ਯਹ ਸ਼ਾਮ ਮਸਤਾਨੀ (ਕਹਾਣੀ)

ਇਕਵਾਕ ਸਿੰਘ ਪੱਟੀ    

Email: ispatti@gmail.com
Address: ਸੁਲਤਾਨਵਿੰਡ ਰੋਡ
ਅੰਮ੍ਰਿਤਸਰ India
ਇਕਵਾਕ ਸਿੰਘ ਪੱਟੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਰਵੀ ਪੁਰਾਣੇ ਗੀਤ ਸੁਣਨ ਦਾ ਬਹੁਤ ਸ਼ੌਕੀਨ ਸੀ, ਅਕਸਰ ਉਹ ਕਹਿੰਦਾ ਸੀ ਕਿ ਪੁਰਾਣੇ ਗੀਤਾਂ ਵਿੱਚ ਗੀਤਾਂ ਦੀ ਸ਼ਬਦਾਵਲੀ, ਗਾਉਣ ਵਾਲੇ ਦੀ ਅਵਾਜ਼ ਅਤੇ ਸ਼ਾਂਤ ਸੰਗੀਤ ਮਨ ਨੂੰ ਅਨੰਦਿਤ ਕਰ ਦਿੰਦਾ ਹੈ, ਜਦਕਿ ਇਸ ਦੇ ਮੁਕਾਬਲੇ ਮੌਜੂਦਾ ਦੌਰ ਵਿੱਚ ਚੱਲਣ ਵਾਲਾ ਗੀਤ-ਸੰਗੀਤ ਇੱਕ ਭੜਕਾਹਟ ਪੈਦਾ ਕਰਦਾ ਹੈ, ਸ਼ੋਰ ਸ਼ਰਾਬਾ ਪੈਦਾ ਕਰਦਾ ਹੈ।
ਅਕਸਰ ਜਦ ਉਹ ਆਪਣੀ ਹਮ ਜਮਾਤਣ ਰਹੀ, ਨੀਤੂ ਨਾਲ ਕਾਲਜ ਕਲਾਸਾਂ ਤੋਂ ਬਾਅਦ ਸ਼ਾਮ ਨੂੰ ਵੀਕਐਂਡ ਤੇ ਕਦੇ ਘੁੰਮਣ ਜਾਂਦਾ ਤਾਂ, ਕਿਸ਼ੋਰ ਕੁਮਾਰ ਦੀ ਆਵਾਜ਼ ਵਿੱਚ ਗਾਇਆ ਗੀਤ, 'ਯਹ ਸ਼ਾਮ ਮਸਤਾਨੀ, ਮਦਹੋਸ਼ ਕੀਏ ਜਾਏ, ਕੋਈ ਡੋਰ ਮੁਝੇ ਖੀਚੇ, ਤੇਰੀ ਅੋਰ ਲੀਏ ਜਾਏ' ਜ਼ਰੂਰ ਗੁਣਗਣਾਉਂਦਾ। ਤਾਂ ਨੀਤੂ ਵੀ ਉਸਨੂੰ ਕਹਿ ਦਿੰਦੀ, ਡੋਰ ਤੁਹਾਨੂੰ ਮੇਰੇ ਵੱਲ ਖਿੱਚਦੀ ਜ਼ਰੂਰ ਹੈ, ਪਰ ਮੇਰੇ ਨਾਲ ਜੋੜਦੀ ਕਿਉਂ ਨਹੀਂ? ਤਾਂ ਰਵੀ ਹਾਸੇ ਵਿੱਚ ਕਹਿ ਦਿੰਦਾ, ਜੁੜੀ ਤਾਂ ਪਈ ਹੈ, ਬੱਸ ਸਮਾਜਿਕ ਅਤੇ ਧਾਰਮਿਕ ਪ੍ਰਵਾਨਗੀ ਦੀ ਲੋੜ ਹੈ, ਬੱਸ ਆ ਪੜ੍ਹਾਈ ਪੂਰੀ ਹੋ ਜਾਏ ਤਾਂ ਕਰਦੇ ਹਾਂ ਘਰ ਗੱਲ ਸ਼ੁਰੂ।
ਰਵੀ ਅਤੇ ਨੀਤੂ ਬਚਪਨ ਤੋਂ ਹੀ ਪੜ੍ਹਾਈ ਇਕੱਠੇ ਕਰਦੇ ਆ ਰਹੇ ਸਨ। ਦੋਹਾਂ ਨੇ ਮਾਤਾ-ਪਿਤਾ ਵੀ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਸਕੂਲ ਦੀ ਪੜ੍ਹਾਈ ਤੋਂ ਬਾਅਦ ਦੋਹਾਂ ਨੇ ਕਾਲਜ ਵੀ ਇਕੋ ਹੀ ਚੁਣਿਆ ਸੀ। ਸਕੂਲ ਸਮੇਂ ਵੀ ਅਤੇ ਹੁਣ ਕਾਲਜ ਵਿੱਚ ਵੀ ਹਰ ਇੱਕ ਸੱਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਰਹਿੰਦੇ ਸਨ। ਪੜ੍ਹਾਈ ਵਿੱਚ ਵੀ ਦੋਨੋਂ ਬਹੁਤ ਹੁਸ਼ਿਆਰ ਸਨ। ਇੱਕ ਦੂਜੇ ਦੇ ਹਮਸਾਏ ਵਾਂਗ ਇਕੱਠੇ ਆਉਣਾ ਇਕੱਠੇ ਜਾਣਾ, ਕੰਟੀਨ ਹੋਵੇ ਜਾਂ ਲਾਇਬ੍ਰੇਰੀ ਹਰ ਥਾਂ ਇੱਕ ਦੂਜੇ ਦੇ ਪੂਰਕ ਬਣੇ ਰਹਿੰਦੇ ਸਨ।
ਇਹ ਦੋਨਾਂ ਦਾ ਆਖਰੀ ਸਾਲ ਸੀ ਅਤੇ ਦੋਨੋਂ ਚਾਹੁੰਦੇ ਸਨ ਕਿ ਪੜ੍ਹਾਈ ਤੋਂ ਬਾਅਦ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰੀਏ ਅਤੇ ਜੇਕਰ ਕੋਈ ਕਾਰੋਬਾਰ ਸ਼ੁਰੂ ਕਰਨਾ ਹੈ ਤਾਂ ਪਹਿਲਾਂ ਵਿਆਹ ਕਰਵਾ ਲਈਏ ਅਤੇ ਫਿਰ ਇੱਕ ਦੂਜੇ ਦੀ ਤਾਕਤ ਬਣ ਕੇ ਸਾਂਝੇ ਤੌਰ ਤੇ ਕੁੱਝ ਨਵਾਂ ਅਤੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਜਾਵੇ ਤਾਂ ਕਿ ਭਵਿੱਖ ਵਿੱਚ ਬੱਚਿਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਨੀਤੂ ਇਸ ਲਈ ਵੀ ਚਾਹੁੰਦੀ ਸੀ ਕਿ ਘਰ ਸਾਡੇ ਬਾਰੇ ਸੱਭ ਕੁੱਝ ਪਤਾ ਹੋਵੇ।
ਦੂਜੇ ਪਾਸੇ ਦੋਨਾਂ ਦਾ ਮਾਤਾ-ਪਿਤਾ ਪਹਿਲਾਂ ਹੀ ਇੱਕ ਦੂਜੇ ਦੇ ਰਿਸ਼ਤੇਦਾਰ ਬਣਨ ਨੂੰ ਤਿਆਰ ਸਨ ਤੇ ਬੱਸ ਬੱਚਿਆਂ ਦੇ ਮੂੰਹ ਵੱਲ ਹੀ ਦੇਖ ਰਹੇ ਸਨ, ਕਿ ਕੋਈ ਮੌਕਾ ਬਣੇ ਤਾਂ ਗੱਲ ਕਰੀਏ। ਇਨ੍ਹਾਂ ਦਿਨਾਂ ਵਿੱਚ ਹੀ ਨੀਤੂ ਦੇ ਮੰਮੀ ਦੀ ਇੱਕ ਦੋਸਤ ਦੇ ਬੇਟੇ ਦਾ ਰਿਸ਼ਤਾ ਨੀਤੂ ਲਈ ਆ ਗਿਆ, ਤਾਂ ਉਹਨਾਂ ਨੇ ਸਲਾਹ ਕਰਕੇ ਦੱਸਾਂਗੇ ਕਹਿ ਕੇ, ਨੀਤੂ ਦੇ ਪਿਤਾ ਜੀ ਨਾਲ ਗੱਲ ਕੀਤੀ। ਨੀਤੂ ਦੇ ਪਿਤਾ ਜੀ ਨੇ ਇੱਕ ਵਾਰ ਸਰਸਰੀ ਤੌਰ ਤੇ ਨੀਤੂ ਅਤੇ ਰਵੀ ਦੇ ਰਿਸ਼ਤੇ ਸਬੰਧੀ ਗੱਲ ਸਾਫ ਕਰਨ ਲਈ, ਰਵੀ ਦੇ ਮਾਤਾ-ਪਿਤਾ ਤੱਕ ਪਹੁੰਚ ਕੀਤੀ। ਰਵੀ ਦੇ ਮਾਤਾ –ਪਿਤਾ ਨੇ ਉਨ੍ਹਾਂ ਨੂੰ ਇੱਕ ਦਮ ਹਾਂ ਕਹਿ ਦਿੱਤਾ ਅਤੇ ਜਲਦੀ ਹੀ ਦੋਨਾਂ ਬੱਚਿਆਂ ਨੂੰ ਸੱਦ ਕੇ ਇੱਕ ਦੂਜੇ ਦੇ ਸਾਹਮਣੇ ਸੱਭ ਕੁੱਝ ਸਾਫ ਕਰਨ ਲਈ ਆਉਂਦੇ ਐਤਵਾਰ ਸ਼ਾਮੀਂ ਚਾਹ ਦੇ ਸਮੇਂ ਤੇ ਰਸਮੀਂ ਮੁਲਾਕਾਤ ਰੱਖ ਲਈ।
ਐਤਵਾਰ ਸ਼ਾਮੀਂ ਸਾਰੇ ਹੀ ਨੀਤੂ ਦੇ ਘਰ ਪੁੱਜ ਗਏ। ਸਾਰੇ ਬੈਠੇ ਚਾਹ ਦੀਆਂ ਚੁਸਕੀਆਂ ਲੈ ਰਹੇ ਸਨ ਕਿ, ਨੀਤੂ ਦੇ ਮੰਮੀ ਰਵੀ ਨੂੰ ਕਹਿਣ ਲੱਗੀ ਬੇਟਾ! ਨੀਤੂ ਲਈ ਰਿਸ਼ਤਾ ਆਇਆ ਹੈ, ਮੁੰਡਾ ਬਹੁਤ ਚੰਗਾ ਹੈ ਪੜ੍ਹਿਆ ਲਿਖਿਆ ਹੈ, ਤੇਰੇ ਵਰਗਾ ਹੀ ਹੈ, ਕਿਉਂ ਨਾ ਇਸ ਹਫ਼ਤੇ ਆਪਾਂ ਘਰ-ਬਾਹਰ ਵੇਖ ਆਈਏ ਤਾਂ ਨੀਤੂ ਇੱਕ ਦਮ ਉਠ ਖੜ੍ਹੀ, ਇਸ ਹਫ਼ਤੇ ਨਹੀਂ ਕਿਸੇ ਵੀ ਹਫ਼ਤੇ ਨਹੀਂ, ਬਲਕਿ ਕਿਸੇ ਸਾਲ ਵੀ ਨਹੀਂ, ਸਗੋਂ ਮੈਂ ਪੂਰੇ ਇਸ ਜਨਮ ਵਿੱਚ ਵੀ ਨਹੀਂ, ਕਿਸੇ ਨੇ ਕਿਤੇ ਕਿਸੇ ਨੂੰ ਵੇਖਣ ਨਹੀਂ ਜਾਣਾ, ਜਿਸ ਨੇ ਵੇਖਣਾ ਹੁਣੇ ਵੇਖੋ, ਇੱਥੇ ਹੀ ਵੇਖੋ ਤੇ ਨਾਲ ਹੀ ਰਵੀ ਨੂੰ ਕਹਿਣ ਲੱਗੀ ਤੁਸੀਂ ਕੁੱਝ ਬੋਲ ਕਿਉਂ ਨਹੀਂ ਰਹੇ, ਦੱਸੋ! ਹੁਣ ਸੱਭ ਨੂੰ ਕਿ ਅਸੀਂ ਇੱਕ ਦੂਜੇ ਬਿਨ੍ਹਾਂ ਨਹੀਂ ਰਹਿ ਸਕਦੇ ਅਤੇ ਸਾਡੀ ਸਾਰੀ ਜ਼ਿੰਦਗੀ ਇੱਕ ਦੂਜੇ ਨੂੰ ਸਮਰਪਤ ਹੈ। ਬੱਸ ਫਿਰ ਕੀ ਸੀ, ਦੋਨਾਂ ਪਰਵਾਰਾਂ ਦੇ ਚਿਹਰਿਆਂ ਤੇ ਖੁਸ਼ੀ ਝਲਕ ਪਈ ਤੇ ਰਵੀ ਨੇ ਵੀ ਆਪਣੇ ਅਤੇ ਨੀਤੂ ਦੇ ਮਾਤਾ ਪਿਤਾ ਨੂੰ ਸੰਬੋਧਨ ਕਰਦੇ ਹੋਏ ਇਸ ਰਿਸ਼ਤੇ ਦੀ ਦਿਲੋਂ ਹਾਮੀ ਭਰੀ।
ਪੜ੍ਹਾਈ ਖ਼ਤਮ ਹੁੰਦੇ ਹੀ ਦੋਨਾਂ ਦੇ ਵਿਆਹ ਦੀ ਤਰੀਕ ਮੁਕਰਰ ਕਰ ਦਿੱਤੀ ਗਈ। ਕਾਲਜ ਦਾ ਨਤੀਜਾ ਐਲ਼ਾਨਿਆ ਗਿਆ ਤਾਂ ਦੋਹੇਂ ਵਧੀਆਂ ਅੰਕਾਂ ਨਾਲ ਪਾਸ ਹੋਏ। ਦੋਹਾਂ ਨੂੰ ਕਾਲਜ ਵੱਲੋਂ ਪਲੇਸਮੈਂਟ ਲਈ ਵਧੀਆ ਨੌਕਰੀਆਂ ਦਾ ਮੌਕਾ ਦਿੱਤਾ ਗਿਆ ਪਰ ਦੋਹਾਂ ਨੇ ਠੁਕਰਾ ਦਿੱਤਾ ਅਤੇ ਆਪਣਾ ਕਾਰੋਬਾਰ ਸ਼ੁਰੂ ਕਰ ਦੀ ਗੱਲ ਕੀਤੀ। ਇਸੇ ਦੌਰਾਨ ਰਵੀ ਦੇ ਮਾਤਾ-ਪਿਤਾ ਨੇ ਸ਼ਹਿਰ ਤੋਂ ਬਾਅਦ ਇੱਕ ਵਧੀਆ ਕਲੋਨੀ ਕੱਟੀ ਅਤੇ ਨੀਤੂ ਦੇ ਨਾਂ ਤੇ ਉਸ ਦਾ ਨਾਂ ਰੱਖਿਆ।
ਮਹੀਨੇ ਦੇ ਆਖਰੀ ਐਤਵਾਰ ਉਸਦੇ ਉਦਘਾਟਨ ਦਾ ਦਿਨ ਸੀ। ਇਸੇ ਦਿਨ ਦੋਨਾਂ ਦੀ ਅੰਗੇਜ਼ਮੈਂਟ ਵੀ ਕੀਤੀ ਜਾਣੀ ਸੀ ਤਾਂ ਕਿ ਸਮਾਜਿਕ ਪ੍ਰਵਾਨਗੀ ਵੀ ਮਿਲ ਸਕੇ। ਹਰ ਤਰ੍ਹਾਂ ਦਾ ਪ੍ਰਬੰਧ ਰਵੀ ਤੇ ਨੀਤੂ ਖੁਦ ਦੇਖ ਰਹੇ ਸਨ। ਬਹੁਤ ਹੀ ਕਲਾਸੀਕਲ ਜਿਹਾ ਮਾਹੌਲ ਤਿਆਰ ਕੀਤਾ ਜਾ ਰਿਹਾ ਸੀ। ਹਰ ਪਾਸੇ ਹਰਿਆਵਾਲ, ਪ੍ਰਾਕ੍ਰਿਤੀ ਨਾਲ ਪਿਆਰ ਪੈਦਾ ਕਰਦੇ ਹੋਏ ਦ੍ਰਿਸ਼ ਸਨ। ਇਹ ਵੀ ਪੱਕਾ ਸੀ ਕਿ ਕਲੋਨੀ ਵਿੱਚ ਕਿਸੇ ਵੀ ਪੁਰਤਾਨ ਰੁੱਖ ਨੂੰ ਨਹੀਂ ਕੱਟਿਆ ਜਾਏਗਾ ਅਤੇ ਮਜ਼ਬੂਰੀ ਵੱਸ ਕੱਟਣਾ ਪੈਂਦਾ ਹੈ ਤਾਂ ਬਦਲਵੀਂ ਥਾਂ ਤੇ ਸ਼ਿਫਟ ਕਰ ਦਿੱਤਾ ਜਾਏਗਾ।
ਉਦਘਾਟਨ ਵਾਲੇ ਦਿਨ ਸਾਰਾ ਪ੍ਰੋਗ੍ਰਾਮ ਸੋਚੇ ਅਨੁਸਾਰ ਹੋ ਰਿਹਾ ਸੀ। ਹਰ ਪਾਸੇ ਖੁਸ਼ੀ ਸੀ। ਰਵੀ ਅਤੇ ਨੀਤੂ ਅਤੇ ਦੋਹਾਂ ਨੇ ਮਾਤਾ-ਪਿਤਾ ਸਟੇਜ ਤੇ ਸਨ। ਰਿੰਗ ਬਦਲਣ ਦਾ ਮੌਕਾ ਬਣ ਚੁੱਕਿਆ ਸੀ। ਹਰ ਕਿਸੇ ਦੀ ਨਜ਼ਰ ਸਟੇਜ ਤੇ ਸੀ। ਰਵੀ ਅਤੇ ਨੀਤੂ ਇੱਕ ਦੂਜੇ ਦੇ ਬਿਲਕੁਲ ਨੇੜੇ ਸਨ। ਮੌਸਮ ਵੀ ਕਰਵਟ ਬਦਲ ਚੁੱਕਿਆ ਸੀ। ਅਸਮਾਨ ਵਿੱਚ ਬੱਦਲਵਾਈ ਅਤੇ ਠੰਡੀ ਹਵਾ ਦੇ ਸ਼ਾਮ ਦੀ ਇਸ ਸਭਾ ਵਿੱਚ ਹੋਰ ਰੰਗੀਨੀ ਭਰ ਦਿੱਤੀ ਸੀ। ਡੀ.ਜੇ. ਤੇ ਰਵੀ ਦਾ ਮਨਪਸੰਦ ਗੀਤ 'ਯਹ ਸ਼ਾਮ ਮਸਤਾਨੀ, ਮਦਹੋਸ਼ ਕੀਏ ਜਾਏ। ਕੋਈ ਡੋਰ ਮੁਝੇ ਖੀਚੇ, ਤੇਰੀ ਔਰ ਲੀਏ ਜਾਏ' ਚੱਲ ਰਿਹਾ ਸੀ।
ਨੀਤੂ ਨੂੰ ਅੰਗੂਠੀ ਪਹਿਨਾਉਣ ਲੱਗੇ ਰਵੀ ਕਹਿਣ ਲੱਗਾ, 'ਅੱਜ ਇਹ ਡੋਰ ਸਾਨੂੰ ਇੱਕ ਦੂਜੇ ਨਾਲ ਹਮੇਸ਼ਾਂ ਜੋੜਨ ਜਾ ਰਹੀ ਹੈ, ਮੈਂ ਵਾਅਦਾ ਕਰਦਾ ਹਾਂ ਕਿ ਸੱਤ ਜਨਮਾਂ ਦੇ ਪਿਆਰ ਦਾ ਤਾਂ ਪਤਾ ਨਹੀਂ, ਪਰ ਸੱਤ ਜਨਮਾਂ ਜਿੰਨਾਂ ਪਿਆਰ ਤੈਨੂੰ ਇਸ ਜਨਮ ਵਿੱਚ ਜ਼ਰੂਰ ਦੇਵਾਂਗਾ। ਤੂੰ ਮੇਰਾ ਪਹਿਲਾ ਹੀ ਨਹੀਂ, ਆਖਰੀ ਪਿਆਰ ਵੀ ਹੈ। ਤੇਰੇ ਤੋਂ ਬਾਅਦ ਨਹੀਂ ਤੇਰੇ ਤੋਂ ਬਿਨ੍ਹਾਂ ਨਹੀਂ। ਨੀਤੂ ਦੀਆਂ ਅੱਖਾਂ ਤ੍ਰਿਪ ਤ੍ਰਿਪ ਵਹਿ ਤੁਰੀਆਂ, ਉਸਨੇ ਆਪਣਾ ਸੱਜਾ ਹੱਥ ਅੱਗੇ ਕੀਤੀ ਕਿ ਅਸਮਾਨ ਵਿੱਚ ਗੜਗੜਹਾਟ ਵੀ ਤੇਜ਼ ਹੋ ਗਈ ਅਤੇ ਇੱਕ ਚਮਕਦੀ ਅਸਮਾਨੀ ਬਿਜਲੀ ਟੈਂਟ ਨੂੰ ਚੀਰਦੀ ਹੋਈ, ਨੀਤੂ ਨੂੰ ਮੌਤ ਦੀ ਆਗੋਸ਼ ਵਿੱਚ ਸੁੱਟ ਕੇ ਗਾਇਬ ਹੋ ਗਈ। ਇਸ ਤੋਂ ਪਹਿਲਾਂ ਕਿ ਕੁੱਝ ਸਮਝ ਆਉਂਦਾ ਹਰ ਪਾਸੇ ਅਫਰਾ ਤਫਰੀ ਮੱਚ ਗਈ। ਜੇ ਕੋਈ ਪੱਥਰ ਵਾਂਗ ਖੜ੍ਹਾ ਸੀ ਤਾਂ ਉਹ ਸੀ ਰਵੀ, ਤੇ ਗੀਤ ਦੇ ਬੋਲ ਚੱਲ ਰਹੇ ਸਨ, ਯਹ ਸ਼ਾਮ ਮਸਤਾਨੀ.....