ਪੁੱਤ ਕਿਸੇ ਦਾ ਜਦੋਂ ਕਹਿਣੋ ਬਾਹਰ ਹੁੰਦਾਂ ਏ,
ਮਾੜ੍ਹੀ-ਮਾੜ੍ਹੀ ਗੱਲ ਉੱਤੇ ਮਾਰੋ-ਮਾਰ ਹੁੰਦਾਂ ਏ,
ਮਾਂ ਕੋਲ ਬੈਠਾ ਪੁੱਤ ਮਲੇ ਜਦੋਂ ਜਰਦਾ,
ਫੇਰ ਦੱਸੋ,ਕਿਹੜੀ ਮਾਂ ਨੂੰ ਉਹ ਪੁੱਤ ਖੁਸ਼ ਕਰਦਾ!
ਨਸ ਵਿੱਚ ਲਾਕੇ ਨਸ਼ਿਆਂ ਦੇ ਟੀਕੇ,
ਦਿਨ ਰਾਤ ਦਾਰੂ ਹੱਦੋਂ ਵੱਧ ਪੀਕੇ,
ਵਿਗੜਿਆ ਪੁੱਤ ਜਦੋਂ ਡਿੱਗ-ਡਿੱਗ ਘਰ ਬੜਦਾ,
ਫੇਰ ਦੱਸੋ,ਕਿਹੜੀ ਮਾਂ ਨੂੰ ਉਹ ਪੁੱਤ ਖੁਸ਼ ਕਰਦਾ!
ਬੁਲਟ ਦੇ ਪਟਾਖੇ ਜਦੋਂ ਹੁੱਬ-ਹੁੱਬ ਮਾਰਦਾ,
ਸੜਕਾਂ ਤੇ ਇੰਤਜ਼ਾਰ ਕਰੇ ਕੁੜੀਆਂ ਦੀ ਡਾਰ ਦਾ,
ਥਾਣਿਆ 'ਚ' ਬਾਪ ਜਦ ਨੀਵੀਂ ਪਾਕੇ ਖੜਦਾ,
ਫੇਰ ਦੱਸੋ,ਕਿਹੜੀ ਮਾਂ ਨੂੰ ਉਹ ਪੁੱਤ ਖੁਸ਼ ਕਰਦਾ!
ਬਾਪ ਜਦੋਂ ਕਹਿਣ ਲੱਗੇ,ਤੂੰ ਜੰਮਦਾ ਕਿਉਂ ਨਾ ਮਰਿਆ,
ਤੈਨੂੰ ਭੇਜੇ ਬਿਨ੍ਹਾ ਰੱਬ ਦਾ ਵੀ ਨਾ ਸਰਿਆ,
ਜੰਮ ਜਾਂਦੀ ਧੀਅ ਇੱਕ,ਮੈਂ ਪਲ-ਪਲ ਨਾ ਮਰਦਾ,
ਫੇਰ ਦੱਸੋ,ਕਿਹੜੀ ਮਾਂ ਨੂੰ ਉਹ ਪੁੱਤ ਖੁਸ਼ ਕਰਦਾ!
ਭਾਗਾਂ ਵਾਲੀ ਮਾਂ ਉਹ ਤੇ ਭਾਗਾਂ ਵਾਲਾ ਪਿਉ ਏ,
ਪੁੱਤ ਜਿਹਨਾਂ ਦਾ ਰੋਟੀ ਨਾਲ ਦੇਵੇ ਦੇਸੀ ਘਿਉ ਏ,
ਦੁੱਖ ਉਦੋਂ ਹੁੰਦਾਂ ਜਦੋਂ ਪੁੱਤ ਮਾਪਿਆਂ ਦਾ ਗਲ ਫੜਦਾ!
ਫੇਰ ਦੱਸੋ,ਕਿਹੜੀ ਮਾਂ ਨੂੰ ਉਹ ਪੁੱਤ ਖੁਸ਼ ਕਰਦਾ!