ਘਰੋਂ ਨਿਕਲ ਕੇ ਕੁਲਵੰਤ ਸਿੰਘ ਹਲੇ ਮੋੜ 'ਤੇ ਹੀ ਗਿਆ ਸੀ ਕਿ ਉਸ ਦੀ ਨਿਗ੍ਹਾ ਐਨ ਸਾਹਮਣੇ ਖੜ੍ਹੇ ਉਸ ਦੇ ਬੇਲੀ ਬਲਵੰਤ 'ਤੇ ਜਾ ਪਈ। ਦੋਵੇਂ ਆਪਸ 'ਚ ਸਰਕਾਰ ਦੁਆਰਾ ਏਅਰਪੋਰਟ ਬਣਾਉਣ ਲਈ ਜ਼ਮੀਨ ਅਕਵਾਇਰ ਕੀਤੀ ਦੀਆਂ ਗੱਲਾਂ ਕਰਨ ਲੱਗੇ, "ਸਰਕਾਰ ਨੇ ਕੇਰਾਂ ਤਾਂ ਬਲਵੰਤ ਸਿਆਂ ਆਪਣੇ ਘਰ ਭਰ ਦਿੱਤੇ"।
ਹਾਂ ! "ਬਾਈ ਕੁਲਵੰਤ ਇਹ ਤਾਂ ਹੈ, ਚਲ ਆਪਣੀ ਤਾਂ ਖੇਤੀ ਕਰਦਿਆਂ ਦੀ ਲੰਘ ਗਈ ਹੁਣ ਜੁਆਕਾਂ ਦਾ ਤਾਂ ਕੁਛ ਬਣਜੂ।" ਓ ਬਾਕੀ ਖੁਸ਼ੀ ਆ ਆਪਣੇ ਲਾਗਲੇ ਅੱਡਾ ਬਣ ਰਿਹਾ।
ਮੋੜ 'ਤੇ ਬੈਠੇ ਕਰਤਾਰੇ ਨੇ ਬੋਲਦਿਆਂ ਆਖਿਆ, "ਹੁਣ ਤਾਂ ਤੁਸੀਂ ਜ਼ਮੀਨਾਂ ਵੇਚ ਕੇ ਪੈਸੇ ਵਟ ਲਏ ਆ, ਬਾਕੀ ਇਹ ਜਹਾਜ਼ਾਂ ਵਾਲੇ ਅੱਡੇ ਜੇ ਦਾ ਨਾਮ ਸੁਣ ਕੇ ਵਾਲ੍ਹਾ ਖੁਸ਼ ਹੋਣ ਦੀ ਲੋੜ ਨੀ, ਇਹ ਚੱਜ ਨਾਲ ਕੋਈ ਇਥੇ ਚਲਾਉਂਦੇ ਤਾਂ ਹੈ ਨੀ!" ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ। ਕ ਇਥੇ ਪਿੰਡ-ਪਿੰਡ ਨਿੱਤ ਉਡਾਣਾਂ ਹੀ ਉੱਡਣਗੀਆਂ ? ਪੈਸੇ ਤਾਂ ਥੋਡੇ ਕੋਲੇ ਖੜ੍ਹਨੇ ਨੀ, ਜੇ ਤੁਹਾਡੇ ਜੁਆਕ ਕਿਸੇ ਕੰਮ-ਧੰਦੇ ਲੱਗੇ ਨਾ, ਫ਼ਿਰ ਜ਼ਮੀਨ ਤੋਂ ਤਾਂ ਗਏ ਨਾ ? ਜਿਹੜੀ ਫ਼ਸਲ ਦੀ ਛੇ ਮਹੀਨੇ ਬਾਅਦ ਵਾਲੀ ਆਮਦਨ ਸੀ, ਉਹ ਹੁਣ ਕਿਥੋਂ ਆਊ ?
ਕਰਤਾਰੇ ਦੀਆਂ ਇਹ ਗੱਲਾਂ ਸੁਣ ਕੇ ਦੋਵੇਂ ਚੁੱਪ ਹੋ ਗਏ। ਕੁਲਵੰਤ ਸਿੰਘ ਤਾਂ ਵਾਪਸ ਆਪਣੇ ਘਰ ਨੂੰ ਹੀ ਮੁੜ ਗਿਆ। ਚੁੱਪ ਕੀਤਾ ਬਲਵੰਤ ਵੀ ਕਰਤਾਰੇ ਦੀਆਂ ਗੱਲਾਂ ਨੂੰ ਸੋਚਦਾ ਹੋਇਆ ਕੁਝ ਪਲ ਮੋੜ 'ਤੇ ਹੀ ਬੈਠਾ ਰਿਹਾ।