ਗੁਰੁ ਗੋਬਿੰਦ ਸਿੰਘ ਜੀ ਨੇ ਜਿਸ ਤਰਾਂ ਮਨੁੱਖਤਾ ਦੇ ਇਤਿਹਾਸ ਵਿੱਚ ਜਾਹਰਾ ਤੇ ਬਾਤਨੀ ਰੂਪ ਵਿੱਚ ਇੱਕ ਵਿਲੱਖਣ ਇਨਕਲਾਬ ਲਿਆਂਦਾ,ਉਸ ਦੀ ਮਿਸਾਲ ਸੰਸਾਰ ਵਿੱਚ ਮਿਲਣੀ ਮੁਸ਼ਕਿਲ ਹੀ ਨਹੀਂ, ਅਸੰਭਵ ਵੀ ਹੈ।ਜਦੋਂ ਵੀ ਕਦੇ ਉਨ੍ਹਾਂ ਦਾ ਨਾਂ ਅਤੇ ਤਸਵੀਰ ਅੱਖਾਂ ਅੱਗੇ ਆਉਂਦੀ ਹੈ,ਤਾਂ ਇੱਕ ਤੇਜਸਵੀ ਤੇ ਜਲਾਲ ਭਰਿਆ ਸ਼ਹਿਨਸ਼ਾਹ, ਜੁਲਮ ਦੇ ਖੇਤਰ ਵਿਚ ਤਰਥੱਲੀ ਪਾਉਣ ਵਾਲਾ,ਇੱਕ ਯੋਧਾ,ਨੀਤੀਵਾਨ,ਮਹਾਨ ਪ੍ਰਬੰਧਕ ਤੇ ਸੂਰਬੀਰ ਦਾ ਸੰਕਲਪ ਹੀ ਸਾਡੇ ਜਿਹਨ ਵਿੱਚ ਉਤਰਦਾ ਹੈ।ਪਰ ਉਨ੍ਹਾਂ ਦੇ ਇਨ੍ਹਾਂ ਜਲੌਅ ਅਤੇ ਲਾਲੀ ਭਰੇ ਨੈਣਾਂ ਦੇ ਤੇਜ ਪਿੱਛੇ ਉਨ੍ਹਾਂ ਦੀ ਪ੍ਰਭੂ-ਪ੍ਰੇਮ ਵਿੱਚ ਰੱਤਿਆ ਅਤੇ ਰਹਿਮ ਭਰਿਆ ਦਿਲ, ਕੋਮਲ ਤੇ ਸੂਖਮ ਹਿਰਦਾ ਅਤੇ ਕਾਵਿਮਈ-ਸੰਗੀਤ ਵਿੱਚ ਡੁੱਬੀ ਰੂਹ “ਸੂਖਮ” ਹੋਣ ਕਰਕੇ ਇੱਕ ਦਮ ਨਜਰ ਨਹੀਂ ਆਉਂਦੀ ।ਜਿਵੇਂ ਕਿਸੇ ਬ੍ਰਿਛ ਦੀ ਜੜ੍ਹ ਸਾਨੂੰ ਨਜਰ ਤਾਂ ਨਹੀਂ ਆਉਂਦੀ ,ਪਰ ਬ੍ਰਿਛ ਦੇ ਨਜਰ ਆਉਂਦੇ ਤਣੇ,ਟਾਹਣ,ਪੱਤੇ ਫੁੱਲ ਅਤੇ ਫਲ ਸਭ ਦੀ ਹੋਂਦ ਇਸ ਜੜ੍ਹ ਕਰਕੇ ਹੀ ਹੁੰਦੀ ਹੈ ,ਬਿਲਕੁਲ ਇਸੇ ਤਰਾਂ ਗੁਰੁ ਗੋਬਿੰਦ ਸਿੰਘ ਜੀ ਦਾ ਸੰਤ ਰੂਪ, ਦਰਵੇਸ਼ ਰੂਪ,ਗੁਰੁ ਰੂਪ, ਭਗਤ ਰੂਪ,ਗਿਆਨ ਤੇ ਪ੍ਰੇਮ ਵਾਲਾ ਰੂਪ ਉਹ ਜੜ੍ਹ ਹੈ, ਜਿਸ ਨੇ ਉਨ੍ਹਾਂ ਦੇ ਸਾਰੇ ਜੀਵਨ ਦੀਆਂ ਟਾਹਣੀਆਂ,ਪੱਤਿਆਂ,ਫੁੱਲਾਂ ਅਤੇ ਫਲਾਂ ਨੂੰ ਪਾਲਿਆ ਅਤੇ ਵਿਕਸਿਤ ਕੀਤਾ ਹੈ ।ਹਥਲੇ ਲੇਖ ਵਿੱਚ ਅਸੀਂ ਉਨ੍ਹਾਂ ਦੇ ਇਸ ਸੂਖਮ ਅਤੇ ਅਦ੍ਰਿਸ਼ ਰੂਪ ਦੇ ਦਰਸ਼ਨ ਕਰਨ ਦਾ ਯਤਨ ਕਰਾਂਗੇ ।
ਗੁਰੂ ਗੋਬਿੰਦ ਸਿੰਘ ਜੀ ਨੂੰ ‘ਸੰਤ-ਸਿਪਾਹੀ’ ਅਤੇ ‘ਬਾਦਸਾਹ-ਦਰਵੇਸ਼’ ਸ਼ਬਦਾਂ ਵਿੱਚ ਬਿਆਨਣ ਦੀ ਕੋਸ਼ਿਸ਼ ਕੀਤੀ ਗਈ ਹੈ । ਅਸੀਂ ‘ਸੰਤ’ ਅਤੇ ‘ਦਰਵੇਸ਼’ ਸ਼ਬਦ ਤੇ ਕੇਂਦਰਿਤ ਹੋਵਾਂਗੇ ।
ਪ੍ਰਸਿੱਧ ਵਿਦਵਾਨ ਸੁਕਰਾਤ ਅਨੁਸਾਰ , “ਭੲਡੋਰੲ ਦਸਿਚੁਸਸਨਿਗ, ੀਟ ਸਿ ਨੲਚੲਸਸੳਰੇ ਟੋ ਦੲਡਨਿੲ ੇੋੁਰ ਟੲਰਮਸ”. ਇਸ ਲਈ ‘ਸੰਤ’ ਅਤੇ ‘ਦਰਵੇਸ਼’ ਸ਼ਬਦਾਂ ਦੀ ਪਰਿਭਾਸ਼ਾ ਜਾਨਣ ਲਈ ਅਸੀਂ ਗੁਰੂ ਗਰੰਥ ਸਾਹਿਬ ਜੀ ਦੀ ਹੀ ਸ਼ਰਣ ਲਵਾਂਗੇ।
ਗੁਰਬਾਣੀ ਅਨੁਸਾਰ
“ਜਿਨਾ ਸਾਸਿ ਗਿਰਾਸਿ ਨ ਵਿਸਰੈ,ਹਰਿ ਨਾਮਾਂ ਮਨਿ ਮੰਤੁ।।
ਧੰਨੁ ਸਿ ਸੇਈ ਨਾਨਕਾ,ਪੂਰਨੁ ਸੋਈ ਸੰਤੁ।।”
-ਗੁਰੂ ਅਰਜਨ ਦੇਵ ਜੀ (ਪੰਨਾ 319)
“ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ ।
ਸੋ ਸੰਤੁ ਸੁਹੇਲਾ ਨਹੀਂ ਡੁਲਾਵੈ ।”
-ਗੁਰੂ ਅਰਜਨ ਦੇਵ ਜੀ (ਪੰਨਾ 281) ।
“ਹਮਰੋ ਭਰਤਾ ਬਡੋ ਬਿਬੇਕੀ, ਆਪੇ ਸੰਤੁ ਕਹਾਵੈ ।”
ਓਹ ਹਮਾਰੈ ਮਾਥੈ ਕਾਇਮੁ ਅਉਰ ਹਮਰੈ ਨਿਕਟ ਨ ਆਵੈ ।
“ਕਬੀਰ ਜੀ (ਪੰਨਾ 476)
“ਨੀਹਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਓ।
ਜੋੜਨਹਾਰਾ ਸੰਤੁ ਨਾਨਕ ਪਾਧਰੁ ਪਧਰੋ।”
-ਗੁਰੂ ਅਰਜਨ ਦੇਵ ਜੀ (ਪੰਨਾ 321)
“ਸੋਈ ਸੰਤ ਜਿ ਭਾਵੈ ਰਾਮ।
ਸੰਤ ਗੋਬਿੰਦ ਕੈ ਏਕੈ ਕਾਮ।”
–ਗੁਰੂ ਅਰਜਨ ਦੇਵ ਜੀ (ਪੰਨਾ 867)
ਗੁਰਬਾਣੀ ਵਿੱਚ ਦਰਵੇਸ਼ ਕਿਸ ਨੂੰ ਕਿਹਾ ਗਿਆ ਹੈ, ਦੇਖੋ ਜਰਾ :-
“ਦੁਖੀਏ ਦਰਦਵੰਦ ਦਰਿ ਤੇਰੈ ਨਾਮਿ ਰਤੇ ਦਰਵੇਸ ਭਏ।”
-ਗੁਰੂ ਰਾਮਦਾਸ ਜੀ (ਪੰਨਾ 358)
“ ਆਪਿ ਲੀਏ ਲੜਿ ਲਾਏ,ਦਰਿ ਦਰਵੇਸ ਸੇ ।
ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ।”
-ਸ਼ੇਖ ਫਰੀਦ ਜੀ (ਪੰਨਾ 488)
“ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦਿ ।”
-ਫਰੀਦ ਜੀ (ਪੰਨਾ 1381)
“ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ।”
-ਗੁਰੂ ਨਾਨਕ ਜੀ (ਪੰਨਾ 1090)
ੳੋੁਪਰੋਕਤ ਹਵਾਲਿਆਂ ਅਨੁਸਾਰ ਸੰਤ ਉਹ ਪੁਰਖ ਹੈ ਜੋ ਪ੍ਰਭੂ ਨਾਲ ਇੱਕਮਿੱਕ ਹੈ,ਪ੍ਰਭੂ ਦੇ ਪਿਆਰ ਵਿੱਚ ਰੱਤਿਆ ਹੈ,ਪ੍ਰਭੂ ਦੀ ਕਿਰਪਾ ਦਾ ਪਾਤਰ ਹੈ, ਮੋਹ-ਮਾਇਆ ਤੋਂ ਪਰੇ ਹੈ ।ਇਸੇ ਤਰਾਂ ਦਰਵੇਸ਼ ਸ਼ਬਦ ਵੀ ਨਾਮ-ਰੱਤੀ ਰੂਹ ਲਈ, ਸਹਿਣਸ਼ੀਲ ਵਿਅਕਤੀ ਲਈ, ਊਚ-ਨੀਚ ਤੇ ਵਿਤਕਰੇ ਤੋਂ ਉਪਰ ਅਤੇ ਆਪਣੇ ਦਿਲ ਨੂੰ ਕਾਬੂ ਵਿੱਚ ਰੱਖਣ ਵਾਲੇ ਨੂੰ ਕਿਹਾ ਗਿਆ ਹੈ ।ਇੱਕ ਅਜਿਹਾ ਇਨਸਾਨ ਜੋ ਦੁਨੀਆਂ ਵਿੱਚ ਵਿਚਰਦਿਆਂ ਇਨਸਾਨ ਨਜਰ ਆਉਂਦਾ ਹੈ,ਸਭ ਦੁਨੀਆਵੀ ਕੰਮ ਕਰਦਾ ਹੈ, ਪਰ ਰੂਹਾਨੀਅਤ ਦੇ ਤੌਰ ਤੇ ਉਹ ਪ੍ਰਭੂ ਨਾਲ ਅਭੇਦ ਹੋ ਚੁੱਕਾ ਹੁੰਦਾ ਹੈ । ਉਸ ਵਿੱਚ ਅਤੇ ਪ੍ਰਮਾਤਮਾ ਵਿੱਚ ਕੋਈ ਫਰਕ ਨਹੀਂ ।
“ਗੁਰ-ਗੋਬਿੰਦ, ਗੋਬਿੰਦ–ਗੁਰੂ ਹੈ, ਨਾਨਕ ਭੇਦ ਨ ਭਾਈ”
ਗੁਰੂ ਗੋਬਿੰਦ ਸਿੰਘ ਜੀ ਦਾ ਇਹ ਰੂਪ ਸਭ ਤੋਂ ਪਹਿਲਾਂ ਉਨ੍ਹਾਂ ਦੇ ਜੀਵਨ ਵਿੱਚੋਂ ਦੇਖੀਏ :-
ਜੀਵਨ ਵਿੱਚੋਂ ਸੰਤ ਰੂਪ ਦੀਆਂ ਝਲਕਾਂ :- ਬਹੁਤ ਹੀ ਸੰਖੇਪ ਰਹਿੰਦੇ ਹੋਏ ਗੁਰੁ ਸਾਹਿਬ ਜੀ ਦੇ ਜੀਵਨ ਵਿੱਚੋਂ ਉਨ੍ਹਾਂ ਘਟਨਾਵਾਂ ਦਾ ਜਿਕਰ ਮਾਤਰ ਕਰਾਂਗੇ,ਜਿਨਾਂ ਚੋਂ ਉਨਾਂ ਦੀ ਦਰਵੇਸ਼ੀ ਸ਼ਖਸ਼ੀਅਤ ਦੇ ਝਲਕਾਰੇ ਵਜਦੇ ਹਨ:-
ਬਾਲ ਗੋਬਿੰਦ ਦੇ ਦਰਸ਼ਨ ਕਰਨ ਆਏ ਭੀਖਣ-ਸ਼ਾਹ ਦੀਆਂ ਦੋਹਾਂ ਕੁੱਜੀਆਂ ਤੇ ਹੱਥ ਰੱਖਣੇ ਗੁਰੂ ਸਾਹਿਬ ਅੰਦਰ ਵੱਸੀ ਧਾਰਮਿਕ-ਬਰਾਬਰਤਾ ਅਤੇ ਉਨ੍ਹਾਂ ਦੇ ਮਜਹਬੀ –ਵਿਤਕਰਿਆਂ ਤੋਂ ਉੱਪਰ ਹੋਣ ਦਾ ਸੰਕੇਤ ਸੀ ।
ਸਾਥੀਆਂ ਨਾਲ ਖੇਡਦੇ ਹੋਏ ਉਨ੍ਹਾਂ ਵਿੱਚ ਭਾਈਚਾਰਕ ਸਾਂਝ,ਇੱਕ ਲੀਡਰ ਦੇ ਗੁਣ ਅਤੇ ਉਨ੍ਹਾਂ ਦੋਸਤਾਂ ਵਿੱਚ ਆਪਣੀਆਂ ਵਸਤਾਂ ਵੰਡਣਾ –ਆਪਣੇ ਨਿੱਜ ਨੂੰ ‘ਪਰ’ ਤੋਂ ਵਾਰਨ ਦੀ ਬਿਰਤੀ ਦਾ ਪ੍ਰਗਟਾਵਾ ਸੀ ।
ਕਿਸ਼ੋਰ ਗੋਬਿੰਦ-ਰਾਇ ਨੇ ਸੋਨੇ ਦਾ ਕੰਗਣ ਨਦੀ ਵਿੱਚ ਸੁੱਟ ਦਿੱਤਾ ਸੀ ।ਮਾਤਾ ਜੀ ਨੇ ਪੁੱਛਿਆ ਤਾਂ ਦੂਜਾ ਕੰਗਣ ਵੀ ਨਦੀ ਵਿੱਚ ਸੁੱਟ ਕੇ ਕਹਿਣ ਲੱਗੇ ਕਿ ਉਸ ਥਾਂ ਤੇ ਸੁੱਟਿਆ ਸੀ ।ਇਹ ਮਾਇਆ ਤੋਂ ਨਿਰਲੇਪ ਸ਼ਖਸ਼ੀਅਤ ਦਾ ਝਲਕਾਰਾ ਸੀ ।
ਪੰਡਿਤ ਸ਼ਿਵ ਦੱਤ ਦੀ ਇੱਛਾ ਅਨੁਸਾਰ ਉਸ ਨੂੰ ਰਾਮ-ਚੰਦਰ ਦੇ ਰੂਪ ਵਿੱਚ ਦਰਸ਼ਨ ਦੇਣੇ, ਜਿੱਥੇ ਅੰਤਰਯਾਮਤਾ ਦੀ ਬਾਤ ਪਾਉਂਦਾ ਹੈ,ਉਥੇ ਗੁਰੂ ਸਾਹਿਬ ਦਾ “ਪ੍ਰੇਮ –ਭਾਵਨਾ’ ਦਾ ਸਤਿਕਾਰ ਦਰਸਾਉਂਦਾ ਹੈ ।
ਰਾਜਾ ਫਤਹਿ ਚੰਦ ਮੈਣੀ ਦੀ ਰਾਣੀ ਦੀ ‘ਮਾਂ ਦੀ ਵਿਲਕਦੀ ਮਮਤਾ’ ਨੂੰੂੂ ਪਹਿਚਾਨਣਾ {ਉਸ ਦੇ ਕੋਈ ਔਲਾਦ ਨਹੀਂ ਸੀ ਅਤੇ ਉਹ ਗੋਬਿੰਦ ਰਾਇ ਵਰਗਾ ਬਾਲ ਆਪਣੀ ਗੋਦ ਚ’ ਖਿਡਾਉਣਾ ਚਾਹੁੰਦੀ ਸੀ} ਅਤੇ ਉਸਦੀ ਗੋਦ ਚ’ ਬੈਠ ਕੇ ਉਸ ਨੂੰ ਮਾਂ ਵਾਲਾ ਪਿਆਰ-ਸਤਿਕਾਰ ਦੇਣਾ ।
ਕਸ਼ਮੀਰੀ ਪੰਡਿਤਾਂ ਦੀ ਪੁਕਾਰ ਸੁਣ ਕੇ ਦਿਲ ਦਾ ਪਸੀਜਿਆ ਜਾਣਾ ਅਤੇ ਉਨ੍ਹਾਂ ਦਾ ਦੁੱਖ ਹਰਨ ਲਈ ਪਿਤਾ-ਗੁਰੂ ਤੇਗ ਬਹਾਦਰ ਜੀ ਨੂੰ ਕੁਰਬਾਨੀ ਲਈ ਪ੍ਰੇਰਨਾ ਕਰਨੀ ।
ਮੈਦਾਨੇ-ਜੰਗ ਵਿੱਚ ਦਰਵੇਸਾਵੀ ਸੁਭਾਅ :-
ਗੁਰੂ ਗੋਬਿੰਦ ਸਿੰਘ ਜੀ ਨੂੰ ਹੱਕ-ਸੱਚ ਦੀ ਖਾਤਰ ,ਜੁਲਮ ਦੇ ਵਿਰੁੱੱਧ ਕੁੱਲ 14 ਲੜਾਈਆਂ ਲੜਨੀਆਂ ਪਈਆਂ ਪਰ ਇਤਿਹਾਸ ਗਵਾਹ ਹੈ ਕਿ ਕੋਈ ਇੱਕ ਵੀ ਜੰਗ ਗੁਰੂ ਸਾਹਿਬ ਜੀ ਵਲੋਂ ਆਰੰਭ ਨਹੀ ਕੀਤੀ ਗਈ । ਹਰੇਕ ਜੰਗ ਵਿੱਚ ਦੁਸ਼ਮਣ ਨੇ ਵਾਰ ਪਹਿਲਾਂ ਕੀਤਾ ।ਗੁਰੂ ਤੇਗ ਬਹਾਦਰ ਜੀ ਦੇ ਦੱਸੇ ਸੁਨਹਿਰੀ ਅਸੂਲ਼-
“ਭੈ ਕਾਹੂ ਕਉ ਦੇਤਿ ਨਾਹਿ,ਨਹਿ ਭੈ ਮਾਨਤਿ ਆਨਿ।”
ਤੇ ਅਮਲ ਕਰਦਿਆਂ ਸੁਤੰਤਰ ਅਤੇ ਨਿਰਭਉ ਹਸਤੀ ਦਾ ਸਬੂਤ ਜਰੂਰ ਦਿੱਤਾ ।ਪਰ ਇਨ੍ਹਾਂ ਜੰਗਾਂ ਦੀਆਂ ਖੂਬੀਆਂ ਦੇਖੋ ਜਰਾ:-
ਕਿਸੇ ਵੀ ਜੰਗ ਦਾ ਉਦੇਸ਼ ਇਲਾਕਾ ਜਿੱਤਣਾ ਜਾਂ ਹੱਦਾਂ ਵਧਾਉਣੀਆਂ ਨਹੀਂ ਸੀ ।
ਕਿਸੇ ਵੀ ਜੰਗ ਵਿੱਚ ਭੱਜੇ ਜਾਂਦੇ ਦੁਸ਼ਮਣ ਤੇ ਵਾਰ ਨਹੀਂ ਕੀਤਾ ਗਿਆ ।
ਦੁਸ਼ਮਣ ਦੀਆਂ ਔਰਤਾਂ ਦਾ ਪੂਰਾ ਸਤਿਕਾਰ ਅਤੇ ਸੁਰੱਖਿਅਤਾ ਕਾਇਮ ਰਹੀ ।
ਮੈਦਾਨੇ-ਜੰਗ ਵਿੱਚ ਵੀ ਆਪਣੇ ਪ੍ਰਭੂ ਨੂੰ ਇੱਕ ਪਲ ਲਈ ਨਹੀਂ ਭੁੱਲੇ ।ਇਤਿਹਾਸ ਦੱਸਦਾ ਹੈ ਕਿ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਜੰਗ ਦੇ ਮੈਦਾਨ ਵਿੱਚ ਵੀ ਚੱਲਦਾ ਰਿਹਾ ।
ਸੁਲਹ-ਸਫਾਈ ਦਾ ਕੋਈ ਮੌਕਾ ਹੱਥੋਂ ਨਹੀਂ ਗਵਾਇਆ ।ਸ਼੍ਰੀ ਨਗਰ ਗੜਵਾਲ ਦਾ ਰਾਜਾ ਫਤਹਿ ਸ਼ਾਹ ਜਦੋਂ ਸੁਗਾਤਾਂ ਤੇ ਤੋਹਫੇ ਲੈ ਕੇ ਸ਼ਰਣ ਵਿੱਚ ਆਇਆ ਤਾਂ ਉਸ ਦੀ ਦੋਸਤੀ ਪ੍ਰਵਾਨ ਕੀਤੀ ।
ਮੁਗਲਾਂ ਅਤੇ ਪਠਾਣਾਂ ਵਲੋਂ ਕੁਰਾਨ ਅਤੇ ਆਟੇ ਦੀ ਗਊ ਤੇ ਹੱਥ ਰੱਖ ਕੇ ਖਾਧੀਆਂ ਗਈਆਂ ਝੂਠੀਆਂ ਕਸਮਾਂ ਤੇ ਵੀ ਇਤਬਾਰ ਕੀਤਾ ।
ਭੀਮ ਚੰਦ ਦੇ ਸਹਾਇਤਾ ਮੰਗਣ ਤੇ ਅਲਫ-ਖਾਂ ਦੇ ਟਾਕਰੇ ਤੇ ਉਸ ਦੀ ਸਹਾਇਤਾ ਕੀਤੀ ।ਅਨੰਦਪੁਰ ਦਾ ਕਿਲਾ ਵੀ ਦੁਸ਼ਮਣ ਦੇ ਭਰੋਸਾ ਦਿਵਾਣ ਤੇ ਛੱਡਿਆ ਸੀ ।
ਕਿਹਾ ਜਾਂਦਾ ਹੈ ਕਿ ਗੁਰੂ ਜੀ ਦੇ ਹਰ ਤੀਰ ੳੱਤੇ ਸੋਨਾ ਲੱਗਿਆ ਹੁੰਦਾ ਸੀ ਤਾਂ ਕਿ ਜੰਗ ਵਿੱਚ ਮਰਨ ਵਾਲੇ ਦਾ ਟੱਬਰ ਭੁਖਾ ਨਾ ਰਹੇ ।
ਕਦੀ ਵਿਸਵ ਦੇ ਇਤਿਹਾਸ ਵਿੱਚ ਅਜਿਹਾ ਨਹੀਂ ਹੋਇਆ ਕਿ ਜੰਗ ਵਿੱਚ ਸਾਥ ਛੱਡਣ ਵਾਲਿਆਂ ਨੂੰ ਕਿਸੇ ਨੇ ਬਖਸ਼ਿਆ ਹੋਵੇ ,ਪਰ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਦੇ ਸਥਾਨ ਤੇ ਆਪਣੇ ਲਾਡਲੇ ਚਾਲੀ ਸਿੱਖਾਂ ਨੂੰ ਨਾ ਕੇਵਲ ਮੁਆਫ ਹੀ ਕੀਤਾ ਸਗੋਂ ਮੇਰਾ ਪੰਜ ਹਜਾਰੀ,ਮੇਰਾ ਦਸ-ਹਜਾਰੀ ਆਖ ਕੇ ਵਡਿਆਇਆ ਵੀ ।
ਭਾਈ ਘਨੱਈਆ ਜੀ ,ਜੋ ਦੁਸ਼ਮਣ ਦੇ ਸੈਨਿਕਾਂ ਨੂੰ ਪਾਣੀ ਪਿਲਾ ਰਹੇ ਸਨ,ਦੀ ਸਮ-ਦ੍ਰਿਸ਼ਟੀ ਨੂੰ ਪਹਿਚਾਣ ਕੇ ਨਾ ਕੇਵਲ ਪਾਣੀ ਪਿਲਾਉਣਾ ਜਾਰੀ ਰੱਖਣ ਲਈ ਕਿਹਾ, ਸਗੋਂ ਮੱਲਮ-ਪੱਟੀ ਕਰਨ ਦੀ ਤਾਕੀਦ ਵੀ ਕੀਤੀ ।
ਗੁਰੂ ਸਾਹਿਬ ਤੇ ਚੜ੍ਹਾਈ ਕਰਕੇ ਆਇਆ ਸੈਦਾ-ਬੇਗ ਆਪ ਜੀ ਦੀ ਮਿਕਨਾਤੀਸੀ ਸ਼ਖਸ਼ੀਅਤ ਦਾ ਕਾਇਲ ਹੋ ਗਿਆ ਸੀ , ‘ਸ਼ਬਦ-ਬਾਣ’ ਨਾਲ ਉਸ ਦੇ ਕਲੇਜੇ ਛੇਕ ਕਰ ਕੇ ਗੁਰੂ ਵਿੱਚ ਅਭੇਦ ਕੀਤਾ ।
ਸੰਸਾਰ ਦੇ ਕਿਸੇ ਵੀ ਜੰਗ ਵਿੱਚ ਇਸ ਤਰਾਂ ਦਾ ਜਬਤ ਅਤੇ ਅਨੁਸ਼ਾਸ਼ਨ ਨਹੀਂ ਦੇਖਿਆ ਗਿਆ ।
ਜਿਸ ਨਾਲ ਜੰਗ ਵੀ ਕੀਤੀ,ਉਸ ਨੂੰ ਸਦਾ ਲਈ ਦੁਸ਼ਮਣ ਨਹੀਂ ਮੰਨ ਲਿਆ ।
ਔਰੰਗਜੇਬ ਨੂੰ ਜਿੱਥੇ ਜਫਰਨਾਮਾ ਰਾਹੀਂ ਘਾਇਲ ਕੀਤਾ, ਉੱਥੇ ਉਸੇ ਦੇ ਪੁੱਤਰ ਬਹਾਦਰ ਸ਼ਾਹ ਦੀ ਮੱਦਦ ਵੀ ਕੀਤੀ ।
ਜੰਗ ਦੀ ਭੱਠੀ ਵਿੱਚ ਸਿਰਫ ਆਪਣੇ ਸਿੱਖਾਂ ਨੂੰ ਹੀ ਨਹੀਂ ਝੋਕਿਆ, ਸਗੋਂ ਆਪਣੇ ਪੁੱਤਰਾਂ ਨੂੰ ਵੀ ਖੁਸ਼ੀ ਨਾਲ ਆਪ ਮੈਦਾਨੇ-ਜੰਗ ਵਿੱਚ ਸ਼ਹੀਦੀਆਂ ਪਾਣ ਲਈ ਭੇਜਿਆ ।
ਜੰਗ ਵਿੱਚ ਹੋਈ ਜਿੱਤ ਨੂੰ ਵੀ ਅਕਾਲ ਪੁਰਖ ਦੀ ਕ੍ਰਿਪਾ ਦੱਸਿਆ ।
“ ਭਈ ਜੀਤ ਮੇਰੀ।ਕ੍ਰਿਪਾ ਕਾਲ ਤੇਰੀ ।”
ਪਰਿਵਾਰ ਦਾ ਬਲੀਦਾਨ :-ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਦੀ ਜਿਸ ਤਰਾਂ ਕੁਰਬਾਨੀ ਦਿੱਤੀ ਹੈ ਅਤੇ ਮੋਹ ਦੇ ਬੰਧਨ ਤੋਂ ਅਭਿੱਜ ਰਹੇ,ਉਹ ਆਪਣੀ ਮਿਸਾਲ ਆਪ ਹੈ । ਪਹਿਲਾਂ ਗੁਰੂ-ਪਿਤਾ ਨੂੰ ਕੁਰਬਾਨੀ ਲਈ ਤੋਰਿਆ । ਫਿਰ, ਵੱਡੇ ਸਾਹਿਬਜਾਦੇ ਜੰਗ ਵਿੱਚ ਆਪਣੇ ਹੱਥੀਂ ਤੋਰੇ । ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸਰਹਿੰਦ ਵਿੱਚ ਸ਼ਹਾਦਤ ਹੋਈ ।ਪਰ ਇਸ ਸਭ ਤੋਂ ਬਾਅਦ ਰਤਾ ਵੀ ਮਲਾਲ ਜਾਂ ਚਿੰਤਾ ਦੀ ਕੋਈ ਰੇਖਾ ਗੁਰੁ ਸਾਹਿਬ ਦੇ ਮੱਥੇ ਤੇ ਨਹੀਂ ਆਈ, ਸਗੋਂ ਉਹਨਾਂ ਅਕਾਲਪੁਰਖ ਦਾ ਧੰਨਵਾਦ ਕੀਤਾ ਕਿ ਉਸ ਨੇ ਆਪਣੀ ਅਮਾਨਤ ਸੰਭਾਲ ਲਈ ਹੈ ।
ਇੱਕ ਕਵੀ ਦੇ ਸ਼ਬਦਾਂ ਵਿੱਚ,
ਲੋਕੀਂ ਆਖਦੇ ਨੇ ਮੈਨੂੰ ਸ਼ਹਿਨਸ਼ਾਹ,
{ਪਰ} ਕਰਜਾ ਕਿਸ਼ਤਾਂ ਦੇ ਨਾਲ ਉਤਾਰਿਆ ਮੈਂ ।
ਇਹ ਤਿਆਗ ਅਤੇ ਸਬਰ-ਸ਼ੁਕਰ ਦੀ ਭਾਵਨਾ ਸਿਰਫ ਅਤੇ ਸਿਰਫ ਜਿੰਦਗੀ ਦੀ ਸੱਚਾਈ ਸਮਝ ਚੁੱਕੀ ਦਰਵੇਸ਼ ਰੂਹ ਹੀ ਕਰ ਸਕਦੀ ਹੈ।ਮਾਤਾ ਸੁੰਦਰੀ ਜੀ ਨੇ ਜਦੋਂ ਸਾਹਿਬਜਾਦਿਆਂ ਬਾਰੇ ਪੁੱਛਿਆ, ਤਾਂ ਪੂਰੇ ਜਾਹੋ-ਜਲਾਲ ਵਿੱਚ ਜਵਾਬ ਦਿੱਤਾ,
“ਇਨ ਪੁਤ੍ਰਨ ਕੇ ਸੀਸ ਪਰ,ਵਾਰ ਦੀਏ ਸੁਤ ਚਾਰ ।
ਚਾਰ ਮੂਏ ਤੋ ਕਿਆ ਹੂਆ, ਜੀਵਤ ਕਈ ਹਜਾਰ ।”
ਆਪਣੇ ਸਿੱਖਾਂ ਨੂੰ ਆਪਣੇ ਪੁਤਰਾਂ ਤੋਂ ਵੀ ਵੱਧ ਪਿਆਰਨਾ ਕਦੇ ਵੀ ਦੁਨਿਆਵੀ ਨਹੀਂ ਹੈ,ਇਹ ਦੈਵੀ ਅਤੇ ਰੂਹਾਨੀਅਤ ਵਿੱਚ ਸਰਸ਼ਾਰ ਆਤਮਾ ਹੀ ਕਰ ਸਕਦੀ ਹੈ ।
ਦਸਮ ਗ੍ਰੰਥ ਵਿੱਚੋਂ ਸੰਤ ਰੂਪ ਦੇ ਦਰਸ਼ਨ :- ਭਾਵੇਂ ਦਸਮ ਗਰੰਥ ਦੇ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਹੋਣ ਬਾਰੇ ਸਿੱਖ ਪੰਥ ਅਜੇ ਇੱਕ ਮੱਤ ਨਹੀਂ ਹੈ ।ਇਹ ਵੀ ਠੀਕ ਹੈ ਕਿ ਇਸ ਵਿਚਲੀਆਂ ਕੁਝ ਬਾਣੀਆਂ ਜਿੱਥੇ ਅਸ਼ਲੀਲਤਾ ਪ੍ਰਗਟਾਉਂਦੀਆਂ ਹਨ, ਉੱਥੇ ਕਾਫੀ ਬਾਣੀਆਂ ਦਾ ਆਸ਼ਾ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਆਸ਼ੇ ਨਾਲ ਮੇਲ ਨਹੀਂ ਖਾਂਦਾ । ਕਿਹਾ ਜਾਂਦਾ ਹੈ ਕਿ ਇਸ ਵਿੱਚ ਰਲਾਅ ਵੀ ਹੈ ਅਤੇ ਇਹ ਗੁਰੂ ਸਾਹਿਬ ਜੀ ਦੇ ਦਰਬਾਰੀ ਕਵੀਆਂ ਦੀ ਰਚਨਾ ਹੈ। ਅਸੀਂ ਗੁਰਬਾਣੀ ਦੇ ਫੁਰਮਾਨ “ਸਾਂਝ ਕਰੀਜੈ ਗੁਣਹ ਕੇਰੀ, ਛੋਡਿ ਅਵਗੁਣਿ ਚਲੀਐ” ਅਨੁਸਾਰ ਇਸ ਗਰੰਥ ਵਿਚ ਦਰਜ ਬਾਣੀਆਂ ਵਿੱਚ ਪ੍ਰਗਟਾਏ ਸ਼ਾਂਤੀ,ਪ੍ਰੇਮ ਅਤੇ ਏਕਤਾ ਦੀ ਗੱਲ ਜਰੂਰ ਕਰਾਂਗੇ ।ਸਾਡਾ ਵਿਚਾਰ ਹੈ ਕਿ ਦਰਬਾਰੀ ਕਵੀਆ ਦੀ ਵੀ ਲਿਖਤ ਵਿੱਚ ਆਏ ਚੰਗੇ ਵਿਚਾਰ ਜਰੂਰ ਹੀ ਆਪ ਜੀ ਦੀ ਸ਼ਖਸ਼ੀਅਤ ਤੋਂ ਪ੍ਰਭਾਵਿਤ ਹੋਏ ਹੋਣਗੇ ।ਕੁਝ ਝਲਕਾਂ ਦੇਖਦੇ ਹਾਂ :-
ਜਾਪ ਸਾਹਿਬ ਬਾਣੀ ਵਿੱਚ ਪ੍ਰਭੂ ਨੂੰ ਚੱਕ੍ਰ ਚਿਹਨ ਰੂਪ ਰੰਗ ਤੋਂ ਆਜਾਦ ਦੱਸਿਆ ਹੈ ।ਉਸ ਨੂੰ ਸਭ ਕੁਝ ਦਾ ਕਰਤਾ ਮੰਨ ਕੇ ਬਾਰ ਬਾਰ ਨਮਸਕਾਰ ਕੀਤੀ ਗਈ ਹੈ ।
33 ਸਵਈਏ ਵਿੱਚ ਸਭ ਤਰਾਂ ਦੇ ਵਹਿਮਾਂ ਭਰਮਾਂ ਅਤੇ ਕਰਮ-ਕਾਂਡਾਂ ਦਾ ਖੰਡਨ ਕੀਤਾ ਗਿਆ ਹੈ ।ਪ੍ਰਭੂ-ਪ੍ਰੇਮ ਨੂੰ ਸਭ ਤੋਂ ਉਚਾ ਮੰਨਿਆਂ ਗਿਆ ਹੈ ।
ਬ੍ਰਹਿਮੰਡੀ ਭਾਈਚਾਰੇ ਦਾ ਬਿਆਨ ਇਸ ਤੋਂ ਵਧੀਆ ਕੀ ਹੋ ਸਕਦਾ ਹੈ –
“ ਕੋਊ ਭਈਓ ਮੁੰਡੀਆ,ਸੰਨਿਆਸੀ ਕੋਈ ਜੋਗੀ ਭਇਓ,
ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ।
ਹਿੰਦੂ ਤੁਰਕ ਕੋਈ ਰਾਫਜੀ ਇਮਾਮ ਸ਼ਾਫੀ,
ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ।
ਕਰਤਾ ਕਰੀਮ ਕੋਈ ਰਾਜਕ ਰਹੀਮ ਓਈ,
ਦੂਸਰੋ ਨਾ ਭੇਦ ਕੋਈ ਭੂਲ ਭਰਮ ਮਾਨਬੋ।
ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ,
ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ ।”
ਅੋਰਤ ਦਾ ਸਤਿਕਾਰ ਅਤੇ ਆਚਰਣ ਦੀ ਦ੍ਰਿੜਤਾ ਦੇਖੋ:-
ਨਿਜ ਨਾਰੀ ਕੇ ਸੰਗ ਨੇਹੁ ਤੁਮ ਨਿਤ ਵਡਈਓ,
ਪਰ ਨਾਰੀ ਕੀ ਸੇਜ ਭੂਲ ਸੁਪਨੇ ਨਾ ਜਈਓ।
ਅਕਾਲ ਉਸਤਤਿ ਪ੍ਰਮਾਤਮਾ ਜੀ ਦੀ ਉਸਤਤੀ ਨਾਲ ਭਰਪੂਰ ਹੈ ।
ਰਾਗਮਈ ਬਾਣੀ ਸੰਗੀਤਕ ਠਹਿਰਾਅ ਅਤੇ ਪ੍ਰੇਮ ਵਿਛੋੜੇ ਆਦਿ ਦੇ ਭਾਵ ਬਿਆਨਦੀ ਹੈ ।ਜਿਵੇਂ
“ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ।
ਤੁਧ ਬਿਨ ਰੋਗ ਰਜਾਈਆਂ ਦਾ ਓਢਣ,ਨਾਗ ਨਿਵਾਸਾਂ ਦੇ ਰਹਿਣਾ ।
ਸੂਲ-ਸੁਰਾਹੀ ਖੰਜਰ ਪਿਆਲਾ,ਬਿੰਗ ਕਸਾਈਆਂ ਦਾ ਸਹਿਣਾ ।
ਯਾਰੜੇ ਦਾ ਸਾਨੂੰ ਸੱਥਰ ਚੰਗਾ,ਭੱਠ ਖੇੜਿਆਂ ਦਾ ਰਹਿਣਾ ।”
ਜਫਰਨਾਮਾ ਵਿੱਚ ਪ੍ਰਭੂ ਦੀ ਉਸਤਤਿ, ਅੋਰੰਗਜੇਬ ਦੇ ਗੁਣਾਂ ਦਾ ਜਿਕਰ, ਉਸ ਦੇ ਇਸਲਾਮ ਧਰਮ ਤੋਂ ਡਿਗਣ ਦਾ ਜਿਕਰ, ਚੜ੍ਹਦੀ ਕਲਾ ਦਾ ਪ੍ਰਗਟਾਵਾ, ਅਤੇ ਅਖੀਰ ਤਾ ਤਲਵਾਰ ਦੀ ਵਰਤੋਂ ਜਾਇਜ ਹੋਣ ਦੀ ਗੱਲ ਕਹੀ ਗਈ ਹੈ ।
“ਚੂੰ ਕਾਰ ਅਜ-ਹਮਾਂ ਹੀਲਤੇ ਦਰ ਗੁਜਸ਼ਤ ।
ਹਲਾਲੇ ਅਸਤ ਬੁਰਦਨ ਬ-ਸ਼ਮਸ਼ੀਰ ਦਸਤ ।” ਪਹਿਲਾਂ ਸਾਰੇ ਸ਼ਾਂਤਮਈ ਉਪਾਅ ਵਰਤਣ ਦੀ ਤਾਕੀਦ ਹੈ ।
ਗੁਰੂ ਗੋਬਿੰਦ ਸਿੰਘ ਜੀ ਦੇ 52 ਹੁਕਮਨਾਮੇ :-ਸਿੱਖ ਪੰਥ ਵਿੱਚ ਬਹੁਤ ਸਤਿਕਾਰ ਪ੍ਰਾਪਤ ਗੁਰੂ ਜੀ ਦੇ 52 ਬਚਨ ਹਨ ਜੋ ਉਨ੍ਹਾਂ ਨੰਦੇੜ ਤੋਂ ਜਾਰੀ ਕੀਤੇ । ਇਨ੍ਹਾਂ ਵਿੱਚੋਂ ਸਿਰਫ ਉਨ੍ਹਾਂ ਦਾ ਜਿਕਰ ਕਰ ਰਹੇ ਹਾਂ ਜਿਹੜੇ ਉਨ੍ਹਾਂ ਦੇ ਦਰਵੇਸ਼ ਤਬੀਅਤ ਨੂੰ ਦਰਸਾਉਂਦੇ ਹਨ :-
ਕਿਰਤ ਧਰਮ ਦੀ ਕਰਨੀ ।
ਸੇਵਾ ਰੁਚੀ ਨਾਲ ਸਿੱਖ ਸੇਵਕ ਦੀ ਕਰਨੀ ।
ਪਰ ਇਸਤਰੀ ਮਾਂ,ਭੈਣ,ਧੀ ਕਰਕੇ ਜਾਣਨੀ ।
ਸਤਿਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਮੰਨਣਾ ।
ਮਤਿ ਉਚੀ ਤੇ ਸੁਚੀ ਰੱਖਣੀ ।
ਦੂਸਰੇ ਮੱਤਾਂ ਦੇ ਪੁਸਤਕ, ਵਿਦਿਆ ਪੜਨੀ ।
ਬਚਨ ਕੌੜਾ ਨਹੀਂ ਕਹਿਣਾ ਜਿਸ ਨਾਲ ਕਿਸੇ ਦਾ ਹਿਰਦਾ ਦੁਖਦਾ ਹੋਵੇ ।
ਅਤਿਥੀ,ਲੋੜਵੰਦ,ਪਰਦੇਸੀ,ਦੁਖੀ,ਅਪੰਗ ਮਨੱਖ ਮਾਤਰ ਦੀ ਯਥਾਸ਼ਕਤ ਸੇਵਾ ਕਰਨੀ ।
ਬਚਨ ਕਰ ਕੇ ਪਾਲਣਾ ।
ਸ਼ੁਭ ਕਰਮਨ ਤੇ ਕਦੇ ਨਾ ਟਰਨਾ ।…………
ਗੁਰੂ ਗੋਬਿੰਦ ਸਿੰਘ ਜੀ ਦੇ ਦੋ ਨਿਰਾਲੇ ਕਦਮ :-
ਗੁਰੂ ਸਾਹਿਬ ਜੀ ਦੇ ਦੋ ਕਾਰਜ ਅਜਿਹੇ ਹਨ,ਜਿਹੜੇ ਨਾ ਤਾਂ ਅੱਜ ਤੱਕ ਕੋਈ ਕਰ ਸਕਿਆ ਹੈ ਅਤੇ ਨਾ ਭਵਿੱਖ ਵਿੱਚ ਹੀ ਹੋ ਸਕਦੇ ਹਨ ।ਇਹ ਹਨ :-
1.ਖਾਲਸਾ ਸਾਜਣਾ ਅਤੇ ਸਾਜੇ ਖਾਲਸੇ ਨੂੰ ਗੁਰੂ-ਪੰਥ ਦਾ ਦਰਜਾ ਦੇਣਾ -ਖਾਲਸੇ ਦੀ ਸਾਜਣਾ ਇੱਕ ਬਹੁਤ ਵੱਡਾ ਅਤੇ ਇਨਕਲਾਬੀ ਕਦਮ ਹੈ ।ਪੂਰਨ ਨਿਰਭਉ ਅਤੇ ਨਿਰਵੈਰ ਇਨਸਾਨ ਦੀ ਸਿਰਜਣਾ ਹੈ ਇਹ। ਵਾਧਾ ਇਹ ਕਿ ਗੁਰੂ ਸਾਹਿਬ ਖੁਦ ਖਾਲਸੇ ਅੱਗੇ ਖੰਡੇ ਦੀ ਪਾਹੁਲ ਲੈਣ ਲਈ ਅਰਜੋਈ ਕਰਦੇ ਹਨ । ਵਾਹੁ ਵਾਹੁ ਗੁਰੂ ਗੋਬਿੰਦ ਸਿੰਘ, ਆਪੇ ਗੁਰ ਚੇਲਾ” ਇਸੇ ਲਈ ਕਿਹਾ ਗਿਆ ਹੈ ।ਇਸ ਅਵਸਥਾ ਤੇ ਸਿੱਖ-ਗੁਰੂ-ਪ੍ਰਭੂ ਇੱਕਮਿੱਕ ਹੋ ਜਾਂਦੇ ਹਨ ।ਖਾਲਸੇ ਦੀ ਚੋਣ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਥਨ–“ ਜਉ ਤਉ ਪ੍ਰੇਮ ਖੇਲਣ ਕਾ ਚਾਉ।ਸਿਰਿ ਧਰਿ ਤਲੀ ਗਲੀ ਮੇਰੀ ਆਉ।‘ਵਾਲੇ ਮਾਪਦੰਡ ਅਨੁਸਾਰ ਸੀ ।ਕਿਉਂਕਿ ਪ੍ਰੇਮ ਕੁਰਬਾਨੀ ਮੰਗਦਾ ਹੈ। ਗੁਰਬਾਣੀ ਤੋਂ ਕੁਰਬਾਨੀ ਦਾ ਸਫਰ ਦ੍ਰਿੜ ਕਰਵਾਉਣਾ ਹੀ ਸਫਰਨਾਮੇ ਤੋਂ ਜਫਰਨਾਮੇ ਦੀ ਯਾਤਰਾ ਹੈ ।ਖਾਲਸੇ ਨੂੰ ਦੱਸੀ ਗਈ ਰਹਿਤ-ਮਰਯਾਦਾ ਅਤੇ ਜੀਵਨ-ਜਾਚ ਇੱਕ ਨਿਰਭਉ ਅਤੇ ਨਿਰਵੈਰ ਇਨਸਾਨ ਬਣਾਉਂਦੀ ਹੈ ਜੋ ਨਿਮਰਤਾ ਧਾਰਨ ਕਰਦਾ, ਨਾਮ ਜਪਦਾ ਹੋਇਆ ,ਮਨੁੱਖਤਾ ਦੀ ਸੇਵਾ ਕਰਦਾ ਹੋਇਆ ਸਵੈ-ਮਾਣ ਕਾਇਮ ਰੱਖਦਾ ਹੋਇਆ, ਹੱਕ-ਸੱਚ ਖਾਤਰ ਆਪਣਾ ਤਨ,ਮਨ ਅਤੇ ਧਨ ਨਿਛਾਵਰ ਕਰਨ ਲਈ ਸਦਾ ਤਤਪਰ ਰਹਿੰਦਾ ਹੈ ।
2.ਗੁਰੂ ਗਰੰਥ ਸਾਹਿਬ ਜੀ ਨੂੰ ਗੁਰੂ ਥਾਪਣਾ-“ਸ਼ਬਦ ਗੁਰੂ ਸੁਰਤਿ ਧੁਨਿ ਚੇਲਾ “ ਦਾ ਹੋਕਾ
ਗੁਰੂ ਨਾਨਕ ਦੇਵ ਜੀ ਨੇ ਲਗਾਇਆ ਸੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ “ਗਿਆਨ ਗੁਰੂ ਆਤਮ ਉਪਦੇਸ਼ੋ” ਕਹਿੰਦੇ ਹੋਏ ਦੇਹ-ਧਾਰੀ ਗੁਰੂ ਦੀ ਪ੍ਰਥਾ ਬੰਦ ਕਰਕੇ ਸ਼ਬਦ ਗੁਰੂ ਦੀ ਅਗਵਾਈ ਲੈਣ ਲਈ ਕਿਹਾ । ਗਰੰਥ ਅਤੇ ਪੰਥ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਮਨੁੱਖਤਾ ਨੂੰ ਦਿੱਤਾ ਹੋਇਆ ਬਹੁਮੁੱਲਾ ਖਜਾਨਾ ਹੈ ।ਗਿਆਨ ਨੂੰ ਗੁਰੂ ਬਾਣੀਕਾਰਾਂ ਨੇ ਵੀ ਕਿਹਾ ਹੈ।ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਦੀ ਰੱਖੀ ਨੀਂਹ ਤੇ ਉਸਾਰੀ ਮੁਕੰਮਲ ਕਰ ਦਿੱਤੀ ਹੈ ।
ਕੀ ਆਪ ਜੀ ਨੂੰ ਇਸ ਚੋਜੀ ਪ੍ਰੀਤਮ ਦੀ ਸ਼ਖਸ਼ੀਅਤ ਚੋਂ ਇੱਕ ਦੈਵੀ ਅਤੇ ਰੂਹਾਨੀਅਤ ਦੇ ਨੂਰ ਦੇ ਝਲਕਾਰੇ ਨਹੀਂ ਵੱਜਦੇ ??? ਕੀ ਗੁਰੂ ਸਾਹਿਬ ਦੀ ਰਬਾਬ ਅੱਜ ਵੀ “ਤੂ ਹੀ ਤੂ ਹੀ “ ਦਾ ਰਾਗ ਨਹੀਂ ਅਲਾਪਦੀ ਸੁਣਾਈ ਦਿੰਦੀ ? ਆਓ ਇਸ ਸੰਤ ਮਹਾਂਪੁਰਸ਼ ਤੋਂ ਪ੍ਰੇਮ, ਵੈਰਾਗ ਅਤੇ ਸ਼ਾਂਤੀ ਸਿੱਖੀਏ ਅਤੇ “ਜਮੀ-ਜਮਾਂ ਵਿਖੇ ਵੱਸਦੀ ਸਮਸਤ ਏਕ ਜੋਤਿ” ਨਾਲ ਜੁੜੀਏ ।
--------------------------------------------------------
ਸਹਾਇਕ ਪੁਸਤਕਾਂ :-
ਗੁਰੂ ਗੋਬਿੰਦ ਸਿੰਘ ਜੀਵਨ ਤੇ ਰਚਨਾ –ਬ੍ਰਹਮਜਗਦੀਸ਼ ਸਿੰਘ
ਜੀਵਨ ਬ੍ਰਿਤਾਂਤ ਗੁਰੂ ਗੋਬਿੰਦ ਸਿੰਘ ਜੀ-ਪ੍ਰੋ.ਸਾਹਿਬ ਸਿੰਘ
ਸਹਿਜੇ ਰਚਿਓ ਖਾਲਸਾ-ਹਰਿੰਦਰ ਸਿੰਘ ਮਹਿਬੂਬ
ਕਲਗੀਧਰ ਜੀ ਦੇ 52 ਬਚਨ-ਬਲਵਿੰਦਰ ਸਿੰਘ
ਵਚਿੱਤਰ ਜੀਵਨ ਗੁਰੂ ਗੋਬਿੰਦ ਸਿੰਘ-ਸੋਢੀ ਤੇਜਾ ਸਿੰਘ