ਕਿਸਾਨ (ਕਵਿਤਾ)

ਪਵਨਜੀਤ ਕੌਰ ਬੌਡੇ   

Email: dhaliwalpawan953@gmail.com
Address:
India
ਪਵਨਜੀਤ ਕੌਰ ਬੌਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ ਕਿਸਾਨ ਬੋਲਦਾ ਹਾਂ,
ਦੁੱਖ ਆਪਣਾ ਫਰੋਲਦਾ ਹਾਂ ,
ਅੱਖੋਂ ਹੰਝੂ ਖਾਰੇ ਡੋਲਦਾ ਹਾਂ।
ਸਭ ਦੁਨੀਆਂ ਨੂੰ ਰਜਾਉਣ ਵਾਲਾ,
ਕਰ ਸਬਰ ਜਦ ਸੌਂਦਾ ਹਾਂ।
ਅੈਂਤਕੀ ਧੀ ਦੀ ਡੋਲੀ ਫਿਰ ਨਾ ਤੋਰ ਸਕਿਆ,
ਬਸ ਇਹ ਸੋਚ, ਮੂੰਹ ਰਜਾਈ 'ਚ ਦੇ ਕੇ ਰੋਂਦਾ ਹਾਂ।
ਮੈਂ ਕਿਸਾਨ, ਕਪਾਹ ਉਗਾਉਂਦਾ ਹਾਂ,
ਪਰ ਤਨ ਆਪਣੇ ਤੇ ਪਾਟੇ -ਪੁਰਾਣੇ ਹੀ ਪਾਉਂਦਾ ਹਾਂ।
ਉਖੜੇ ਨੁੰਹ, ਫਟੀਆਂ ਅੱਡੀਆਂ, ਪਾਟੀਆਂ ਵਿਆਈਆਂ
ਫਿਰ ਵੀ ਮੁਸਕਰਾਉਂਦਾ ਹਾਂ।
ਇਸ ਸਾਲ ਫ਼ਸਲ ਮੇਰਾ ਘਰ ਭਰ ਦੂ,
ਬਸ ਇਹੀ ਕਿਆਸੇ ਲਾਉਂਦਾ ਹਾਂ।
ਮੈਂ ਕਿਸਾਨ, ਪੋਹ ਦੀਆਂ ਰਾਤਾਂ ਨੂੰ, ਖੇਤੀ ਪਾਣੀ ਲਾਉਂਦਾ ਹਾਂ।
ਜੇਠ -ਹਾੜ ਦੀਆਂ ਧੁੱਪਾਂ, ਆਪਣੇ ਪਿੰਡੇ ਹੰਢਾਉਂਦਾ ਹਾਂ।
ਸੱਪਾਂ ਦੀਆਂ ਮਿੱਧ ਸਿਰੀਆਂ, ਫ਼ਸਲ ਘਰ ਲਿਆਉਂਦਾ ਹਾਂ।
ਮੈਂ ਕਿਸਾਨ, ਮੇਲੇ ਜਾਂਦਾ ਹਾਂ, ਹਰ ਤਿਉਹਾਰ ਮਨਾਉਂਦਾ ਹਾਂ।
ਕਿਧਰੇ ਕੋਈ ਮੈਂਨੂੰ ਉਦਾਸ ਨਾ ਦੇਖ ਲਵੇ ,
ਪੁੱਤਰ ਲਈ ਆਤਿਸ਼ਬਾਜੀ ਅਤੇ ਧੀ ਲਈ ਫੁਲਝੜੀ ਬਸ ਏਸੇ
ਕਰਕੇ ਹੀ ਲਿਆਉਂਦਾ ਹਾਂ।
ਮੈਂ ਕਿਸਾਨ, ਕਦੇ ਰੱਜ ਨਹੀਂ ਸੋਇਆ,
ਕਿਸੇ ਦੇ ਹੱਥੋਂ ਟੁੱਕਰ ਨਹੀਂ ਖੋਹਿਆ,
ਹਨੇਰੀ ਚੱਲੇ,ਜਾਂ ਝੱਖੜ ਝੱਲੇ।
ਚਾਹੇ ਹੋਵਣ ਸਰਕਾਰੀ ਨੀਤੀਆਂ ਦੇ ਹੱਲੇ।
ਜਦ ਵੀ ਮੋਇਆ ਬਸ ਮੈਂ ਹੀ ਮੋਇਆ,
ਦੱਸੋ? ਮੈਥੋਂ ਕਸੂਰ ਕੀ ਹੋਇਆ!