ਮੇਰੀ ਚਾਰ ਕੁ ਸਾਲਾਂ ਦੀ ਬੇਟੀ ਨੀਤੀ ਦੁਲਹਨ ਕੋਲ ਬੈਠੀ ਸੀ।ਮੇਰਾ ਧਿਆਨ ਗਿਆ ਤਾਂ ਉਹ ਉਸਦੇ ਲਾਲ ਗੂੜੇ ਚੂੜੇ ਤੇ ਹੱਥ ਲਾ ਰਹੀ ਸੀ। ਫੇਰ ਉਸ ਵਲ ਟਕਟਕੀ ਲਾ ਕੇ ਵੇਖਣ ਲੱਗ ਪਈ ।ਮੈਂ ਸੋਚਿਆ ਵਾਹਵਾ ਉਸ ਨਾਲ ਖੇਡੀ ਜਾਂਦੀ ਹੈ ਖੇਡੀ ਜਾਣ ਦਿਓ ਨਹੀ ਤਾਂ ਆ ਕੇ ਫਿਰ ਤੰਗ ਕਰੇਗੀ।ਜਿੱਦ ਕਰੇਗੀ।
ਮੈਂ ਨਿਸ਼ਚਿੰਤ ਹੋ ਕੇ ਬਾਕੀ ਰਿਸ਼ਤੇਦਾਰਾਂ ਨਾਲ ਗੱਲਾਂ ਕਰਨ ਲਗ ਪਿਆ। ਅਜੇ ਮਸਾਂ ਦਸ ਕੁ ਮਿੰਟ ਹੋਏ ਸਨ।ਨੀਤੀ ਫਿਰ ਮੇਰੇ ਕੋਲ ਆ ਕੇ ਖੜ ਗਈ ।ਮੈਨੂੰ ਉਠਣ ਵਾਸਤੇ ਖਿੱਚਣ ਲਗੀ।ਮੈਂ ਗੱਲਾਂ ਕਰਨ ਵਿੱਚ ਮਸਤ ਸੀ।ਇਸ ਕਾਰਨ ਮੈਨੂੰ ਖਿੱਝ ਜਿਹੀ ਚੜੀ।
ਮੈਂ ਉਠ ਕੇ ਉਸ ਨਾਲ ਬਾਹਰ ਆ ਗਿਆ।
"ਹਾਂ ਕੀ ਗਲ ਆ, ਜਾਹ ਜਾ ਕੇ ਖੇਡ, ਦਸ ਮਿੰਟ ਤਾਂ ਬਹਿ ਲੈਣ ਦੇ ਟਿਕ ਕੇ।"
ਪਰ ਨੀਤੀ ਨੇ ਮੋਢੇ ਜਿਹੇ ਚੜਾ ਕੇ ਨਾਂਹ ਜਿਹੀ ਕਰਕੇ ਦਿੱਤੀ।
"ਕਿਉ ,ਕੀ ਹੋਇਆ,,,? ਜਾ ਕੇ ਆਪਣੀ ਨਵੀਂ ਚਾਚੀ ਨਾਲ ਖੇਡ।" ਮੈ ਉਸ ਨੂੰ ਵਰਚਾਉਣ ਵਾਸਤੇ ਕਿਹਾ।
" ਮੈਂ ਨਹੀ ਜਾਣਾ ,,,ਨੀਤੀ ਦੀਆਂ ਅੱਖਾਂ ਵਿਚੋਂ ਚਮਕ ਗਾਇਬ ਸੀ।ਜੋ ਦੁਲਹਨ ਕੋਲ ਬੈਠਿਆਂ ਮੈਂ ਉਸ ਦੀਆਂ ਅੱਖਾਂ ਵਿਚ ਵੇਖੀ ਸੀ।
ਮੈਂ ਫਿਰ ਕਿਹਾ ",ਜਾ ਚਲੀ ਜਾਹ ਚਾਚੀ ਕੋਲ,,,, ।ਨੀਤੀ ਨੇ ਨਾਂਹ ਵਿਚ ਸਿਰ ਹਿਲਾਉਂਦਿਆ ਕਿਹਾ ਚਾਚੀ ਤਾਂ ਮੇਰੇ ਵਲ ਵੇਖਦੀ ਹੀ ਨਹੀ ,ਉਹ ਤਾਂ ਮੋਬਾਈਲ ਫੋਨ ਤੇ ਬਸ ਗੱਲਾਂ ਹੀ ਮਾਰੀ ਜਾਦੀ ਆ।"ਏਨਾ ਕਹਿ ਨੀਤੀ ਫਿਰ ਬਾਹਰ ਜਾਣ ਦੀ ਜਿੱਦ ਕਰਨ ਲੱਗੀ।