ਜੇਠ ਹਾੜ ਦਾ ਤਿੱਖੜ ਦੁਪਹਿਰਾ
ਪੋਹ ਮਾਘ ਦੀਆਂ ਠੰਢੀਆਂ ਰਾਤਾਂ ।
ਵਿਹਲੜ ਇਸਤੋਂ ਡਰਦੇ ਲੁਕਦੇ
ਤੇਰੇ ਲਈ ਸੁਗਾਤਾਂ।
ਸੱਪਾਂ ਦੀਆਂ ਤੂੰ ਸਿਰੀਆਂ ਮਿਧੇਂ
ਭੁੱਖ ਤੇਹ ਦੀ ਪਰਵਾਹ ਨਾ ਕਰਦਾ।
ਦਿਨ ਰਾਤ ਵੀ ਇੱਕੋ ਲੱਗਣ
ਭੂਤ ਪਰੇਤ ਤੋਂ ਕਦੇ ਨਾ ਡਰਦਾ।
ਤੈਥੋਂ ਅਣਜਾਣ ਇੱਕ ਹਲਕਿਆ ਕੁੱਤਾ
ਤੈਨੂੰ ਡਰਾਵੇ
ਝੱਗ ਸਿੱਟੇ
ਅੱਖਾਂ ਕੱਢੇ
ਦੰਦ ਵਿਖਾਵੇ।
ਉਦਾਸ ਨਾ ਹੋ
ਕੱਲੇ ਦੇ ਜੇ ਵੱਸ ਨਾ ਲੱਗੇ।
ਕੱਠੇ ਹੋ ਕੇ ਘੇਰਾ ਪਾਓ
ਨਾਲ ਵਿਚਾਰਾਂ ਬਣਤ ਬਣਾਓ।
ਹਲਕੇ ਦਾ ਤਾਂ ਇਲਾਜ ਨੀ ਕੋਈ
ਇਹਨੂੰ ਕਿਤੇ ਨੀ ਮਿਲਦੀ ਢੋਈ।
ਹਥਿਆਰ ਤਾਂ ਕੋਈ ਫੜਣਾ ਪੈਣੈ।
ਇਹਨੂੰ ਖਤਮ ਤਾਂ ਕਰਨਾ ਪੈਣੈ।