ ਦੀ ਸ਼ੋਚ ਹੈ ਕਿ ਜ਼ਮੀਰ ਦੀ ਆਵਾਜ਼ ਸੁਣ ਕੇ ਹੀ ਸਾਹਿਤ ਰਚਨਾ ਹੋ ਸਕਦੀ ਹੈ । ਅਸਲੀ ਸਾਹਿਤ ਹੀ ਉਹ ਹੈ ਜਿਸ ਵਿਚ ਰੂਹ ਦੀ ਆਵਾਜ਼ ਹੋਵੇ । ‘ਕਵਿਤਾ ਮੈਂ ਨਹੀ ਜਾਣਦੀ’ ਵਿਚ ਉਹ ਔਰਤ ਦੇ ਜਜ਼ਬਾਤ ,ਉਸਦੀ ਵਰਤਮਾਨ ਹਾਲਤ ਦੀ ਪੇਸ਼ਕਾਰੀ ਕਰਦਾ ਹੈ । ਇਹ ਔਰਤ ਹੀ ਹੈ ਜੋ ਸਾਰੀ ਉਮਰ ਘਰ ਬਨਾਉਣ ਤੇ ਲਾ ਦਿੰਦੀ ਹੈ । ਕਵਿਤਾ ਕਲਮ ਤੇ ਕਾਗਜ਼ ਵਿਚ ਸ਼ਾਂਇਰ ਨੇ ਲੇਖਕ ਦੇ ਲਿਖਤਾਂ ਨਾਲ ਸੰਬੰਧਾਂ ਦੀ ਗਲ ਕੀਤੀ ਹੈ ।
ਪੁਸਤਕ ਦੀਆਂ ਹੋਰ ਕਵਿਤਾਵਾਂ ਵਿਚ ਅਲਫਾਜ਼ ,ਇਕਾਂਤ ,ਰਾਸ਼ੀ ਫ਼ਲ ,ਰਾਜਨੀਤੀ ,ਸਿਆਸੀ ਕਤਲ ,ਅੱਤਵਾਦੀ ,ਲੋਕਤੰਤਰ ,ਦੀਵਾਲੀ ,ਨੇਕੀ ਬਦੀ ,ਟੁੱਟੇ ਖਿਡੋਣੇ ,ਕਿਰਤੀ ,ਕੁਦਰਤ , ਸਵਛਤਾ ,ਤੋਤਾ ,ਸਵਾਰਥੀ ਮਨੁਖ ,ਆਧੁਨਿਕ ਨਾਰੀ ,ਬਜ਼ੁਰਗਾਂ ਦਾ ਸਤਿਕਾਰ ,ਵਿਚ ਵਿਚ ਜ਼ਿੰਦਗੀ ਦੇ ਵਿਭਿੰਨ ਸਰੋਕਾਰ ਹਨ । ਕਵੀ ਨੂੰ ਦੇਸ਼ ਦੇ ਲੋਕਤੰਤਰ ਬਾਰੇ ਬਹੁਤ ਵਡਾ ਸ਼ਿਕਵਾ ਹੈ । ਕਿਉਂ ਕਿ ਇਹ ਲੋਕਤੰਤਰ ਹੁਣ ਲੋਕ ਵਿਰੁਧੀ ਹੋ ਚੁਕਾ ਹੈ । ਲੋਕਾਂ ਦਾ ਰਾਜ ਲੋਕਾਂ ਵਾਸਤੇ ਨਹੀਂ ਰਹਿ ਗਿਆ । ਨੇਤਾਵਾਂ ਨੂੰ ਲੋਕਾਂ ਨਾਲੋਂ ਆਪਣੀ ਚਿੰਤਾ ਵਧੇਰੇ ਹੈ । ਦੇਸ਼ ਦੇ ਨੇਤਾਵਾਂ ਦੀ ਲੋਕਾਂ ਤੋਂ ਦੂਰੀ ਵਧਦੀ ਜਾ ਰਹੀ ਹੈ । ਮੰਨਿਆ ਗਿਆ ਹੈ ਕਿ ਜ਼ਿੰਦਗੀ ਦੇ ਚਾਰ ਆਸ਼ਰਮ ਹਨ । ਉਮਰ ਦੀ ਵੰਡ ਹੈ ਪਰ ਹੁਣ ਰਿਸ਼ਤੇ ਐਨੇ ਨਿਘਰ ਗਏ ਹਨ ।ਕਿ ਪੰਜਵਾਂ, ਬਿਰਧ ਆਸ਼ਰਮ (ਪੰਨਾ 90) ਬਣ ਗਿਆ ਹੈ ਜਿਂਨ੍ਹਾਂ ਵਿਚ ਬਜ਼ੁਰਗਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ । ਬੱਚਿਆਂ ਕੋਲ ਮਾਪੇ ਸੰਭਾਲਣ ਲਈ ਤਾਂ ਸਮਾਂ ਹੈ ਨਹੀਂ ਨਾ ਹੀ ਆਰਥਿਕ ਤੌਰ ਤੇ ਉਹ ਸਵੈਨਿਰਭਰ ਹਨ । ਕਿਉਂ ਕਿ ਬੇਰੁਜ਼ਗਾਰੀ ਚਰਮ ਸੀਮਾ ਤੇ ਹੈ । ਮਾਪੇ ਕੀ ਸੰਭਾਂਲਣ ? ਬੱਚਿਆਂ ਨੂੰ ਤਾਂ ਦੋ ਡੰਗ ਦੀ ਰੋਟੀ ਦੇ ਲਾਲੇ ਹਨ । ਪੁਸਤਕ ਵਿਚ ਆਖਰੀ ਗਜ਼ਲ ਇਨਕਲਾਬ ਹੈ । ਗਜ਼ਲ ਦੇ ਤਿੱਖੇ ਸ਼ਿਅਰ ਪੁਸਤਕ ਦੀ ਮੁਖ ਸੁਰ ਬਣਦੇ ਹਨ । ਕਾਵਿ ਪੁਸਤਕ ਦਾ ਸਵਾਗਤ ਹੈ ।