ਮਹਾਂਮਾਰੀ (ਕਵਿਤਾ)

ਅਮਰਜੀਤ ਸਿੰਘ ਸਿਧੂ   

Email: amarjitsidhu55@hotmail.de
Phone: 004917664197996
Address: Ellmenreich str 26,20099
Hamburg Germany
ਅਮਰਜੀਤ ਸਿੰਘ ਸਿਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਦ ਦੀ ਇਹ, ਮਹਾਂਮਾਰੀ ਆਈ,
ਦੁੱਖ ਨੇ ਘੇਰਾ ਪਾਇਆ।
ਕੈਦ ਘਰਾਂ ਚ, ਹੋ ਗਏ ਸਾਰੇ,
ਕੰਮ ਨੂੰ ਤਾਲਾ ਲਾਇਆ।
ਨੁਕਸਾਨਾਂ ਦੀ ਗੱਲ ਛੱਡ ਦਿਉ,
ਜੀਣਾ ਹੋਇਆ ਮੁਹਾਲ,
ਕਰਫਿਊ ਲੱਗਾ ਆਵਾਜਾਈ ਠੱਪ,
ਸਭ ਦਾ ਬੁਰਾ ਹਾਲ।
ਬੋਝਾ ਖਾਲੀ ਮੁਕ ਗਏ ਦਾਣੇ,
ਚੁੱਲ੍ਹਾ ਠੰਡਾ ਹੋਇਆ,
ਬੱਚਿਆਂ ਨੂੰ ਭੁੱਖੇ ਵੇਖ ਵਿਲਕਦੇ,
ਧਾਹਾਂ ਮਾਰ ਪਿਉ ਰੋਇਆ।
ਵਾਹ ਮੇਰੇ ਮੌਲਾ ਵੇਖ ਤੇਰੇ ਰੰਗ,
ਸੋਚਾਂ ਵਿੱਚ ਪੈ ਗਿਆ ਬੰਦਾ,
ਥੋੜੇ ਚਿਰ ਵਿੱਚ ਸਾਫ ਤੂੰ ਕਰਤਾ,
ਮੇਰਾ ਸਾਲਾਂ ਦਾ ਕੀਤਾ ਗੰਦਾ।
ਵੇਖ ਕੇ ਸਾਰਾ ਇਹ ਕੁਝ ਹੁੰਦਾ,
ਨੀਰ ਨੈਣਾਂ ਚ ਡੋਹਲਾਂ ਮੈਂ,
ਪਰ ਕਾਦਰ ਦੀ ਕੁਦਰਤ ਨੂੰ ਤੱਕ,
ਨਾਲ ਖੁਸ਼ੀ ਦੇ ਬੋਲਾਂ ਮੈਂ।
ਬੰਦੇ ਜੋ ਖੁਦ ਆਪਣੇ ਸਿਰ ਵਿਚ,
ਹੱਥੀਂ ਖੇਹ ਮਿਲਾਈ ਐ,
ਕਰ ਰਿਹਾ ਹੈ ਕਾਦਰ ਵੇਖ ਲਵੋ,
ਉਸ ਦੀ ਆਪ ਸਫਾਈ ਐ।
ਸਾਫ ਲੱਗਾ ਹੋਣ ਪੌਣ ਪਾਣੀ ਇਹ,
ਦੂਸ਼ਤ ਅਸੀਂ ਜੋ ਕਰਿਆ ਹੈ,
ਰੱਬ ਤੋਂ ਜਿਹੜਾ ਨਹੀਂ ਸੀ ਡਰਦਾ,
ਬੰਦਾ ਬੰਦੇ ਤੋਂ ਡਰਿਆ ਹੈ।
ਰੂਪ ਖੁਦਾ ਦਾ ਮਾਂ ਪਿਉ ਤਾਈਂ ਜੋ,
ਕਹਿੰਦਾ ਨਹੀਂ ਸੀ ਥੱਕਦਾ,
ਉਸ ਬੰਦੇ ਵਿਚ ਦਹਿਸ਼ਤ ਪੈ ਗਈ,
ਮੋਏ ਮਾਪਿਆਂ ਨੂੰ ਨੀ ਚੱਕਦਾ।
ਜੇਕਰ ਸਿੱਧੂਆ ਸੱਚ ਉਤੇ ਚੱਲੇਂਗਾ,
ਮਾਰ ਕਦੇ ਵੀ ਨਹੀਂ ਪੈਂਦੀ।
ਸੱਚ ਤੋਂ ਜਿਹੜੀ ਭੱਟਕ ਜਾਂਦੀ ਉਹ,
ਦੁਨੀਆਂ ਦੁੱਖਾਂ ਨੂੰ ਸਹਿੰਦੀ।