ਵਧੀਆ-ਵਧੀਆ ਦਿਨ ਦਿਖਲਾਵੇ ਨਵਾਂ ਸਾਲ।
ਸਭ ਲਈ ਖੁਸ਼ੀਆਂ ਲੈ ਕੇ ਆਵੇ ਨਵਾਂ ਸਾਲ।
ਨਫਰਤ,ਦੂਈ-ਦਵੈਤ ਮੁਕਾਵੇ ਹਰ ਦਿਲ ਚੋਂ,
ਸਭ ਦੇ ਦਿਲ ਵਿੱਚ ਪਿਆਰ ਵਧਾਵੇ ਨਵਾਂ ਸਾਲ।
ਹੈਪੀ-ਹੈਪੀ ਕਰਦੇ ਨੇ ਸਭ ਹਰ ਵਾਰੀ,
ਸੱਚੀਂ ਹੈਪੀ ਬਣ ਹੀ ਜਾਵੇ ਨਵਾਂ ਸਾਲ।
ਚੂਰ-ਚੂਰ ਕਰ ਦੇਵੇ ਨਫਰਤ ਦੀਆਂ ਕੰਧਾਂ,
ਐਸਾ ਜਾਦੂ ਕਰ ਦਿਖਲਾਵੇ ਨਵਾਂ ਸਾਲ।
ਸਭ ਨੂੰ ਰੋਟੀ-ਕੱਪੜਾ ਅਤੇ ਮਕਾਨ ਮਿਲੇ,
ਕਰ ਕੋਈ ਚਮਤਕਾਰ ਦਿਖਾਵੇ ਨਵਾਂ ਸਾਲ।
ਕਾਲੀਆਂ ਇੱਥੇ ਕਰੇ ਕੋਈ ਕਰਤੂਤਾਂ ਨਾ,
ਐਸਾ ਸੱਚ ਦਾ ਫੁੱਲ ਖਿੜਾਵੇ ਨਵਾਂ ਸਾਲ।
ਸੂਰਜ ਬੇਸ਼ਕ ਆਮ ਦਿਨਾਂ ਵੱਤ ਚੜ੍ਹਨਾ ਹੈ,
ਫਿਰ ਵੀ ਮਹਿਕੇ-ਹੱਸੇ-ਗਾਵੇ ਨਵਾਂ ਸਾਲ।
ਦੇਸ਼ਾਂ ਦੀਆਂ ਜੋ ਹੱਦਾਂ ਤੇ ਸਰਹੱਦਾਂ ਨੇ,
ਉੱਥੇ ਰੁਕ ਕੇ ਕੁਝ ਸਮਝਾਵੇ ਨਵਾਂ ਸਾਲ।
ਹਾਕਮ ਕਰਦਾ ਕਹਿੰਦਾ ਹੈ ਮਨ ਆਈਆਂ,
ਉਸਦੇ ਮਨ ਵਿਚ ਤਰਸ ਵਧਾਵੇ ਨਵਾਂ ਸਾਲ।
ਸੜਕਾਂ ਉੱਤੇ ਬੈਠੇ ਲੋਕੀਂ ਹੱਕਾਂ ਲਈ,
ਹੱਕ ਦੇ ਕੇ ਹੜਤਾਲ ਮੁਕਾਵੇ ਨਵਾਂ ਸਾਲ।
ਸਾਧੂ ਭੇਸ ਚ ਠੱਗਾਂ ਦੀ ਜੋ ਟੋਲੀ ਹੈ,
ਉਹਨੂੰ ਸੱਚ ਦਾ ਰਾਹ ਦਿਖਲਾਵੇ ਨਵਾਂ ਸਾਲ।
ਵੰਡਣ ਦੀ ਜੋ ਗੱਲ ਕਰਦੇ ਨੇ ਦੁਨੀਆਂ ਨੂੰ,
ਐਸੇ ਜ਼ਾਲਮ ਮਾਰ ਮੁਕਾਵੇ ਨਵਾਂ ਸਾਲ।
ਫਿਰ ਬਹੋਨੇ ਜੰਨਤ ਦੁਨੀਆਂ ਬਣ ਜਾਊ,
ਜੇਕਰ ਸੱਚ ਦੇ ਬੋਲ ਪੁਗਾਵੇ ਨਵਾਂ ਸਾਲ।